ਜ਼ੁਲਮ ਦੀਆਂ ਗੱਡੀਆਂ

ਲੰਘੀਆਂ ਨੇ ਸਿਰ ‘ਤੋਂ ਭਾਵੇਂ ਜ਼ੁਲਮ ਦੀਆਂ ਗੱਡੀਆਂ ।
ਸੱਚ ਆਖਣ ਵਾਲੀਆਂ ਮੈਂ ਆਦਤਾਂ ਨਹੀਂ ਛੱਡੀਆਂ ।

ਜ਼ੁਲਮ ਨੇ ਅੱਜ ਫੇਰ ਉਹਦੇ ਜ਼ਰਫ਼ਾਂ ਨੂੰ ਲਲਕਾਰਿਆ,
ਜਿਸ ਦੇ ਅੱਗੇ ਵੇਲਿਆਂ ਗਿਣ-ਗਿਣ ਲਕੀਰਾਂ ਕੱਢੀਆਂ ।

ਆਸ ਦਾ ਸੂਰਜ ਪਤਾ ਨਹੀਂ ਪੁੰਘਰੇਗਾ ਕਿਸ ਘੜੀ,
ਪਾਗ਼ਲਾਂ ਦੇ ਵਾਂਗ ਦੇਖਾਂ ਰੋਜ਼ ਚੁੱਕ-ਚੁੱਕ ਅੱਡੀਆਂ ।

ਸੋਚ ਦੇ ਵੇਲੇ ਸੀ ਜਿਹੜੇ ਨੀਂਦਰਾਂ ਨੇ ਖੋਹ ਲਏ,
ਮਿੱਲ ਦੇ ਵਿੱਚ ਕੰਮ ਕਰ-ਕਰ ਚੂਰ ਹੋਈਆਂ ਹੱਡੀਆਂ ।

ਮੈਂ ਵੀ ਆਂ ਮਕਰੂਜ਼, ਮੇਰਾ ਬਾਪ ਵੀ ਮਕਰੂਜ਼ ਸੀ,
ਮੇਰੀਆਂ ਸੋਚਾਂ ਨੇ ਮੇਰੀ ਉਮਰ ਤੋਂ ਵੀ ਵੱਡੀਆਂ ।

ਵਕਤ ਦਾ ‘ਈਸਾ’ ‘ਸਲੀਮ’ ਅੱਜ ਮੁਸ਼ਕਿਲਾਂ ਵਿੱਚ ਘਿਰ ਗਿਆ,
ਸੋਚ ਨੇ ਉਸ ਵਾਸਤੇ ਥਾਂ ਥਾਂ ਸਲੀਬਾਂ ਗੱਡੀਆਂ ।
ਲੇਖਕ : ਸਲੀਮ ਦਿਲਾਵਰੀ

Exit mobile version