ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਮਾਈਕ ਬਰਨੀਅਰ ਨੇ ਆਉਣ ਵਾਲੀ ਪ੍ਰੋਵਿੰਸ਼ੀਅਲ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਖੜ੍ਹਨ ਦਾ ਫੈਸਲਾ ਕੀਤਾ ਹੈ। ਬਰਨੀਅਰ ਨੇ ਬੀ.ਸੀ. ਯੂਨਾਈਟਿਡ ਦੇ ਕਈ ਸਾਬਕਾ ਉਮੀਦਵਾਰਾਂ ਵਾਂਗ ਬੀ.ਸੀ. ਕਨਜ਼ਰਵੇਟਿਵਜ਼ ਦੇ ਬੈਨਰ ਹੇਠ ਉਮੀਦਵਾਰ ਵਜੋਂ ਚੋਣ ਲੜ੍ਹਨ ਦੀ ਬਜਾਏ ਆਜ਼ਾਦ ਚੋਣ ਲੜਨ ਰਾਹ ਚੁਣਿਆ ਹੈ।
ਬਰਨੀਅਰ ਨੇ ਬੀ.ਸੀ. ਕਨਜ਼ਰਵੇਟਿਵਜ਼ ਨਾਲ ਮਿਲ ਕੇ ਚੋਣਾਂ ਲੜਨ ਦੀ ਸੰਭਾਵਨਾ ਦਾ ਪਹਿਲਾਂ ਜ਼ਿਕਰ ਕੀਤਾ ਸੀ, ਪਰ ਹੁਣ ਉਨ੍ਹਾਂ ਕਿਹਾ ਕੀ ਉਹ ਲੋਕਾਂ ਦੇ ਆਵਾਜ਼ ਬਣਨਗੇ ਕਿਉਂਕਿ ਬੀ.ਸੀ. ਕਨਜ਼ਰਵੇਟਿਵਜ਼ ਦੇ ਕੁਝ ਉਮੀਦਵਾਰ ”ਖ਼ਵਾਤੀਨ ਦੇ ਹੱਕਾਂ ਖ਼ਿਲਾਫ਼, ਮੌਸਮ ਦੀ ਤਬਦੀਲੀ ਨੂੰ ਰੱਦ ਕਰਨ” ਅਤੇ ”ਫ਼ਰਸਟ ਨੇਸ਼ਨਜ਼ ਦੇ ਮੁਦਿਆਂ ਖ਼ਿਲਾਫ਼” ਨਜ਼ਰੀਆ ਪੇਸ਼ ਕਰਦੇ ਹਨ। ਇਸ ਲਈ ਉਨ੍ਹਾਂ ਨੇ ਬੀ.ਸੀ. ਕਨਜ਼ਰਵੇਟਿਵਜ਼ ਦੇ ਨਾਲ ਮਿਲ ਕੇ ਚੋਣ ਲੜਨ ਦੀ ਬਜਾਇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਬੀ.ਸੀ. ਦੀ ਰਾਜਨੀਤਿਕ ਵਿੱਚ ਪਿਛਲੇ ਹਫ਼ਤੇ ਇੱਕ ਵੱਡਾ ਬਦਲਾਅ ਹੋਇਆ ਸੀ, ਜਦੋਂ ਬੀ.ਸੀ. ਯੂਨਾਈਟਿਡ ਦੇ ਨੇਤਾ ਕੇਵਿਨ ਫਾਲਕਨ ਨੇ ਸਰਕਾਰੀ ਵਿਰੋਧੀ ਪਾਰਟੀ ਦੀ ਮੁਹਿੰਮ ਨੂੰ ਰੋਕਦੇ ਹੋਏ ਬੀ.ਸੀ. ਕਨਜ਼ਰਵੇਟਿਵਜ਼ ਦੇ ਨੇਤਾ ਜੌਨ ਰੁਸਟੈਡ ਦਾ ਸਾਥ ਦੇਣ ਦਾ ਫੈਸਲਾ ਕੀਤਾ। ਇਸ ਬਦਲਾਅ ਨਾਲ 140 ਸਾਬਕਾ ਮੰਜ਼ੂਰਸ਼ੁਦਾ ਉਮੀਦਵਾਰਾਂ ਦੀ ਸੂਚੀ ਨੂੰ ਘਟਾ ਕੇ 93 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਲਈ ਗਲਬਾਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਬਾਅਦ, ਕੁਝ ਸਾਬਕਾ ਉਮੀਦਵਾਰਾਂ ਨੂੰ ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਹੋਰ ਸਾਬਕਾ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ੍ਹ ਦਾ ਰਾਹ ਚੁਣ ਰਹੇ ਹਨ।
ਜਾਣਕਾਰੀ ਅਨੁਸਾਰ ਬਰਨੀਅਰ ਦੇ ਇਲਾਵਾ ਸਰੀ-ਪਨੋਰਮਾ ਦੇ ਉਮੀਦਵਾਰ ਦਪਿੰਦਰ ਕੌਰ ਸਰਨ ਨੇ ਵੀ ਆਜ਼ਾਦ ਹੋ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਲੋਨਾ ਦੇ ਨੇੜੇ ਲੂੰਬੀ ਸ਼ਹਿਰ ਦੀ ਮੇਅਰ ਰਹੇ ਅਤੇ ਸਾਬਕਾ ਬੀ.ਸੀ. ਯੂਨਾਈਟਿਡ ਉਮੀਦਵਾਰ ਕੇਵਿਨ ਐਕਟਨ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹਨ ਦੀ ਘੋਸ਼ਣਾ ਕੀਤੀ ਹੈ।