3.6 C
Vancouver
Sunday, January 19, 2025

ਐਨ.ਡੀ.ਪੀ. ਨੇ ਲਿਬਰਲ ਸਰਕਾਰ ਤੋਂ ਆਪਣਾ ਸਮਰਥਨ ਲਿਆ ਵਾਪਸ

ਲਿਬਰਲ ਸਰਕਾਰ ਨੂੰ ਸਮਰਥਨ ਸ਼ਰਤਾਂ ਦੇ ਅਧੀਨ ਦਿੱਤਾ ਜਾਵੇਗਾ : ਜਗਮੀਤ ਸਿੰਘ

ਸਰੀ : ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਗਈ ਹੈ ਅਤੇ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਸਮਰਥਨ ਕੈਨੇਡੀਅਨ ਨਾਗਰਿਕਾਂ ਦੀ ਬਿਹਤਰੀ ਲਈ ਆਏ ਫੈਸਲਿਆਂ ਨੂੰ ਘੋਖ ਨੇ ਫਿਰ ਦੇਵੇਗੀ।

ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰ ਹਾਊਸ ਆਫ਼ ਕੌਮਨ ‘ਚ ਘੱਟ-ਗਿਣਤੀ ਸਰਕਾਰ ਹੈ, ਜਿਸ ਲਈ ਪ੍ਰਧਾਨ ਮੰਤਰੀ ਨੂੰ ਅਕਤੂਬਰ 2025 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੱਤਾ ਵਿਚ ਬਣੇ ਰਹਿਣ ਲਈ ਹੋਰ ਭਾਈਵਾਲਾਂ ਦੀ ਤਲਾਸ਼ ਕਰਨੀ ਪਵੇਗੀ ਅਤੇ ਇਸ ਦੇ ਲਈ ਲਿਬਰਲ ਸਰਕਾਰ ਬਲੌਕ-ਕਿਊਬੈਕ ਤੋਂ ਵੀ ਸਰਕਾਰ ਚਲਾਉਣ ਲਈ ਸਮਰਥਣ ਲੈ ਸਕਦੀ ਹੈ। ਜਿਸ ਨਾਲ ਸਰਕਾਰ ਟੁੱਟਣ ਦਾ ਕੋਈ ਜ਼ਿਆਦਾ ਖਤਰਾ ਨਹੀਂ ਹੈ।

ਜਗਮੀਤ ਸਿੰਘ ਵਲੋਂ ਕੀਤੇ ਐਲਾਨ ਨਾਲ ਟਰੂਡੋ ਸਰਕਾਰ ਤੁਰੰਤ ਨਹੀਂ ਟੁੱਟ ਸਕਦੀ ਪਰ ਖ਼ਤਰਾ ਬਣਿਆ ਰਹਿ ਸਕਦਾ ਹੈ। ਜੇਕਰ ਵਿਰੋਧੀ ਪਾਰਟੀਆਂ ਹੁਣ ਟਰੂਡੋ ਸਰਕਾਰ ਵਿਰੁੱਧ ਕੋਈ ਬੇਭਰੋਸਗੀ ਦਾ ਮਤਾ ਪੇਸ਼ ਕਰਨ ਅਤੇ ਉਹ ਮਤਾ ਐਨਡੀਪੀ ਦੇ ਬੁਨਿਆਦੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤਾਂ ਜਗਮੀਤ ਸਿੰਘ ਅਤੇ ਟਰੂਡੋ ਸਰਕਾਰ ਦਾ ਬਚਾਅ ਨਹੀਂ ਕਰਨਗੇ। ਪਰ ਜੇ ਬੇਭਰੋਸਗੀ ਦਾ ਮਤਾ ਕਿਸੇ ਅਜਿਹੇ ਮੁੱਦੇ ‘ਤੇ ਹੋਵੇ, ਜੋ ਐਨਡੀਪੀ ਦੀ ਵੀ ਸਿਧਾਂਤਕ ਪੁਜ਼ੀਸ਼ਨ ਹੋਵੇ ਤਾਂ ਜਗਮੀਤ ਸਿੰਘ ਨੂੰ ਸਾਥ ਦੇਣਾ ਹੀ ਪਵੇਗਾ।

ਜ਼ਾਹਰ ਹੈ ਕਿ ਹੁਣ ਵਿਰੋਧੀ ਧਿਰਾਂ ਸਰਕਾਰ ਡੇਗਣ ਲਈ ਕੋਈ ਅਜਿਹਾ ਬੇਭਰੋਸਗੀ ਦਾ ਮਤਾ ਲੱਭਣਗੀਆਂ, ਜਿਸ ‘ਤੇ ਜਗਮੀਤ ਸਿੰਘ ਤੇ ਐਨਡੀਪੀ ਵੀ ਟਰੂਡੋ ਸਰਕਾਰ ਦੀ ਪੁਜ਼ੀਸ਼ਨ ਦੇ ਉਲਟ ਹੋਣ।

ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਟਰੂਡੋ ਨਾਲ ਆਪਣਾ 2022 ਵਿਚ ਹੋਇਆ ਸਮਝੌਤਾ ‘ਤੋੜ’ ਰਹੇ ਹਨ। ਸੋਸ਼ਲ ਮੀਡੀਆ ਉਤੇ ਜਾਰੀ ਇਕ ਵੀਡੀਓ ਸੁਨੇਹੇ ਵਿਚ ਸਮਝੌਤਾ ਤੋੜਨ ਦਾ ਐਲਾਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ, ”ਟਰੂਡੋ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਕਾਰਪੋਰੇਟ ਲਾਲਚ ਅੱਗੇ ਝੁਕਦੇ ਰਹਿਣਗੇ।” ਉਨ੍ਹਾਂ ਦਾ ਇਸ਼ਾਰਾ ਸਰਕਾਰ ਦੇ ਮਹਿੰਗਾਈ ਨੂੰ ਨੱਥ ਪਾਉਣ ਵਿਚ ਨਾਕਾਮ ਰਹਿਣ ਵੱਲ ਸੀ।

ਜਗਮੀਤ ਸਿੰਘ ਨੇ ਨਾਲ ਹੀ ਐਲਾਨ ਕੀਤਾ ਕਿ ਉਹ ਆਗਾਮੀ ਚੋਣਾਂ ਵਿਚ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ, ”ਲਿਬਰਲਾਂ ਨੇ ਲੋਕਾਂ ਪੱਖੀ ਫੈਸਲੇ ਨਹੀਂ ਲਏ , ਉਹ ਹਕੂਮਤ ਦਾ ਇਕ ਹੋਰ ਮੌਕਾ ਹਾਸਲ ਕਰਨ ਦੇ ਹੱਕਦਾਰ ਨਹੀਂ ਹਨ।”

ਦੂਜੇ ਪਾਸੇ ਟਰੂਡੋ ਨੇ ਆਪਣੀ ਸਰਕਾਰ ਅਤੇ ਆਪਣੇ ਸਮਾਜਿਕ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੋਣ ਸਰਵੇਖਣਾਂ ਮੁਤਾਬਕ ਹੁਣੇ ਚੋਣਾਂ ਹੋਣ ਦੀ ਸੂਰਤ ਵਿਚ ਟਰੂਡੋ ਦੀ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ। ਇਸ ਕਾਰਨ ਟਰੂਡੋ ਚੋਣਾਂ ਕਰਾਉਣ ਦਾ ਖ਼ਤਰਾ ਕਿਵੇਂ ਵੀ ਨਹੀਂ ਸਹੇੜ ਸਕਦੇ ਅਤੇ ਇਸ ਦੀ ਥਾਂ ਉਨ੍ਹਾਂ ਨੂੰ ਸੱਤਾ ਵਿਚ ਬਣੇ ਰਹਿਣ ਲਈ ਵਿਰੋਧੀ ਧਿਰ ਦੇ ਹੋਰ ਕਾਨੂੰਨਸਾਜ਼ਾਂ ਦੀ ਮਦਦ ਲੈਣੀ ਪਵੇਗੀ।

ਇਕ ਸਕੂਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ, ”ਚੋਣਾਂ ਅਗਲੇ ਸਾਲ ਹੀ ਹੋਣਗੀਆਂ, ਸੰਭਵ ਤੌਰ ‘ਤੇ ਅਗਲੀ ਪਤਝੜ ਰੁੱਤ ਤੋਂ ਪਹਿਲਾਂ ਨਹੀਂ, ਕਿਉਂਕਿ ਇਸ ਸਮੇਂ ਦੌਰਾਨ ਅਸੀਂ ਕੈਨੇਡੀਅਨਾਂ ਲਈ ਕਾਫ਼ੀ ਕੁਝ ਕਰਨਾ ਹੈ।”

ਉਧਰ ਪੀਅਰ ਪੌਲੀਐਵ ਨੇ ਬੁੱਧਵਾਰ ਨੂੰ ਜਗਮੀਤ ਦੇ ਇਸ ਕਦਮ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਇਸ ਸਬੰਧੀ ਗੰਭੀਰ ਨਹੀਂ ਹਨ ਅਤੇ ਮੀਡੀਆ ‘ਚ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਜਗਮੀਤ ਸਿੰਘ ਨੇ ਇਸੇ ਲਈ ਲਿਬਰਲ ਸਰਕਾਰ ਵਿਰੁੱਧ ਜਲਦ ਤੋਂ ਜਲਦ ਅਵਿਸ਼ਵਾਸ ਵੋਟ ਦੇਣ ਬਾਰੇ ਗੱਲ ਨਹੀਂ ਕੀਤੀ ਹੈ।

ਬੁੱਧਵਾਰ ਦੇ ਆਪਣੇ ਐਲਾਨ ਤੋਂ ਬਾਅਦ ਇੱਕ ਮੀਡੀਆ ਰਿਲੀਜ਼ ਵਿੱਚ, ਜਗਮੀਤ ਨੇ ਕਿਹਾ ਸੀ, ਐਨਡੀਪੀ ਚੋਣਾਂ ਲਈ ਤਿਆਰ ਹੈ, ਅਤੇ ਭਰੋਸਗੀ ਦੀ ਵੋਟ ਦੇ ਹਰ ਉਪਾਅ ਵਿਚ ਬੇਭਰੋਸਗੀ ਲਈ ਵੋਟ ਪਾਉਣਾ ਵਿਚਾਰ ਅਧੀਨ ਹੋਵੇਗਾ।

 

Related Articles

Latest Articles