ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ‘ਚ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨੀਂ ਵੈਨਕੂਵਰ ਦੇ ਕਿਟਸੀਲਾਨੋ ਇਲਾਕੇ ਵਿੱਚ ਅੱਗ ਲੱਗਣ ਕਾਰਨ ਹੋਏ ਜ਼ਖਮੀ ਅੱਠ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਸ ਦੇ ਨਾਲ ਹੀ ਇਸ ਘਟਨਾ ‘ਚ ਲਗਭਗ 40 ਸਥਾਨਕ ਨਿਵਾਸੀ ਬੇਘਰ ਹੋ ਗਏ ਹਨ। ਵੈਸਟ 7ਵੇਂ ਐਵੇਨਿਊ ‘ਤੇ ਸੇਵਨ ਮੈਪਲਜ਼ ਅਪਾਰਟਮੈਂਟ ਬਿਲਡਿੰਗ ‘ਚ ਬੁੱਧਵਾਰ ਤੜਕੇ 2:30 ਵਜੇ ਤੋਂ ਬਾਅਦ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਚਾਰ ਯੂਨਿਟ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ।
ਸਥਾਨਕ ਵਸਨੀਕਾਂ ਨੇ ਕੈਨੇਡੀਅਨ ਪੰਜਾਬ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੱਚ ਦੇ ਟੁੱਟਣ ਦੀ ਆਵਾਜ਼ ਅਤੇ ਧੂੰਏਂ ਦੀ ਬਦਬੂ ਕਾਰਨ ਰਾਤ ਨੂੰ ਉੱਠੇ ਸਨ। ਉਦੋਂ ਤੱਕ ਕੁਝ ਲੋਕਾਂ ਨੇ ਫਾਇਰਫਾਈਟਰ ਵਾਲਿਆਂ ਨੂੰ ਬੁਲਾ ਲਿਆ ਸੀ।
ਸਵੇਰੇ 8 ਵਜੇ ਤੱਕ, ਵੈਨਕੂਵਰ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ 38 ਵਸਨੀਕਾਂ ਬਚਾਇਆ ਅਤੇ ਐਮਰਜੈਂਸੀ ਸਪੋਰਟ ਸਰਵਿਸਿਜ਼ (ਈਐਸਐਸ), ਵੈਨਕੂਵਰ ਨੇ ਥੋੜ੍ਹੇ ਸਮੇਂ ਲਈ ਇਨ੍ਹਾਂ ਲੋਕਾਂ ਦੀ ਰਿਹਾਇਸ਼ ਦੇ ਨਾਲ-ਨਾਲ ਭੋਜਨ, ਕੱਪੜੇ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ ਪਰ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।