ਮਹਿੰਗਾਈ, ਬੇਰੁਜ਼ਗਾਰੀ, ਸੁਸਤ ਆਰਥਿਕਤਾ ਕਾਰਣ ਛੜੇ-ਛੜੀਆਂ ਦੀ ਗਿਣਤੀ ਵਧੀ, ਜਨਮ ਦਰ ਘਟੀ

ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਚੀਨ ਵਿਚ 2024 ‘ਚ ਵਿਆਹ ਕਰਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ 12 ਸਾਲਾਂ ਵਿਚ ਸਭ ਤੋਂ ਘੱਟ ਰਹੀ ਹੈ। ਇਸ ਕਾਰਨ ਚੀਨ ਵਿਚ ਜਨਮ ਦਰ ਘਟ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਾਲਾਂ ਵਿਚ ਕੰਮਕਾਜੀ ਆਬਾਦੀ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ।
ਇਹ ਚੀਨ ਲਈ ਆਪਣੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਇੱਕ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ, ਜੋ ਪਹਿਲਾਂ ਹੀ ਆਪਣੀ ਬੁੱਢੀ ਆਬਾਦੀ ਤੋਂ ਪਰੇਸ਼ਾਨ ਹੈ।
ਚੀਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਦੀ ਪਹਿਲੀ ਛਿਮਾਹੀ ‘ਚ ਵਿਆਹ ਕਰਵਾਉਣ ਵਾਲੇ ਚੀਨੀ ਜੋੜਿਆਂ ਦੀ ਗਿਣਤੀ 2013 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਇਸ ਦਾ ਇੱਕ ਵੱਡਾ ਕਾਰਨ ਉੱਥੋਂ ਦੀ ਸੁਸਤ ਆਰਥਿਕਤਾ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਹੈ। ਅਜਿਹੀ ਸਥਿਤੀ ਵਿਚ ਜ਼ਿਆਦਾਤਰ ਨੌਜਵਾਨ ਵਿਆਹ ਦੀਆਂ ਯੋਜਨਾਵਾਂ ਨੂੰ ਟਾਲ ਕਰ ਰਹੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਹੋਰ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਨਹੀਂ ਸਮਝਦੇ ਹਨ।
ਹੁਣ ਜੇਕਰ ਘੱਟ ਵਿਆਹ ਹੋਣਗੇ ਤਾਂ ਘੱਟ ਬੱਚੇ ਪੈਦਾ ਹੋਣਗੇ ਜਿਸ ਨਾਲ ਦੇਸ਼ ਵਿੱਚ ਜਨਮ ਦਰ ਘਟੇਗੀ। ਅਜਿਹੇ ‘ਚ ਵਿਆਹ ਤੋਂ ਬਚਣ ਵਾਲੇ ਇਨ੍ਹਾਂ ਨੌਜਵਾਨਾਂ ਅਤੇ ਘਟਦੀ ਜਨਮ ਦਰ ਨੇ ਚੀਨੀ ਸਰਕਾਰ ਅਤੇ ਨੀਤੀ ਨਿਰਮਾਤਾਵਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦਰਅਸਲ, ਉੱਥੇ ਦੀ ਸਰਕਾਰ ਆਬਾਦੀ ਨੂੰ ਵਧਾਉਣ ਲਈ ਕਈ ਪ੍ਰੋਗਰਾਮ ਚਲਾ ਰਹੀ ਹੈ। ਪਰ ਨੌਜਵਾਨਾਂ ਵਿਚ ਵਿਆਹ ਦਾ ਰੁਝਾਨ ਘਟਦਾ ਜਾ ਰਿਹਾ ਹੈ। ਚੀਨ ਵਿਚ ਵਿਆਹ ਰਜਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਕੁੱਲ 34 ਲੱਖ ਜੋੜਿਆਂ ਨੇ ਵਿਆਹ ਕਰਵਾਇਆ, ਜਦੋਂ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿਚ ਲਗਭਗ 39 ਲੱਖ ਵਿਆਹ ਹੋਏ, ਯਾਨੀ ਜਨਵਰੀ-ਜੂਨ ਦਰਮਿਆਨ ਕਰੀਬ 5 ਲੱਖ ਘੱਟ ਵਿਆਹ ਹੋਏ।
ਇਹ ਸੰਕਟ ਚੀਨੀ ਸਰਕਾਰ ਦੇ ਜਨਮ ਦਰ ਨੂੰ ਵਧਾਉਣ ਦੇ ਇਰਾਦੇ ਨੂੰ ਵਿਗਾੜ ਰਿਹਾ ਹੈ। ਚੀਨ ਵਿਚ ਬੱਚੇ ਪੈਦਾ ਕਰਨ ਲਈ ਵਿਆਹ ਲਾਜ਼ਮੀ ਹੈ, ਜਿਸ ‘ਚ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਰਜਿਸਟਰ ਕਰਨ ਅਤੇ ਸਰਕਾਰੀ ਲਾਭ ਪ੍ਰਾਪਤ ਕਰਨ ਲਈ ਇੱਕ ਵਿਆਹ ਸਰਟੀਫਿਕੇਟ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਪਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਵਿਚ ਹੌਲੀ ਵਿਕਾਸ ਕਾਰਨ ਨੌਕਰੀਆਂ ਘਟ ਰਹੀਆਂ ਹਨ ਅਤੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਅਜਿਹੀ ਸਥਿਤੀ ਵਿਚ ਬਹੁਤ ਸਾਰੇ ਚੀਨੀ ਨੌਜਵਾਨ ਇਕੱਲੇ ਰਹਿਣ ਜਾਂ ਦੇਰ ਨਾਲ ਵਿਆਹ ਕਰਨ ਦੀ ਚੋਣ ਕਰ ਰਹੇ ਹਨ। ਚੀਨ ਵਿਚ 2014 ਤੋਂ ਬਾਅਦ ਵਿਆਹਾਂ ਦੀ ਗਿਣਤੀ ‘ਚ ਕਮੀ ਆ ਰਹੀ ਹੈ। ਕੋਵਿਡ ਮਹਾਮਾਰੀ ਦੀਆਂ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ 2023 ‘ਚ ਇਸ ਵਿਚ ਕੁਝ ਵਾਧਾ ਹੋਇਆ ਸੀ, ਜੋ ਹੁਣ ਫਿਰ ਤੋਂ ਘਟਣਾ ਸ਼ੁਰੂ ਹੋ ਗਿਆ ਹੈ।
ਚੀਨ ਵਿਚ ਮਾਹਿਰ ਭਵਿੱਖਬਾਣੀ ਕਰ ਰਹੇ ਹਨ ਕਿ ਇਸ ਸਾਲ ਵਿਆਹ ਦਰ 1980 ਤੋਂ ਬਾਅਦ ਸਭ ਤੋਂ ਘੱਟ ਹੋ ਸਕਦੀ ਹੈ। ਵਿਆਹ ਰਜਿਸਟ੍ਰੇਸ਼ਨਾਂ ਵਿਚ ਗਿਰਾਵਟ ਕਾਰਨ ਨੌਜਵਾਨਾਂ ਦੀ ਆਬਾਦੀ ਘਟ ਰਹੀ ਹੈ। ਇਸ ਦੇ ਨਾਲ ਹੀ ਵਿਆਹ ਯੋਗ ਆਬਾਦੀ ਵਿਚ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਵੱਧ ਗਿਣਤੀ ਅਤੇ ਵਿਆਹਾਂ ਦੇ ਵੱਧ ਖਰਚੇ ਵੀ ਵਿਆਹਾਂ ਦੀ ਦਰ ਨੂੰ ਘਟਾ ਰਹੇ ਹਨ। ਅਜਿਹੇ ਵਿਚ ਚੀਨ ਨੂੰ ਜਨਮ ਦਰ ਵਿਚ ਗਿਰਾਵਟ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾ ਰਹੀ ਹੈ।

Exit mobile version