5.9 C
Vancouver
Monday, November 25, 2024

ਐਮਰਜੈਸੀ ਫਿਲਮ ਦਾ ਸਿੱਖ ਪੰਥ ਵਲੋਂ ਵਿਰੋਧ ਕਿਉਂ?

ਲੇਖਕ : ਬਘੇਲ ਸਿੰਘ ਧਾਲੀਵਾਲ
ਸੰਪਰਕ : 99142-58142
ਜਦੋ ਐਮਰਜੈਂਸੀ ਦਾ ਨਾਮ ਚਰਚਾ ਵਿੱਚ ਆਉਂਦਾ ਹੈ ਤਾਂ ਝੱਟ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧ ਨੂੰ ਦਬਾਉਣ ਲਈ 1975 ਵਿੱਚ ਲਾਈ ਗਈ ਐਮਰਜੈਂਸੀ ਜਿਹਨ ਵਿੱਚ ਆ ਜਾਂਦੀ ਹੈ ਅਤੇ ਉਸ ਐਮਰਜੈਂਸੀ ਸਮੇ ਸਿੱਖਾਂ ਨੇ ਜਿਹੜੀ ਜਮਹੂਰੀਅਤ ਪ੍ਰਸਤੀ ਵਾਲੀ ਭੂਮਿਕਾ ਅਦਾ ਕੀਤੀ ਸੀ,ਉਹਦੇ ਤੋਂ ਭਾਰਤ ਮੁਲਕ ਦੇ ਲੋਕਾਂ ਨੂੰ ਸਿੱਖਾਂ ‘ਤੇ ਮਾਣ ਹੋਣਾ ਚਾਹੀਦਾ ਸੀ,ਪਰ ਅਜਿਹਾ ਹੋਇਆ ਨਹੀਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਮੌਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਇਹ ਬੇਨਤੀਆਂ ਵੀ ਕੀਤੀਆਂ ਸਨ ਕਿ ਉਹ ਜੋ ਚਾਹੁਣ ਪੰਜਾਬ ਦੇ ਲਈ ਕੇਂਦਰ ਸਰਕਾਰ ਤੋਂ ਲੈ ਸਕਦੇ ਹਨ,ਪਰ ਉਹ ਮੇਰੇ ਵਿਰੋਧ ਵਿੱਚ ਖੜੇ ਨਾ ਹੋਣ,ਭਾਵ ਐਮਰਜੈਂਸੀ ਦਾ ਵਿਰੋਧ ਨਾ ਕਰਨ,ਪਰ ਸਿੱਖ ਆਗੂਆਂ ਨੇ ਉਸ ਮੌਕੇ ਆਪਣੇ ਸੂਬੇ ਦੇ ਹਿਤਾਂ ਨੂੰ ਦਰ-ਕਿਨਾਰ ਕਰਕੇ ਜਨਸੰਘ ਦੇ ਆਖੇ ਲੱਗ ਕੇ ਐਮਰਜੈਂਸੀ ਖਿਲਾਫ ਮੋਰਚਾ ਲਾ ਦਿੱਤਾ,ਸਿੱਖਾਂ ਵੱਲੋਂ ਲਾਏ ਮੋਰਚੇ ਕਾਰਨ ਮਜਬੂਰ ਹੋ ਕੇ ਇੰਦਰਾ ਗਾਂਧੀ ਨੂੰ ਐਮਰਜੈਸੀ ਹਟਾਉਣੀ ਪਈ ਸੀ।
ਇਹੋ ਕਾਰਨ ਸੀ ਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਤੇ ਫੌਜੀ ਹਮਲਾ ਕਰਵਾਇਆ।ਇਹ ਕੈਸੀ ਅਕ੍ਰਿਤਘਣਤਾ ਸੀ ਕਿ ਜਿਹੜੀ ਜਨ ਸੰਘ ਦੇ ਪਿੱਛੇ ਲੱਗ ਕੇ ਅਕਾਲੀਆਂ ਨੇ ਐਮਰਜੈਂਸੀ ਖਿਲਾਫ ਮੋਰਚਾ ਲਾਇਆ ਸੀ,ਉਯਹੀ ਜਨ ਸੰਘ ਦੇ ਆਗੂਆਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਮਜਬੂਰ ਕੀਤਾ।ਕਹਿਣ ਤੋਂ ਭਾਵ ਹੈ ਇਸ ਮੁਲਕ ਨੇ ਸਿੱਖਾਂ ਨਾਲ ਕਦੇ ਵੀ ਨਿਆਂਂ ਨਹੀ ਕੀਤਾ,ਬਲਕਿ ਸਿੱਖਾਂ ਦੇ ਅਹਿਸਾਨਮੰਦ ਰਹਿਣ ਦੀ ਬਜਾਏ ਸਿੱਖਾਂ ਨੂੰ ਦੁਨੀਆਂ ਪੱਧਰ ਉਪਰ ਬਦਨਾਮ ਕਰਨ ਦੇ ਝੂਠੇ ਮੌਕੇ ਵੀ ਖੁੰਝਣ ਨਹੀਂ ਦਿੱਤੇ।ਕੇਂਦਰ ਦੀ ਏਸੇ ਸਿੱਖ ਵਿਰੋਧੀ ਕੜੀ ਦਾ ਹਿੱਸਾ ਭਾਰਤੀ ਸਿਨੇਮਾ ਵੀ ਬਣਦਾ ਆ ਰਿਹਾ ਹੈ। ਇਸ ਕਰਕੇ ਹੀ ਭਾਰਤੀ ਸਿਨੇਮਾ ਅਕਸਰ ਵਿਵਾਦ ਪੂਰਨ ਚਰਚਾ ਵਿੱਚ ਰਹਿੰਦਾ ਹੈ।ਬੀਤੇ ਦਿਨੀਂ ਕੰਗਣਾ ਰਾਣੌਤ ਦੀ ਫਿਲਮ ਐਮਰਜੈਂਸੀ ਦੇ ਟਰੇਲਰ ਨੇ ਸਪੱਸਟ ਕਰ ਦਿੱਤਾ ਹੈ ਕਿ ਇਹ ਫਿਲਮ ਕਿਹੜੀ ਸੋਚ ਨਾਲ ਬਣਾਈ ਗਈ ਹੈ।ਫਿਲਮ ਨੂੰ ਬਨਾਉਣ ਵਿੱਚ ਕਿਹੜੀਆਂ ਤਾਕਤਾਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਫਿਲਮ ਚਲਾਉਣ ਲਈ ਉਨ੍ਹਾਂ ਦੀ ਭੂਮਿਕਾ ਕਿਹੋ ਜਿਹੀ ਹੋਵੇਗੀ।ਇਹ ਕੋਈ ਅਸਪਸ਼ਟ ਵਰਤਾਰਾ ਨਹੀਂ ਬਲਕਿ ਸਾਰਾ ਕੁੱਝ ਸਪਸ਼ਟ ਅਤੇ ਪਰਤੱਖ ਰੂਪ ਵਿੱਚ ਵਾਪਰਨ ਵਾਲਾ ਹੈ,ਪਰ ਇਸ ਫਿਲਮ ਰਾਹੀਂ ਇੱਕ ਵਾਰ ਫਿਰ ਪੰਜਾਬ ਦੀ ਸ਼ਾਂਤ ਫਿਜ਼ਾ ਵਿੱਚ ਨਫਰਤ ਦੀ ਜ਼ਹਿਰ ਘੋਲਣ ਦੇ ਯਤਨ ਕੀਤੇ ਜਾ ਰਹੇ ਹਨ।ਇਹ ਵੀ ਸਪੱਸ਼ਟ ਹੈ ਕਿ ਜਿਸਤਰ੍ਹਾਂ ਇਸ ਦੇ ਟਰੇਲਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦਾ ਰੁਤਬਾ ਪਾਉਣ ਵਾਲੀ ਸ਼ਖਸ਼ੀਅਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਉਹਨੂੰ ਸਿੱਖ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।ਫਿਲਮ ਦੇ ਟਰੇਲਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸੈਂਸਰ ਬੋਰਡ ਅਤੇ ਕੰਗਣਾ ਰਾਣੌਤ ਸਮੇਤ ਭਾਰਤੀ ਸਿਸਟਮ ਨੇ ਸਿੱਖਾਂ ਪ੍ਰਤੀ ਕਿੰਨੀ ਨਫਰਤ ਪਾਲ਼ੀ ਹੋਈ ਹੈ। ਸਿੱਖ ਸੰਘਰਸ਼ ਜਾਂ ਸਿੱਖ ਯੋਧਿਆਂ ਦੀ ਜਿੰਦਗੀ ਤੇ ਬਣੀਆਂ ਫਿਲਮਾਂ ਵਿੱਚ ਇਹੋ ਸੈਂਸਰ ਬੋਰਡ ਦਰਜਨਾਂ ਸੀਨ ਕਟਵਾ ਦਿੰਦਾ ਹੈ,ਜਾਂ ਕਈ ਫਿਲਮਾਂ ਤੇ ਪਾਬੰਦੀ ਹੀ ਲਾ ਦਿੰਦਾ ਹੈ,ਪਰ ਕੰਗਣਾ ਦੀ ਫਿਲਮ ਬਗੈਰ ਕੁੱਝ ਦੇਖੇ ਝੱਟ ਹੀ ਪਾਸ ਕਰ ਦਿੱਤੀ,ਜਿਸ ਤੋ ਇੰਜ ਪਰਤੀਤ ਹੁੰਦਾ ਹੈ,ਜਿਵੇਂ ਇਹ ਫਿਲਮ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਹੀ ਬਣਾਈ ਗਈ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਿੱਖਾਂ ਨੇ ਆਪਣੇ ਹੱਕਾਂ, ਹਿਤਾਂ ਨੂੰ ਕੁਰਬਾਨ ਕਰਕੇ ਐਮਰਜੈਂਸੀ ਮੌਕੇ ਭਾਰਤੀ ਲੋਕਾਂ ਦਾ ਸਾਥ ਦਿੱਤਾ,ਉਸੇ ਦੌਰ ਦੇ ਵਿਰੋਧ ਵਿੱਚ ਕੰਗਣਾ ਰਾਣੌਤ ਵੱਲੋਂ ਬਣਾਈ ਫਿਲਮ ਵਿੱਚ ਸਿੱਖਾਂ ਦੀ ਅਸਲ ਭੂਮਿਕਾ ਦਿਖਾਉਣ ਦੀ ਬਜਾਏ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਹਰਕਤ ਨੂੰ ਕੰਗਣਾ ਦੀ ਬੇਸਮਝੀ ਤਾਂ ਨਹੀ ਕਿਹਾ ਜਾ ਸਕਦਾ,ਬਲਕਿ ਇੱਕ ਸੋਚੀ ਸਮਝੀ ਸਾਜਿਸ਼ ਜਰੂਰ ਕਿਹਾ ਜਾ ਸਕਦਾ ਹੈ। ਕੰਗਣਾ, ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀਆਂ ਔਰਤਾਂ ਪ੍ਰਤੀ ਦਿੱਤੇ ਨਫਰਤੀ ਬਿਆਨ ਤੋ ਬਾਅਦ ਜ਼ਿਆਦਾ ਚਰਚਾ ਵਿੱਚ ਆਈ ਸੀ।ਉਸ ਮੌਕੇ ਇਸਦੇ ਵੱਲੋਂ ਕਿਸਾਨਾਂ ਅਤੇ ਪੰਜਾਬ ਦੀਆਂ ਔਰਤਾਂ ਪ੍ਰਤੀ ਜਿਸਤਰ੍ਹਾਂ ਦੀ ਸਬਦਾਵਲੀ ਵਰਤੀ ਗਈ,ਉਹਦੇ ਤੋਂ ਕਈ ਗੱਲਾਂ ਸਪੱਸ਼ਟ ਹੋ ਗਈਆਂ ਸਨ।ਇੱਕ ਤਾਂ ਇਹ ਕਿ ਕੰਗਣਾ ਕੋਈ ਕਲਾਕਾਰ ਜਾਂ ਅਭਿਨੇਤਰੀ ਨਹੀਂ ਬਲਕਿ ਉਹ ਇੱਕ ਖਾਸ ਮਿਸ਼ਨ ਦੀ ਪੂਰਤੀ ਕਈ ਕੰਮ ਕਰਨ ਵਾਲੀ ਕਾਰਕੁਨ ਹੈ,ਜਿਸ ਦਾ ਕੰਮ ਨਫਰਤ ਫੈਲਾ ਕੇ ਵੱਖ ਵੱਖ ਫਿਰਕਿਆਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਹੈ,ਤਾਂ ਕਿ ਚੋਣਾਂ ਮੌਕੇ ਉਸ ਦਾ ਲਾਭ ਸਿੱਧੇ ਰੂਪ ਵਿੱਚ ਉਨ੍ਹਾਂ ਤਾਕਤਾਂ ਨੂੰ ਮਿਲ ਸਕੇ,ਜਿੰਨਾਂ ਦੇ ਮਿਸ਼ਨ ਨੂੰ ਉਹ ਅੱਗੇ ਵਧਾ ਰਹੀ ਹੈ। ਦੂਜਾ ਉਸਦਾ ਮੁੱਖ ਮਕਸਦ ਅਜਿਹੀ ਨਫਰਤ ਫੈਲਾ ਕੇ ਸਿਆਸਤ ਵਿੱਚ ਆਪਣੇ ਪੈਰ ਜਮਾਉਣਾ ਸੀ,ਜਿਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਚੁੱਕੀ ਹੈ।ਕੰਗਣਾ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਕਿ ਉਹ ਬਤੌਰ ਕਲਾਕਾਰ/ ਅਭਿਨੇਤਰੀ ਸਫਲ ਨਹੀ ਹੋ ਸਕਦੀ ਇਸ ਲਈ ਉਹਦਾ ਗੈਰ ਹਿੰਦੂ ਲੋਕਾਂ ਪ੍ਰਤੀ ਨਫਰਤ ਵਾਲਾ ਰਵੱਈਆ ਉਹਨੂੰ ਲੀਡਰ ਜਰੂਰ ਬਣਾ ਸਕਦਾ ਹੈ।ਇਸ ਲਈ ਉਹਨੇ ਨਫਰਤ ਵਾਲਾ ਰਾਹ ਚੁਨਣ ਨੂੰ ਤਰਜੀਹ ਦਿੱਤੀ ਹੈ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਅਠਾਰਵੀਂ ਲੋਕ ਸਭਾ ਲਈ ਹਿਮਾਚਲ ਪਰਦੇਸ ਤੋ ਮੈਂਬਰ ਪਾਰਲੀਮੈਂਟ ਚੁਣੀ ਗਈ।ਮੈਂਬਰ ਪਾਰਲੀਮੈਂਟ ਬਣਦਿਆਂ ਜਿਸਤਰ੍ਹਾਂ ਚੰਡੀਗੜ੍ਹ ਦੇ ਏਅਰ ਪੋਰਟ ਤੇ ਥੱਪੜ ਖਾਣ ਦੇ ਬਾਵਜੂਦ ਉਸ ਘਟਨਾ ਤੋ ਸਬਕ ਲੈਣ ਦੀ ਬਜਾਏ ਉਹਨੇ ਫਿਰ ਸਿੱਖਾਂ ਅਤੇ ਪੰਜਾਬ ਦੇ ਖਿਲਾਫ ਜਹਿਰ ਉਗਲ ਕੇ ਆਪਣੀ ਤੰਗ ਦਿਲੀ ਸੋਚ ਦਾ ਪ੍ਰਗਟਾਵਾ ਕੀਤਾ।ਉਹਦੀ ਉਸ ਹਰਕਤ ਨੇ ਪੰਜਾਬੀਆਂ ਅਤੇ ਹਿਮਾਚਲੀਆਂ ਦਰਮਿਆਨ ਇੱਕ ਦਰਾੜ ਪੈਦਾ ਕਰ ਦਿੱਤੀ ਹੈ,ਜਿਹੜੀ ਭਾਈਚਾਰਕ ਸਾਂਝਾਂ ਲਈ ਵੱਡਾ ਖਤਰਾ ਬਣ ਗਈ ਹੈ।
ਉਹਨੇ ਐਥੇ ਹੀ ਬੱਸ ਨਹੀਂ ਕੀਤਾ ਬਲਕਿ ਇਸ ਤੋਂ ਵੀ ਅੱਗੇ ਕਦਮ ਪੁੱਟਦਿਆਂ ਇੱਕ ਅਜਿਹੀ ਫਿਲਮ ਦਾ ਮੁੱਖ ਕਿਰਦਾਰ ਬਣ ਗਈ ਜਿਸ ਵਿੱਚ ਫੁੱਟ ਪਾਊ ਤਾਕਤਾਂ ਨੂੰ ਲਾਭ ਪਹੁੰਚਾਉਣ ਲਈ ਜਿੱਥੇ ਉਹਨੇ ਕਾਂਗਰਸ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ,ਓਥੇ ਉਹਨੇ ਆਪਣੀ ਅਤੇ ਸਟੇਟ ਦੀ ਸਿੱਖਾਂ ਪ੍ਰਤੀ ਨਫਰਤੀ ਸੋਚ ਦਾ ਵੀ ਖੁੱਲ਼ ਕੇ ਇਜਹਾਰ ਕੀਤਾ ਹੈ।ਇਹ ਸੱਚ ਹੈ ਕਿ ਸਿੱਖ ਮੁੱਢੋਂ ਹੀ ਦਿੱਲੀ ਨੂੰ ਰਾਸ ਨਹੀਂ ਆਏ,ਫਿਰ ਉਹਨਾਂ ਪ੍ਰਤੀ ਦਿੱਲੀ ਤਖਤ ਦੀ ਨੀਅਤ ਸਾਫ ਕਿਵੇਂ ਹੋ ਸਕਦੀ ਹੈ,ਇਸ ਲਈ ਕੇਂਦਰੀ ਤਾਕਤਾਂ ਇਹ ਕੋਸ਼ਿਸ਼ ਵਿੱਚ ਰਹਿੰਦੀਆਂ ਹਨ ਕਿ ਕਦੋ ਕਿਹੜੇ ਫਿਰਕੇ ਪ੍ਰਤੀ ਕਿਹੋ ਜਿਹੇ ਮਾਪਦੰਡ ਅਖਤਿਆਰ ਕਰਨੇ ਹਨ।ਜੰਮੂ ਕਸ਼ਮੀਰ ਅਤੇ ਪੰਜਾਬ ਪ੍ਰਤੀ ਨਫਰਤ ਨੂੰ ਪੱਕੇ ਪੈਰੀਂ ਕਰਨ ਲਈ ਭਾਰਤੀ ਸਿਨੇਮਾ ਸਮੇ ਸਮੇ ਜਿਕਰਯੋਗ ਭੂਮਿਕਾ ਨਿਭਾਉਂਦਾ ਰਹਿੰਦਾ ਹੈ।ਲਿਹਾਜ਼ਾ ਦੇਸ਼ ਦੇ ਬਹੁ ਗਿਣਤੀ ਲੋਕ ਘੱਟ ਗਿਣਤੀਆਂ ਤੇ ਜਬਰ ਕਰਨਾ ਆਪਣਾ ਹੱਕ ਸਮਝਣ ਲੱਗਦੇ ਹਨ,ਕਿਉਕਿ ਉਹਨਾਂ ਦੇ ਮਨਾਂ ਵਿੱਚ ਇਹ ਹਊਆ ਬੈਠਾ ਦਿੱਤਾ ਗਿਆ ਹੈ ਕਿ ਪੰਜਾਬ ਇੱਕ ਅਜਿਹਾ ਲਟ ਲਟ ਬਲ਼ਦਾ ਭਾਂਬੜ ਹੈ,ਜਿਹੜਾ ਕਿਸੇ ਵੀ ਸਮੇ ਗੈਰ ਸਿੱਖ ਭਾਈਚਾਰੇ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਅਤੇ ਪਲਾਂ ਵਿੱਚ ਹੀ ਸਾੜ ਕੇ ਸਵਾਹ ਕਰ ਸਕਦਾ ਹੈ,ਜਦੋਕਿ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀ ਹੈ।
ਬਿਨਾਂਂ ਸ਼ੱਕ ਜਦੋਂ ਅਜਿਹੀ ਸੋਚ ਭਾਰੂ ਹੋਣ ਲੱਗਦੀ ਹੈ,ਉਦੋਂ ਫਿਰਕੂ ਰਾਜਨੀਤੀ ਤਾਕਤ ਵਿੱਚ ਆਉਂਦੀ ਹੈ। ਜਦੋ ਅਜਿਹੀ ਸੋਚ ਰਾਜਸੀ ਤੌਰ ਤੇ ਤਾਕਤਵਰ ਹੁੰਦੀ ਹੈ,ਉਸ ਮੌਕੇ ਕੰਗਣਾ ਰਾਣੌਤ ਵਰਗੇ ਕਿਰਦਾਰ ਪੈਦਾ ਹੁੰਦੇ ਹਨ। ਮਰਹੂਮ ਇੰਦਰਾ ਗਾਂਧੀ ਨੂੰ ਆਪਣਾ ਰੋਲ ਮਾਡਲ ਮੰਨਣ ਵਾਲੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਣ ਰਾਣੌਤ ਇੱਕ ਪਾਸੇ ਫਿਲਮ ਵਿੱਚ ਕਾਂਗਰਸ ਨੂੰ ਲੋਕ ਵਿਰੋਧੀ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ,ਜਦੋਂ ਕਿ ਉਹ ਖੁਦ ਇੰਦਰਾ ਗਾਂਧੀ ਤੋ ਐਨੀ ਪ੍ਰਭਾਵਤ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਪੰਜਾਬੀ ਕਿਸਾਨਾਂ ਦੇ ਮਾਮਲੇ ਵਿੱਚ ਸਵ: ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਸਲਾਹ ਦਿੰਦੀ ਹੈ।ਜਿੱਥੋਂ ਤੱਕ ਇਸ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੀ ਭੂਮਿਕਾ ਦਾ ਸਵਾਲ ਹੈ,ਉਹਨੇ ਬਹੁਤ ਬੇਸ਼ਰਮੀ ਅਤੇ ਢੀਠਤਾਈ ਨਾਲ ਸੰਤ ਭਿੰਡਰਾਂ ਵਾਲਿਆਂ ਨੂੰ ਬੇ ਵਜਾ ਫਿਲਮ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਕੇ ਇੱਕ ਅਜਿਹੀ ਚਿੰਗਾਰੀ ਨੂੰ ਭਾਂਬੜ ਬਨਾਉਣ ਦੀ ਕੋਸ਼ਿਸ਼ ਕੀਤੀ ਹੈ,ਜਿਹੜੀ ਪੰਜਾਬ ਹੀ ਨਹੀਂ ਬਲਕਿ ਪੂਰੇ ਮੁਲਕ ਲਈ ਘਾਤਕ ਸਾਬਤ ਹੋ ਸਕਦੀ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਅੰਦਰ ਇਸ ਫਿਲਮ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦਿੱਤਾ ਜਾਵੇਗਾ,ਪਰ ਇਸ ਤੋ ਨਿਕਲਣ ਵਾਲੇ ਨਤੀਜਿਆਂ ਦਾ ਜ਼ਿੰਮੇਵਾਰ ਕੌਣ ਹੋਵੇਗਾ,ਇਹ ਵੀ ਸਮਝਣ ਦੀ ਲੋੜ ਹੈ।ਸੈਂਸਰ ਬੋਰਡ ਵੱਲੋਂ ਜਿਸਤਰ੍ਹਾਂ ਇਸ ਫਿਲਮ ਨੂੰ ਬਗੈਰ ਕੋਈ ਇਤਰਾਜ਼ ਉਠਾਉਂਦਿਆਂ ਕਲੀਨ ਚਿਟ ਦਿੱਤੀ ਗਈ ਹੈ,ਉਹਦੇ ਤੋਂ ਸਟੇਟ ਦੀ ਘੱਟ ਗਿਣਤੀਆਂ ਪ੍ਰਤੀ ਨੀਅਤ ਵੀ ਜੱਗ ਜਾਹਰ ਹੋ ਜਾਂਦੀ ਹੈ।ਅਤੀਤ ਵਿੱਚ ਜਦੋਂ ਵੀ ਸੂਖਮ ਢੰਗ ਦੇ ਨਾਲ ਸਿੱਖਾਂ ‘ਤੇ ਸਿਧਾਂਤਕ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਸਿੱਖਾਂ ਨੇ ਅਜਿਹੇ ਹਮਲਿਆਂ ਨੂੰ ਬੇਅਸਰ ਕੀਤਾ ਹੈ,ਪਰ ਇਹ ਹਮਲਾ ਪਹਿਲੇ ਹਮਲਿਆਂ ਤੋਂ ਬਹੁਤ ਖਤਰਨਾਕ ਹੈ।ਜਿਸ ਦੇ ਭਿਆਨਕ ਨਤੀਜੇ ਬੇਹੱਦ ਚਿੰਤਾ ਜਨਕ ਹੋਣਗੇ,ਇਸ ਲਈ ਜਿੱਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਕੌਮੀ ਸ਼ਹੀਦਾਂ ਨੂੰ ਅਪਮਾਨਤ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਤੇ ਰੋਕ ਲਵਾਉਣ ਲਈ ਡਟ ਕੇ ਅਵਾਜ਼ ਬੁਲੰਦ ਕਰਨ ਅਤੇ ਸੈਂਸਰ ਬੋਰਡ ਨੂੰ ਡਰੂ ਜਿਹੀ ਅਪੀਲ ਕਰਨ ਦੀ ਬਜਾਏ ਇਸ ਫਿਲਮ ਤੇ ਪਾਬੰਦੀ ਲਾਉਣ ਜਾਂ ਸਿੱਖ ਵਿਰੋਧੀ ਸੀਨ ਕਟਵਾਉਣ ਕਈ ਸਖਤ ਕਦਮ ਚੁੱਕਣ,ਓਥੇ ਸੂਬਾ ਸਰਕਾਰ ਨੂੰ ਵੀ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਇਹ ਫਿਲਮ ‘ਤੇ ਪੰਜਾਬ ਵਿੱਚ ਮੁਕੰਮਲ ਪਾਬੰਦੀ ਲਾਈ ਜਾਵੇਗੀ।ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਦਾ ਸਾਥ ਦੇਕੇ ਅੱਗ ਨਾਲ ਖੇਡਣ ਦੀ ਗਲਤੀ ਨਾ ਕਰੇ,ਇਹਦੇ ਵਿੱਚ ਹੀ ਸਿੱਖ ਪੰਥ,ਪੰਜਾਬ ਅਤੇ ਦੇਸ਼ ਦੀ ਭਲਾਈ ਹੋਵੇਗੀ।

Related Articles

Latest Articles