ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਕੋਰੋਨਰਜ਼ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ, ਜੁਲਾਈ ਮਹੀਨੇ ਵਿੱਚ 192 ਲੋਕਾਂ ਦੀ ਮੌਤ ਜ਼ਹਿਰੀਲੀਆਂ ਦਵਾਈਆਂ ਅਤੇ ਓਵਰਡੋਜ਼ ਨਸ਼ਿਆਂ ਕਾਰਨ ਹੋਈ ਹੈ। ਜਾਰੀ ਕੀਤੇ ਅੰਕੜਿਆਂ ਅਨੁਸਾਰ ਇਸ ਸਾਲ ਜੁਲਾਈ ਦੇ ਮਹੀਨੇ ਤੱਕ 1,365 ਲੋਕਾਂ ਦੀ ਮੌਤ ਓਵਰਡੋਜ਼ ਨਸ਼ਿਆਂ ਕਾਰਨ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੁਲਾਈ ਮਹੀਨੇ ਤੱਕ ਕੁਲ ਮੌਤਾਂ ਦੇ ਅੰਕੜੇ ਦੇਖੇ ਜਾਣ ਤਾਂ ਇਨ੍ਹਾਂ ‘ਚ ਮਾਮੂਲੀ ਗਿਰਾਵਟ ਵੇਖਣ ਨੂੰ ਮਿਲੀ ਹੈ। ਸਾਲਾਨਾ ਮੌਤ ਦੀ ਦਰ ਹੁਣ 100,000 ਦੇ ਮੁਕਾਬਲੇ ਘਟ ਕੇ 41 ਹੋ ਗਈ ਹੈ, ਜਦੋਂ ਕਿ 2023 ਵਿੱਚ ਇਹ ਦਰ 46.6 ਅਤੇ 2021 ਵਿੱਚ 43.9 ਸੀ।
ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਕੋਰੋਨਰ ਡਾ. ਜਤਿੰਦਰ ਬੈਦਵਾਨ ਨੇ ਕਿਹਾ ਹੈ ਕਿ ਮੌਤਾਂ ਦੀ ਵਰਤਮਾਨ ਦਰ ਪ੍ਰਾਂਤ ਵਿੱਚ ਦਿਨ ਦੇ 6.2 ਲੋਕਾਂ ਦੀ ਮੌਤ ਦਾ ਬਰਾਬਰ ਹੈ। ਕੋਰੋਨਰ ਸੇਵਾ ਦੇ ਅੰਕੜੇ ਦਿਖਾਉਂਦੇ ਹਨ ਕਿ ਇਸ ਸਾਲ ਓਵਰਡੋਜ਼ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਵੈਨਕੂਵਰ ਵਿੱਚ 296, ਸਰੀ ਵਿੱਚ 130 ਅਤੇ ਗ੍ਰੇਟਰ ਵਿਕਟੋਰੀਆ ਵਿੱਚ 101 ਹੋਈਆਂ ਹਨ।
ਉਤਰੀ ਹੈਲਥ ਖੇਤਰ ਦੀ ਮੌਤ ਦੀ ਦਰ ਸਬ ਤੋਂ ਉੱਚੀ ਹੈ, ਜੋ ਕਿ 100,000 ਲੋਕਾਂ ‘ਤੇ 75.7 ਦੇ ਕਰੀਬ ਪਹੁੰਚ ਗਈ ਹੈ।