ਇਹ ਸੂਰਜ ਵਾਂਗ ਹੋ ਜਾਂਦੈ

 

 

ਇਹ ਸੂਰਜ ਵਾਂਗ ਹੋ ਜਾਂਦੈ, ਹਮੇਸ਼ਾਂ  ਜ਼ਾਹਰ ਵੀਰਾ ਜੀ।

ਸ਼ਰਾਫਤ ਹੇਠ ਨਹੀਂ ਲੁਕਦਾ, ਕਦੇ ਕਿਰਦਾਰ ਵੀਰਾ ਜੀ।

 

ਇਹ ਮੋਮੋਠਗਣੀਆਂ ਗੱਲਾਂ ਦੇ ਸਾਨੂੰ ਅਰਥ ਆਉਂਦੇ ਨੇ,

ਸਫ਼ਾਈ ਦੇਣ ਕਿਓਂ ਲੱਗਦੇ, ਤੁਸੀ ਹਰ ਵਾਰ ਵੀਰਾ ਜੀ।

 

ਜੇ ਇੱਜ਼ਤ ਮਾਣ ਚਾਹੀਦਾ, ਤਾਂ ਸਿਖ ਔਕਾਤ ਵਿਚ ਰਹਿਣਾ,

ਨਾ  ਐਵੇਂ  ਮਾਣ ਮਰਿਯਾਦਾ, ਦੀ ਟੱਪ ਦੀਵਾਰ ਵੀਰਾ ਜੀ।

 

ਅਸੀਂ ਐਨੇ ਵੀ  ਨਾ ਭੋਲ਼ੇ, ਕਿ ਤੇਰੀ  ਨੀਤ ਨਾ ਪੜ੍ਹੀਏ,

ਅਸਾਂ ਨੇ  ਜੰਮਿਆਂ  ਕੁੱਖੇਂ, ਹੈ ਕੁਲ  ਸੰਸਾਰ  ਵੀਰਾ ਜੀ।

 

ਇਹ ਸਾਰੇ ਪਿੰਜਰੇ ਜਗ ਤੇ, ਬਣੇ ਚਿੜੀਆਂ ਦੀ ਖਾਤਿਰ ਹੀ,

ਅਸਾਂ ਚਿੜੀਆਂ ਨੂੰ  ਕਰਨਾ ਹੈ, ਤਦੇ  ਓਡਾਰ  ਵੀਰਾ ਜੀ।

 

ਤੇਰੇ  ਤੋਂ ਸੇਕ  ਚੰਡੀ ਦਾ, ਰਤਾ ਵੀ  ਸਹਿ  ਨਹੀਂ ਹੋਣਾ,

ਕਿ ਪਲ ਵਿਚ ਦੇਖਿਓ  ਹੁੰਦੇ, ਹੋ ਠੰਡੇ ਠਾਰ ਵੀਰਾ ਜੀ।

 

ਹਮੇਸ਼ਾਂ ਤੋਂ  ਕਿਓਂ ਸਾਨੂੰ, ਹੀ ਦੇਵੋਂ  ਦਾਨ ਅਕਲਾਂ ਦਾ,

ਕਦੇ ਆਪਣੇ ਤੇ ਪਾ ਦੇਖੋ,  ਅਕਲ ਦਾ ਭਾਰ ਵੀਰਾ ਜੀ।

 

ਪੜ੍ਹਾਵੇਂ ਪਾਠ  ਉਲਫ਼ਤ ਦਾ, ਤੂੰ  ਝਾਕੇਂ ਬਾਰੀਆਂ ਕੰਨੀ,

ਤੇ  ਖੁੱਲ੍ਹੇ  ‘ਜੀਤ’ ਨੇ  ਰੱਖੇ  ਜਦੋੱ  ਇਹ  ਬਾਰ ਵੀਰਾ ਜੀ।

ਲੇਖਕ : ਜੀਤ ਸੁਰਜੀਤ ਬੈਲਜੀਅਮ

Exit mobile version