ਲੇਖਕ : ਜਤਿੰਦਰ ਮੋਹਨ, ਸੰਪਰਕ: 94630-20766
ਵਣ ਮਹਾਂਉਤਸਵ ਮਨਾਉਣ ਵਾਲਿਆਂ ਦੀ ਵੱਡੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਪੌਦੇ ਟਰਾਲੀ ਵਿੱਚ ਲੱਦੇ ਹੋਏ ਸਨ। ਇਹ ਕਾਰਜ ਬੜਾ ਨੇਕ ਸੀ। ਮਜ਼ਦੂਰ ਟੋਏ ਪੁੱਟ ਰਹੇ ਸਨ ਤਾਂ ਜੋ ਪੌਦੇ ਲਾਏ ਜਾ ਸਕਣ। ਸਭ ਮਜ਼ਦੂਰਾਂ ਵਿੱਚੋਂ ਕਾਲਾ ਵੱਧ ਮਿਹਨਤੀ ਸੀ, ਉਸ ਦਾ ਪਸੀਨਾ ਮੱਥੇ ਤੋਂ ਰੁੜ੍ਹਦਾ ਰੁੜ੍ਹਦਾ ਗਿੱਟਿਆਂ ਦੇ ਰਸਤੇ ਧਰਤੀ ਨੂੰ ਗਿੱਲਾ ਕਰ ਰਿਹਾ ਸੀ। ਇੱਕ ਬਜ਼ੁਰਗ ਔਰਤ ਉਨ੍ਹਾਂ ਦਿਹਾੜੀਆਂ ਵਿੱਚ ਹੀ ਸੀ।
ਉਸ ਨੂੰ ਕਾਲੇ ਦੀ ਹਾਲਤ ਦੇਖ ਕੇ ਤਰਸ ਆ ਗਿਆ ਤਾਂ ਉਸ ਨੇ ਉਸ ਨੂੰ ਬੁਲਾਇਆ, ”ਆ ਜਾ ਪੁੱਤ ਕਾਲਿਆ, ਆ ਜਾ ਦਮ ਲੈ ਲੈ, ਪਾਣੀ ਪੀ ਲੈ।”
”ਆਉਂਦਾਂ ਦਾਦੀ।” ਕਹਿ ਕੇ ਉਹ ਉਸ ਕੋਲ ਆ ਕੇ ਬੈਠ ਗਿਆ। ਬਜ਼ੁਰਗ ਔਰਤ ਨੇ ਪਲਾਸਟਿਕ ਦੀ ਬੋਤਲ ਚੁੱਕੀ ਜਿਹੜੀ ਜੂਟ ਦੇ ਕੱਪੜੇ ਨਾਲ ਮੜ੍ਹੀ ਹੋਈ ਸੀ ਤਾਂ ਕਿ ਪਾਣੀ ਗਰਮ ਨਾ ਹੋਵੇ। ਥੋੜ੍ਹੀ ਦੇਰ ਆਰਾਮ ਕਰਕੇ ਕਾਲੇ ਨੇ ਪਾਣੀ ਪੀਤਾ ਅਤੇ ਉੱਠ ਕੇ ਕੰਮ ਕਰਨ ਲਈ ਚਲਾ ਗਿਆ। ਹੋਰ ਮਜ਼ਦੂਰ ਵੀ ਕੰਮ ਕਰ ਰਹੇ ਸਨ।
ਕੁਝ ਸਮੇਂ ਬਾਅਦ ਪਿੰਡ ਦੇ ਮੋਹਤਬਰ ਬੰਦੇ ਉੱਥੇ ਆ ਗਏ ਅਤੇ ਪੌਦੇ ਲਾਉਣ ਦਾ ਕੰਮ ਚੱਲ ਪਿਆ।
ਪੌਦੇ ਕੋਈ ਹੋਰ ਲਾ ਰਿਹਾ ਸੀ ਤੇ ਕਿਸੇ ਹੋਰ ਦੀਆਂ ਹੀ ਫੋਟੋਆਂ ਧੜਾਧੜ ਖਿੱਚੀਆਂ ਜਾ ਰਹੀਆਂ ਸਨ। ਕਈ ਸੱਜਣ ਤਾਂ ਲੱਗੇ ਲਗਾਏ ਪੌਦੇ ‘ਤੇ ਵੀ ਫੋਟੋ ਖਿਚਵਾ ਕੇ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਸਨ। ਇਸ ਤਰ੍ਹਾਂ ਇਹ ਕੰਮ ਕਾਫ਼ੀ ਸਮਾਂ ਚੱਲਦਾ ਰਿਹਾ।
ਭੀੜ ਖਿੰਡ ਗਈ ਅਤੇ ਹੁਣ ਸਿਰਫ਼ ਮਜ਼ਦੂਰ ਹੀ ਉੱਥੇ ਸਨ। ਅਗਲੇ ਦਿਨ ਅਖ਼ਬਾਰ ਵਿੱਚ ਵਣ ਮਹਾਂਉਤਸਵ ਮਨਾਉਣ ਦੀ ਖ਼ਬਰ ਛਪੀ ਜਿਸ ਨਾਲ ਉਨ੍ਹਾਂ ਦੀਆਂ ਫੋਟੋਆਂ ਛਪੀਆਂ ਹੋਈਆਂ ਸਨ ਜਿਨ੍ਹਾਂ ਨੇ ਕੁਝ ਵੀ ਨਹੀਂ ਸੀ ਕੀਤਾ। ਵਣ ਮਹਾਂਉਤਸਵ ਦੇ ਇਹ ਅਸਲ ਨਾਇਕ ਰਹਿੰਦੇ ਪੌਦੇ ਲਾਉਣ ਲਈ ਅਗਲੇ ਦਿਨ ਵੀ ਟੋਏ ਪੁੱਟ ਰਹੇ ਸਨ।