0.4 C
Vancouver
Saturday, January 18, 2025

ਕਿਉਂ ਹੁੰਦੀਆਂ ਨੇ ਦਲਿਤ ਔਰਤਾਂ ਹਿੰਸਾ ਦਾ ਸ਼ਿਕਾਰ

ਵਿਸ਼ੇਸ਼ ਰਿਪੋਰਟ
ਭਾਰਤ ਵਿਚ ਹਰੇਕ 16 ਮਿੰਟ ਬਾਅਦ ਇਕ ਔਰਤ ਨਾਲ ਜਬਰ ਜਨਾਹ ਹੋ ਰਿਹਾ ਹੈ।ਐਨਸੀਆਰਬੀ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਬਹੁਤ ਚਿੰਤਾਜਨਕ ਹੈ।ਰਿਪੋਰਟ ਅਨੁਸਾਰ 2022 ਨੂੰ ਭਾਰਤ ਵਿਚ ਜਬਰ ਜਨਾਹ ਦੇ 31 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਰਿਪੋਰਟ ਮੁਤਾਬਕ ਸਾਲ 2022 ਵਿਚ ਔਰਤਾਂ ਵਿਰੁੱਧ ਅਪਰਾਧ ਦੀਆਂ 4,45,256 ਘਟਨਾਵਾਂ ਹੋਈਆਂ, ਮਤਲਬ ਹਰ ਘੰਟੇ ਵਿਚ ਲਗਭਗ 51 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ। ਸਭ ਤੋਂ ਵੱਧ 2016 ਵਿਚ ਇਕ ਸਾਲ ਦੌਰਾਨ ਜਬਰ ਜਨਾਹ ਦੇ 39000 ਕੇਸ ਦਰਜ ਕੀਤੇ ਗਏ ਸਨ। ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਮੁਤਾਬਿਕ ਸਾਲ 2020 ਤੱਕ ਜਬਰ ਜਨਾਹ ਦੇ ਮੁਲਜ਼ਮਾਂ ਵਿਚੋਂ ਕੇਵਲ 28 ਫ਼ੀਸਦੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਸੀ, ਪਰ 2023 ਵਿਚ ਇਹ ਔਸਤ 60 ਫ਼ੀਸਦੀ ਨੂੰ ਪਾਰ ਕਰ ਗਈ ਹੈ।
ਔਰਤਾਂ ਲਈ ਰਾਜਸਥਾਨ ਸਭ ਤੋਂ ਵੱਧ ਅਸੁਰੱਖਿਅਤ ਮੰਨਿਆ ਜਾ ਰਿਹਾ ਹੈ, ਜਿੱਥੇ ਜਬਰ ਜਨਾਹ ਦੇ ਹਰ ਰੋਜ਼ 90 ਕੇਸ ਸਾਹਮਣੇ ਆ ਰਹੇ ਹਨ। ਪਿਛਲੇ 10 ਸਾਲਾਂ ਦੌਰਾਨ ਰਾਜਸਥਾਨ ਵਿਚ ਜਬਰ ਜਨਾਹ ਦੇ ਕੇਸਾਂ ਵਿਚ 295 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਦੇ ਜਿਨ੍ਹਾਂ ਦਸ ਰਾਜਾਂ ਵਿਚ ਜਬਰ ਜਨਾਹ ਦੇ ਸਭ ਤੋਂ ਵੱਧ ਮਾਮਲੇ ਦਰਜ ਹੋ ਰਹੇ ਹਨ, ਉਨ੍ਹਾਂ ਵਿਚੋਂ ਦੋ ਤਿਹਾਈ ਮਾਮਲੇ ਯੂ.ਪੀ., ਰਾਜਸਥਾਨ ਅਤੇ ਕੇਰਲ ਦੇ ਹਨ।
ਹੁਣੇ ਜਿਹੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਸਿਖਾਂਦਰੂ ਡਾਕਟਰ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਅਤੇ ਕਤਲ ਦੀ ਵਾਪਰੀ ਘਟਨਾ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤ ਭਰ ਦੇ ਰੈਜ਼ੀਡੈਂਟ ਡਾਕਟਰ ਸਿਹਤ ਸੇਵਾਵਾਂ ਠੱਪ ਕਰ ਕੇ ਹੜਤਾਲ ‘ਤੇ ਚੱਲ ਰਹੇ ਹਨ ਅਤੇ ਮਰੀਜ਼ ਇਲਾਜ ਲਈ ਵਿਲਕ ਰਹੇ ਹਨ। ਪੱਛਮੀ ਬੰਗਾਲ ਦੀ ਪੁਲਿਸ ਤੋਂ ਕੇਸ ਦੀ ਜਾਂਚ ਲੈ ਕੇ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ।
ਹੁਣ ਮੁਲਕ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲਿਆ ਹੈ ਅਤੇ ਇਸ ਦੀ 20 ਅਗਸਤ ਨੂੰ ਹੋਈ ਸੁਣਵਾਈ ਵਿਚ ਜਿਥੇ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੀ ਸਰਕਾਰ ਦੀ ਢਿੱਲੀ ਕਾਰਵਾਈ ਲਈ ਉਸ ਦੀ ਆਲੋਚਨਾ ਕੀਤੀ ਹੈ, ਉਥੇ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਨੈਸ਼ਨਲ ਟਾਸਕ ਫੋਰਸ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮਾਮਲੇ ਦੀ ਜਾਂਚ ਲਈ ਦਿੱਲੀ ਤੋਂ ਸੀ.ਬੀ.ਆਈ. ਦੀ 65 ਮੈਂਬਰੀ ਟੀਮ ਕੋਲਕਾਤਾ ਪਹੁੰਚ ਗਈ ਹੈ। ਸੀ.ਬੀ.ਆਈ. ਦੀ ਟੀਮ ਵਲੋਂ ਹਸਪਤਾਲ ਦੇ ਬੀਤੇ ਤਿੰਨ ਮਹੀਨਿਆਂ ਦੇ ਰੋਸਟਰ ਭਾਵ ਡਿਊਟੀ ਰਜਿਸਟਰ ਦੀ ਪੜਤਾਲ ਕੀਤੀ ਜਾ ਰਹੀ ਹੈ, ਇਸ ਤੋਂ ਇਹ ਪਤਾ ਲੱਗ ਸਕੇਗਾ ਕਿ ਤਿੰਨ ਮਹੀਨੇ ਦੌਰਾਨ ਕਿਨ੍ਹਾਂ-ਕਿਨ੍ਹਾਂ ਡਾਕਟਰਾਂ ਨਾਲ ਮ੍ਰਿਤਕਾ ਨੇ ਡਿਊਟੀ ਕੀਤੀ ਸੀ, ਉਸ ਤੋਂ ਬਾਅਦ ਹਰੇਕ ਡਾਕਟਰ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਸੀ.ਬੀ.ਆਈ. ਦੇ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਤੋਂ ਕਈ ਸਵਾਲ ਖੜ੍ਹੇ ਹੋਏ ਹਨ। ਸਭ ਤੋਂ ਵੱਡਾ ਸਵਾਲ ਮ੍ਰਿਤਕਾਂ ਦਾ ਕਾਹਲੀ ਵਿਚ ਕੀਤਾ ਗਿਆ ਪੋਸਟਮਾਰਟਮ ਹੈ। ਸੀ.ਬੀ.ਆਈ. ਵਲੋਂ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਤੋਂ ਵੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਾਬਕਾ ਪ੍ਰਿੰਸੀਪਲ ਦੇ ਬਿਆਨਾਂ ਵਿਚ ਵੀ ਕਾਫੀ ਝੂਠ ਦਿਸਦਾ ਹੈ।
ਇਸੇ ਦੌਰਾਨ ਮ੍ਰਿਤਕਾ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਬੇਟੀ ਹਰ ਰੋਜ਼ ਡਾਇਰੀ ਲਿਖਦੀ ਸੀ ਪਰ ਇਸ ਡਾਇਰੀ ਵਿਚੋਂ ਕਈ ਸਾਰੇ ਪੰਨੇ ਫਟੇ ਹੋਏ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਪੀੜਤਾ ਦੀ ਮੌਤ ਨਾਲ ਜੁੜੇ ਹੋਏ ਕਈ ਭੇਦ ਇਸ ਵਿਚ ਅੰਕਿਤ ਹੋ ਸਕਦੇ ਹਨ। ਮ੍ਰਿਤਕਾ ਦੀ ਮਾਂ ਦਾ ਦਾਅਵਾ ਹੈ ਕਿ ਸਬੂਤ ਮਿਟਾਉਣ ਦੇ ਮਕਸਦ ਨਾਲ ਹੀ ਡਾਇਰੀ ਦੇ ਪੰਨੇ ਗਾਇਬ ਕੀਤੇ ਗਏ ਹਨ। ਪੁਲਿਸ ਦੇ ਹੱਥ ਡਾਇਰੀ ਅਤੇ ਲੈਪਟਾਪ ਦੋਵੇਂ ਲੱਗ ਗਏ ਹਨ। ਇਸ ਤੋਂ ਜਾਂਚ ਦੇ ਅੱਗੇ ਵਧਣ ਦੀ ਸੰਭਾਵਨਾ ਬਣਦੀ ਹੈ।
ਸਰਕਾਰ ਉੱਤੇ ਦਬਾਅ ਬਣਾਉਣ ਲਈ ਅਤੇ ਹੱਤਿਆਕਾਂਡ ‘ਤੇ ਰੋਸ ਪ੍ਰਗਟ ਕਰਦਿਆਂ 70 ਤੋਂ ਵੱਧ ਪਦਮ ਪੁਰਸਕਾਰ ਜੇਤੂ ਡਾਕਟਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਹਤ ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ਨਾਲ ਨਜਿੱਠਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਕੇਂਦਰ ਸਰਕਾਰ ਸਿਹਤ ਸੰਭਾਲ ਵਰਕਰਾਂ ਖ਼ਿਲਾਫ਼ ਹਿੰਸਾ ਵਿਚ ਸ਼ਾਮਿਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਲਈ ਫੌਰੀ ਆਰਡੀਨੈਂਸ ਲਿਆਵੇ।
ਦੁੱਖ ਦੀ ਗੱਲ ਇਹ ਕਿ ਇਕ ਪਾਸੇ ਮੁਲਕ ਕੋਲਕਾਤਾ ਕਾਂਡ ਨੂੰ ਲੈ ਕੇ ਵਿਲਕ ਰਿਹਾ ਹੈ ਦੂਜੇ ਪਾਸੇ ਔਰਤਾਂ ਨਾਲ ਜਬਰ ਜਨਾਹ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ।
ਦਲਿਤ ਔਰਤਾਂ ਦੇ ਹੋਰ ਮਾੜੇ ਹਾਲਾਤ
ਪੱਛਮੀ ਬੰਗਾਲ ਵਿੱਚ ਇੱਕ ਔਰਤ ਡਾਕਟਰ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਹੁਣ ਬਿਹਾਰ ਵਿੱਚ ਇੱਕ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ। ਔਰਤਾਂ ਦੀ ਸੁਰੱਖਿਆ ਦੀ ਮੰਗ ਅਕਸਰ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਠਾਈ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਉਪਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਕਰਕੇ ਦਲਿਤ ਔਰਤਾਂ ਅਤੇ ਲੜਕੀਆਂ ਵਿਰੁੱਧ ਹੋ ਰਹੇ ਜੁਰਮ ਬਹੁਤ ਚਿੰਤਾਜਨਕ ਹਨ। ਦਲਿਤ ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਦੀਆਂ ਕੁਝ ਤਾਜ਼ਾ ਘਟਨਾਵਾਂ ਨੂੰ ਇਸ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਸਮਾਜ ਦੀਆਂ ਵਿਗੜੀ ਹੋਈ ਪ੍ਰਵਿਰਤੀਆਂ ਦਾ ਪਰਦਾਫਾਸ਼ ਕਰਦੀ ਹੈ।
ਬਿਹਾਰ
ਦੱਸ ਦੇਈਏ ਕਿ ਹਾਲ ਹੀ ਵਿੱਚ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਇੱਕ 18 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਕੁਝ ਦਿਨਾਂ ਬਾਅਦ ਮੁਜ਼ੱਫਰਪੁਰ ਵਿੱਚ ਇੱਕ 14 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਕਾਰਨ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਬਿਹਾਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਨਿਤੀਸ਼ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਵੀ ਬਿਹਾਰ ਸਰਕਾਰ ਨੂੰ ਦਲਿਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਤਾੜਨਾ ਕੀਤੀ ਹੈ।
ਬਸਪਾ ਮੁਖੀ ਮਾਇਆਵਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਲਿਖਿਆ ਕਿ ਬਿਹਾਰ ਰਾਜ ਇਕਾਈ ਤੋਂ ਪ੍ਰਾਪਤ ਹੋਈ ਇਹ ਰਿਪੋਰਟ ਬਹੁਤ ਦੁਖਾਂਤਕਅਤੇ ਚਿੰਤਾਜਨਕ ਹੈ।ਹਾਲ ਹੀ ਵਿੱਚ ਬਿਹਾਰ ਵਿੱਚ ਮਧੂਬਨੀ ਜ਼ਿਲ੍ਹੇ ਦੀ ਇੱਕ 18 ਸਾਲਾ ਦਲਿਤ ਲੜਕੀ ਨਾਲ ਕਮਲੇਸ਼ ਯਾਦਵ ਅਤੇ ਉਸ ਦੇ ਸਾਥੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਕੁਝ ਦਿਨਾਂ ਬਾਅਦ ਮੁਜ਼ੱਫਰਪੁਰ ਜ਼ਿਲ੍ਹੇ ਦੀ ਇੱਕ 14 ਸਾਲਾ ਦਲਿਤ ਲੜਕੀ ਨਾਲ ਸੰਜੇ ਰਾਏ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। (ਯਾਦਵ) ਅਤੇ ਉਸ ਦੇ ਸਾਥੀਆਂ ਨੇ ਪੀੜਤਾ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਬਿਹਾਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਸਰਕਾਰ ਨੂੰ ਦਲਿਤਾਂ ਦੀ ਸੁਰੱਖਿਆ ਅਤੇ ਸਨਮਾਨ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼
ਗੋਂਡਾ ਜ਼ਿਲ੍ਹੇ ਵਿਚ ਇਸ ਸਾਲ ਜੁਲਾਈ ਵਿੱਚ ਇੱਕ 16 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਖੋਂਡਾਰੇ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਵਾਪਰੀ। ਪੀੜਤਾ ਆਪਣੀ ਮਾਂ ਨਾਲ ਜੰਗਲ ਪਾਣੀ ਕਰਨ ਗਈ ਸੀ ਜਦੋਂ ਉਸ ਨਾਲ ਕਿਸੇ ਉਚ ਜਾਤੀ ਭਾਈਚਾਰੇ ਦੇ ਦੋ ਨੌਜਵਾਨਾਂ ਨੇ ਬਲਾਤਕਾਰ ਕੀਤਾ।
ਵਧੀਕ ਪੁਲਿਸ ਸੁਪਰਡੈਂਟ (ਪੂਰਬੀ) ਮਨੋਜ ਕੁਮਾਰ ਰਾਵਤ ਦੇ ਅਨੁਸਾਰ, ਮੋਟਰਸਾਈਕਲ ਸਵਾਰ ਲੜਕੀ ਨੂੰ ਖੇਤ ਵਿਚ ਖਿੱਚ ਕੇ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਮਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਉਥੇ ਪਹੁੰਚ ਗਏ ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ।
ਪਿਛਲੇ ਸਾਲ ਨਵੰਬਰ ਵਿੱਚ, ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਗਿਰਵਾਨ ਥਾਣਾ ਖੇਤਰ ਵਿੱਚ ਇੱਕ 40 ਸਾਲਾ ਦਲਿਤ ਔਰਤ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਤਿੰਨ ਟੁਕੜਿਆਂ ਵਿੱਚ ਬਰਾਮਦ ਕੀਤਾ ਸੀ।
ਗਿਰਵਾਂ ਥਾਣੇ ਦੇ ਇੰਚਾਰਜ ਇੰਸਪੈਕਟਰ (ਐਸਐਚਓ) ਸੰਦੀਪ ਤਿਵਾਰੀ ਦੇ ਅਨੁਸਾਰ, 40 ਸਾਲਾ ਔਰਤ ਰਾਜਕੁਮਾਰ ਸ਼ੁਕਲਾ ਦੇ ਘਰ ਆਟਾ ਚੱਕੀ ਵਿੱਚ ਚਿੱਟਾ ਧੋਣ ਦਾ ਕੰਮ ਕਰਨ ਗਈ ਸੀ। ਜਦੋਂ ਔਰਤ ਦੀ 20 ਸਾਲਾ ਧੀ ਕੁਝ ਸਮੇਂ ਬਾਅਦ ਉਥੇ ਪਹੁੰਚੀ ਤਾਂ ਉਸ ਨੇ ਚੱਕੀ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਸ ਦੌਰਾਨ ਉਸ ਨੇ ਆਪਣੀ ਮਾਂ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਸਮੇਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਬੇਟੀ ਨੇ ਆਪਣੀ ਮਾਂ ਦੀ ਲਾਸ਼ ਤਿੰਨ ਟੁਕੜਿਆਂ ‘ਚ ਪਈ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਸੂਬੇ ਦੇ ਬੁਲੰਦਸ਼ਹਿਰ ਵਿਚ ਖੇਤੀਬਾੜੀ ਵਿਭਾਗ ਦੇ ਇਕ ਸਰਕਾਰੀ ਅਧਿਕਾਰੀ ਨੇ 6 ਸਾਲ ਦੀ ਦਲਿਤ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਗਜੇਂਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਰਾਜਸਥਾਨ
ਪਿਛਲੇ ਮਹੀਨੇ ਰਾਜਸਥਾਨ ਦੇ ਝਾਲਾਵਾੜ ਤੋਂ ਇੱਕ ਨਾਬਾਲਗ ਦਲਿਤ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਅਨੁਸਾਰ ਲੜਕੀ ਦੀਆਂ ਇਤਰਾਜ਼ਯੋਗ ਵੀਡੀਓਜ਼ ਵੀ ਬਣਾਈਆਂ ਗਈਆਂ ਸਨ। ਪੁਲਸ ਨੇ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਉਸ ਦਾ ਮੈਡੀਕਲ ਕਰਵਾਇਆ ਅਤੇ ਦੋਸ਼ੀ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਤਰਾਖੰਡ
ਉੱਤਰਾਖੰਡ ਵਿਚ ਇਸ ਸਾਲ ਜੂਨ ਮਹੀਨੇ ਸੂਬੇ ਦੇ ਦੁਰਾਹਾਟ ਵਿਚ 19 ਸਾਲਾ ਦਲਿਤ ਲੜਕੀ ਨਾਲ ਵਹਿਸ਼ੀਪੁਣੇ ਦਾ ਮਾਮਲਾ ਸਾਹਮਣੇ ਆਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਨੂੰ ਜ਼ਬਰਦਸਤੀ ਘਰ ਅੰਦਰ ਵੜ ਕੇ ਸ਼ਰਾਬ ਪਿਲਾਈ ਅਤੇ ਬਲਾਤਕਾਰ ਕੀਤਾ ਗਿਆ।
ਲੜਕੀ ਦੇ ਭਰਾ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਦੀ ਭੈਣ ਆਪਣੇ ਪਰਿਵਾਰ ਨਾਲ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਜਾਗਰਣ ਗਈ ਹੋਈ ਸੀ। ਰਾਤ 11 ਵਜੇ ਉਹ ਆਪਣੇ ਪਰਿਵਾਰ ਨੂੰ ਚਾਰਜਰ ਲਿਆਉਣ ਲਈ ਕਹਿ ਕੇ ਘਰ ਆ ਗਈ।
ਰਾਤ 1 ਵਜੇ ਤੱਕ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਹ ਆਪਣੀ ਭੈਣ ਦੀ ਭਾਲ ਵਿਚ ਘਰ ਪਹੁੰਚਿਆ ਤਾਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ। ਸਵੇਰੇ 3 ਵਜੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਦੋਸ਼ੀ ਪ੍ਰਮੋਦ ਬਿਸ਼ਟ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ।
ਐਨਸੀਆਰਬੀ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਰਿਪੋਰਟ ਮੁਤਾਬਕ ਸਾਲ 2022 ਵਿਚ ਔਰਤਾਂ ਵਿਰੁੱਧ ਅਪਰਾਧ ਦੀਆਂ 4,45,256 ਘਟਨਾਵਾਂ ਹੋਈਆਂ, ਭਾਵ ਹਰ ਘੰਟੇ ‘ਚ ਲਗਭਗ 51 ਐੱਫ.ਆਈ.ਆਰ. ਜਦੋਂ ਕਿ ਸਾਲ 2021 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੀ ਗਿਣਤੀ 4,28,278 ਸੀ ਅਤੇ ਸਾਲ 2020 ਵਿੱਚ ਇਹ 3,71,503 ਸੀ।
ਜਾਤੀ ਅੱਤਿਆਚਾਰ ਸਿਰਫ਼ ਜਾਤ ਆਧਾਰਿਤ ਨਹੀਂ ਹੁੰਦੇ; ਉਹ ਜਾਤ ਅਤੇ ਲਿੰਗ ‘ਤੇ ਵੀ ਆਧਾਰਿਤ ਹਨ।ਭਾਰਤ ਵਿੱਚ ਔਰਤਾਂ ਨੂੰ ਪਹਿਲਾਂ ਹੀ ਦੂਜੇ ਦਰਜੇ ਦੀ ਨਾਗਰਿਕ ਮੰਨਿਆ ਜਾਂਦਾ ਹੈ ਅਤੇ ਜੇਕਰ ਉਹ ਦਲਿਤ ਜਾਂ ਘੱਟ ਗਿਣਤੀ ਹਨ, ਤਾਂ ਇਹ ਸ਼੍ਰੇਣੀ ਉਨ੍ਹਾਂ ਦੀ ਜਾਤ ਅਤੇ ਧਰਮ ਦੇ ਕਾਰਨ ਹੋਰ ਹੇਠਾਂ ਚਲੀ ਜਾਂਦੀ ਹੈ। ਬਲਾਤਕਾਰੀ ਸੱਭਿਆਚਾਰ ਕਾਰਨ ਹਾਲਾਤ ਹੋਰ ਵੀ ਪ੍ਰਤੀਕੂਲ ਹੋ ਜਾਂਦੇ ਹਨ। ਦਲਿਤ ਔਰਤਾਂ ਜਿਨਸੀ ਹਿੰਸਾ ਦਾ ਨਿਸ਼ਾਨਾ ਬਣ ਜਾਂਦੀਆਂ ਹਨ। ਜ਼ਿਆਦਾਤਰ ਦਲਿਤ ਲੜਕੀਆਂ ਲਈ ਹਿੰਸਾ ਦਾ ਸਭ ਤੋਂ ਵੱਡਾ ਰੂਪ ਜਿਨਸੀ ਹਿੰਸਾ ਹੈ। ਇਹ ਉਚ ਜਾਤੀਆਂ ਰਾਹੀਂ ਕੀਤਾ ਜਾਂਦਾ ਹੈ ਜੋ ਸਿਆਸੀ ਤੇ ਪ੍ਰਸ਼ਾਸ਼ਨਿਕ ਪਹੁੰਚ ਕਾਰਣ ਬਚ ਜਾਂਦੇ ਹਨ।ਇਸ ਦਾ ਕਾਰਣ ਇਹ ਵੀ ਹੈ ਕਿ ਦਲਿਤਾਂ ਦਾ ਵਿਸ਼ਾਲ ਸਿਆਸੀ ਸੰਗਠਨ ਨਹੀਂ ਹੈ ਜੋ ਸੜਕਾਂ ਉਪਰ ਉਤਰ ਸਕੇ।ਸਰਕਾਰ ਨੂੰ ਫਾਸਟ ਟਰੈਕ ਅਦਾਲਤਾਂ ਬਣਾ ਕੇ ਕੇਸਾਂ ਦੀ ਸੁਣਵਾਈ ਜਲਦੀ ਨਿਬੇੜਨੀ ਚਾਹੀਦੀ ਹੈ, ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ।ਸੂਬਾ ਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਵੱਲ ਬਿਨਾਂ ਦੇਰੀ ਠੋਸ ਕਦਮ ਚੁੱਕਣ ਦੀ ਲੋੜ ਹੈ। ਨਹੀਂ ਤਾਂ ਲੋਕਾਂ ਦਾ ਸਿਸਟਮ ਉੱਤੋਂ ਭਰੋਸਾ ਉੱਠ ਜਾਵੇਗਾ। ਲੋਕ ਇਨਸਾਫ਼ ਲਈ ਆਪ ਮੁਹਾਰੇ ਸੜਕਾਂ ‘ਤੇ ਨਿਕਲ ਆਉਣਗੇ।ਡਾਕਟਰਾਂ ਦੀ ਇਸ ਦੇਸ਼ ਵਿਆਪੀ ਹੜਤਾਲ ਨੂੰ ਇਸੇ ਸੰਦਰਭ ਵਿਚ ਦੇਖਿਆ ਜਾਣਾ ਬਣਦਾ ਹੈ।

Related Articles

Latest Articles