ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਦਾ ਅਕਤੂਬਰ 19 ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਵਾਰ ਦੀ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਕਾਫੀ ਮਹੱਤਵਪੂਰਣ ਹੈ। ਸੂਬੇ ਦੀਆਂ 93 ਸੀਟਾਂ ਵਿੱਚ 27 ਪੰਜਾਬੀਆਂ ਚੋਣਾਂ ਵਿੱਚ ਖੜੇ ਹੋ ਰਹੇ ਹਨ। ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੇ ਸਭ ਤੋਂ ਵੱਧ ਪੰਜਾਬੀਆਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਮੁੱਖ ਉਮੀਦਵਾਰਾਂ ਵਿੱਚ ਰਵੀ ਕਹਲੋਂ, ਜੋ ਕਿ ਵਰਤਮਾਨ ਹਾਊਸਿੰਗ ਮੰਤਰੀ ਅਤੇ ਗਵਰਨਮੈਂਟ ਹਾਊਸ ਲੀਡਰ ਹਨ, ਆਪਣੀ ਡੈਲਟਾ ਸੀਟ ਤੋਂ ਚੋਣ ਲੜ ਰਹੇ ਹਨ।
ਰਚਨਾ ਸਿੰਘ, ਜੋ ਕਿ ਸਿੱਖਿਆ ਅਤੇ ਬੱਚਿਆਂ ਦੀ ਦੇਖਭਾਲ ਸਬੰਧੀ ਮੰਤਰਾਲੇ ਦੇ ਮੰਤਰੀ ਹਨ, ਸਰੀ ਨੌਰਥ ਤੋਂ ਤੀਜੀ ਵਾਰ ਚੋਣ ਲੜ ਰਹੇ ਹਨ।
ਐਨ.ਡੀ.ਪੀ. ਦੇ ਹੋਰ ਪ੍ਰਮੁੱਖ ਉਮੀਦਵਾਰਾਂ ਵਿੱਚ ਰਾਜ ਚੌਹਾਨ ਹਨ, ਜੋ ਸਾਲ 2005 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਦੇ ਸਪੀਕਰ ਹਨ। ਇਸੇ ਤਰ੍ਹਾਂ, ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ ਮੁੜ ਚੋਣ ਲੜ ਰਹੇ ਹਨ। ਹੋਰ ਪੰਜਾਬੀ ਉਮੀਦਵਾਰਾਂ ਵਿੱਚ ਕਮਲ ਗਰੇਵਾਲ, ਜੋ ਕਿ ਕੈਮਲੂਪਸ ਸੈਂਟਰ ਤੋਂ ਚੋਣ ਲੜ੍ਹ ਰਹੇ ਹਨ। ਹਰਪ੍ਰੀਤ ਬਦੋਵਾਲ, ਜੋ ਕਿ ਕੇਲੋਨਾ ਮਿਸ਼ਨ ਤੋਂ; ਹਰਵਿੰਦਰ ਸੰਧੂ, ਵਰਨਨ ਲੂੰਬੀ ਤੋਂ ਅਤੇ ਬਲਤੇਜ ਢਿੱਲੋਂ, ਸਰੀ ਸਰਪੰਟੀਨ ਰਿਵਰ ਤੋਂ ਚੋਣ ਲੜ ਰਹੇ ਹਨ।
ਇਸ ਤੋਂ ਇਲਾਵਾ, ਅਮਨ ਸਿੰਘ ਰਿਚਮੰਡ ਕਵੀਨਜ਼ਬੋਰਾ ਤੋਂ, ਐਨੀ ਕੰਗ ਬਰਨਬੀ ਸੈਂਟਰ ਤੋਂ, ਰੀਹਾ ਅਰੋੜਾ ਬਰਨਬੀ ਈਸਟ ਤੋਂ, ਨੀਕੀ ਸ਼ਰਮਾ ਵੈਨਕੂਵਰ ਹੈਸਟਿੰਗਜ਼ ਤੋਂ, ਸੁਨੀਤਾ ਧੀਰ ਵੈਨਕੂਵਰ ਲਾਂਗਾਰਾ ਤੋਂ, ਰਵੀ ਪਾਰਮਰ ਲੈਂਗਫੋਰਡ ਹਾਈਲੈਂਡ ਤੋਂ, ਅਤੇ ਜਿਨੀ ਸਿਮਜ਼ ਸਰੀ ਪੈਰਾਨੋਮਾ ਤੋਂ ਚੋਣ ਮੈਦਾਨ ‘ਚ ਨਿੱਤਰੇ ਹਨ।
ਕਨਜ਼ਰਵੇਟਿਵ ਪਾਰਟੀ ਨੇ ਵੀ ਕੁਝ ਮੁੱਖ ਸੀਟਾਂ ‘ਤੇ ਪੰਜਾਬੀ ਉਮੀਦਵਾਰਾਂ ਨੂੰ ਖੜਾ ਕੀਤਾ ਹੈ। ਹਰਮਨ ਭੰਗੂ ਲੈਗਲੀ ਐਬਟਸਫੋਰਡ ਤੋਂ ਚੋਣ ਲੜ ਰਹੇ ਹਨ ਅਤੇ ਅਵਤਾਰ ਗਿੱਲ ਸਰੀ ਫਲੀਟਵੁੱਡ ਤੋਂ ਉਮੀਦਵਾਰ ਬਣੇ ਹਨ। ਸਰੀ ਗਿਲਡਫੋਰਡ ਤੋਂ ਹੌਨਵੀਰ ਐਸ. ਰੰਧਾਵਾ ਅਤੇ ਸਰੀ ਨਿਊਟਨ ਤੋਂ ਤੇਗਜੋਤ ਬਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ।
ਇਸ ਤੋਂ ਇਲਾਵਾ ਕੁਝ ਪੰਜਾਬੀ ਉਮੀਦਵਾਰ ਗਰੀਨ ਪਾਰਟੀ ਵਲੋਂ ਅਤੇ ਕੁਝ ਅਜ਼ਾਦ ਉਮੀਦਵਾਰ ਵਜੋਂ ਵੀ ਚੋਣ ਮੈਦਾਨ ‘ਚ ਨਿੱਤਰੇ ਹਨ।
ਗਰੀਨ ਪਾਰਟੀ ਨੇ ਮਨਜੀਤ ਸਹੋਤਾ ਨੂੰ ਸਰੀ ਗਿਲਡਫੋਰਡ ਤੋਂ ਉਮੀਦਵਾਰ ਬਣਾਇਆ। ਇਸ ਤੋਂ ਇਲਾਵਾ, ਪਵਨਪਰੀਤ ਸਿੰਘ, ਅਮਨਦੀਪ ਸਿੰਘ, ਅਮ੍ਰਿਤ ਬਿਰਿੰਗ, ਅਤੇ ਦਪਿੰਦਰ ਸਰਨ ਵੱਖ-ਵੱਖ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਦੇ ਤੌਰ ‘ਤੇ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਦੀ ਚੋਣਾਂ ਵਿੱਚ ਇੱਕ ਮਹੱਤਵਪੂਰਨ ਗ਼ੈਰਹਾਜ਼ਰੀ ਵੀ ਵੇਖਣ ਨੂੰ ਮਿਲੇਗੀ, ਕਿਉਂਕਿ ਇਸ ਵਾਰ ਹੈਰੀ ਬੈਂਸ ਬੀ.ਸੀ. ਸੂਬੇ ਦੀਆਂ ਚੋਣਾਂ ‘ਚ ਉਮੀਦਵਾਰ ਨਹੀਂ ਹੋਣਗੇ।