-0.3 C
Vancouver
Saturday, January 18, 2025

ਬੇਵਸ ਆਲ਼ਾ-ਦੁਆਲਾ

 

 

ਬੱਚਿਆਂ ਨੂੰ ਘਰੋਂ ਤੋਰਨ ਲੱਗਿਆਂ ਦਿਲ ਡਰ ਜਾਂਦਾ ਬਾਹਲ਼ਾ

ਹਾਸੇ ਵਿੱਚ ਕੋਈ ਕਹਿ ਨਾ ਦੇਵੇ  ਤੂੰ ਵੀ ਭੋਰਾ ਖਾ ਲਾ

ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

 

ਕੁੱਝ ਨਸ਼ੇ ਦੇ ਦੈਂਤ ਨੇ ਨਿਗਲੇ,ਕਈ ਪਏ ਵਿੱਚ ਲੜਾਈਆਂ

ਗੁਰੂਆਂ ਪੀਰਾਂ ਦੀ ਧਰਤੀ ਤੇ ਕਹਿਰ ਹੋ ਰਹੇ ਨੇ ਸਾਈਆਂ

ਖੌੋਰੇ ਕਦ ਪੰਜਾਬ ਮੇਰੇ ਤੋਂ  ਦੌਰ ਟਲੂ ਇਹ ਕਾਲ਼ਾ

ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

 

ਮਾਪਿਆਂ  ਦੇ ਦੁੱਖ ਸੁਣੇ ਨਾ ਜਾਂਦੇ  ਰੋ-ਰੋ ਪਾਗਲ ਹੋਏ

ਬੱਚਿਆਂ ਦੀ ਬੁਰੀ ਹਾਲਤ ਤੱਕ ਕੇ ਜੀਂਦੇ ਜੀ ਹੀ ਮੋਏ

ਕੀਹਦੇ ਕੋਲ਼ੇ ਦੁੱਖੜੇ ਰੋਵਣ ਸਭ ਵੱਟ ਗਏ ਨੇ ਟਾਲ਼ਾ

ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

 

ਉਂਜ ਤਾਂ੿ ਉਹ ਵੀ ਸਾਡੇ ਵਿੱਚੋਂ ਵੰਡਦੇ ਨਸ਼ੇ ਨੇ ਜਿਹੜੇ

ਪਤਾ ਨਹੀਂ ਕਿਉਂ ਭੁੱਲ ਬੈਠੇ ਨੇ ਰਸਤੇ ਪੈ ਗਏ ਕਿਹੜੇ

ਪਾਪ ਕਮਾ ਕੇ ਕਿੰਝ ਸੌਂ ਜਾਂਦੇ ਕਰਨ ਜੋ ਘਾਲ਼ਾ-ਮਾਲ਼ਾ

ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

 

ਰੋਗਾਂ ਦੁੱਖਾਂ ਨੇ ਘੇਰੇ ਸਭ  ਕਰਜ਼ੇ ਵਿੱਚ ਕਿਰਸਾਨੀ

ਫਿਰੇ ਉਦਾਸੀ ਦੇ ਆਲਮ ਵਿੱਚ ਬੇਰੁਜ਼ਗਾਰ ਜਵਾਨੀ

ਫਿਰ ਵੀ ਮੈਨੂੰ ਆਸ ਹੈ ‘ਰਾਜੀ’ ਮਾਰੂ ਖੂਨ ਉਬਾਲ਼ਾ

ਨਸ਼ਿਆਂ ਦੇ ਇਸ ਝੱਖੜ ਅੱਗੇ ਬੇਵਸ ਆਲ਼ਾ-ਦੁਆਲਾ

ਲੇਖਕ : ਕਰਮਜੀਤ ਸਿੰਘ ਗਰੇਵਾਲ

Related Articles

Latest Articles