ਗੁਜ਼ਰੀ ਉਮਰ ਨਾ ਖਾ ਖਾ ਰੱਜਿਆ ਵਾਂਗ ਗੰਡੋਇਆਂ ਮਿੱਟੀ ।
ਖ਼ਬਰੈ ਸਭ ਸਿਆਪੇ ਮੁੱਕਣ ਓੜਕ ਹੋਇਆਂ ਮਿੱਟੀ ।
ਪਵੇ ਜੇ ਪੱਥਰ ਉੱਤੇ ਪਾਣੀ ਪੱਥਰ ਵੀ ਖੁਰ ਜਾਂਦਾ,
ਕਿਹੜੀ ਮਿੱਟੀ ਅੱਖ ਨੂੰ ਲੱਗੀ, ਖੁਰੀ ਨਾ ਰੋਇਆਂ ਮਿੱਟੀ ।
ਮੇਰੇ ਜੀਵਨ ਦੀ ਮਾਲਾ ਦਾ ਮਣਕਾ ਮਣਕਾ ਕੱਚਾ,
ਹੌਲੀ ਹੌਲੀ ਹੋ ਜਾਣਾ ਏ ਦਰਦ ਪਰੋਇਆਂ ਮਿੱਟੀ ।
ਸੁੱਕੀ ਢੀਮ ਹਿਆਤੀ ਦੇ ਦਰਿਆ ਵਿਚ ਗੋਤੇ ਖਾਵੇ,
ਔਖੇ ਸਾਹ ਲੈਂਦੀ ਏ ਪਾਣੀ ਵਿੱਚ ਡਬੋਇਆਂ ਮਿੱਟੀ ।
ਕਣਕ, ਕਮਾਦ, ਜਵਾਰ ਕਪਾਹਵਾਂ ਮੂੰਜੀ, ਮੋਠ ਤੇ ਮੇਥੇ,
ਹੋ ਜਾਣਾ ਬਰਸੀਨ ਛਟਾਲ਼ਾ, ਸੋਂਫ਼ ਤੇ ਸੋਇਆਂ ਮਿੱਟੀ ।
ਆਦਮ ਦਾ ਬੁੱਤ ਬਣਦੇ ਸਾਰ ਈ ਨੂਰੀ ਬੋਲ ਪਏ ਸਨ,
‘ਅਨਵਰ’ ਸਾਡੀ ਫੇਰ ਦਿਸੀ ਅਸਲੀਅਤ ਢੋਇਆਂ ਮਿੱਟੀ ।
ਲੇਖਕ : ਅਨਵਰ ਅਨੀਕ