0.8 C
Vancouver
Sunday, January 19, 2025

ਏਸੇ ਡਰ ਤੋਂ

ਏਸੇ ਡਰ ਤੋਂ ਗੁੰਗੀਆਂ ਹੋਈਆਂ ਖ਼ਬਰੇ ਕਿੰਨੀਆਂ ਚੀਕਾਂ ।
ਕੌਣ ਕਚਹਿਰੀ ਫੇਰੇ ਪਾਏ ਭੁਗਤੇ ਕੌਣ ਤਰੀਕਾਂ ।
ਉੱਚੀਆਂ ਕੰਧਾਂ ਸੁਣਨ ਨਾ ਦੇਵਣ ਇਕ-ਦੂਜੇ ਦੇ ਹਾਵੇ,
ਮਹਿਲ ਉਸਾਰੇ ਤੇ ਕੀ ਖੱਟਿਆ ਸ਼ਹਿਰ ਦਿਆਂ ਵਸਨੀਕਾਂ ।
ਚੜ੍ਹਦੇ ਸੂਰਜ ਮੇਰੇ ਜੁੰਮੇ ਕੇਹੀ ਮੁਸ਼ਕਿਲ ਲਾਈ,
ਸ਼ਾਮਾਂ ਤੱਕ ਮੈਂ ਆਪਣਾ ਸਾਇਆ ਆਪਣੇ ਨਾਲ ਧਰੀਕਾਂ ।
ਡੁਬਦਾ ਸੂਰਜ ਲਾ ਗਿਆ ਮੈਨੂੰ ਅੱਜ ਵੀ ਓਸੇ ਆਹਰੇ,
ਨੈਣ-ਵਿਛੁੰਨੀ ਨੀਂਦਰ ਨੂੰ ਮੈਂ ਸਾਰੀ ਰਾਤ ਉਡੀਕਾਂ ।
ਆਪਣੀਆਂ ਹਾਵਾਂ ਨਾਲ ਰਲਾਵਣ ਮੇਰੀ ਚੁੱਪ ਨੂੰ ਲੋਕੀ,
ਮੇਰੇ ਮੱਥੇ ਲਾਈਆਂ ਸਭ ਨੇ ਆਪੁ-ਆਪਣੀਆਂ ਚੀਕਾਂ ।
ਕਿਸ ਦੇ ਅੱਗੇ ਕੀਹਨੇ ਪਾਇਆ ‘ਅਨਵਰ’ ਆਪਣਾ ਚੇਤਾ,
ਲੀਕੇ ਹੋਏ ਵਰਕੇ ਤੇ ਪਿਆ ਮੁੜ-ਮੁੜ ਲਾਏਂ ਲੀਕਾਂ ।
ਲੇਖਕ : ਅਨਵਰ ਮਸਊਦ

Related Articles

Latest Articles