ਹਿੱਸਿਆਂ ਚ ਵੰਡੇ ਗਏ ਪੰਜਾਬ ਵਾਲੀ ਗੱਲ ਹੈ
ਚੇਤਿਆਂ ‘ਚ ਵੱਸ ਦੇ ਜਨਾਬ ਵਾਲੀ ਗੱਲ ਹੈ ।
ਸੱਚੀਆਂ ਮੁਹੱਬਤਾਂ ਤੇ ਲਾਭ ਨੁਕਸਾਨ ਦੀ
ਪੈਰਾਂ ਹੇਠਾਂ ਮਿੱਧੇ ਹੋਏ ਗੁਲਾਬ ਵਾਲੀ ਗੱਲ ਹੈ,
ਗੱਲ ਜਦੋਂ ਤੁਰੀ ਫਿਰ ਪਹੁੰਚੀ ਬੜੀ ਦੂਰ ਤੱਕ,
ਖੰਡਾਂ, ਬ੍ਰਹਿਮੰਡਾਂ ‘ਤੇ ਰਬਾਬ ਵਾਲੀ ਗੱਲ ਹੈ,
ਅੱਧ ਅਸਮਾਨੋ ਕੋਈ ਭੇਜੇ ਲਾਲ ਖੱਤ ਮੈਨੂੰ
ਕਿਰਤੀ ਕਿਸਾਨ ਦੇ ਹਿਸਾਬ ਵਾਲੀ ਗੱਲ ਹੈ,
ਮਾਰ ਗਿਆ ਲਕਵਾ ਜੀ ਹਾਕਮਾਂ ਦੀ ਸੋਚ ਨੂੰ
ਕੁੱਤੇ ਹੱਥ ਆਏ ਹੋਏ ਕਬਾਬ ਵਾਲੀ ਗੱਲ ਹੈ,
ਦੂਰ ਉਹਦਾ ਘਰ ਬੜਾ ਨੇੜੇ ਜੋ ਰਹਿੰਦਾ ਹੈ
ਵੇਖਣਾ ਤੇ ਮਿਲਣਾ ਸਭ ਖਾਬ ਵਾਲੀ ਗੱਲ ਹੈ,
ਵੰਝਲੀ ‘ਤੇ ਚੂਰੀ ਵਾਲੇ ਕਿੱਸਿਆਂ ਦੀ ਦਾਸਤਾਨ
ਕਿੱਸੇਕਾਰਾਂ ਲਿਖੀ ਜੋ ਕਿਤਾਬ ਵਾਲੀ ਗੱਲ ਹੈ,
ਓ ਗੱਲ ਕਰਨੀ ਕੀ ਜਿਹੜੀ ਉਹਨੂੰ ਭਾਵੇ ਨਾ
ਮੇਰੇ ਸਾਰੇ ਸ਼ੇਅਰਾਂ ‘ਚ ਅਦਾਬ ਵਾਲੀ ਗੱਲ ਹੈ ।
ਲੇਖਕ : ਸੁਖਬੀਰ ਮੁਹੱਬਤ