10.4 C
Vancouver
Saturday, November 23, 2024

ਮਜ਼ਬੂਰੀ

 

ਲੇਕਕ : ਗੁਰਤੇਜ ਸਿੰਘ ਖੁਡਾਲ, ਸੰਪਰਕ: 94641-29118

ਕਾਫ਼ੀ ਮੈਲੇ ਅਤੇ ਫਟੇ ਜਿਹੇ ਕੱਪੜਿਆਂ ਵਾਲੀ ਇੱਕ ਬਜ਼ੁਰਗ ਔਰਤ ਪਿਛਲੇ ਕਾਫ਼ੀ ਸਮੇਂ ਤੋਂ ਸਾਡੇ ਦਫਤਰ ਦੇ ਮੇਨ ਗੇਟ ‘ਤੇ ਬੈਠੀ ਆਉਂਦੇ ਜਾਂਦੇ ਲੋਕਾਂ ਤੋਂ ਪੈਸੇ ਮੰਗਦੀ ਸੀ! ਅਦਾਲਤਾਂ ਵਿੱਚ ਬਾਹਰੋਂ ਆਉਣ ਜਾਣ ਵਾਲੇ ਸਾਰੇ ਲੋਕ ਅਤੇ ਮੁਲਾਜ਼ਮ ਬਜ਼ੁਰਗ ਤੇ ਲੋੜਵੰਦ ਸਮਝ ਕੇ ਉਸ ਨੂੰ ਪੈਸੇ ਦੇ ਜਾਂਦੇ ਸਨ। ਉਸ ਦਾ ਸਮਾਂ ਬਿਲਕੁਲ ਪੱਕਾ ਸੀ।

ਉਹ ਸਾਡੇ ਦਫਤਰ ਆਉਣ ਤੋਂ ਪਹਿਲਾਂ ਮੇਨ ਗੇਟ ‘ਤੇ ਬੈਠੀ ਮਿਲਦੀ ਸੀ। ਦਫਤਰ ਵਿੱਚ ਅੱਧੀ ਛੁੱਟੀ (ਖਾਣੇ ਦਾ ਟਾਈਮ) ਵੇਲੇ ਭਾਵ ਇੱਕ ਵਜੇ ਇਹ ਬਜ਼ੁਰਗ ਔਰਤ ਵੀ ਇੱਕ ਪਾਸੇ ਜਾ ਕੇ ਲੋਕਾਂ ਤੋਂ ਮੰਗੇ ਹੋਏ ਪੈਸਿਆਂ ਦੀ ਗਿਣਦੀ ਕਰਦੀ ਸੀ। ਉਸ ਦਾ ਪੈਸੇ ਗਿਣਨ ਦਾ ਪੱਕਾ ਟਿਕਾਣਾ ਸਾਡੀ ਚਾਹ ਵਾਲੀ ਕੰਟੀਨ ਕੋਲ ਸੀ। ਅਸੀਂ ਵੀ ਰੋਜ਼ਾਨਾ ਇੱਕ ਵਜੇ ਚਾਹ ਪੀਣ ਜਾਂਦੇ ਤਾਂ ਉਸ ਬਜ਼ੁਰਗ ਮਾਤਾ ਨੂੰ ਵੀ ਇੱਕ ਕੱਪ ਪਿਲਾ ਦਿੰਦੇ ਸੀ। ਉਸ ਨੂੰ ਪੁੱਛ ਵੀ ਲੈਂਦੇ ਕਿ ਮਾਤਾ ਅੱਜ ਕਿੰਨੇ ਪੈਸੇ ਬਣ ਗਏ। ਫਿਰ ਉਹ ਦੱਸ ਦਿੰਦੀ ਸੀ ਕਿ ”ਆਜ ਤੋ ਬੇਟਾ ਦੋ ਸੌ ਬਨਾ ਹੈਂ ਜਾਂ ਤੀਨ ਸੌ ਬਨਾ ਹੈ!” ਸਾਡੇ ਸਾਹਮਣੇ ਨਾਲੇ ਚਾਹ ਪੀਂਦੀ ਨਾਲ ਗੱਲਾਂ ਕਰਨ ਲੱਗ ਜਾਂਦੀ ਸੀ। ਅਸੀਂ ਕਿਹਾ, ”ਮਾਤਾ, ਤੈਨੂੰ ਹਰ ਰੋਜ਼ ਦੋ ਜਾਂ ਤਿੰਨ ਸੌ ਦੇ ਕਰੀਬ ਪੈਸੇ ਇਕੱਠੇ ਹੋ ਜਾਂਦੇ ਹਨ! ਫਿਰ ਤੂੰ ਹਰ ਰੋਜ਼ ਕਿਉਂ ਆਉਂਦੀ ਏਂ? ਕਦੇ ਆਰਾਮ ਵੀ ਕਰ ਲਿਆ ਕਰ। ਤੇਰੀ ਉਮਰ ਕਾਫ਼ੀ ਹੈ!” ”ਬੇਟਾ, ਕਿਆ ਬਤਾਊਂ, ਯਹਾਂ ਆਨੇ ਸੇ ਪਹਿਲੇ ਮੈਂ ਹਰ ਰੋਜ਼ ਸੁਬ੍ਹਾ ਏਕ ਮੰਦਰ ਕੇ ਗੇਟ ਪਰ ਬੈਠ ਕਰ ਭੀ ਮਾਂਗਤੀ ਹੂ! ਵਹਾਂ ਵੀ ਬੇਟਾ, ਮੇਰੇ ਕੋ ਦੋ-ਡੇਢ ਸੌ ਬਨ ਜਾਤਾ ਹੈ!” ਅਸੀਂ ਸਾਰੇ ਸਾਥੀ ਬਹੁਤ ਹੈਰਾਨ ਹੋਏ ਤੇ ਕਿਹਾ, ”ਮਾਤਾ, ਤੂੰ ਇੰਨੇ ਪੈਸੇ ਕੀ ਕਰਨੇ ਹਨ?” ਸਾਨੂੰ ਤਾਂ ਇਹ ਸੀ ਕਿ ਇਹ ਬਜ਼ੁਰਗ ਔਰਤ ਇੱਕ ਵਜੇ ਪੈਸੇ ਗਿਣ ਕੇ, ਚਾਹ ਪੀ ਕੇ ਆਪਣੇ ਘਰ ਚਲੀ ਜਾਂਦੀ ਹੈ ਅਤੇ ਘਰ ਜਾ ਕੇ ਅਰਾਮ ਕਰਦੀ ਹੋਵੇਗੀ। ਮਾਤਾ ਕਹਿੰਦੀ, ”’ਨਹੀਂ ਬੇਟਾ, ਅਭੀ ਤੋ ਮੈਨੇ ਬਾਜ਼ਾਰ ਵਾਲੇ ਮੇਨ ਚੌਂਕ ਮੇਂ ਜਾਕਰ ਬੈਠ ਕਰ ਮਾਂਗਨਾ ਹੈ। ਮੈਂ ਸੁਬ੍ਹਾ ਛੇ ਬਜੇ ਘਰ ਸੇ ਆਤੀ ਹੂ ਔਰ ਸ਼ਾਮ ਕੋ ਸਾਤ ਬਜੇ ਘਰ ਜਾਤੀ ਹੂ!” ਇਹ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਹੋ ਗਏ। ਫਿਰ ਮਾਤਾ ਨੇ ਦੱਸਿਆ ਕਿ ਉੱਥੇ ਵੀ ਦੋ ਢਾਈ ਸੌ ਰੁਪਏ ਬਣ ਜਾਂਦੇ ਹਨ। ਅਸੀਂ ਸਾਰਾ ਹਿਸਾਬ ਲਾਇਆ ਕਿ ਮਾਤਾ ਨੂੰ ਹਰ ਰੋਜ਼ ਅੱਠ ਸੌ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਬਣਦੇ ਹਨ। ਅਸੀਂ ਕਿਹਾ, ”ਮਾਤਾ, ਤੂੰ ਕਦੇ ਆਰਾਮ ਵੀ ਕਰ ਲਿਆ ਕਰ। ਤੇਰੀ ਉਮਰ ਬਹੁਤ ਹੈ। ਤੂੰ ਹਰ ਰੋਜ਼ ਆਉਂਦੀ ਏ, ਕਦੇ ਛੁੱਟੀ ਵੀ ਕਿਉਂ ਨਹੀਂ ਕਰਦੀ?”

ਫਿਰ ਉਸ ਬਜ਼ੁਰਗ ਮਾਤਾ ਨੇ ਹਕੀਕਤ ਦੱਸੀ, ”ਮੈਂ ਅਪਨੀ ਬੇਟੀ ਕੇ ਪਾਸ ਰਹਿਤੀ ਹੂੰ, ਮੇਰੇ ਘਰਵਾਲੇ ਕੀ ਮੌਤ ਹੋ ਗਈ ਹੈ! ਮੇਰਾ ਜਵਾਈ ਕੁਝ ਕਾਮ ਨਹੀਂ ਕਰਤਾ। ਸਾਰਾ ਦਿਨ ਵੇਹਲਾ ਘਰ ਮੈਂ ਪੜਾ ਰਹਿਤਾ ਹੈ। ਮੈਂ ਜਿਤਨੇ ਭੀ ਪੈਸੇ ਲੇਕਰ ਜਾਤੀ ਹੂੰ ਵੋ ਸਭ ਲੇ ਲੇਤਾ ਹੈ! ਦਾਰੂ ਪੀਤਾ ਹੈ, ਨਸ਼ੇ ਕਰਤਾ ਹੈ ਔਰ ਮੀਟ ਖਾਤਾ ਹੈ। ਅਗਰ ਮੈਂ ਕਹੂੰ ਕਿ ਮੈਂ ਨਹੀਂ ਜਾਣਾ ਮੈਂ ਬੀਮਾਰ ਹੂੰ ਤੋ ਮੇਰੇ ਕੋ ਪੀਟਤਾ ਹੈ। ਮੈਂ ਕਿਆ ਕਰੂੰ ਬੇਟਾ, ਮੇਰੀ ਮਜਬੂਰੀ ਹੈ ਔਰ ਮੈਂ ਬਹੁਤ ਦੁਖੀ ਹੂੰ।”

Related Articles

Latest Articles