6.6 C
Vancouver
Monday, April 21, 2025

ਯੂ ਟਰਨ

ਆਪੇ ਥੁੱਕ ਕੇ ਗਿਆ ਚੱਟ ਆਪੇ,
ਆਪੇ ਸੁੱਟ ਸਾਰੇ ਹਥਿਆਰ ਗਿਆ॥
ਕਿਲ੍ਹਾ ਉਸਾਰ ਕੇ ਇੱਟਾਂ ਕੱਚੀਆਂ ਦਾ,
ਹੱਥੀਂ ਆਪੇ ਝੱਲ ਖਿਲਾਰ ਗਿਆ।

ਬਿਨ ਵਿਉਂਤੀ ਖੋਲ੍ਹ ਦੁਕਾਨ ਆਪੇ,
ਬੰਦ ਕਰਕੇ ਛੱਡ ਬਜ਼ਾਰ ਗਿਆ।
ਇੱਕ ਬਣਾ ਕੇ ਇੱਕ ਢਾਹ ਦੇਵੇ,
ਕਿੱਥੋਂ ਕਰਨਾ ਸਿੱਖ ਵਪਾਰ ਗਿਆ।

ਹੱਥੇ ਚੜ੍ਹ ਬਿਗਾਨੇ ਦੂਰ ਹੋਇਆ,
ਭੁੱਲ ਆਪਣਿਆਂ ਦੀ ਸਾਰ ਗਿਆ।
ਸਭ ਦਾਅਵੇ ਨਿੱਕਲ ਗਏ ਝੂਠੇ,
ਸੀ ਜੋ ਜੋ ਕਰ ਇਕਰਾਰ ਗਿਆ।

ਗੱਦੀ ਸੇਠ ਦੀ ਉੱਤੇ ਬੈਠ ‘ਭਗਤਾ’,
ਪਾ ਕਰਜ਼ਾ ਮਾਰ ਡਕਾਰ ਗਿਆ।
ਕੰਮ ਦਿਸਿਆ ਨਾ ਜਦ ਪੂਰ ਚੜ੍ਹਦਾ,
ਝੱਟ ਯੂ ਟਰਨ ਮਾਰ ਗਿਆ।

ਲੇਖਕ : ਬਰਾੜ-ਭਗਤਾ ਭਾਈ ਕਾ, ਸੰਪਰਕ : 001-604-751-1113

Related Articles

Latest Articles