3.6 C
Vancouver
Sunday, January 19, 2025

‘ਪੰਜਾਬੀ ਦਰਸ਼ਨ’ ਵਿਸ਼ੇ ‘ਤੇ ਸਰੀ ‘ਚ ਹੋਏ ਵਿਸ਼ਵ ਪੰਜਾਬੀ ਸੈਮੀਨਾਰ ਨੇ ਸਿਰਜਿਆ ਇਤਿਹਾਸ

500 ਤੋਂ ਵੱਧ ਪੰਜਾਬੀ ਹਿਤੈਸ਼ੀਆਂ ਦੀ ਹਾਜ਼ਰੀ ਵਿੱਚ ਹੋਈ ਗੰਭੀਰ ਵਿਚਾਰ-ਚਰਚਾ ਦੀ ਸਮੂਹ ਸਰੋਤਿਆਂ ਵਲੋਂ ਭਰਪੂਰ ਸ਼ਲਾਘਾ

ਸਰੀ – ‘ਜੀਵੇ ਪੰਜਾਬ ਅਦਬੀ ਸੰਗਤ’ ਅਤੇ ‘ਸਾਊਥ ਏਸ਼ੀਅਨ ਰੀਵੀਊ ‘ ਵੱਲੋਂ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ ‘ਚ ਕਰਵਾਏ ਗਏ ਇਕ ਰੋਜ਼ਾ ਵਿਸ਼ਵ ਪੰਜਾਬੀ ਸੈਮੀਨਾਰ ਵਿੱਚ ਦੁਨੀਆ ਭਰ ਤੋਂ ਪੰਜਾਬੀ ਵਿਦਵਾਨਾਂ ਨੇ ਹਾਜ਼ਰੀ ਭਰਦਿਆਂ, ‘ਪੰਜਾਬੀ ਦਰਸ਼ਨ’ ਵਿਸ਼ੇ ਦੀ ਅਹਿਮੀਅਤ ਨੂੰ ਵਿਚਾਰਿਆ ਤੇ ਭਰਵੀਂ ਹਾਜਰੀ ਦੇ ਕੇ ਇਸਨੂੰ ਇਤਿਹਾਸਕ ਇਕੱਠ ਬਣਾ ਦਿੱਤਾ।
ਇਸ ਮੌਕੇ ‘ਤੇ 500 ਤੋਂ ਵੱਧ ਪੰਜਾਬੀ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਮੌਜੂਦਾ ਮਸਲਿਆਂ ਅਤੇ ਇਹਨਾਂ ਦੇ ਹੱਲ ਲੱਭਣ ਲਈ ਸਿਰ-ਜੋੜ ਕੇ ਆਤਮ ਵਿਸ਼ਲੇਸ਼ਣ ਕੀਤਾ। ਵਿਸ਼ਵ ਪੰਜਾਬੀ ਸੈਮੀਨਾਰ ਦੀ ਆਰੰਭਤਾ ਮੂਲ ਨਿਵਾਸੀ ਫਰਿਨ ਗੈਬਰੀਅਲ ਵੱਲੋਂ ਸੱਭਿਆਚਾਰਕ ਰਹੁ ਰੀਤਾਂ ਨਾਲ ਕੀਤੀ ਗਈ।
ਪੰਜਾਬੀ ਪ੍ਰੇਮੀ ਭੁਪਿੰਦਰ ਸਿੰਘ ਮੱਲ੍ਹੀ ਨੇ ਇਸ ਮੌਕੇ ਤੇ ਸਾਰਿਆਂ ਨੂੰ ਜੀ ਆਇਆ ਆਖਦਿਆਂ ਜਾਣਕਾਰੀ ਦਿੱਤੀ ਕਿ ਵਿਸ਼ਵ ਪੰਜਾਬੀ ਸੈਮੀਨਾਰ ਸਾਥੀ ਹਰਦਿਆਲ ਸਿੰਘ ਬੈਂਸ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੋਫੈਸਰ ਪ੍ਰੀਤਮ ਸਿੰਘ, ਕਵੀ ਹਰਭਜਨ ਸਿੰਘ ਬੈਂਸ, ਮੋਹਤਰਮਾ ਸਮੀਨਾ ਹੁਸੈਨ ਸਈਅਦ ਅਤੇ ਚਾਰਲਸ ਬੋਇਲਨ ਸਮੇਤ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ। ਜਥੇਬੰਦੀ ਵੱਲੋਂ ਪਹਿਲਾਂ ਆਯੋਜਿਤ ਤਿੰਨ ਵਿਸ਼ਵ ਪੰਜਾਬੀ ਕਾਨਫਰਸਾਂ ਸਮੇਤ ਲੋਕਾਂ ਦੀ ਰਾਖੀ ਲਈ ਹੋਰਨਾਂ ਸਰਗਰਮੀਆਂ ਬਾਰੇ ਵਿਸਤਾਰ ਸਹਿਤ ਦੱਸਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਪੰਜਾਬੀਆਂ ਦੀ ਸਦਾ ਚੜ੍ਹਦੀ ਕਲਾ ਲਈ ਤਤਪਰ ਰਹੀ ਹੈ।
ਵਿਸ਼ਵ ਪੰਜਾਬੀ ਸੈਮੀਨਰ ਦੀ ਅਹਿਮ ਪ੍ਰਾਪਤੀ ਮਹੱਤਵਪੂਰਨ ਮਤੇ ਸਨ, ਇਹਨਾਂ ਪ੍ਰਮੁੱਖ ਮਸਲਿਆਂ ਅਤੇ ਉਹਨਾਂ ਦੇ ਹੱਲ ਲੱਭਣ ਦੀ ਸੋਚ ਅਨੁਸਾਰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਡਾ. ਗੁਰਵਿੰਦਰ ਸਿੰਘ ਨੇ ਮਤੇ ਪੜ੍ਹਦਿਆਂ ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਜੰਗ ਖਿਲਾਫ ਸਖਤ ਸ਼ਬਦਾਂ ਵਿੱਚ ਵਿਰੋਧ ਪ੍ਰਗਟਾਇਆ।
ਪੰਜਾਬੀਆਂ ਨੂੰ ਭੂਗੋਲਿਕ ਟੁਕੜਿਆਂ ‘ਚ ਵੰਡਣ ਦੀ ਥਾਂ ‘ਇੱਕੋ ਪੰਜਾਬ’ ਦੇ ਰੂਪ ਵਿੱਚ ਸਵਿਕਾਰ ਕਰਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਮੂਹ ਪੰਜਾਬੀ ਸੰਸਥਾਵਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ।
ਕੈਨੇਡਾ ਦੇ ਮੂਲ ਨਿਵਾਸੀਆਂ ‘ਤੇ ਗਸਟਆਫਸਨ ਲੇਕ ‘ਤੇ ਹੋਏ ਤਸ਼ੱਦਦ ਅਤੇ ਰੈਜੀਡੈਂਸ਼ੀਅਲ ਸਕੂਲਾਂ ਰਾਹੀਂ ਹੋਈ ਨਸਲਕੁਸ਼ੀ ਨੂੰ ਨਾ ਮਾਫ ਕਰਨਯੋਗ ਅਪਰਾਧ ਕਰਾਰ ਦੇਣ।
ਪੰਜਾਬ ਦੀ ਧਰਤੀ ‘ਤੇ ਦਰਬਾਰ ਸਾਹਿਬ ‘ਤੇ ਭਾਰਤੀ ਹਮਲੇ ਸਮੇਤ ਪੰਜਾਬ ਅਤੇ ਪੰਜਾਬੀਆਂ ‘ਤੇ ਹੋਏ ਹਰ ਤਰ੍ਹਾਂ ਦੇ ਜਬਰ ਨੂੰ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਗੁਨਾਹ ਕਰਾਰ ਦੇਣ।
ਪੰਜਾਬ ਦੀਆਂ ਸਮੱਸਿਆਵਾਂ ਲਈ ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ, ਸਰਕਾਰੀ ਧੱਕੇਸ਼ਾਹੀ ਨੂੰ ਜਿੰਮੇਵਾਰ ਠਹਿਰਾਉਣ।
ਪੰਜਾਬੀ ਸੈਮੀਨਾਰ ਦੌਰਾਨ ਆਈਆਂ ਵੀਜ਼ੇ ਦੀਆਂ ਸਮੱਸਿਆਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਕੈਨੇਡਾ ਸਰਕਾਰ ਨੂੰ ਭਵਿੱਖ ਵਿੱਚ ਇਹਨਾਂ ਦੇ ਹੱਲ ਲੱਭਣ।
ਪੰਜਾਬੀ ਸਾਹਿਤ ‘ਤੇ ਕਾਬਜ਼ ਮਾਫੀਆ ਦੁਆਰਾ ਸਰਕਾਰੀ ਫੰਡਾਂ ਅਤੇ ਇਨਾਮਾਂ ਦੇ ਭਰਿਸ਼ਟਾਚਾਰ ਦੀਆਂ ਚਾਲਾਂ ਦਾ ਵਿਰੋਧ ਕਰਨ।
ਪੰਜਾਬੀ ਬੋਲੀ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਕੁੱਲ ਪੰਜਾਬੀ ਸੰਸਥਾਵਾਂ ਅਤੇ ਨਿਧੜਕ ਵਿਦਵਾਨਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਨ।
ਦੁਨੀਆ ਭਰ ਦੇ ਪੰਜਾਬੀਆਂ ਨੂੰ ਚਿੰਤਨ ਅਤੇ ਨਾਬਰੀ ਦਾ ਚਰਿਤਰ ਕਾਇਮ ਰੱਖਦੇ ਹੋਏ, ਸਾਰੀਆਂ ਸਮੱਸਿਆਵਾਂ ਨੂੰ ਇੱਕ-ਮੁੱਠ ਹੋ ਕੇ ਹੱਲ ਕਰਨ ਦੀ ‘ਪੰਜਾਬੀ ਦਰਸ਼ਨ’ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਪ੍ਰਵਾਨਗੀ ਦਿੱਤੀ ਗਈ।
ਵਿਸ਼ਵ ਪੰਜਾਬੀ ਸੈਮੀਨਾਰ ਵਿੱਚ ਉਘੇ ਵਿਦਵਾਨਾਂ ਸਮੇਤ ਪੰਜਾਬੀ ਹਿਤੈਸ਼ੀ ਸਰਗਰਮ ਕਾਰਕੁਨਾਂ ਵੱਲੋਂ ਬੁਲਾਰਿਆਂ ਦੇ ਰੂਪ ਵਿੱਚ ਉਤਸ਼ਾਹ ਨਾਲ ਹਾਜ਼ਰੀ ਲਵਾਈ ਗਈ। ‘ਪੰਜਾਬੀ ਦਰਸ਼ਨ’ ਵਿਸ਼ੇ ਨਾਲ ਸਬੰਧਿਤ ਹੋਈਆਂ ਵਿਚਾਰਾਂ ‘ਤੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਡਾ: ਪਿਆਰਾ ਲਾਲ ਗਰਗ ਨੇ ਵਡਮੁੱਲੇ ਖਿਆਲ ਸਾਂਝੇ ਕੀਤੇ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਡਾ: ਆਸਮਾ ਕਾਦਰੀ ਸਮੇਤ ਡਾ: ਗੁਰਦੇਵ ਸਿੰਘ ਸਿੱਧੂ, ਡਾ: ਬਾਵਾ ਸਿੰਘ, ਐਡਵੋਕੇਟ ਮਿੱਤਰ ਸੈਨ ਮੀਤ, ਡਾ: ਸੁੱਚਾ ਸਿੰਘ ਗਿੱਲ, ਡਾ: ਗੁਰਵਿੰਦਰ ਸਿੰਘ ਤੇ ਨੁਜ਼ਹਤ ਅੱਬਾਸ ਵੱਲੋਂ ਭਾਵ-ਪੂਰਤ ਅਤੇ ਦਲੀਲ-ਪੂਰਵਕ ਤਰੀਕੇ ਨਾਲ ਪੇਸ਼ ਕੀਤੇ ਗਏ, ਜਿੰਨਾਂ ਨੂੰ ਹਾਲ ‘ਚ ਵੱਡੀ ਗਿਣਤੀ ‘ਚ ਮੌਜੂਦ ਸਰੋਤਿਆਂ ਵੱਲੋਂ ਬੜੀ ਦਿਲਚਸਪੀ ਅਤੇ ਠਰੰਮੇ ਨਾਲ ਸੁਣਿਆ ਗਿਆ।
ਵਿਸ਼ਵ ਪੰਜਾਬੀ ਸੈਮੀਨਾਰ ਦੇ ਬੁਲਾਰਿਆਂ ਨੂੰ ਪ੍ਰਬੰਧਕ ਸਾਹਿਬਾਨਾਂ ਵੱਲੋਂ ਸਨਮਾਨ ਚਿੰਨ ਭੇਟ ਕੀਤੇ ਗਏ ਅਤੇ ਬਲਵੰਤ ਸਿੰਘ ਸੰਘੇੜਾ ਅਤੇ ਅਵਤਾਰ ਸਿੰਘ ਗਿੱਲ ਨੂੰ ਪੰਜਾਬੀ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦੀ ਸਮਾਪਤੀ ਉਪਰੰਤ ਸਾਰਿਆਂ ਵੱਲੋਂ ਸਵਾਦਲੇ ਭੋਜਨ ਦਾ ਵੀ ਆਨੰਦ ਮਾਣਿਆ ਗਿਆ। ਵਿਸ਼ਵ ਪੰਜਾਬੀ ਸੈਮੀਨਾਰ ਦੇ ਬਰਾਬਰ ਕੁਝ ਅੰਸਰਾਂ ਵੱਲੋਂ ਉਲੀਕੇ ਪ੍ਰੋਗਰਾਮ ਕਾਰਨ ਸਰੋਤਿਆਂ ਅੰਦਰ ਦੁਬਿਧਾ ਸਾਫ ਨਜ਼ਰ ਆ ਰਹੀ ਸੀ, ਜਿਸ ਦੀ ਨਰਾਜ਼ਗੀ ਉਹਨਾਂ ਪ੍ਰਬੰਧਕਾਂ ਕੋਲ ਪ੍ਰਗਟਾਈ, ਪਰ ਇਸ ਤੇ ਬਾਵਜੂਦ ਅਜਿਹੀਆਂ ਤਾਕਤਾਂ ਸੈਮੀਨਾਰ ਨੂੰ ਅਸਫਲ ਨਾ ਕਰ ਸਕੀਆਂ। ਇਸ ਤੋਂ ਇਲਾਵਾ ਵੀਜ਼ੇ ਨਾ ਮਿਲਣ ਕਾਰਨ ਬਹੁਤ ਸਾਰੇ ਸੁਲਝੇ ਵਿਦਵਾਨਾਂ ਦੇ ਵਿਚਾਰ ਸੁਣਨ ਤੋਂ ਪੰਜਾਬੀ ਵਾਂਝੇ ਰਹਿ ਗਏ, ਜਿਸ ਦਾ ਪ੍ਰਬੰਧਕਾਂ ਨੂੰ ਡੂੰਘਾ ਅਫਸੋਸ ਰਿਹਾ।
ਵਿਸ਼ਵ ਪੰਜਾਬੀ ਸੈਮੀਨਾਰ ਦੇ ਮੁੱਖ ਪ੍ਰਬੰਧਕ ਸੁੱਚਾ ਸਿੰਘ ਦੀਪਕ ਸਿਹਤ ਨਾਸਾਜ਼ ਹੋਣ ਕਾਰਨ ਇਸ ਮੌਕੇ ‘ਤੇ ਸ਼ਾਮਿਲ ਨਾ ਹੋ ਸਕੇ। ਪੰਜਾਬੀ ਕਾਰੋਬਾਰੀਆਂ, ਪੰਜਾਬੀ ਮੀਡੀਆ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਸੰਸਥਾਵਾਂ ਵੱਲੋਂ ਭਰਪੂਰ ਹੁੰਗਾਰੇ ਕਾਰਨ ਵਿਸ਼ਵ ਪੰਜਾਬੀ ਸੈਮੀਨਾਰ ਯਾਦਗਾਰੀ ਹੋ ਨਿਬੜਿਆ।

Related Articles

Latest Articles