6.3 C
Vancouver
Saturday, January 18, 2025

ਅਲਬਰਟਾ ਸਰਕਾਰ ਵੱਲੋਂ 30 ਸਤੰਬਰ ਤੋਂ ਲਾਗੂ ਹੋਣਗੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨਵੇਂ ਨਿਯਮ

ਕੈਲਗਰੀ : ਅਲਬਰਟਾ ਪ੍ਰੋਵਿੰਸ ਵੱਲੋਂ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ , ਅਲਬਰਟਾ ਅਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀ ਕਰਨ ਦਾ ਐਲਾਨ ਕੀਤਾ ਗਿਆ ਹੈ ।
30 ਸਤੰਬਰ 2024 ਤੋਂ ਨਵੇਂ ਨਿਯਮਾਂ ਅਨੁਸਾਰ, ਇਕ ਨਵਾਂ ਅੰਕ ਅਧਾਰਿਤ, ਐਕਸਪ੍ਰੈਸ਼ਨ ਆਫ਼ ਇੰਟਰਸਟ ਸਿਸਟਮ ਲਾਗੂ ਹੋਵੇਗਾ ਜਿਸ ਮੁਤਾਬਿਕ ਬਿਨੈਕਾਰਾਂ ਨੂੰ ਵੱਖ ਵੱਖ ਚੀਜ਼ਾਂ ਦੇ ਅੰਕ ਮਿਲਣਗੇ ।
ਜਾਣਕਾਰੀ ਮੁਤਾਬਿਕ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਅੰਕਾਂ ਮੁਤਾਬਿਕ ਦਰਜਾਬੰਦੀ ਕੀਤੀ ਜਾਵੇਗੀ । ਸੂਬੇ ਵਿੱਚ ਕਾਮਿਆਂ ਦੀ ਲੋੜ ਦੇ ਆਧਾਰ ‘ਤੇ ਵੀ ਪੀ ਆਰ ਲਈ ਅਪਲਾਈ ਕਰਨ ਲਈ ਸੱਦਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੋ ਤਰੀਕੇ ਨਾਲ ਕੰਮ ਕਰਦੀ ਹੈ । ਜਿੱਥੇ ਫ਼ੈਡਰਲ ਪੱਧਰ ਉਪਰ ਪੀ ਆਰ ਲਈ ਵੱਖ ਵੱਖ ਪ੍ਰੋਗਰਾਮ ਚਲਦੇ ਹਨ , ਉਥੇ ਹੀ ਸੂਬਿਆਂ ਦੇ ਆਪਣੇ ਪ੍ਰੋਗਰਾਮ ਹੁੰਦੇ ਹਨ । ਦੋਵਾਂ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹੀ ਸਲਾਨਾ ਟੀਚੇ ਨਿਰਧਾਰਿਤ ਹੁੰਦੇ ਹਨ । ਕੈਨੇਡਾ ਵੱਲੋਂ 2024 ਦੌਰਾਨ 4 ਲੱਖ 85 ਹਜ਼ਾਰ ਵਿਅਕਤੀਆਂ ਨੂੰ ਪੀ ਆਰ ਦੇਣ ਦਾ ਟੀਚਾ ਹੈ ।
ਅਲਬਰਟਾ ਅਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਇਸ ਸਮੇਂ 9 ਸ਼੍ਰੇਣੀਆਂ ਹਨ । ਇਸਤੋਂ ਪਹਿਲਾਂ ਅੰਕਾਂ ਉੱਪਰ ਅਧਾਰਿਤ ਕੋਈ ਸਿਸਟਮ ਨਹੀਂ ਸੀ ਅਤੇ ਯੋਗਤਾ ਪੂਰੀ ਕਰਦੇ ਸਾਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਂਦੀਆਂ ਸਨ ।
ਹੋਰਨਾਂ ਪ੍ਰੋਵਿੰਸਜ਼ ਵਿੱਚ ਅੰਕ ਅਧਾਰਿਤ ਸਿਸਟਮ ਹਨ ਅਤੇ ਅਜਿਹੇ ਵਿੱਚ ਪੀ ਆਰ ਲਈ ਬਿਨੈਕਾਰਾਂ ਨੂੰ ਇਕ ਚੁਣੌਤੀਪੂਰਨ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ । ਅਜਿਹੇ ਵਿੱਚ ਅਲਬਰਟਾ , ਬਹੁਤ ਸਾਰੇ ਬਿਨੈਕਾਰਾਂ ਦੀ ਪਹਿਲੀ ਪਸੰਦ ਬਣ ਗਿਆ ਸੀ । ਬਹੁਤ ਸਾਰੇ ਵਿਦਿਆਰਥੀ , ਹੋਰਨਾਂ ਸੂਬਿਆਂ ਤੋਂ ਅਲਬਰਟਾ ਵਿੱਚ ਜਾ ਕੇ ਪੀ ਆਰ ਹਾਸਿਲ ਕਰਨ ਕਰਨ ਲਈ ਅਰਜ਼ੀ ਦੇ ਰਹੇ ਸਨ ।
ਸੂਬੇ ਵਿੱਚ ਕੀਤੀ ਗਈ ਇਸ ਤਬਦੀਲੀ ਨੂੰ ਵਧਦੀਆਂ ਅਰਜ਼ੀਆਂ ਦੀ ਗਿਣਤੀ ਅਤੇ ਅਬਾਦੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ । 2023 ਦੌਰਾਨ ਸੂਬੇ ਦੀ ਆਬਾਦੀ ਨੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਸੀ । 2023 ਦੌਰਾਨ ਸੂਬੇ ਦੀ ਆਬਾਦੀ 4.8 ਮਿਲੀਅਨ ਤੋਂ ਵੱਧ ਦਰਜ ਕੀਤੀ ਗਈ। ਇਸ ਨਾਲ 40,769,890 ਤੱਕ ਪਹੁੰਚ
ਗਈ ਸੀ ।
ਇਸ ਸਾਲ ਫ਼ਰਵਰੀ ਮਹੀਨੇ ਤੋਂ ਸੂਬੇ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ । 15 ਫ਼ਰਵਰੀ 2024 ਨੂੰ ਅਚਾਨਕ ਹੀ ਪ੍ਰੋਗਰਾਮ ਉੱਪਰ ਰੋਕ ਲਗਾਉਂਦਿਆਂ ਨਵੀਆਂ ਅਰਜ਼ੀਆਂ ਨਾ ਲੈਣ ਦੀ ਘੋਸ਼ਣਾ ਕੀਤੀ ਗਈ ਸੀ । ਫ਼ਿਰ 3 ਜੂਨ ਨੂੰ ਪ੍ਰੋਗਰਾਮ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕੀਤਾ ਗਿਆ ਸੀ । ਉਸ ਮੌਕੇ ਵੀ ਪ੍ਰੋਗਰਾਮ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ ।
ਇਸ ਐਲਾਨ ਤੋਂ ਬਾਅਦ ਰਲਵੀਂ ਮਿਲਵੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ । ਬਹੁਤ ਸਾਰੇ ਬਿਨੈਕਾਰ ਹੁਣ ਲਗਾਤਾਰ ਡਰਾਅ ਆਉਣ ਦੀ ਆਸ ਕਰ ਰਹੇ ਹਨ । ਕੁਝ ਬਿਨੈਕਾਰ ਜੋ ਹੋਰਨਾਂ ਸੂਬਿਆਂ ਤੋਂ ਪੀ ਆਰ ਹਾਸਿਲ ਕਰਨ ਲਈ ਅਲਬਰਟਾ ਜਾਣ ਬਾਰੇ ਸੋਚ ਰਹੇ ਸਨ ਵੀ ਫ਼ਿਲਹਾਲ ਦੁਚਿਤੀ ਵਿੱਚ ਦੇਖੇ ਜਾ ਸਕਦੇ ਹਨ । ਬ੍ਰਿਟਿਸ਼ ਕੋਲੰਬੀਆ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਆਏ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਨਵੀਂ ਅੰਕ ਅਧਾਰਿਤ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਉਣ ‘ਤੇ ਹੀ ਕੋਈ ਫ਼ੈਸਲਾ ਲਵੇਗਾ।
ਜੂਨ ਮਹੀਨੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ 2024 ਦੇ ਰਹਿੰਦੇ ਮਹੀਨਿਆਂ ਦੌਰਾਨ ਹਰ ਮਹੀਨੇ ਇਕ ਨਿਸ਼ਚਿਤ ਦਿਨ ਨੂੰ ਅਰਜ਼ੀਆਂ ਸਵੀਕਾਰ ਕੀਤੀ ਜਾਣਗੀਆਂ। ਇਸਦੇ ਨਾਲ ਹੀ ਅਰਜ਼ੀਆਂ ਦੀ ਗਿਣਤੀ ਵੀ ਸੀਮਤ ਕੀਤੀ ਗਈ ਸੀ।
2024 ਦੌਰਾਨ ਐਲਬਰਟਾ ਵੱਲੋਂ 9750 ਵਿਅਕਤੀਆਂ ਨੂੰ ਪੀ ਆਰ ਲਈ ਨਾਮਜ਼ਦ ਕੀਤਾ ਜਾਵੇਗਾ। ਵਿਭਾਗ ਦੀ ਵੈਬਸਾਈਟ ਮੁਤਾਬਿਕ ਹੁਣ ਤੱਕ 6,594 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ।

Related Articles

Latest Articles