-0.1 C
Vancouver
Saturday, January 18, 2025

ਕੈਨਡਾ-ਅਮਰੀਕਾ ਵਿਚ ਪੰਜਾਬੀਆਂ ਦਾ ਬੁਢਾਪਾ

 

ਲੇਖਕ : ਸੁਰਿੰਦਰ ਗੀਤ

ਕੈਨੇਡਾ-ਅਮਰੀਕਾ ਵਿਚ ਪੰਜਾਬੀਆਂ ਦਾ ਬੁਢਾਪਾ ਸਾਹਮਣੇ ਆਉਂਦੇ ਸਾਰ ਹੀ ਫਰੀਮੌਂਟ ਕੈਲੀਫੋਰਨੀਆ ਦਾ ਸਮੁੰਦਰ ਦਾ ਕਿਨਾਰਾ, ਹਰਾ ਭਰਾ ਘਾਹ ਅਤੇ ਲੱਕੜ ਦੇ ਬਣੇ ਬੈਂਚ ‘ਤੇ ਬੈਠੇ ਬਜ਼ੁਰਗ ਪੰਜਾਬੀ ਜੋੜੇ ਦਾ ਖਿਆਲ ਆਇਆ ਜੋ ਕਾਫ਼ੀ ਲੰਬੇ ਸਮੇਂ ਤੋਂ ਮੇਰੀ ਚੇਤਨਾ ਵਿਚ ਵਸਿਆ ਹੋਇਆ ਸੀ। ਬਜ਼ੁਰਗ ਔਰਤ ਨੇ ਸਲਵਾਰ ਕਮੀਜ਼ ਪਾਈ ਸੀ ਤੇ ਸਿਰ ਉੱਪਰ ਪੰਜਾਬੀ ਤਰੀਕੇ ਨਾਲ ਚੁੰਨੀ ਲਈ ਹੋਈ ਸੀ। ਬਜ਼ੁਰਗ ਮਰਦ ਨੇ ਪੈਂਟ ਕਮੀਜ਼ ਅਤੇ ਸਿਰ ਉੱਪਰ ਪੇਂਡੂ ਲਹਿਜੇ ਨਾਲ ਦਸਤਾਰ ਸਜਾਈ ਹੋਈ ਸੀ। ਦੂਰੋਂ ਹੀ ਉਨ੍ਹਾਂ ਦੇ ਪੰਜਾਬੀ ਹੋਣ ਦਾ ਪਤਾ ਲੱਗਦਾ ਸੀ। ਜਿਵੇਂ ਹੀ ਮੇਰੀ ਨਜ਼ਰ ਉਨ੍ਹਾਂ ਉੱਪਰ ਗਈ ਤਾਂ ਤਰ੍ਹਾਂ ਤਰ੍ਹਾਂ ਦੇ ਖਿਆਲ ਮਨ ‘ਚ ਆਉਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾ ਖਿਆਲ ਜੋ ਮੇਰੇ ਮਨ ‘ਚ ਆਇਆ ਉਹ ਇਹ ਸੀ ਕਿ ਇਹ ਕਿੰਨੀ ਚੰਗੀ ਕਿਸਮਤ ਵਾਲੇ ਹਨ ਜੋ ਏਨੇ ਸੋਹਣੇ ਸਾਫ਼ ਸੁਥਰੇ ਵਾਤਾਵਰਣ ‘ਚ ਤੇ ਖ਼ਾਸ ਕਰਕੇ ਸਮੁੰਦਰ ਦੇ ਕਿਨਾਰੇ ਬੈਠੇ ਹਨ। ਮੇਰਾ ਜੀਅ ਕਰਦਾ ਸੀ ਕਿ ਮੈਂ ਕੋਲ ਜਾਵਾਂ, ਪਰ ਮਜਬੂਰੀ ਸੀ ਅਤੇ ਬੇਗਾਨੇ ਵੱਸ ਸਾਂ। ਮੈਂ ਆਪਣੀ ਸਹੇਲੀ ਨਾਲ ਕੈਲੀਫੋਰਨੀਆ ਗਈ ਸੀ ਅਤੇ ਰਿਸ਼ਤੇਦਾਰਾਂ ਨਾਲ ਬਾਹਰ ਕਿਤੇ ਘੁੰਮਣ ਜਾਣ ਲਈ ਨਿਕਲੇ ਸਾਂ। ਕਾਰ ਵਿਚ ਹੋਣ ਕਾਰਨ ਸਿਰਫ਼ ਦੋ ਕੁ ਮਿੰਟ ਹੀ ਮੈਂ ਉਨ੍ਹਾਂ ਨੂੰ ਉੱਥੇ ਬੈਠੇ ਦੇਖ ਸਕੀ ਸਾਂ। ”ਇਹ ਕੀ ਸੋਚ ਰਹੇ ਹੋਣਗੇ?” ਮੈਂ ਸੋਚਣ ਲੱਗੀ। ਸ਼ਾਇਦ ਸਮੁੰਦਰ ਦੀਆਂ ਲਹਿਰਾਂ ਨਾਲ ਗੱਲਬਾਤ ਕਰ ਰਹੇ ਹੋਣਗੇ, ਦੂਰ ਜਾਂਦੇ ਸਮਾਨ ਨਾਲ ਲੱਦੇ ਜਹਾਜ਼ਾਂ ਵੱਲ ਦੇਖ ਰਹੇ ਹੋਣਗੇ, ਉਨ੍ਹਾਂ ਦੇ ਲੰਬੇ ਸਫ਼ਰ ਬਾਰੇ ਸੋਚ ਰਹੇ ਹੋਣਗੇ? ਅਜਿਹੇ ਅਣਗਿਣਤ ਖਿਆਲਾਂ ਨੇ ਮੈਨੂੰ ਘੇਰ ਲਿਆ। ਉੱਥੇ ਕੁਝ ਦਿਨ ਰਹਿ ਕੇ ਅਸੀਂ ਵਾਪਸ ਆ ਗਏ ਅਤੇ ਕੰਮਾਂ ਕਾਰਾਂ ‘ਤੇ ਜਾਣਾ ਸ਼ੁਰੂ ਹੋ ਗਿਆ। ਉਸ ਬਜ਼ੁਰਗ ਜੋੜੇ ਦੀ ਤਸਵੀਰ ਅੱਜ ਤਕ ਮੇਰੇ ਜ਼ਿਹਨ ‘ਚ ਵਸੀ ਹੋਈ ਹੈ। ਇਕ ਦਿਨ ਮੈਂ ਕੰਮ ਤੋਂ ਘਰ ਵਾਪਸ ਆ ਰਹੀ ਸਾਂ। ਬੱਸ ਵਿਚ ਮੇਰੇ ਨਾਲ ਦੀ ਸੀਟ ‘ਤੇ ਇਕ ਬਜ਼ੁਰਗ ਆ ਕੇ ਬਹਿ ਗਿਆ। ਉਸ ਨਾਲ ਥੋੜ੍ਹੀ ਬਹੁਤ ਜਾਣ ਪਹਿਚਾਣ ਸੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਅਤੇ ਗੱਲਬਾਤ ਤੋਰਨ ਲਈ ਪੁੱਛਣ ਲੱਗੀ ਕਿ ਅੰਕਲ ਜੀ ਕਿਧਰੋਂ ਆ ਰਹੇ ਹੋ? ਉਸ ਬਜ਼ੁਰਗ ਨੇ ਡੂੰਘਾ ਸਾਹ ਲਿਆ ਤੇ ਕਹਿਣ ਲੱਗਾ ਕੀ ਦੱਸਾਂ ਬੀਬੀ, ਜੇਕਰ ਘਰੇ ਰਹਿੰਦਾ ਹਾਂ ਤਾਂ ਨੂੰਹ ਸਾਰਾ ਦਿਨ ਬੁੜ ਬੁੜ ਕਰਦੀ ਹੈ, ਅਖੇ ਸੋਫੇ ਤੋੜਦਾ ਹੈ। ਇਸ ਕਰਕੇ ਮੈਂ ਸਵੇਰੇ ਹੀ ਘਰੋਂ ਨਿਕਲ ਜਾਂਦਾ ਹਾਂ ਅਤੇ ਸ਼ਾਮ ਨੂੰ ਵਾਪਸ ਆ ਜਾਂਦਾ ਹਾਂ। ਇਹ ਸੁਣ ਕੇ ਮੈਂ ਕੰਬ ਜਿਹੀ ਗਈ ਅਤੇ ਕੈਲੀਫੋਰਨੀਆ ਵਾਲੇ ਬਜ਼ੁਰਗ ਜੋੜੇ ਦਾ ਖਿਆਲ ਆ ਗਿਆ। ਸ਼ਾਇਦ ਉਹ ਬਜ਼ੁਰਗ ਜੋੜਾ ਵੀ ਏਸੇ ਕਾਰਨ ਉੱਥੇ ਬੈਠਾ ਹੋਵੇ। ਆਪਣਾ ਵਕਤ ਲੰਘਾਉਂਦਾ ਹੋਵੇ। ਘਰ ‘ਚ ਕੋਈ ਝੱਲਦਾ ਨਾ ਹੋਵੇ। ਬਜ਼ੁਰਗ ਮਰਦ ਤਾਂ ਬਾਹਰ ਸਮਾਂ ਬਤੀਤ ਕਰ ਆਉਂਦੇ ਹਨ, ਪਰ ਬਜ਼ੁਰਗ ਔਰਤਾਂ ਸਾਰਾ ਸਮਾਂ ਘਰ ਰਹਿਣ ਕਰਕੇ ਇਸ ਤਰ੍ਹਾਂ ਦੀਆਂ ਵਧੀਕੀਆਂ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ।

ਉਨ੍ਹਾਂ ਦਿਨਾਂ ‘ਚ ਮੈਂ ਕੈਲਗਰੀ ਪੁਲੀਸ ਦੇ ਪ੍ਰਬੰਧਕੀ ਢਾਂਚੇ ਦੇ ਦਫ਼ਤਰ ‘ਚ ਨੌਕਰੀ ਕਰਦੀ ਸਾਂ। ਉੱਥੇ ਮੈਂ ਗਿਆਰਾਂ ਸਾਲ ਕੰਮ ਕੀਤਾ ਅਤੇ ਪੰਜਾਬੀਆਂ ਦੇ ਬੁਢਾਪੇ ਦੀ ਅਸਲੀ ਤਸਵੀਰ ਦੇਖੀ।

ਉਦਾਹਰਣ ਵਜੋਂ ਇਕ ਘਟਨਾ ਦਾ ਜ਼ਿਕਰ ਕਰਦੀ ਹਾਂ। ਸਵੇਰ ਦਾ ਵੇਲਾ ਸੀ। ਦਫ਼ਤਰ ਗਿਆਂ ਅਜੇ ਦੋ ਕੁ ਘੰਟੇ ਹੀ ਹੋਏ ਸਨ ਕਿ ਪੁਲੀਸ ਕਰਮਚਾਰੀ ਆਇਆ ਤੇ ਕਹਿਣ ਲੱਗਾ ਕਿ ਮੈਂ ਇਕ ਬਜ਼ੁਰਗ ਪੰਜਾਬੀ ਔਰਤ ਨੂੰ ਬੰਦੀ ਬਣਾ ਕੇ ਲਿਆਇਆ ਹਾਂ। ਇੰਟਰਪਰੇਟਰ ਦੀ ਲੋੜ ਹੈ ਤੂੰ ਹੀ ਚਲੀ ਜਾ। ਕੁਝ ਦੇਰ ਬਾਅਦ ਮੈਂ ਉੱਪਰਲੀ ਮੰਜ਼ਿਲ ‘ਤੇ ਚਲੀ ਗਈ ਜਿੱਥੇ ਲੋਕਾਂ ਨੂੰ ਬੰਦੀ ਬਣਾ ਕੇ ਲਿਆਇਆ ਜਾਂਦਾ ਸੀ। ਉਸ ਬਜ਼ੁਰਗ ਔਰਤ ਨੂੰ ਬਾਹਰ ਲਿਆਂਦਾ ਗਿਆ ਕਿਉਂਕਿ ਜੱਜ ਦੇ ਪੇਸ਼ੀ ਸੀ। ਜ਼ਮਾਨਤ ਹੋਣੀ ਸੀ। ਸੱਤਰ ਕੁ ਸਾਲ ਦੀ ਉਸ ਔਰਤ ਨੇ ਸਾਧਾਰਨ ਜਿਹੀ ਸਲਵਾਰ ਕਮੀਜ਼ ਪਾਈ ਸੀ। ਉਸ ਕੋਲ ਚੁੰਨੀ ਨਹੀਂ ਸੀ। ਉਹ ਬਚਾਓ ਦੇ ਪੱਖੋਂ ਜਮ੍ਹਾਂ ਕਰਵਾ ਲਈ ਗਈ ਸੀ। ਉਹ ਔਰਤ ਆਪਣੀਆਂ ਦੋਵਾਂ ਬਾਹਾਂ ਨੂੰ ਆਪਣੀ ਹਿੱਕ ਨਾਲ ਲਾਈ ਬੈਠੀ ਸੀ ਜਿਵੇਂ ਬਾਹਾਂ ਨਾਲ ਆਪਣਾ ਨੰਗੇਜ਼ ਢਕ ਰਹੀ ਹੋਵੇ। ਮੈਂ ਪਿਆਰ ਨਾਲ ਬੀਜੀ ਕਹਿ ਕੇ ਉਸ ਕੋਲ ਬੈਠ ਗਈ। ਉਹ ਰੋਣ ਲੱਗ ਪਈ। ਉਸ ਬੀਬੀ ਨੇ ਸਭ ਤੋਂ ਪਹਿਲੀ ਗੱਲ ਜੋ ਮੈਨੂੰ ਆਖੀ ਉਹ ਇਹ ਸੀ ਕਿ ਮੇਰੀ ਚੁੰਨੀ ਮੇਰੇ ਕੋਲ ਨਹੀਂ। ਮੇਰੀ ਚੁੰਨੀ ਲੈ ਕੇ ਆ। ਮੈਂ ਬੜੇ ਪਿਆਰ ਨਾਲ ਉਸ ਨੂੰ ਸਮਝਾਇਆ ਕਿ ਚੁੰਨੀ ਘਰੇ ਜਾਣ ਲੱਗਿਆਂ ਹੀ ਮਿਲੇਗੀ। ਉਹ ਜ਼ਿੱਦ ਕਰ ਰਹੀ ਸੀ ਕਿ ਚੁੰਨੀ ਬਗੈਰ ਉਹ ਜੱਜ ਦੇ ਸਾਹਮਣੇ ਕਿਵੇਂ ਜਾਵੇ। ਮੇਰਾ ਨਹੀਂ ਖਿਆਲ ਕਿ ਉਹ ਬੀਬੀ ਕਦੇ ਚੁੰਨੀ ਬਗੈਰ ਕਿਸੇ ਦੇ ਸਾਹਮਣੇ ਹੋਈ ਹੋਵੇ। ਕਦੇ ਪੁਲੀਸ ਥਾਣੇ ਦੇ ਅੱਗੋਂ ਦੀ ਲੰਘੀ ਹੋਵੇ। ਥਾਣੇ ਅੰਦਰ ਜਾਣਾ ਤਾਂ ਦੂਰ ਦੀ ਗੱਲ ਸੀ। ਅਸਲ ਮੁੱਦੇ ਦੀ ਗੱਲ ਇਹ ਹੈ ਕਿ ਬੀਬੀ ਥਾਣੇ ਕਿਵੇਂ ਪੁੱਜੀ? ਉਸ ਦੇ ਦੱਸਣ ਮੁਤਾਬਕ ਜਾਂ ਪੁਲੀਸ ਦੀ ਰਿਪੋਰਟ ਮੁਤਾਬਕ ਸਵੇਰੇ ਜਦੋਂ ਉਸ ਦੇ ਨੂੰਹ ਪੁੱਤ ਦੋਵਾਂ ਨੇ ਕੰਮ ‘ਤੇ ਜਾਣਾ ਸੀ ਤਾਂ ਨੂੰਹ ਆਪਣੇ ਡੇਢ ਕੁ ਸਾਲ ਦੇ ਬੱਚੇ ਨੂੰ ਬੀਬੀ ਨੂੰ ਫੜਾਉਣ ਆਈ ਤਾਂ ਦੋਵਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਨੂੰਹ ਨਹੀਂ ਸੀ ਚਾਹੁੰਦੀ ਕਿ ਉਹ ਲਾਈਟ ਜਗਾਵੇ ਜਿਸ ਨਾਲ ਬੱਚੇ ਦੀ ਨੀਂਦ ਖ਼ਰਾਬ ਹੋਵੇ, ਪਰ ਬੀਬੀ ਦੇ ਪਾਠ ਕਰਨ ਦਾ ਸਮਾਂ ਸੀ, ਬੱਤੀ ਜਗਾਉਣੀ ਪੈਣੀ ਸੀ। ਨੌਬਤ ਏਥੋਂ ਤਕ ਪੁੱਜ ਗਈ। ਨੂੰਹ ਦਾ ਇਲਜ਼ਾਮ ਸੀ ਕਿ ਉਸ ਦੀ ਸੱਸ ਨੇ ਉਸ ਦੇ ਘਸੁੰਨ ਮਾਰੇ ਹਨ। ਬੀਬੀ ਦੇ ਵੀ ਨਹੁੰਆਂ ਦੇ ਨਿਸ਼ਾਨ ਸਨ ਜੋ ਉਸ ਨੇ ਮੈਨੂੰ ਆਪਣੀ ਖਿੱਚ ਕੇ ਪਾੜੀ ਕਮੀਜ਼ ਦੇ ਗਲੇ ਥਾਣੀਂ ਦਿਖਾਏ। ਮੈਂ ਕਿਹਾ ਬੀਜੀ ਤੁਸੀਂ ਇਹ ਪੁਲੀਸ ਅਫ਼ਸਰ ਨੂੰ ਕਿਉਂ ਨਹੀਂ ਦਿਖਾਇਆ ਤਾਂ ਉਹ ਆਖਣ ਲੱਗੀ ”ਕੀ ਦੱਸਾਂ ਧੀਏ ਮੈਂ ਤਾਂ ਸੋਚਿਆ ਸੀ ਢਕੀ ਰਿੱਝੀ ਜਾਵੇ।” ਮੁੱਕਦੀ ਗੱਲ ਬੀਬੀ ਦੀ ਜ਼ਮਾਨਤ ਹੋ ਗਈ। ਨੂੰਹ ਨਾਲੋਂ ਅਲੱਗ ਰਹਿਣ ਦੀ ਪਾਬੰਦੀ ਲਾ ਕੇ ਅਤੇ ਅਗਲੀ ਤਰੀਕ ਦੇ ਕੇ ਜੱਜ ਨੇ ਛੱਡ ਦਿੱਤਾ। ਮੈਂ ਬੀਬੀ ਦਾ ਸਾਰਾ ਸਾਮਾਨ ਜਿਸ ਵਿਚ ਬੀਬੀ ਦੀ ਚੁੰਨੀ, ਗੁਟਕਾ ਸਾਹਿਬ ਅਤੇ ਛੋਟਾ ਲੱਕੜ ਦਾ ਕੰਘਾ ਸੀ, ਬੀਬੀ ਨੂੰ ਦਵਾ ਕੇ ਬਾਹਰ ਉਸ ਦੇ ਪੁੱਤਰ ਕੋਲ ਛੱਡਣ ਚਲੀ ਗਈ। ਉਸ ਦਾ ਪੁੱਤਰ ਉਸ ਨੂੰ ਲੈਣ ਆਇਆ ਸੀ। ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਨੌਜਵਾਨ, ਮਾਂ ਨੇ ਰੀਝਾਂ ਨਾਲ ਪਾਲਿਆ ਲੱਗਦਾ ਸੀ। ਹੈਰਾਨੀ ਦੀ ਗੱਲ ਇਹ ਹੋਈ ਕਿ ਉਹ ਮੈਨੂੰ ਇਹ ਕਹਿਣ ਲੱਗ ਪਿਆ ਕਿ ਪੁਲਸੀਏ ਨੇ ਇਕ ਪਾਸੇ ਦੀ ਕਹਾਣੀ ਸੁਣੀ ਤੇ ਮੇਰੀ ਮਾਂ ਨੂੰ ਫੜ ਕੇ ਲੈ ਆਇਆ। ਅਸਲ ਗੱਲ ਇਹ ਸੀ ਕਿ ਉਸ ਨੇ ਆਪਣੀ ਪਤਨੀ ਦੇ ਸਾਹਮਣੇ ਆਪਣੀ ਮਾਂ ਦੇ ਵਿਰੁੱਧ ਗਵਾਹੀ ਭਰੀ ਸੀ। ਮੇਰੀ ਇਸ ਲੰਬੀ ਕਹਾਣੀ ਤੋਂ ਉੱਤਰੀ ਅਮਰੀਕਾ ਵਿਚ ਵੱਸਦੇ ਬਜ਼ੁਰਗ ਪੰਜਾਬੀਆਂ ਦੇ ਰਹਿਣ ਸਹਿਣ ਦਾ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਸੰਤਾਨ ਵੱਲੋਂ ਕਿਵੇਂ ਉਨ੍ਹਾਂ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਹਨ। ਜ਼ੁਲਮ ਢਾਇਆ ਜਾਂਦਾ ਹੈ। ਮਹੱਤਵਪੂਰਨ ਗੱਲ ਜੋ ਮੈਂ ਆਖਣਾ ਚਾਹੁੰਦੀ ਹਾਂ ਉਹ ਇਹ ਕਿ ਬਹੁਤੇ ਘਰਾਂ ਵਿਚ ਮਾਂ ਬਾਪ ਨੂੰ ਬੱਚੇ ਸਾਂਭਣ ਅਤੇ ਘਰ ਦੇ ਕੰਮਕਾਜ ਲਈ ਹੀ ਵਰਤਿਆ ਜਾਂਦਾ ਹੈ। ਬੱਚਿਆਂ ਨੂੰ ਸਾਂਭਣਾ, ਘਰ ਦੇ ਕੰਮਕਾਜ ਵਿਚ ਆਪਣੇ ਵਿਤ ਅਨੁਸਾਰ ਮਦਦ ਕਰਨੀ ਕੋਈ ਮਿਹਣੇ ਵਾਲੀ ਗੱਲ ਨਹੀਂ, ਪਰ ਮਿਹਣੇ ਵਾਲੀ ਗੱਲ ਓਦੋਂ ਬਣਦੀ ਹੈ ਜਦੋਂ ਬਜ਼ੁਰਗਾਂ ਨੂੰ ਘਰਾਂ ‘ਚ ਕੇਵਲ ਤੇ ਕੇਵਲ ਇਸੇ ਮੰਤਵ ਨਾਲ ਰੱਖਿਆ ਜਾਂਦਾ ਹੈ। ਬੁੱਢੇ ਮਾਂ-ਬਾਪ ਕੰਮ ਕਰਦੇ ਹਨ। ਪੈਸੇ ਕਮਾਉਂਦੇ ਹਨ, ਪਰ ਉਨ੍ਹਾਂ ਦੀ ਕਮਾਈ ‘ਤੇ ਪੁੱਤ-ਨੂੰਹ ਹੀ ਕਬਜ਼ਾ ਕਰ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਇਨ੍ਹਾਂ ਨੂੰ ਰੋਟੀ ਕੱਪੜਾ ਤੇ ਸਿਰ ਢੱਕਣ ਲਈ ਛੱਤ ਮਿਲਦੀ ਹੈ ਤਾਂ ਇਨ੍ਹਾਂ ਨੇ ਪੈਸੇ ਕੀ ਕਰਨੇ ਹਨ? ਏਥੋਂ ਤਕ ਕਿ ਸਰਕਾਰ ਵੱਲੋਂ ਮਿਲਦੀ ਬੁਢਾਪਾ ਪੈਨਸ਼ਨ ਵੀ ਔਲਾਦ ਦੇ ਕੰਮ ਆਉਂਦੀ ਹੈ।

ਹੁਣ ਉਸ ਸਮੇਂ ‘ਤੇ ਆਉਂਦੇ ਹਾਂ ਜਦੋਂ ਮਾਂ ਬਾਪ ਤੁਰਨ ਫਿਰਨ ਤੋਂ ਆਹਰੀ ਹੋ ਜਾਂਦੇ ਹਨ। ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਸੋਧਣ ਲਈ, ਖਾਣ ਪੀਣ, ਉੱਠਣ ਬੈਠਣ ਲਈ ਉਹ ਆਪਣੇ ਬੱਚਿਆਂ ਵੱਲ ਤੱਕਦੇ ਰਹਿੰਦੇ ਹਨ। ਅਜਿਹੇ ਸਮੇਂ ਉਨ੍ਹਾਂ ਨੂੰ ਬਜ਼ੁਰਗਾਂ ਲਈ ਬਣੇ ਨਰਸਿੰਗ ਹੋਮਾਂ ‘ਚ ਛੱਡ ਆਉਂਦੇ ਹਨ। ਇਹ ਠੀਕ ਹੈ ਕਿ ਇਨ੍ਹਾਂ ਮੁਲਕਾਂ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਮਾਂ-ਬਾਪ ਨੂੰ ਸਾਂਭਣ ਦਾ ਸਮਾਂ ਨਹੀਂ ਹੁੰਦਾ, ਪਰ ਨੌਬਤ ਏਥੋਂ ਤਕ ਵੀ ਨਹੀਂ ਹੁੰਦੀ ਕਿ ਨਰਸਿੰਗ ਹੋਮ ‘ਚ ਮਾਂ-ਬਾਪ ਦਾ ਪਤਾ ਸੁਤਾ ਲੈਣ ਜਾਇਆ ਹੀ ਨਾ ਜਾਵੇ। ਬੁੱਢੇ ਮਾਂ-ਬਾਪ ਆਪਣੇ ਜਾਇਆਂ ਨੂੰ ਦੇਖਣ ਲਈ ਤਰਸਦੇ ਰਹਿੰਦੇ ਹਨ। ਕਈ ਕਈ ਮਹੀਨੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਦੇਖਣ ਹੀ ਨਹੀਂ ਜਾਂਦੇ। ਜਦੋਂ ਸਵਾਸ ਤਿਆਗ ਦਿੰਦੇ ਹਨ ਤਾਂ ਪੁੱਜ ਜਾਂਦੇ ਹਨ ਮੁਰਦਾ ਦੇਹ ਦਾ ਕਬਜ਼ਾ ਲੈਣ। ਉਨ੍ਹਾਂ ਦੇ ਪੁੱਤ-ਧੀ ਹੋਣ ਦਾ ਸਬੂਤ ਦੇਣ ਲਈ। ਇਹ ਬੜਾ ਹੀ ਸ਼ਰਮਨਾਕ ਵਰਤਾਰਾ ਹੈ।

ਦੂਸਰੇ ਪਾਸੇ ਆਉਂਦੇ ਹਾਂ। ਕਈ ਬਜ਼ੁਰਗ ਵੀ ਇਨ੍ਹਾਂ ਮੁਲਕਾਂ ਦੀਆਂ ਖੁੱਲ੍ਹਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ। ਇਹ ਗੱਲ ਬੜੀ ਕੌੜੀ ਅਤੇ ਸ਼ਰਮਨਾਕ ਹੈ, ਪਰ ਹੈ ਸੱਚੀ। ਬਜ਼ੁਰਗ ਮਰਦਾਂ ਦਾ ਆਪਣੀਆਂ ਨੂੰਹਾਂ ਪ੍ਰਤੀ ਗ਼ਲਤ ਵਰਤਾਰਾ, ਸਕੂਲਾਂ ਕੋਲ ਜਾ ਕੇ ਬੈਠਣਾ, ਜਵਾਨ ਕੁੜੀਆਂ ਵੱਲ ਗ਼ਲਤ ਨਜ਼ਰਾਂ ਨਾਲ ਤੱਕਣਾ, ਮੌਕਾ ਆਉਣ ‘ਤੇ ਭੱਦਾ ਵਰਤਾਰਾ ਕਰਨਾ, ਬੱਸ ਜਾਂ ਟਰੇਨ ਵਿਚ ਨਾਲ ਦੀ ਸੀਟ ‘ਤੇ ਬੈਠੀ ਗੋਰੀ-ਕਾਲੀ ਭਾਵ ਕਿਸੇ ਵੀ ਨਸਲ ਦੀ ਕੁੜੀ ਨਾਲ ਜਾਣ ਬੁੱਝ ਕੇ ਖਹਿਣਾ ਆਦਿ। ਇਸ ਪ੍ਰਕਾਰ ਦਾ ਵਤੀਰਾ ਉਨ੍ਹਾਂ ਨੂੰ ਤਾਂ ਕੀ ਸਮੁੱਚੇ ਭਾਈਚਾਰੇ ਨੂੰ ਬਹੁਤ ਪਿਛਾਂਹ ਲੈ ਜਾਂਦਾ ਹੈ। ਬਦਨਾਮੀ ਦਾ ਕਾਰਨ ਬਣਦਾ ਹੈ। ਕਈ ਮਾਮਲਿਆਂ ‘ਚ ਪੁਲੀਸ ਵਿਚ ਆ ਜਾਂਦੀ ਹੈ। ਇਹ ਬੜਾ ਹੀ ਸ਼ਰਮਨਾਕ ਵਰਤਾਰਾ ਹੈ। ਬਜ਼ੁਰਗਾਂ ਦੇ ਵਰਤਾਰੇ ਵਿਚ ਇਕ ਹੋਰ ਗੱਲ ਆ ਜੁੜਦੀ ਹੈ। ਉਨ੍ਹਾਂ ਦਾ ਛੇ ਮਹੀਨੇ ਏਥੇ ਰਹਿਣਾ ਅਤੇ ਛੇ ਮਹੀਨੇ ਪੰਜਾਬ ਜਾ ਕੇ ਰਹਿਣਾ। ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਦਾ ਨਾਜਾਇਜ਼ ਫਾਇਦਾ ਉਠਾੳਣਾ। ਅਸਲ ‘ਚ ਇਨ੍ਹਾਂ ਸਹੂਲਤਾਂ ਨੂੰ ਕੋਈ ਹੋਰ ਹੀ ਮਾਣਦਾ ਹੈ। ਪਹਿਲਾਂ ਪਹਿਲ ਜਦੋਂ ਸਾਡੀ ਪੰਜਾਬੀ ਭਾਈਚਾਰੇ ਦੀ ਗਿਣਤੀ ਘੱਟ ਸੀ ਤਾਂ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ। ਸਿਰ ‘ਤੇ ਦਸਤਾਰ ਸਜਾ ਕੇ ਜਾਂ ਦੇਸੀ ਸਲਵਾਰ ਕਮੀਜ਼ ਪਾ ਕੇ ਬਾਹਰ ਅੰਦਰ ਜਾਣਾ ਔਖਾ ਹੋ ਜਾਂਦਾ ਸੀ। ਬੜੀਆਂ ਓਪਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ ਅਤੇ ਬਹੁਤ ਵਾਰ ਨਸਲਵਾਦ ਦਾ ਸ਼ਿਕਾਰ ਵੀ ਬਣਨਾ ਪੈਂਦਾ ਸੀ, ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਅੱਜਕੱਲ੍ਹ ਹਰ ਛੋਟੇ ਵੱਡੇ ਸ਼ਹਿਰ ਵਿਚ ਪੰਜਾਬ ਦਾ ਇਕ ਟੋਟਾ ਵੱਸਦਾ ਹੈ।

ਬਜ਼ੁਰਗਾਂ ਲਈ ਸਭਾ ਸੁਸਾਇਟੀਆਂ ਬਣੀਆਂ ਹਨ ਜਿੱਥੇ ਜਾ ਕੇ ਉਹ ਮਨਪ੍ਰਚਾਵਾ ਕਰ ਲੈਂਦੇ ਹਨ। ਤਾਸ਼ ਖੇਡ ਲੈਂਦੇ ਹਨ, ਗੱਪਾਂ ਮਾਰ ਲੈਂਦੇ ਹਨ। ਬਜ਼ੁਰਗ ਔਰਤਾਂ ਲਈ ਵੀ ਅਜਿਹੀਆਂ ਸਹੂਲਤਾਂ ਹਨ। ਮਨਪ੍ਰਚਾਵੇ ਦੇ ਨਾਲ ਨਾਲ ਉਸਾਰੂ ਗੱਲਾਂ ਬਾਤਾਂ ਕਰਦੀਆਂ ਹਨ, ਦੁੱਖ ਸੁੱਖ ਦੀ ਸਾਂਝ ਪਾਉਂਦੀਆਂ ਹਨ। ਸ਼ਾਮ ਵੇਲੇ ਸਾਫ਼ ਸੁਥਰੇ ਪਾਰਕਾਂ ‘ਚ ਬੈਠ ਸਾਫ਼ ਸੁਥਰੀ ਹਵਾ ‘ਚ ਸਾਹ ਲੈਂਦੀਆਂ ਬਜ਼ੁਰਗ ਜ਼ਿੰਦਗੀਆਂ ਨੂੰ ਦੇਖ ਖੁਸ਼ੀ ਹੁੰਦੀ ਹੈ। ਪੰਜਾਬ ‘ਚ ਅੱਜਕੱਲ੍ਹ ਅਜਿਹਾ ਵਾਤਾਵਰਣ ਕਿੱਥੇ? ਇਨ੍ਹਾਂ ਸਹੂਲਤਾਂ ਅਤੇ ਖੁੱਲ੍ਹਾਂ ਨੂੰ ਮਾਣਨ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਦੇਸ਼ ਦਾ ਖਾਂਦੇ ਹਾਂ, ਜਿਸ ਦੇਸ਼ ਨੇ ਸਾਨੂੰ ਰੁਜ਼ਗਾਰ ਬਖ਼ਸ਼ਿਆ ਹੈ, ਉਸ ਦੇਸ਼ ਦੇ ਕਾਨੂੰਨ, ਅਨੁਸ਼ਾਸਨ ਅਤੇ ਸਫ਼ਾਈ ਦਾ ਧਿਆਨ ਰੱਖੀਏ। ਕੇਵਲ ਪੰਜਾਬੀਆਂ ਦਾ ਹੀ ਨਹੀਂ ਸਗੋਂ ਹਰ ਨਾਗਰਿਕ ਦਾ ਸਨਮਾਨ ਕਰੀਏ। ਆਪਣੀ ਲੋਹੜੀ, ਦੀਵਾਲੀ ਦੇ ਨਾਲ ਨਾਲ ਬਾਕੀ ਲੋਕਾਂ ਦੇ ਵੀ ਤਿਉਹਾਰਾਂ ਦਾ ਮਾਣ ਸਨਮਾਨ ਕਰੀਏ। ਜਿਸ ਦੇਸ਼ ਨੇ ਸਾਨੂੰ ਵਧੀਆ ਜ਼ਿੰਦਗੀ ਜਿਉਣ ਦੇ ਮੌਕੇ ਪ੍ਰਦਾਨ ਕੀਤੇ ਹੋਣ, ਉਸ ਦੇਸ਼ ਦੇ ਪਾਸਪੋਰਟ ਦਾ ਹੀ ਆਨੰਦ ਨਾ ਮਾਣੀਏ ਸਗੋਂ ਉਸ ਦੇਸ਼ ਦੇ ਵਧੀਆ ਨਾਗਰਿਕ ਹੋਣ ਦਾ ਵੀ ਸਬੂਤ ਦਈਏ।

Related Articles

Latest Articles