-1.1 C
Vancouver
Sunday, January 19, 2025

ਐਬਟਸਫੋਰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

 

 

 

ਐਬਟਸਫੋਰਡ :-(ਬਰਾੜ- ਭਗਤਾ ਭਾਈ ਕਾ) ਏਥੋਂ ਦੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 420ਵੀਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਪਾਲਕੀ ਸਾਹਿਬ ਵਾਲਾ ਫਲੋਟ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਬਤ ਸਨ ਉਹ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰਿਜਵਿਊ ਐਵੇਨਿਊ, ਟਾਊਨ ਲਾਈਨ ਰੋਡ ਅਤੇ ਬਿਲਿਊ ਜੇ ਸਟਰੀਟ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਵੱਡੀ ਸਟੇਜ ਲੱਗੀ ਹੋਈ ਸੀ ਅਤੇ ਬੁਲਾਰਿਆਂ ਨੇ ਆਪਾਂ ਆਪਣੇ ਭਾਸ਼ਣਾਂ ‘ਚ ਸਜਾਏ ਜਾਂਦੇ ਨਗਰ ਕੀਰਤਨਾਂ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ।

ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਪਾਲਕੀ ਸਾਹਿਬ ਦੇ ਨਾਲ ਨਾਲ ਪਰਕਰਮਾਂ ਕੀਤੀ ਅਤੇ ਪੂਰੇ ਰਸਤੇ ਗੁਰਬਾਣੀ ਦਾ ਜਾਪ ਹੁੰਦਾ ਰਿਹਾ। ਸਿੱਖ ਭਾਈਚਾਰੇ ਵੱਲੋਂ ਸਾਰੇ ਸਫ਼ਰੀ ਰਸਤੇ ਵਿੱਚ ਥਾਂ ਥਾਂ ਹਰ ਕਿਸਮ ਦੇ ਭੋਜਨਾਂ ਦੀ ਲੰਗਰ ਸੇਵਾ ਕੀਤੀ ਗਈ। ਪੰਜਾਬ ਤੋਂ ਆ ਕੇ ਕੈਨੇਡਾ ਵਸੇ ਲੋਕਾਂ ਨੇ ਲੰਗਰਾਂ ਦੀ ਬੇਅੰਤ ਸੇਵਾ ਕੀਤੀ ਗਈ। ਇਸ ਸਮੇਂ ਪੰਜਾਬ ਤੋਂ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ।

ਦਸਮੇਸ਼ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਗਰ ਕੀਰਤਨ ਦੇ ਰੂਟ ਦੌਰਾਨ ਕੀਰਤਨ ਕੀਤਾ ਗਿਆ ਅਤੇ ਗੱਤਕਾ ਟੀਮ ਨੇ ਗੱਤਕਾ ਦੇ ਕਰਤੱਵ ਵਿਖਾਏ। ਇਸ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨਾਂ ਨੇ ਆਪਣੇ ਵਾਹਣਾਂ ਨਾਲ ਗੁਰੂ ਮਹਾਰਾਜ ਦੇ ਫਲੋਟ ਅੱਗੇ ਅੱਗੇ ਪਰਕਰਮਾ ਕੀਤੀ। ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਸਟੇਜ ਤੋਂ ਢਾਡੀਆਂ ਵੱਲੋਂ ਵਾਰਾਂ ਦਾ ਗਾਇਬ ਕੀਤਾ ਗਿਆ। ਨਗਰ ਕੀਰਤਨ ‘ਚ ਖਾਲਿਸਤਾਨੀ ਝੰਡੇ ਵੀ ਵੇਖਣ ਨੂੰ ਮਿਲੇ ਅਤੇ ਕੱਟੜ ਪੰਥੀਆਂ ਦੀ ਸਟੇਜ ਤੋਂ ਖਾਲਿਸਤਾਨ ਦੇ ਨਾਹਰੇ ਲੱਗਦੇ ਵੀ ਸੁਣੇ ਗਏ। ਸਾਰੇ ਸਾਲਾਂ ਨਾਲੋਂ ਇਸ ਸਾਲ ਵੱਡੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਸੀ। ਕਰੜੀ ਧੁੱਪ ਦੇ ਵਿੱਚ ਲੋਕਾਂ ਨੇ ਨਗਰ ਕੀਰਤਨ ਦਾ ਅਨੰਦ ਮਾਣਿਆਂ ਅਤੇ ਗੁਰਬਾਣੀ ਦਾ ਜਾਪ ਕੀਤਾ। ਲੰਗਰ ਤਿਆਰੀ ਕਰਨ ਵਿੱਚ ਔਰਤਾਂ  ‘ਚ  ਜ਼ਿਆਦਾ ਦਿਲਚਸਪੀ ਦੇਖਣ ਨੂੰ ਮਿਲੀ।

Related Articles

Latest Articles