1.4 C
Vancouver
Saturday, January 18, 2025

ਅੰਗ-ਦਾਨ; ਮਹਾਂ ਨੇਕੀ ਵਾਲਾ ਕਾਰਜ

ਲੇਖਕ : ਸੁਮੀਤ ਸਿੰਘ, ਸੰਪਰਕ: 76960-30173
ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹਰ ਸਾਲ 13 ਅਗਸਤ ਨੂੰ ਸੰਸਾਰ ਅੰਗਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗ ਦਾਨ ਕਰਨ ਲਈ ਪ੍ਰੇਰਨਾ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਹੈ ਕਿ ਉਨ੍ਹਾਂ ਦੇ ਕੀਤੇ ਅੰਗ ਦਾਨ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦਾ ਹੈ। ਇਸ ਨਾਲ ਢੇਰੀ ਢਾਹ ਚੁੱਕੇ ਮਰੀਜ਼ ਨੂੰ ਜਿਊਣ ਦੀ ਆਸ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਦਾ ਹੋਰ ਮੌਕਾ ਮਿਲਦਾ ਹੈ।
ਕਿਸੇ ਲੋੜਵੰਦ ਜੀਵਤ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਕਿਸੇ ਜਿਊਂਦੇ ਜਾਂ ਦਿਮਾਗੀ ਮ੍ਰਿਤਕ ਸ਼ਖ਼ਸ ਦੇ ਆਪਣੇ ਸਰੀਰ ਦੇ ਅੰਗ ਜਾਂ ਤੰਤੂ ਦਾਨ ਕਰਨ ਨੂੰ ਅੰਗ ਦਾਨ ਕਿਹਾ ਜਾਂਦਾ ਹੈ। ਜੇ ਤੁਸੀਂ ਇਸ ਦੁਨੀਆ ਤੋਂ ਰੁਖ਼ਸਤ ਹੁੰਦੇ ਹੋਏ ਕਿਸੇ ਨੂੰ ਆਪਣਾ ਅੰਗ ਦੇ ਜਾਂਦੇ ਹੋ ਤਾਂ ਮਨੁੱਖੀ ਭਲਾਈ ਦਾ ਇਸ ਤੋਂ ਵੱਡਾ ਕਾਰਜ ਹੋਰ ਕੋਈ ਨਹੀਂ ਹੋ ਸਕਦਾ।
ਭਾਰਤ ਵਿੱਚ ਹਰ ਸਾਲ 2.50 ਲੱਖ ਲੋਕਾਂ ਨੂੰ ਗੁਰਦਿਆਂ, 80 ਹਜ਼ਾਰ ਨੂੰ ਜਿਗਰ, 50 ਹਜ਼ਾਰ ਨੂੰ ਦਿਲ ਅਤੇ ਇਕ ਲੱਖ ਲੋਕਾਂ ਨੂੰ ਅੱਖਾਂ ਦੇ ਕੋਰਨੀਆਂ ਦੀ ਲੋੜ ਪੈਂਦੀ ਹੈ। ਦੇਸ਼ ਵਿੱਚ ਲਗਭਗ 60 ਲੱਖ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਲੋੜ ਹੈ। ਪਰਿਵਾਰ ਵਿੱਚ ਆਮ ਮੌਤ ਹੋਣ ‘ਤੇ ਸਾਨੂੰ ਲੋੜਵੰਦ ਮਰੀਜ਼ਾਂ ਲਈ ਘੱਟੋ-ਘੱਟ ਉਸ ਦੀਆਂ ਅੱਖਾਂ ਜ਼ਰੂਰ ਦਾਨ ਕਰਨੀਆਂ ਚਾਹੀਦੀਆਂ ਹਨ ਜੋ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਜਾਂ ਸੁਸਾਇਟੀ ਨੂੰ ਮੌਤ ਦੇ ਛੇ ਘੰਟੇ ਦੇ ਅੰਦਰ-ਅੰਦਰ ਦੇਣੀਆਂ ਹੁੰਦੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਵਿੱਚ ਜਿੰਨੀ ਸਾਲਾਨਾ ਮੰਗ ਅੰਗ ਟਰਾਂਸਪਲਾਂਟ ਦੀ ਹੈ, ਓਨੀ ਗਿਣਤੀ ਵਿੱਚ ਮਰੀਜ਼ਾਂ ਨੂੰ ਅੰਗ ਦਾਨੀ ਨਹੀਂ ਮਿਲਦੇ।
ਕੇਂਦਰੀ ਸਿਹਤ ਮੰਤਰਾਲਾ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਰਾਹੀਂ ਅੰਗ ਦਾਨ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਦਾਅਵਾ ਤਾਂ ਜ਼ਰੂਰ ਕੀਤਾ ਜਾਂਦਾ ਹੈ ਪਰ 3 ਅਗਸਤ ਨੂੰ ਭਾਰਤ ਵਿੱਚ ਮਨਾਏ ਕੌਮੀ ਅੰਗ ਦਾਨ ਦਿਵਸ ਬਾਰੇ ਕਿਸੇ ਪ੍ਰਿੰਟ ਅਤੇ ਬਿਜਲਈ ਮੀਡੀਆ ਵਿੱਚ ਕੋਈ ਚਰਚਾ ਦੇਖਣ ਸੁਣਨ ਨੂੰ ਨਹੀਂ ਮਿਲੀ ਅਤੇ ਨਾ ਹੀ ਬਾਕੀ ਸਾਰਾ ਸਾਲ ਇਸ ਬਾਰੇ ਕੋਈ ਪ੍ਰਚਾਰ ਕੀਤਾ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰ ਅਨੁਸਾਰ, ਹਰ ਸਾਲ ਸੜਕ ਹਾਦਸਿਆਂ ਦੌਰਾਨ ਡੇਢ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ; ਜੇ ਇਨ੍ਹਾਂ ਵਿੱਚੋਂ 5 ਫੀਸਦੀ ਪਰਿਵਾਰਾਂ ਨੂੰ ਵੀ ਅੰਗ ਦੇਣ ਲਈ ਰਾਜ਼ੀ ਕਰ ਲਿਆ ਜਾਵੇ ਤਾਂ ਅੰਗ ਬਦਲੀ ਲਈ ਉਡੀਕ ਸੂਚੀ ਕੁਝ ਸਾਲਾਂ ਵਿੱਚ ਹੀ ਖਤਮ ਹੋ ਸਕਦੀ ਹੈ।
ਦੁੱਖਦਾਈ ਪਹਿਲੂ ਹੈ ਕਿ ਦੇਸ਼ ਵਿੱਚ ਹਰ ਸਾਲ ਪੰਜ ਲੱਖ ਮੌਤਾਂ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਹੁੰਦੀਆਂ ਹਨ। ਇਸ ਦਾ ਵੱਡਾ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਵਿੱਚ ਅੰਗ ਦਾਨ ਕਰਨ ਬਾਰੇ ਵਿਗਿਆਨਕ ਸੋਚ, ਮਹੱਤਤਾ, ਜਾਗਰੂਕਤਾ ਅਤੇ ਜਾਣਕਾਰੀ ਦੀ ਘਾਟ ਹੈ ਜਿਸ ਕਾਰਨ ਲੱਖਾਂ ਮ੍ਰਿਤਕ ਸਰੀਰਾਂ ਦੇ ਕੀਮਤੀ ਅੰਗ ਅੰਤਿਮ ਸੰਸਕਾਰ ਦੇ ਨਾਲ ਹੀ ਰੋਜ਼ਾਨਾ ਅੱਗ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ; ਉੱਧਰ, ਲੱਖਾਂ ਲੋੜਵੰਦ ਮਰੀਜ਼ ਅੰਗ ਦਾਨੀਆਂ ਦੀ ਇੰਤਜ਼ਾਰ ਕਰਦੇ ਮੌਤ ਦੇ ਮੂੰਹ ਚਲੇ ਜਾਂਦੇ ਹਨ। ਇਸ ਲਈ ਮੌਜੂਦਾ ਹਕੂਮਤਾਂ, ਸਿਹਤ ਵਿਭਾਗ, ਹਸਪਤਾਲਾਂ ਅਤੇ ਡਾਕਟਰਾਂ ਨੂੰ ਇਸ ਬਾਰੇ ਵੱਡੇ ਪੱਧਰ ‘ਤੇ ਵਿਗਿਆਨਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਅੰਗ ਟਰਾਂਸਪਲਾਂਟ ਦੀ ਸਹੂਲਤ ਮੁਫ਼ਤ ਕਰਨ ਦੀ ਨੇਕ ਨੀਤੀ ਦਿਖਾਉਣੀ ਚਾਹੀਦੀ ਹੈ। ਦੁਨੀਆ ਵਿੱਚ ਸਭ ਤੋਂ ਪਹਿਲਾ ਅੰਗ ਟਰਾਂਸਪਲਾਂਟ (ਗੁਰਦਾ ਬਦਲੀ) 1954 ਵਿੱਚ ਪੀਟਰ ਬ੍ਰਿਗਮ ਹਸਪਤਾਲ ਬੋਸਟਨ (ਅਮਰੀਕਾ) ਵਿੱਚ ਹੋਇਆ। ਭਾਰਤ ਵਿੱਚ ਅੰਗ ਟਰਾਂਸਪਲਾਂਟ ਦੀ ਸ਼ੁਰੂਆਤ ਪਹਿਲੀ ਦਸੰਬਰ 1971 ਨੂੰ ਕ੍ਰਿਸ਼ਚਨ ਮੈਡੀਕਲ ਕਾਲਜ ਵੇਲੂਰ (ਤਾਮਿਲਨਾਡੂ) ਵਿੱਚ ਗੁਰਦੇ ਦੇ ਅੰਗ ਬਦਲੀ ਨਾਲ ਹੋਈ।
ਭਾਰਤ ਵਿੱਚ ਅੰਗ ਦਾਨੀਆਂ ਦੀ ਸੰਖਿਆ ਕੁਲ ਕੌਮੀ ਵੱਸੋਂ ਦਾ 0.8 ਪ੍ਰਤੀ ਦਸ ਲੱਖ, ਸਪੇਨ ਵਿਚ 46.9, ਕਰੋਏਸ਼ੀਆ ਵਿੱਚ 38.6, ਅਮਰੀਕਾ ਵਿੱਚ 26 ਅਤੇ ਇਟਲੀ, ਫਰਾਂਸ ਤੇ ਆਸਟਰੀਆ ਵਿੱਚ 20% ਤੋਂ ਵੱਧ ਹੈ। ਭਾਰਤ ਵਿੱਚ ਅੰਗ ਦਾਨ ਬਾਰੇ ਲੋਕਾਂ ਅੰਦਰ ਕਈ ਤਰ੍ਹਾਂ ਦੀਆਂ ਰੂੜੀਵਾਦੀ ਮਨੌਤਾਂ, ਗ਼ਲਤ ਧਾਰਨਾਵਾਂ ਅਤੇ ਅਗਲੇ ਪਿਛਲੇ ਜਨਮ ਦੇ ਅੰਧ-ਵਿਸ਼ਵਾਸ ਬੈਠੇ ਹੋਏ ਹਨ ਜਿਸ ਕਰ ਕੇ ਉਹ ਆਮ ਕਰ ਕੇ ਅੰਗ ਦਾਨ ਲਈ ਤਿਆਰ ਨਹੀਂ ਹੁੰਦੇ। ਅੰਧ-ਵਿਸ਼ਵਾਸ ਵਾਲੀ ਇਸੇ ਮਾਨਸਿਕਤਾ ਕਾਰਨ ਕੁਝ ਲੋਕ ਸੋਚਦੇ ਹਨ ਕਿ ਅੱਖਾਂ ਜਾਂ ਅੰਗ ਦਾਨ ਕਰ ਕੇ ਅਗਲੇ ਜਨਮ ਵਿੱਚ ਉਹ ਅੰਨ੍ਹੇ ਜਾਂ ਦਾਨ ਕੀਤੇ ਅੰਗ ਤੋਂ ਬਗੈਰ ਹੀ ਪੈਦਾ ਹੋਣਗੇ ਜਦਕਿ ਇਸ ਪਿੱਛੇ ਕੋਈ ਵਿਗਿਆਨਕ ਸੱਚਾਈ ਨਹੀਂ ਹੈ।
ਮਾਹਿਰ ਡਾਕਟਰਾਂ ਅਨੁਸਾਰ ਦਿਮਾਗੀ ਮੌਤ ਦੇ ਮਰੀਜ਼ ਦੇ ਇਕੋ ਸਮੇਂ ਅੰਗ ਦਾਨ ਕਰਨ ਨਾਲ 37 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਅੰਗ ਦਾਨ ਦੇ ਇਛੁੱਕ ਲੋਕ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਦੇ ਅੰਗ ਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਸਬੰਧੀ ਫਾਰਮ ਭਰ ਸਕਦੇ ਹਨ। 18 ਤੋਂ 70-80 ਸਾਲ ਦਾ ਕੋਈ ਵੀ ਸਿਹਤਮੰਦ ਸ਼ਖ਼ਸ ਆਪਣੇ ਅੰਗ ਦਾਨ ਕਰ ਸਕਦਾ ਹੈ। ਮਾਹਿਰ ਡਾਕਟਰਾਂ ਅਨੁਸਾਰ ਦਿਮਾਗੀ ਮੌਤ (ਬਰੇਨ ਡੈੱਡ) ਹੋਣ ਤੋਂ ਭਾਵ ਇਹ ਹੈ ਕਿ ਮਰੀਜ਼ ਦਾ ਦਿਮਾਗ ਮਰ ਚੁੱਕਾ ਹੈ, ਇਹ ਸਰੀਰ ਦੇ ਦੂਜੇ ਅੰਗਾਂ ਨੂੰ ਕੋਈ ਸੁਨੇਹਾ ਭੇਜਣ ਦੇ ਸਮਰੱਥ ਨਹੀਂ ਹੁੰਦਾ ਪਰ ਉਸ ਦੇ ਦੂਜੇ ਸਾਰੇ ਅੰਗ ਵੈਂਟੀਲੇਟਰ ਰਾਹੀਂ ਕੰਮ ਕਰਦੇ ਹਨ। ਕਿਸੇ ਮਰੀਜ਼ ਨੂੰ ਦਿਮਾਗੀ ਮ੍ਰਿਤਕ ਐਲਾਨਣ ਲਈ ਡਾਕਟਰਾਂ ਦੀਆਂ ਦੋ ਵੱਖ-ਵੱਖ ਟੀਮਾਂ ਛੇ ਘੰਟੇ ਦੇ ਵਕਫੇ ਦੌਰਾਨ ਉਸ ਦੇ ਸਰੀਰ ਦੇ ਵੱਖ-ਵੱਖ ਟੈਸਟ ਕਰਦੀਆਂ ਹਨ ਅਤੇ ਜਦੋਂ ਉਨ੍ਹਾਂ ਨੂੰ ਪੱਕਾ ਯਕੀਨ ਹੋ ਜਾਵੇ ਕਿ ਇਸ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਤਾਂ ਹੀ ਉਸ ਨੂੰ ਦਿਮਾਗੀ ਤੌਰ ‘ਤੇ ਮ੍ਰਿਤਕ ਐਲਾਨਿਆ ਜਾਂਦਾ ਹੈ।
ਜੇ ਅਜਿਹੇ ਮਰੀਜ਼ ਦੇ ਵਾਰਿਸ ਕਿਸੇ ਦੂਜੇ ਲੋੜਵੰਦ ਮਰੀਜ਼ਾਂ ਨੂੰ ਅੰਗ ਦਾਨ ਲਈ ਸਹਿਮਤ ਹੋ ਜਾਣ ਤਾਂ ਜ਼ਿਆਦਾਤਰ ਕੇਸਾਂ ਵਿੱਚ ਗੁਰਦੇ, ਫੇਫੜੇ, ਦਿਲ, ਜਿਗਰ, ਅੱਖਾਂ, ਪੈਂਕਰੀਆਸ, ਚਮੜੀ ਤੇ ਹੱਡੀਆਂ ਦੇ ਤੰਤੂ, ਅੰਤੜੀਆਂ, ਨਾੜੀਆਂ, ਦਿਲ ਦਾ ਵਾਲਵ ਆਦਿ ਦੂਜੇ ਸ਼ਖ਼ਸਾਂ ਨੂੰ ਲਾਏ ਜਾ ਸਕਦੇ ਹਨ। ਅਫ਼ਸੋਸ ਹੈ ਕਿ ਪੰਜਾਬ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਹੋਰ ਕਿਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਅੰਗ ਟਰਾਂਸਪਲਾਂਟ ਦੀ ਸਹੂਲਤ ਨਹੀਂ।
ਜ਼ਿਕਰਯੋਗ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਮਰਨ ਤੋਂ ਬਾਅਦ ਸਰੀਰ ਅਤੇ ਅੰਗ ਦਾਨ ਨੂੰ ਡਾਕਟਰੀ ਖੋਜ ਕਾਰਜਾਂ ਅਤੇ ਅੰਗ ਬਦਲੀ ਲਈ ਮੈਡੀਕਲ ਕਾਲਜਾਂ ਨੂੰ ਦੇਣ ਦੀ ਲਹਿਰ ਪ੍ਰਫੁੱਲਤ ਕੀਤੀ ਹੈ। ਇਸ ਜਾਗਰੂਕਤਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਹੁਣ ਤਕ ਸੈਂਕੜੇ ਸ਼ਖ਼ਸ ਮਰਨ ਤੋਂ ਬਾਅਦ ਸਰੀਰ ਅਤੇ ਅੰਗ ਦਾਨ ਕਰ ਚੁੱਕੇ ਹਨ। ਤਰਕਸ਼ੀਲ ਲਹਿਰ ਦੇ ਮਰਹੂਮ ਆਗੂ ਕ੍ਰਿਸ਼ਨ ਬਰਗਾੜੀ (ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ) ਉਤਰੀ ਭਾਰਤ ਦੇ ਪਹਿਲੇ ਸਰੀਰ ਦਾਨੀ ਸਨ ਜਿਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੀ ਵਸੀਅਤ ਅਨੁਸਾਰ 2002 ਵਿੱਚ ਕ੍ਰਿਸ਼ਚਨ ਮੈਡੀਕਲ ਕਾਲਜ ਲੁਧਿਆਣਾ ਨੂੰ ਡਾਕਟਰੀ ਖੋਜ ਕਾਰਜਾਂ ਲਈ ਦਿੱਤਾ ਗਿਆ ਸੀ।
2017 ਵਿੱਚ ਪਟਿਆਲੇ ਦੀ ਲੜਕੀ ਜੈਸਲੀਨ ਜੋ ਅਮਰੀਕਾ ਵਿੱਚ ਉਚੇਰੀ ਪੜ੍ਹਾਈ ਕਰ ਰਹੀ ਸੀ, ਦਿਮਾਗੀ ਮੌਤ ਦਾ ਸ਼ਿਕਾਰ ਹੋ ਗਈ। ਉਸ ਦੇ ਡਾਕਟਰ ਮਾਤਾ ਪਿਤਾ ਦੀ ਸਹਿਮਤੀ ਨਾਲ ਅਮਰੀਕਾ ਵਿੱਚ 37 ਜਣਿਆਂ ਨੂੰ ਉਸ ਦੇ ਵੱਖ-ਵੱਖ ਅੰਗ ਲਾ ਕੇ ਨਵੀਂ ਜ਼ਿੰਦਗੀ ਦਿੱਤੀ ਗਈ। ਪ੍ਰਸਿੱਧ ਸ਼ਾਇਰ ਜਸਵੰਤ ਜ਼ਫ਼ਰ ਦਾ ਪੁੱਤਰ ਵਿਵੇਕ ਪੰਧੇਰ, ਹੌਲਦਾਰ ਕਸ਼ਮੀਰ ਸਿੰਘ (ਪਿੰਡ ਪੱਦੀ ਸੂਰਾ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ), ਕੇਰਲਾ ਦੇ ਜੋਸਫ, ਅੰਮ੍ਰਿਤਸਰ ਦੀ 39 ਦਿਨ ਦੀ ਨੰਨ੍ਹੀ ਬਾਲੜੀ ਅਬਾਬਤ ਕੌਰ (ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ) ਉਨਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਅੰਗਦਾਨ ਨਾਲ ਉਹ ਨਵੇਂ ਰੂਪ ਵਿਚ ਵੱਖ-ਵੱਖ ਲੋਕਾਂ ਦੇ ਸਰੀਰਾਂ ਅੰਦਰ ਜੀਅ ਰਹੇ ਹਨ।
ਇਸ ਲਈ ਦੁਨੀਆ ਵਿੱਚ ਅਮਰ ਹੋਣ ਅਤੇ ਮਹਾਂ ਨੇਕੀ ਲਈ ਅੰਗ ਦਾਨ ਤੋਂ ਵਧੀਆ ਬਦਲ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਸਾਨੂੰ ਸੰਸਾਰ ਅੰਗ ਦਾਨ ਦਿਵਸ ਮੌਕੇ ਉੱਤੇ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਅੰਨ ਦਾਨ, ਧਨ ਦਾਨ ਤੇ ਖੂਨ ਦਾਨ ਤੋਂ ਹੋਰ ਅੱਗੇ ਵਧਦਿਆਂ ਸਰੀਰ ਦਾਨ, ਅੰਗ ਦਾਨ, ਖਾਸ ਕਰ ਕੇ ਅੱਖਾਂ ਦਾਨ ਕਰਨ ਦੀ ਸਿਹਤਮੰਦ ਅਤੇ ਮਨੁੱਖਤਾ ਪੱਖੀ ਪਿਰਤ ਪਾਉਣੀ ਚਾਹੀਦੀ ਹੈ ਤਾਂ ਕਿ ਕੋਈ ਮਰੀਜ਼ ਅੰਗ ਦਾਨ ਦੀ ਘਾਟ ਅਤੇ ਅੰਗ ਟਰਾਂਸਪਲਾਂਟ ਦੇ ਖਰਚੇ ਕਾਰਨ ਗ਼ੈਰ-ਕੁਦਰਤੀ ਮੌਤ ਨਾ ਮਰੇ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਗ ਟਰਾਂਸਪਲਾਂਟ ਮੁਫ਼ਤ ਕੀਤਾ ਜਾਵੇ।

Related Articles

Latest Articles