70% ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਕਰੀ ਉਸਾਰੀ ਦੇ ਕੰਮਾਂ ਕਾਰਨ ਘਟੀ
ਸਰੀ, (ਸਿਮਰਨਜੀਤ ਸਿੰਘ): ਸ਼ਹਿਰਾਂ ‘ਚ ਥਾਂ-ਥਾਂ ਹੁੰਦੀਆਂ ਉਸਾਰੀਆਂ-ਮੁਰੰਮਤਾਂ ਵਿੱਚ ਹੋ ਰਹੀ ਦੇਰੀ ਕਾਰਨ ਆਮ ਲੋਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਇਮਾਰਤਾਂ ਦੀ ਉਸਾਰੀ ਕਰਨ ਵਾਲੇ ਸਵੇਰੇ 7-8 ਵਜੇ ਕੰਮ ਸ਼ੁਰੂ ਕਰਦੇ ਹਨ ਅਤੇ 2 ਵਜੇ ਦੇ ਕਰੀਬ ਚਲੇ ਜਾਂਦੇ ਹਨ ਜਦੋਂ ਕਿ ਬੈਰੀਕੇਟ ਉਥੇ ਹੀ ਲੱਗੇ ਹਨ ਜਿਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੁੰਦੇ ਹਨ। ਜ਼ਿਕਰਯੋਗ ਹੈ ਕਿ ਥਾਂ-ਥਾਂ ਹੁੰਦੀਆਂ ਉਸਾਰੀਆਂ ਅਤੇ ਮੁਰੰਮਤ ਦੇ ਕੰਮਾਂ ਦਾ ਕੋਈ ਵੀ ਪ੍ਰਾਜੈਕਟ ਸਮੇਂ ਸਿਰ ਪੂਰਾ ਨਹੀਂ ਕੀਤਾ ਜਾ ਰਿਹਾ । ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਦੀ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਲਗਭਗ 70 ਪ੍ਰਤੀਸ਼ਤ ਕੈਨੇਡੀਅਨ ਛੋਟੇ ਕਾਰੋਬਾਰੀ ਪਿਛਲੇ ਕਈ ਸਾਲਾਂ ਤੋਂ ਉਸਾਰੀ ਦੇ ਚੱਲ ਰਹੇ ਪ੍ਰੋਜੈਕਟਾਂ ਤੋਂ ਬੇਹੱਦ ਦੁਖੀ ਹਨ ਕਿਉਂਕਿ ਉਨ੍ਹਾਂ ਨੂੰ ਉਸਾਰੀ ਦੇ ਕੰਮ ਕਾਰਨ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਦੇ ਅਨੁਸਾਰ ਸਭ ਤੋਂ ਵੱਧ ਸ਼ਿਕਾਇਤਾਂ ਭਾਰੀ ਆਵਾਜਾਈ, ਸ਼ੋਰ, ਧੂੜ ਅਤੇ ਮਲਬੇ ਸਬੰਧੀ ਆਈਆਂ ਹਨ। 70% ਕਾਰੋਬਾਰੀਆਂ ਨੇ ਰਿਪੋਰਟ ਕੀਤੀ ਕਿ ਸਟਾਫ ਅਤੇ ਗਾਹਕਾਂ ਨੂੰ ਉਹਨਾਂ ਦੇ ਸਟੋਰ ਲੱਭਣ ਵਿੱਚ ਮੁਸ਼ਕਲ ਆਈ ਕਿਉਂਕਿ ਉਸਾਰੀ ਦੇ ਚਲ ਰਹੇ ਕੰਮਾਂ ਕਾਰਨ ਸਟੋਰ ਲੱਭਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੋਇਆ ਜਿਸ ਕਾਰਨ ਕਈ ਵਾਰ ਗਾਹਕ ਖਰੀਦਦਾਰੀ ਕਰਨ ਤੋਂ ਵੀ ਗੁਰੇਜ਼ ਕਰਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛੋਟੇ ਕਾਰੋਬਾਰੀ ਮਾਲਕਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਔਸਤਨ 22 ਪ੍ਰਤੀਸ਼ਤ ਵਿਕਰੀ ‘ਚ ਗਿਰਾਵਟ ਦਰਸਾਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, ਇਹ ਚੁਣੌਤੀਪੂਰਨ ਸਥਿਤੀ ਹੈ, ਜਦੋਂ ਕੈਨੇਡਾ ਭਰ ਵਿੱਚ ਅੱਧੇ ਦੇ ਕਰੀਬ (53 ਪ੍ਰਤੀਸ਼ਤ) ਛੋਟੇ ਕਾਰੋਬਾਰੀ ਮਾਲਕ ਆਪਣੇ ਕਾਰੋਬਾਰ ‘ਚ ਗਿਰਾਵਟ ਦਾ ਹਵਾਲਾ ਦੇ ਰਹੇ ਹਨ
ਦੂਜੇ ਪਾਸੇ ਦੁਕਾਨਦਾਰ ਆਮ ਤੌਰ ‘ਤੇ ਆਪਣੇ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਕਿਉਂਕਿ ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਰਹਿਣ-ਸਹਿਣ ਦੀਆਂ ਲਾਗਤਾਂ ਵੀ ਅਸਮਾਨ ਛੂਹਣ ਲੱਗੀਆਂ ਹਨ। ਇਸ ਦੇ ਨਾਲ ਹੀ ਥਾਂ-ਥਾਂ ਦੇ ਹੋ ਰਹੀ ਉਸਾਰੀ ਦੇ ਕਾਰਨ ਪੈ ਰਹੀ ਰੁਕਾਵਟ ਵੀ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦੁਗਣੀਆਂ ਕਰਨ ਲੱਗੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛੋਟੇ ਕਾਰੋਬਾਰੀਆਂ ਨੇ ਪਿਛਲੇ ਪੰਜ ਸਾਲਾਂ ਵਿੱਚ ਲਗਭਗ $10,000 ਮੁਰੰਮਤ ਅਤੇ ਸਫਾਈ ‘ਤੇ ਖਰਚ ਕੀਤੇ ਹਨ ਜਦੋਂ ਉਨ੍ਹਾਂ ਦੇ ਨੇੜੇ ਕਿਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਸਾਰੀ ਪ੍ਰਾਜੈਕਟਾਂ ਕਾਰਨ ਹੋਣ ਵਾਲੇ ਵੱਖ-ਵੱਖ ਖਰਚਿਆਂ ਦਾ ਭੁਗਤਾਨ ਕਰਨ ਲਈ, 14 ਪ੍ਰਤੀਸ਼ਤ ਛੋਟੇ ਕਾਰੋਬਾਰੀ ਮਾਲਕਾਂ ਨੇ ਆਪਣੀ ਨਿੱਜੀ ਬੱਚਤ ਵਿੱਚ ਡੁਬੋਇਆ, 12 ਪ੍ਰਤੀਸ਼ਤ ਨੇ ਕਰਜ਼ਾ ਲਿਆ ਅਤੇ ਛੇ ਪ੍ਰਤੀਸ਼ਤ ਨੇ ਉਸਾਰੀ ਦੇ ਕਾਰਨ ਆਪਣੇ ਕਾਰੋਬਾਰ ਨੂੰ ਬੰਦ ਕਰਨ ਜਾਂ ਤਬਦੀਲ ਕਰਨ ਬਾਰੇ ਸੋਚਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਛੋਟੇ ਕਾਰੋਬਾਰੀਆਂ ‘ਚ ਲਗਭਗ 68 ਪ੍ਰਤੀਸ਼ਤ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਦੁਆਰਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਨਿਰਮਾਣ ਪ੍ਰੋਜੈਕਟਾਂ ਕਾਰਨ ਉਨ੍ਹਾਂ ਦੀ ਦੁਕਾਨ ਵਿੱਚ ਵਿਘਨ ਪੈਂਦਾ ਹੈ।