ਹਰ ਹਾਲ ਗਿਰਾਂ ਧੁਖਦਾ
ਡੁੱਬਿਆ ਹੈ ਕਿ ਚੜ੍ਹਿਆ ਹੈ
ਕੋਈ ਖ਼ਬਰ ਨਹੀਂ ਆਈ
ਸ਼ਾਇਦ ਕਿ ਬਹਾਰ ਆਈ
ਖੇਤੀ ਬਿਨ ਪਾਣੀ ਦੇ
ਬੀਜੀ ਵੀ ਉਗਾਈ ਵੀ
ਸੁੱਤਾ ਏਂ ਤਾਂ ਜਾਗ ਦਿਲਾ
ਧੁੱਪ ਡਾਢੀ ਚੜ੍ਹ ਆਈ
ਖੇੜਿਆਂ ਵੱਲ ਬੰਦ ਰੱਖਿਓ
ਮੇਰੀ ਕਬਰ ਦੀ ਬਾਰੀ ਨੂੰ
ਚੰਨ ਰਾਂਝੇ ਨੂੰ ਨਾ ਦੱਸਿਓ
ਕਿੰਝ ਹੀਰ ਸੀ ਕੁਰਲਾਈ
ਬੁੱਕਲ ਵਿਚ ਗੱਲ ਕਰਨੀ
ਪੀਰਾਂ ਵੱਲ ਕੰਡ ਕਰਨੀ
ਨਗ਼ਮੇ ਨੇ ਨਹੀਂ ਮਿਟਣਾ
ਮਿਟ ਜਾਣੀ ਸ਼ਹਿਨਸ਼ਾਹੀ
ਉੱਚਿਆਂ ਬਾਜ਼ਾਰਾਂ ਵਿੱਚ
ਇਕ ਮੈਂ ਹੀ ਗੁਨਾਹੀ ਸਾਂ
ਕੁਝ ਜਾਣ ਲਈ ਦੁਨੀਆਂ
ਆਪਣੀ ਨਾ ਸਮਝ ਆਈ
ਥਲ ਲਾਟ ਕਿਵੇਂ ਮੱਚੀ
ਚੰਨ ਖ਼ਾਕ ਕਿਵੇਂ ਹੋਇਆ
ਗਾਉਣਾ ਵੀ ਤੇ ਰੋਣਾ ਵੀ
ਮੁਕਦੀ ਨਹੀਂ ਤਨਹਾਈ
ਛੱਡ ਪੂਰਬ ਪੱਛਮ ਨੂੰ
ਵੱਡਿਆਂ ਦਾ ਰੰਗ ਜੀਵੇ
ਉੱਚੇ ਨੇ ਸੋ ਤੇਰੇ ਨੇ
ਇਕ ਬਾਤ ਸਮਝ ਆਈ
ਖੇਤਾਂ ਵਿੱਚ ਬਾਗਾਂ ਵਿੱਚ
ਫੱਗਣ ਦਾ ਚੰਨ ਚਮਕੇ
ਮਿੱਠਾ ਤੇਰਾ ਸੁਰ ਸਰਗਮ
ਕੋਈ ਗ਼ਜ਼ਲ ਨਹੀਂ ਗਾਈ
ਕੁਲਵੰਤ ਸਿੰਘ ਗਰੇਵਾਲ