ਐਥੋਂ ਮੇਰੇ ਪਿੰਡ ਦੀ ਤਾਂ ਵਾਟ ਬੜੀ ਘੱਟ ਏ
ਸੋਚਾਂ ਜੇ ਤੇ ਚਿੱਤ ਓਥੇ ਪਹੁੰਚ ਜਾਂਦਾ ਝੱਟ ਏ!
ਮੁੜਦਾ ਮੈ ਸ਼ਹਿਰੋਂ ਜਿਵੇਂ ਵਾਟ ਮਿੱਥਾਂ ਪਿੰਡ ਦੀ
ਰਾਹੇ ਦੇ ਵੀ ਓਵੇਂ ਜਾਣਾਂ ਟੋਏ ਕਿੱਥੋਂ ਤੱਕ ਨੇ,
ਰਸਤੇ ਤੇ ਤੁਰਿਆ ਸ਼ਹੀਦੀਂ ਪਹੁੰਚ ਜਾਂਨਾਂ ਜਦ
ਮੂੰਹੋਂ ਤਵਾਰੀਖ ਦੱਸੇ ਕਿੰਨਾ ਬਾਗ਼ੀ ਸਾਡਾ ਰੱਤ ਏ,
ਪਿੰਡ ਵਿੱਚ ਨਸ਼ਾ ਘੱਟ ਗਿਆ ਜਾਂ ਵਧੇਰੇ ਹੁਣ
ਗਰਾਉਂਡੋਂ ਦਿਆਂ ਦੱਸ ਕੀ ਲਾਈ ਚੋਬਰਾਂ ਨੇ ਲੱਤ ਏ,
ਨਿੱਕਲਾਂ ਗਰਾਊਂਡੋਂ ਤਾਂ ਸੁਸਾਇਟੀ ਦੱਸ ਦਿੰਦੀ
ਕਿੰਨੇ ਕਰਜ਼ੇ ‘ਚ ਮੇਰੇ ਪਿੰਡਾਂ ਦਾ ਕੰਮੀਂ ਜੱਟ ਏ,
ਜਹਾਨ ਦੇ ਨਜ਼ਾਰੇ ਛੱਡ ਮਹਿਲ ਤੇ ਮੁਨਾਰੇ ਛੱਡ
ਟਾਹਲੀਆਂ ਦੇ ਕੋਲੋਂ ਕੂਕਾਂ ਜੀਣਾ ਝੂਠ ਮੌਤ ਸੱਚ ਏ,
ਫਿਰਨੀਓਂ ਚੜ੍ਹਦੇ ਨੂੰ ਹੋ ਕੇ ਪਹੁੰਚਾਂ ਗੁਰੂ-ਘਰ
ਗਿਆਨ ਹੁੰਦਾ ਵੰਡੀਆਂ ਤੋਂ ਪਿੰਡ ਹਾਲੀਂ ਰਿਹਾ ਬੱਚ ਏ,
ਪਿੰਡ ਨੂੰ ਮੈਂ ਘੁੰਮ ਲਵਾਂ ਮਿੱਟੀ ਏਹਦੀ ਚੁੰਮ ਲਵਾਂ
ਦੱਸਾਂ ਦੁਨੀਆਂ ਨੂੰ ਕੀ ਕੀ ਲਿਆ ਮੈਂ ਐਥੋਂ ਖੱਟ ਏ,
ਸਿੱਖਿਆ ਨਾਂ ਭੁੱਲਦਾ ਤੇ ਖੇਡਿਆ ਨਾਂ ਭੁੱਲਦਾ
ਉਂਗਲਾਂ ਤੇ ਨਾਂ ਸਕਾਂ ਗਿਣ ਕੀ ਕੀ ਲਈ ਐਥੋਂ ਮੱਤ ਏ,
ਵਗਦੇ ਮੈ ਪੁਰੇ ਨੂੰ ਤਾਂ ਛੋਹ ਕੇ ਹੀ ਮਾਪ ਲਵਾਂ
ਨਮੀ ਤੋਂ ਲੈ ਦੱਸ ਦਿਆਂ ਮੀਂਹ ਹੈ ਵੀ ਜਾਂ ਨਾਂ ਕੱਖ ਏ,
ਸਿੰਜਣਾ ਸਵਾਰਨਾ ਤੇ ਬੀਜਣਾ ਜੇ ਫਸਲਾਂ ਨੂੰ
ਠੁੱਡਾ ਮਾਰ ਦੱਸਾਂ ਪੈਲ਼ੀ ਰੜ੍ਹੀ ਪਈ ਏ ਜਾਂ ਵੱਤ ਏ,
ਪਰ੍ਹੇ ਪੰਚਾਇਤ ਵਿੱਚ ਪੈਂਦੇ ਰੌਲੇ ਤੋਂ ਈ ਦੱਸਾਂ
ਬਹੁਤੇ ਮੋਹਤਬਾਰ ਲੈਂਦੇ ਕਿਹਦਾ ਕਾਹਤੋਂ ਪੱਖ ਨੇ,
ਪੋਟਿਆਂ ਤੇ ਗਿਣਕੇ ਤੇ ਇੱਕੋ ਸਾਹੇ ਦੱਸ ਦਿਆਂ
ਐਤਕਾਂ ਦੀ ਵਾਰੀ ਸੰਮਤੀ ਕਰਾਈ ਕਿਹਨਾਂ ਰੱਦ ਏ,
ਕਾਮਯਾਬ ਬੰਦਿਆਂ ਦੇ ਐਬ ਰੱਬ ਉੱਤੇ ਛੱਡਾਂ
ਕਰਾਂ ਇਮਦਾਦ ਜੇ ਅਜੇ ਕੱਚੀ ਕਿਸੇ ਦੀ ਵੀ ਛੱਤ ਏ,
ਓਮਰਾਂ ਦੇ ਰੌਲੇ ਸਭ ਦੌੜ੍ਹ ਲੋੜਾਂ ਦੀ ਏ ਵਿਰਕਾ
ਰਹਿੰਦਾ ਬਚਪਨ ਚੰਗਾ ਹੁੰਦਾ ਵੱਧ ਨਾਂ ਕੋਈ ਘੱਟ ਏ ।
ਲੇਖਕ : ਸ਼ਰਨ ਵਿਰਕ