6.3 C
Vancouver
Sunday, January 19, 2025

ਕਿਉਂ ਅੱਕ ਰਹੇ ਨੇ ਪ੍ਰਵਾਸੀ ਲੋਕ ਪ੍ਰਵਾਸ ਦੀ ਜਿੰਦਗੀਂ ਤੋਂ?

 

ਲਿਖਤ ਪ੍ਰਿੰ. ਵਿਜੈ ਕੁਮਾਰ

ਸੰਪਰਕ : 98726 – 27136

ਇਹ ਗੱਲ ਕਹਿਣ ‘ਤੇ ਸੁਣਨ ਨੂੰ ਕਾਫੀ ਚੰਗੀ ਲਗਦੀ ਹੈ ਕਿ ਅਸੀਂ ਕੈਨੇਡਾ ਦੇ ਪੱਕੇ ਨਾਗਰਿਕ ਹੋ ਗਏ ਹਾਂ। ਅਸੀਂ ਕੈਨੇਡਾ ਵਿੱਚ ਤਿੰਨ ਘਰ ਖਰੀਦ ਲਏ ਹਨ, ਸਾਡਾ ਇੱਕ ਮੁੰਡਾ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੈ, ਦੂਜਾ ਆਸਟ੍ਰੇਲੀਆ ਵਿੱਚ ਹੈ ਅਤੇ ਕੁੜੀ ਨਿਊਜ਼ੀਲੈਂਡ ਵਿੱਚ ਹੈ। ਪਰ ਜ਼ਮੀਨੀ ਹਕੀਕਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਪਾਰਕਾਂ ਵਿੱਚ ਬੈਠੇ ਲੋਕ ਇੱਕ ਦੂਜੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹੋਏ ਇਹ ਕਹਿੰਦੇ ਸੁਣੇ ਜਾਂਦੇ ਹਨ – ਕੀ ਕਰੀਏ, ਇੱਥੇ ਆ ਕੇ ਤਾਂ ਫਸ ਗਏ ਹਾਂ। ਪਿਛਲੇ ਦੋ ਸਾਲ ਤੋਂ ਸਾਡਾ ਬੰਦ ਪਿਆ ਘਰ ਖਰਾਬ ਹੋ ਰਿਹਾ ਹੈ। ਗੁਆਂਢੀਆਂ ਨੂੰ ਚਾਬੀ ਫੜਾਕੇ ਆਏ ਹੋਏ ਹਾਂ। ਜਿਸ ਨੂੰ ਜ਼ਮੀਨ ਚਗੋਤੇ ਉੱਤੇ ਦਿੱਤੀ ਹੋਈ ਸੀ, ਉਸਨੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਉਸ ਨਾਲ ਪੰਜ ਸਾਲ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।

ਕਿਸੇ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਸਾਰਾ ਕੁਝ ਵੇਚਕੇ ਪੁੱਤਰਾਂ ਕੋਲ ਆ ਤਾਂ ਗਏ ਹਾਂ ਪਰ ਹੁਣ ਦੋਹਾਂ ਦੀਆਂ ਘਰ ਵਾਲੀਆਂ ਸਾਨੂੰ ਝੱਲਣ ਨੂੰ ਤਿਆਰ ਨਹੀਂ। ਕਿਰਾਏ ਦੀ ਬੇਸਮੈਂਟ ਵਿੱਚ ਰਹਿੰਦੇ ਹਾਂ। ਕੋਈ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ਮੁੰਡਾ ਅਤੇ ਨੂੰਹ ਸਾਰਾ ਦਿਨ ਨਿਆਣੇ ਸਾਡੇ ਕੋਲ ਛੱਡਕੇ ਡਿਊਟੀ ‘ਤੇ ਚਲੇ ਜਾਂਦੇ ਹਨ, ਨਿਆਣੇ ਸਾਰਾ ਦਿਨ ਸਾਂਭਣੇ ਔਖੇ ਹੋ ਜਾਂਦੇ ਹਨ। ਨਾਲੇ ਉਨ੍ਹਾਂ ਦੇ ਨਿਆਣੇ ਸਾਂਭੋ ਤੇ ਨਾਲੇ ਉਨ੍ਹਾਂ ਦੀਆਂ ਰੋਟੀਆਂ ਪਕਾਓ, ਜਾਨ ਸਾਡੀ ਚਲਦੀ ਨਹੀਂ। ਡਿਊਟੀ ਤੋਂ ਆਕੇ ਪੁੱਤਰ ਅਤੇ ਨੂੰਹ ਆਪਣੇ ਕਮਰੇ ਵਿੱਚ ਵੜ ਜਾਂਦੇ ਹਨ, ਉਨ੍ਹਾਂ ਕੋਲ ਨਾ ਸਾਡੇ ਨਾਲ ਗੱਲ ਕਰਨ ਦਾ ਸਮਾਂ ਹੁੰਦਾ ਹੈ ਤੇ ਨਾ ਸਾਨੂੰ ਦਵਾਈ ਦਿਵਾਉਣ ਦਾ।

ਕਿਸੇ ਦਾ ਦੁੱਖ ਇਹ ਹੁੰਦਾ ਹੈ ਕਿ ਪੁੱਤਰਾਂ ਤੇ ਨੂੰਹਾਂ ਦਾ ਜਿੰਨਾ ਮਰਜ਼ੀ ਕਰੀ ਜਾਓ, ਫਿਰ ਵੀ ਉਹ ਕਦੇ ਖੁਸ਼ ਨਹੀਂ ਹੁੰਦੇ। ਜੇਕਰ ਬਜ਼ੁਰਗ ਧੀ ਕੋਲ ਚਲੇ ਜਾਣ ਤਾਂ ਪੁੱਤ ਅਤੇ ਨੂੰਹ ਦਾ ਮੂੰਹ ਵਿੰਗਾ ਹੋ ਜਾਂਦਾ ਹੈ ਤੇ ਜੇਕਰ ਪੁੱਤ ਤੇ ਨੂੰਹ ਕੋਲ ਚਲੇ ਜਾਣ ਤਾਂ ਧੀ ਉਲਾਂਭੇ ਦਿੰਦੀ ਨਹੀਂ ਥੱਕਦੀ। ਜਿਨ੍ਹਾਂ ਪੁੱਤਰਾਂ ਧੀਆਂ ਦੇ ਬਜ਼ੁਰਗ ਉਨ੍ਹਾਂ ਕੋਲ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲਣ ਨਾ ਆਉਣ ਤਾਂ ਉਨ੍ਹਾਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਬੱਚੇ ਪਾਲਣ ਲਈ ਕਦੇ ਮੁੰਡੇ ਨੂੰ ਆਪਣੇ ਮਾਪਿਆਂ ਨੂੰ ਬੁਲਾਉਣਾ ਪੈਂਦਾ ਹੈ ਤੇ ਕਦੇ ਉਸਦੀ ਪਤਨੀ ਨੂੰ ਆਪਣੇ ਮਾਪਿਆਂ ਨੂੰ ਬੁਲਾਉਣਾ ਪੈਂਦਾ ਹੈ। ਜਦੋਂ ਬਜ਼ੁਰਗ ਉਨ੍ਹਾਂ ਦੇ ਬੱਚੇ ਪਾਲਣ ਆ ਜਾਂਦੇ ਹਨ ਤਾਂ ਪਰਿਵਾਰ ਵਿੱਚ ਅੱਡ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਪੁੱਤਾਂ, ਨੂੰਹਾਂ ਅਤੇ ਬਜ਼ੁਰਗਾਂ ਵਿੱਚ ਕਈ ਗੱਲਾਂ ਨੂੰ ਲੈਕੇ ਟਕਰਾਅ ਹੋ ਜਾਂਦਾ ਹੈ। ਪਰਿਵਾਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ। ਦੋਵੇਂ ਧਿਰਾਂ ਵਿੱਚ ਸੰਵਾਦ ਬੰਦ ਹੋਣ ਦੀ ਨੌਬਤ ਵੀ ਆ ਜਾਂਦੀ ਹੈ।

ਆਪਣਿਆਂ ਦੇ ਦੁੱਖ ਸੁਖ ਵਿੱਚ ਸ਼ਰੀਕ ਨਾ ਹੋਣ ਸਕਣ ਦੀ ਬੇਵਸੀ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਆਪਣੇ ਆਪ ਨਾਲ ਸਮਝੌਤੇ ਕਰਦਿਆਂ ਹੀ ਲੰਘ ਜਾਂਦੀ ਹੈ। ਬਜ਼ੁਰਗ ਅਤੇ ਉਨ੍ਹਾਂ ਦੇ ਬੱਚੇ ਇੱਕ ਦੂਜੇ ਤੋਂ ਲੱਖਾਂ ਮੀਲ ਦੂਰ ਬੈਠੇ ਇੱਕ ਦੂਜੇ ਨੂੰ ਮਿਲਣ ਲਈ ਤਰਸਦੇ ਰਹਿੰਦੇ ਹਨ। ਪ੍ਰਵਾਸ ਦੇ ਸੱਭਿਆਚਾਰ ਕਾਰਨ ਮੁੰਡੇ ਕੁੜੀਆਂ ਦੇ ਰਿਸ਼ਤੇ ਨਾ ਹੋਣਾ ਦੋਹਾਂ ਧਿਰਾਂ ਲਈ ਬਹੁਤ ਵੱਡੀ ਚੁਣੌਤੀ ਬਣਕੇ ਰਹਿ ਗਿਆ ਹੈ ਕਿਉਂਕਿ ਦੋਹਾਂ ਦੇ ਮਨਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਪਤਾ ਨਹੀਂ ਦੋਹਾਂ ਵਿੱਚੋਂ ਕਦੋਂ ਕਿਸਨੇ ਧੋਖਾ ਦੇ ਜਾਣਾ ਹੈ। ਆਪਣੇ ਹੀ ਰਿਸ਼ਤੇਦਾਰ ਇਹ ਸੋਚ ਕੇ ਕਿ ਪਤਾ ਨਹੀਂ ਮੁੰਡੇ ਕੁੜੀ ਨੇ ਪਹਿਲਾਂ ਹੀ ਕੋਈ ਸੰਬੰਧ ਨਾ ਬਣਾਏ ਹੋਣ, ਮੁੰਡੇ ਕੁੜੀ ਦਾ ਰਿਸ਼ਤਾ ਕਰਵਾਉਣ ਲਈ ਤਿਆਰ ਨਹੀਂ ਹੁੰਦੇ। ਆਪਣੇ ਦੇਸ਼ ਦੇ ਰੁਪਇਆਂ ਨੂੰ ਡਾਲਰਾਂ ਨਾਲ ਗੁਣਾ ਕਰਕੇ ਨੌਜਵਾਨ ਮੁੰਡੇ ਅਤੇ ਕੁੜੀਆਂ ਚਾਅ ਚਾਅ ਵਿੱਚ ਆ ਤਾਂ ਜਾਂਦੇ ਹਨ ਪਰ ਜਦੋਂ ਆਪਣਿਆਂ ਤੋਂ ਦੂਰ ਰਹਿੰਦਿਆਂ ਬੀਮੇ, ਘਰਾਂ, ਗੱਡੀਆਂ ਅਤੇ ਹੋਰ ਸਮਾਨ ਦੀਆਂ ਕਿਸ਼ਤਾਂ ਉਤਾਰਦਿਆਂ ਉਨ੍ਹਾਂ ਦੀ ਜ਼ਿੰਦਗੀ ਕੋਹਲੂ ਦੇ ਬੈਲ ਵਾਂਗ ਬਣ ਜਾਂਦੀ ਹੈ ਤਾਂ ਮਨ ਵਿੱਚ ਇਹੋ ਵਲਵਲਾ ਉੱਠਦਾ ਹੈ ਕਿ ਕਿੱਥੇ ਆ ਕੇ ਫਸ ਗਏ ਹਾਂ, ਇਸਦੇ ਨਾਲੋਂ ਤਾਂ ਉੱਥੇ ਹੀ ਚੰਗੇ ਸੀ। ਘੱਟੋ ਘੱਟ ਕੋਈ ਦੁੱਖ ਸੁੱਖ ਸੁਣਨ ਵਲਾ ਤਾਂ ਸੀ ਉੱਥੇ, ਇੱਥੇ ਤਾਂ ਕੋਈ ਬੁਲਾਉਂਦਾ ਵੀ ਨਹੀਂ।

ਪਾਰਕਾਂ ਪਲਾਜ਼ਿਆਂ, ਸੈਰਗਾਹਾਂ ਤੇ ਜਨਤਕ ਥਾਵਾਂ ‘ਤੇ ਘੁੰਮਦੇ ਲੋਕਾਂ ਦੇ ਉਦਾਸ ਅਤੇ ਉੱਤਰੇ ਹੋਏ ਚਿਹਰੇ ਉਨ੍ਹਾਂ ਦੀ ਮਨਾਂ ਦੀ ਦਾਸਤਾਂ ਬਿਆਨ ਕਰ ਰਹੇ ਹੁੰਦੇ ਹਨ ਪਰ ਇੱਕ ਦੂਜੇ ਨੂੰ ਵੇਖੋ ਵੇਖੀ ਜੀਅ ਰਹੇ ਹੁੰਦੇ ਹਨ। ਪਾਰਕਾਂ ਵਿੱਚ ਅਤੇ ਹੋਰ ਥਾਵਾਂ ‘ਤੇ ਬੈਠੇ ਬਜ਼ੁਰਗ ਪਤੀ ਪਤਨੀ ਅਤੇ ਨੌਜਵਾਨ ਪਤੀ ਪਤਨੀ ਉਸ ਥਾਂ ਦਾ ਆਨੰਦ ਘੱਟ ਮਾਣ ਰਹੇ ਹੁੰਦੇ ਹਨ, ਆਪਣੀਆਂ ਸਮੱਸਿਆਵਾਂ ਦੀ ਚਰਚਾ ਵੱਧ ਕਰ ਰਹੇ ਹੁੰਦੇ ਹਨ। ਪਾਰਕਾਂ ਵਿੱਚ ਬੱਚਿਆਂ ਨੂੰ ਖਿਡਾਉਣ ਆਏ ਬਜ਼ੁਰਗਾਂ ਅਤੇ ਪਤੀਆਂ ਪਤਨੀਆਂ ਦੇ ਕੰਨਾਂ ਤੋਂ ਫੋਨ ਨਹੀਂ ਉੱਤਰਦਾ ਕਿਉਂਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਰਹੇ ਹੁੰਦੇ ਹਨ। ਫੋਨ ਕਰਦੇ ਸਮੇਂ ਤਾਂ ਉਹ ਆਪਣੇ ਨਾਲ ਲਿਆਂਦੇ ਬੱਚਿਆਂ ਨੂੰ ਵੀ ਭੁੱਲ ਜਾਂਦੇ ਹਨ।

ਕੈਨੇਡਾ ਵਿੱਚ ਵਸਦੇ ਇੱਕ ਅਧਿਆਪਕ ਵੱਲੋਂ ਆਪਣੇ ਮਰੇ ਹੋਏ ਬਾਪ ਦੇ ਦਾਹ ਸੰਸਕਾਰ ਤੇ ਉਸ ਨੂੰ ਆਪਣੇ ਮੋਬਾਇਲ ‘ਤੇ ਦਿੱਤੀ ਜਾ ਰਹੀ ਸ਼ਰਧਾਂਜਲੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੇ ਪ੍ਰਵਾਸ ਦੀ ਜ਼ਿੰਦਗੀ ਦਾ ਪੋਲ ਚੰਗੀ ਤਰ੍ਹਾਂ ਖੋਲ੍ਹਕੇ ਰੱਖ ਦਿੱਤਾ ਸੀ। ਪੱਛਮੀ ਦੇਸ਼ਾਂ ਵਿੱਚ ਬੇਰੋਜ਼ਗਾਰੀ ਦਾ ਸੰਤਾਪ ਭੋਗ ਰਹੇ, ਰੋਜ਼ਗਾਰ ਲੱਭ ਰਹੇ, ਬੇਸਮੈਂਟਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ, ਨਾ ਇੱਥੇ ਰਹਿਣ ਜੋਗੇ ਤੇ ਨਾ ਹੀ ਮੁੜ ਵਾਪਸ ਜਾਣ ਜੋਗੇ। ਮੁੰਡਿਆਂ ਕੁੜੀਆਂ ਦੀ ਪ੍ਰਵਾਸ ਦੀ ਜ਼ਿੰਦਗੀ ਦੀ ਤਰਾਸਦੀ ਨੂੰ ਇਹ ਵੀਡੀਓ ਬਹੁਤ ਚੰਗੀ ਤਰ੍ਹਾਂ ਬਿਆਨ ਕਰਦੀ ਹੈ।

ਕੈਨੇਡਾ ਸਰਕਾਰ ਵੱਲੋਂ ਨਿੱਤ ਨਵੇਂ ਲਗਾਏ ਜਾ ਰਹੇ ਟੈਕਸਾਂ, ਤੇਜ਼ੀ ਨਾਲ ਵਧ ਰਹੀ ਮਹਿੰਗਾਈ, ਨੌਕਰੀ ਤੋਂ ਕੱਢੇ ਜਾਣ ਦਾ ਡਰ, ਜੁਰਮਾਂ, ਫ਼ਿਰੌਤੀਆਂ, ਚੋਰੀਆਂ, ਅੱਤਵਾਦ ਦੀਆਂ ਵਧ ਰਹੀਆਂ ਵਾਰਦਾਤਾਂ, ਖਾਮੀਆਂ ਭਰਪੂਰ ਕਾਨੂੰਨਾਂ ਅਤੇ ਮਾਲਕ ਮਕਾਨਾਂ ਅਤੇ ਕਿਰਾਏਦਾਰਾਂ ਦੇ ਵਧ ਰਹੇ ਝਗੜਿਆਂ ਨੇ ਪ੍ਰਵਾਸੀ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਵਾਸ ਦੀ ਜ਼ਿੰਦਗੀ ਪ੍ਰਤੀ ਅਕੇਵਾਂ ਪੈਦਾ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਵਿੱਚ ਪੜ੍ਹਨ ਆਏ ਬੱਚਿਆਂ ਦਾ ਨਸ਼ਿਆਂ ਵਿੱਚ ਗਲਤਾਨ ਹੋਣਾ, ਉਨ੍ਹਾਂ ਦੇ ਕਤਲ ਹੋਣਾ ਤੇ ਉਨ੍ਹਾਂ ਵੱਲੋਂ ਖੁਦਕੁਸ਼ੀਆਂ ਕਰਨਾ ਪ੍ਰਵਾਸ ਦੀ ਜ਼ਿੰਦਗੀ ਪ੍ਰਤੀ ਕਈ ਖਦਸ਼ੇ ਪੈਦਾ ਕਰ ਰਿਹਾ ਹੈ। ਸਿਹਤ ਸੇਵਾਵਾਂ ਦਾ ਮੰਦਾ ਹਾਲ, ਖਾਮੀਆਂ ਭਰਪੂਰ ਸਿੱਖਿਆ ਪ੍ਰਣਾਲੀ, ਪੱਛਮੀ ਸੱਭਿਆਚਾਰ ਵਿੱਚ ਫਸਕੇ ਬਾਗੀ ਹੁੰਦੇ ਜਾ ਰਹੇ ਬੱਚੇ ਕਮਜ਼ੋਰ ਕਾਨੂੰਨ, ਨਸ਼ਿਆਂ ਦਾ ਵਧ ਰਿਹਾ ਰੁਝਾਨ ਪ੍ਰਵਾਸ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ। ਕੈਨੇਡਾ ਵਿੱਚ ਪਿਛਲੇ 40 ਸਾਲ ਤੋਂ ਪੱਕੇ ਤੌਰ ਵਸ ਰਹੇ ਲੁਧਿਆਣੇ ਜ਼ਿਲ੍ਹੇ ਦੇ ਪਰਿਵਾਰ ਦੇ ਬਜ਼ੁਰਗਾਂ ਨੇ ਇਸ ਪ੍ਰਵਾਸ ਦੀ ਜ਼ਿੰਦਗੀ ਤੋਂ ਅੱਕਕੇ ਆਪਣੇ ਪੁੱਤਰਾਂ ਧੀਆਂ ਨੂੰ ਕਿਹਾ ਕਿ ਤੁਸੀਂ ਇੱਥੇ ਰਹਿਣਾ ਹੈ ਤੋਂ ਰਹੋ, ਅਸੀਂ ਤਾਂ ਆਪਣਾ ਬੁੱਢਾਪਾ ਆਪਣੇ ਮੁਲਕ ਵਿੱਚ ਹੀ ਗੁਜਾਰਾਂਗੇ। ਅਮਰੀਕਾ ਵਿੱਚ ਵਸਦੇ ਮੇਰੇ ਇੱਕ ਜਾਣਕਾਰ ਦੋਸਤ ਦਾ ਕਹਿਣਾ ਹੈ ਕਿ ਇਹ ਵੱਡੇ ਘਰ, ਸ਼ਾਨਦਾਰ ਗੱਡੀਆਂ ਅਤੇ ਡਾਲਰਾਂ ਦੀ ਕਮਾਈ ਕਿਸ ਕੰਮ ਦੀ ਜੇਕਰ ਬੰਦਾ ਆਪਣਿਆਂ ਦੇ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਸਾਰੀ ਉਮਰ ਤਰਸਦਾ ਰਹੇ। ਪ੍ਰਵਾਸ ਦੀ ਇਹ ਜ਼ਿੰਦਗੀ ਮ੍ਰਿਗ ਤ੍ਰਿਸ਼ਨਾ ਤੋਂ ਵਧਕੇ ਕੁਝ ਵੀ ਨਹੀਂ ਹੈ।

Related Articles

Latest Articles