ਭਰਵੇਂ ਇਕੱਠ ਵਿੱਚ ਕੈਨੇਡਾ ਦੇ ਬ੍ਰਿਟਿਸ ਕੋਲੰਬੀਆਂ ਦੇ ਸਿੱਖਾਂ ਵੱਲੋਂ ਸੂਬੇ ਵਿੱਚ ਸਕੂਲ ਖੋਲਣ ਦੀ ਮੰਗ !
ਸਰੀ : ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ 25 ਅਗਸਤ ਦੀ ਸ਼ਾਮ ਨੂੰ ਗਰੈਂਡ ਤਾਜ ਬੈਕਿੰਟ ਹਾਲ ਵਿੱਚ ਕਰਵਾਏ ਗਏ ਸਮਾਗਮ ਵਿੱਚ 300 ਤੋਂ ਜ਼ਿਆਦਾ ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੁੱਧੀ ਜੀਵਿਆਂ ਦੀ ਇਕੱਤਰਤਾ ਹੋਈ, ਜਿਸ ਵਿੱਚ, ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਡਾਕਟਰ ਦਵਿੰਦਰ ਸਿੰਘ ਪ੍ਰਧਾਨ ਸਾਹਿਬ, ਭਾਈ ਜਗਜੀਤ ਸਿੰਘ ਜੀ ਪ੍ਰਬੰਧਕੀ ਬੋਰਡ ਦੇ ਮੈਂਬਰ ਉਚੇਚੇ ਤੌਰ ਤੇ ਉੱਤਰੀ ਅਮਰੀਕਾ ਦੇ ਦੌਰੇ ਦੇ ਅਖੀਰਲੇ ਸਮਾਗਮ ਵਿੱਚ ਸਿੱਖ ਸੰਗਤਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਵਲੋ ਕੀਤੇ ਜਾ ਰਹੇ ਉਪਰਾਲੇ ਦੀ ਜਾਣਕਾਰੀ ਦਿੱਤੀ! ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਬੜੂ ਸਾਹਿਬ ਸੰਸਥਾ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਅਕਾਲ ਅਕੈਡਮੀ, ਸੰਤ ਤੇਜਾ ਸਿੰਘ ਜੀ ਵੱਲੋਂ ਇਸ ਨੂੰ ਅਮਲੀ ਜਾਮੇ ਦਾ ਜਾਗ ਲੱਗਾ ਕੇ ਸੰਤ ਬਾਬਾ ਇਕਬਾਲ ਸਿੰਘ ਅਤੇ ਡਾਕਟਰ ਖੇਮ ਸਿੰਘ ਗਿੱਲ ਦੇ ਸਪੁਰਦ ਕਰ ਦਿੱਤਾ ਜਿੰਨਾਂ ਲਗਾਤਾਰ ਮਿਹਨਤ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਡਾਕਟਰ ਦਵਿੰਦਰ ਸਿੰਘ ਪ੍ਰਧਾਨ ਸਾਹਿਬ, ਭਾਈ ਜਗਜੀਤ ਸਿੰਘ ਜੀ ਦੇ ਹਵਾਲੇ ਕਰ ਦਿੱਤਾ, ਜਿੰਨਾ ਦੀ ਅਣਥੱਕ ਮਿਹਨਤ ਸਦਕਾ ਹੁਣ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਪੰਜਾਬ, ਹਿਮਾਚਲ ਅਤੇ ਭਾਰਤ ਦੇ ਦੂਜੇ ਸੂਬਿਆਂ ਵਿੱਚ 129 ਸਕੂਲ ਅਤੇ 2 ਯੂਨੀਵਰਸਿਟੀਆਂ ਬੜੂ ਸਾਹਿਬ ਅਤੇ ਦਮਦਮਾਂ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਥਾਪਿਤ ਕੀਤੀਆਂ ਹਨ ਜੋ ਬਹੁਤ ਹੀ ਅਤੀ ਅਧੁਨਿਕ ਤਰੀਕੇ ਨਾਲ ਇਕੱਲੀ ਪੜਾਈ ਹੀ ਨਹੀਂ ਕਰਵਾ ਰਹੀਆ ਬਲਕਿ ਪੜਾਈ ਉਪਰੰਤ ਬੱਚਿਆਂ ਨੂੰ ਰੁਜ਼ਗਾਰ ਵੀ ਦਿਵਾ ਰਹੀਆਂ ਹਨ। ਇਸ ਸਮੇ ਪੜਨ ਵਾਲੇ ਕੁੱਲ ਬੱਚਿਆਂ ਦੀ ਗਿਣਤੀ 70,000 ਤੋਂ ਉੱਪਰ ਹੈ! ਡਾਕਟਰ ਦਵਿੰਦਰ ਸਿੰਘ ਜੀ ਜੋ ਡਾਕਟਰੀ ਦਾ ਕੰਮ ਛੱਡ ਕੇ ਪਿਛਲੇ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਪ੍ਰੀਵਾਰ ਸਮੇਤ ਨਿਸਕਾਮ ਸੇਵਾ ਨਿਭਾ ਰਹੇ ਹਨ ਨੇ ਵਿਸਥਾਰ ਪੂਰਵਿਕ ਦੱਸਿਆ ਕਿ ਸਾਰੇ ਸਕੂਲ ਪੇਂਡੂ ਇਲਾਕਿਆਂ ਵਿੱਚ ਹਨ ਅਤੇ ਗਰੀਬ ਬੱਚਿਆਂ ਤੋਂ ਕੋਈ ਫੀਸ ਵੀ ਨਹੀ ਲਈ ਜਾਂਦੀ। ਬੜੂ ਸਾਹਿਬ ਸੰਸਥਾ ਦੇ ਬਹੁਤ ਹੀ ਉਚ ਸਿੱਖਿਆ ਪ੍ਰਾਪਤ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ 2 ਉੱਚ ਦਰਜੇ ਦੀ ਦੁਨਿਆਵੀ ਪੜਾਈ, ਖੇਡਾਂ ਅਤੇ ਕੰਮਪਿਊਟਰ ਦੀ ਪੜਾਈ ਵੀ ਕਰਵਾਈ ਜਾਂਦੀ ਹੈ, ਜਿਸ ਕਰਕੇ ਭਾਰਤ ਦੇ ਸੈਟਰਲ ਬੋਰਡ ਆਫ ਸੈਕੰਡਰੀ ਸਕੂਲ ਦੇ ਨਤੀਜਿਆਂ ਵਿੱਚ ਬੜੂ ਸਾਹਿਬ ਅਕੈਡਮੀ ਦੇ ਬੱਚੇ ਬਹੁ ਗਿਣਤੀ ਵਿੱਚ ਮੈਰਿਟ ਲਿਸਟ ਵਿੱਚ ਆਉਂਦੇ ਹਨ। ਡਾਕਟਰ ਸਾਹਿਬ ਨੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਦਾਨੀ ਪ੍ਰੀਵਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਕਰਕੇ ਗਰੀਬ ਬੱਚੇ ਪੜਾਈ ਕਰਨ ਦੇ ਕਾਬਿਲ ਹੋ ਰਹੇ ਹਨ। ਓਹਨਾ ਦਾਨੀ ਸੱਜਣਾਂ ਨੂੰ ਹੋਰ ਮਾਇਕ ਸਹਾਇਤਾ ਕਰਕੇ ਬੱਚੇ ਅਡਾਪਟ ਕਰਨ ਦੀ ਪ੍ਰੇਰਨਾਂ ਵੀ ਦਿੱਤੀ। ਇਸ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਸਕੂਲ ਤੋਂ ਸਿੱਖਿਆ ਪ੍ਰਾਪਤ ਬੱਚੇ ਜੋ ਕੈਨੇਡਾ ਅਤੇ ਅਮਰੀਕਾ ਵਿੱਚ ਸੈਟਲ ਹੋ ਚੁੱਕੇ ਹਨ, ਨੇ ਵੀ ਆਪਣੇ ਤਜਰਬੇ ਸੰਗਤਾਂ ਨਾਲ ਸਾਂਝੇ ਕੀਤੇ। ਸਟੇਜ ਸਕੱਤਰ ਦੀ ਸੇਵਾ ਬੀਬੀ ਮੁਕਤਾ ਕੌਰ ਡੈਲਸ (ਅਮਰੀਕਾ) ਅਤੇ ਭਾਈ ਹਰਮੀਤ ਸਿੰਘ ਬੜੂ ਸਾਹਿਬ ਜੀ ਹੋਣਾ ਬਾ-ਖੂਬੀ ਨਿਭਾਈ। ਪ੍ਰੋਗਰਾਮ ਦੌਰਾਨ ਇਸ ਸੰਸਥਾ ਦੀਆਂ ਉਪਲੱਬਧੀਆ ਵੀਡੀਓ ਰਾਹੀਂ ਸਰੋਤਿਆਂ ਨੂੰ ਦਿਖਾਈਆਂ ਗਈਆਂ। ਅਖੀਰ ਸਰਦਾਰ ਜਗਰੂਪ ਸਿੰਘ ਖੇੜਾ, ਉੱਘੇ ਰੀਐਲਟਰ ਵੱਲੋਂ ਸੰਗਤਾਂ ਦਾ ਧੰਨਵਾਦ ਕਰਨ ਦੇ ਨਾਲ 2 ਬੜੂ ਸਾਹਿਬ ਸੰਸਥਾ ਦੇ ਪ੍ਰਬੰਧਕੀ ਬੋਰਡ ਤੋਂ ਬੀ.ਸੀ. ਨਿਵਾਸੀਆਂ ਵੱਲੋਂ ਮੰਗ ਕੀਤੀ ਕਿ ਕੈਨੇਡਾ ਦੇ ਬ੍ਰਿਟਿਸ ਕੋਲੰਬੀਆਂ ਰਾਜ ਵਿੱਚ ਵੀ ਇੱਕ ਸਕੂਲ ਖੋਲਿਆ ਜਾਵੇ ਤਾਂ ਕਿ ਸੰਤ ਅਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਇਸ ਵਿੱਦਿਆ ਵਿਚਾਰੀ ਤਾ ਪਰਉਪਕਾਰੀ ਦੇ ਅਸਮੇਧ ਯੱਗ ਨੂੰ ਹੋਰ ਪਰਫੁਲਤ ਕੀਤਾ ਜਾ ਸਕੇ। ਬੜੂ ਸਾਹਿਬ ਅਕੈਡਮੀ ਦੇ ਇਸ ਪ੍ਰੋਗਰਾਮ ਤੋਂ ਬਾਅਦ ਸਰੀ ਨਿਵਾਸੀਆਂ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ, ਕਿ ਕਦ ਅਕਾਲ ਅਕੈਡਮੀ ਦਾ ਸਕੂਲ ਗਰੇਟਰ ਵੈਨਕੂਵਰ ਇਲਾਕੇ ਵਿੱਚ ਖੁਲਦਾ ਹੈ ?