5.8 C
Vancouver
Sunday, November 24, 2024

ਮੌਕੇ ਦੀਆਂ ਗੱਪਾਂ

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਜਿਸ ਦਿਨ ਸੌਦਾ ਸਾਧ ਨੂੰ ਬਲਾਤਕਾਰ ਦੇ ਦੋਸ਼ ਤਾਹਿਤ ਅਦਾਲਤ ਨੇ ਦੋਸ਼ੀ ਮੰਨ ਕੇ ਜੇਲ੍ਹ ਭੇਜ ਦਿੱਤਾ, ਉਸ ਦਿਨ ਤੋਂ ਹੀ ਮੌਕੇ ਦੀਆਂ ਗੱਪ ਖ਼ਬਰਾਂ ਦਾ ਬਜ਼ਾਰ ਧੁੱਖਦਾ ਧੁੱਖਦਾ ਭਾਂਬੜ ਦੇ ਰੂਪ ਵਿੱਚ ਬਦਲ ਗਿਆ। ਰਾਮ ਰਹੀਮ ਸੌਦੇ ਸਾਧ ਦੇ ਜੇਲ੍ਹ ਪਹੁੰਚਦਿਆਂ ਹੀ ਮੌਕੇ ਦੀਆਂ ਗੱਪਾਂ ਪਿੰਡ ੱਚ ਲੱਗੇ ਲਾਊਡ ਸਪੀਕਰ ਵਾਂਗ ਸੁਣਾਈ ਦੇਣ ਲੱਗ ਪਈਆਂ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਕੋਈ ਕਹਿੰਦਾ ‘ਸਾਧ ਦੇ ਘੋਚਰੇ ਕੱਢ ੱਤੇ। ਕੋਈ ਕਹਿੰਦਾ ਮੱਕੂ ਬੰਨ੍ਹ ੱਤਾ। ਕੋਈ ਕਹੀ ਜਾਂਦੈ ਪੂਜ ੱਤਾ ਹਰਦੁਆਰੀ ਸੰਖ ਆਂਗੂੰ। ਕੋਈ ਕੁਸ ਤੇ ਕੋਈ ਕੁਸ। ਜਿਵੇਂ ਕਹਿੰਦੇ ਹੁੰਦੇ ਹਨ ਕਿ ‘ਫ਼ਲਾਨੇ ਨੂੰ ਕੁੱਟਿਆ ਘੱਟ ਤੇ ਘੜੀਸਿਆ ਬਾਹਲਾ’। ਉਸ ਗੱਲ ਵਾਂਗ ਸੌਦੇ ਸਾਧ ਪ੍ਰਤੀ ਗੱਲਾਂ ਘੱਟ ਤੇ ਅੰਧ ਵਿਸ਼ਵਾਸ਼ ਦੇ ਗੱਪ ਬਹੁਤੇ। ਗੱਪਾਂ ਦੇ ਚੁੱਟਲਕਿਆਂ ਦਾ ਨਾ ਤਾਂ ਅਜੇ ਤੱਕ ਕੁਝ ਬਣਿਐਂ ਤੇ ਨਾ ਹੀ ਕਦੇ ਕੁਝ ਨਿੱਬੜਿਆ। ਵੱਸ! ਐਵੇਂ ਜਾਭਾਂ ਦੇ ਭੇੜ। ਕੋਈ ਤਾਂ ਕਿਸੇ ਗੱਲ ਦੀ ਬਾਂਹ ਫੜ੍ਹ ਕੇ ਖਿੱਚੀ ਫਿਰਦੈ, ਕੋਈ ਲੱਤ ਫੜ੍ਹ ਕੇ ਘਟੀਸ ਰਿਹੈ। ਕਿਸੇ ਨੇ ਗੱਲ ਦਾ ਮੂੰਹ ਸਿਰ ਹੀ ਵਿਗਾੜ ਦਿੱਤਾ। ਜਿਵੇਂ ਕਿਸੇ ਨੂੰ ਕੁਝ ਸੁੱਝਦਾ ਅਗਲਾ ਓਵੇਂ ਕਹੀ ਜਾਂਦੈ।
ਸਕੂਲੋਂ ਛੁੱਟੀ ਕਰਕੇ ਸੱਥ ਕੋਲ ਦੀ ਲੰਘੇ ਜਾਂਦੇ ਨਵੇਂ ਮਾਸਟਰ ਬਣੇ ਗਿਆਨੀ ਜੱਸਾ ਸਿਉਂ ਦੇ ਮੁੰਡੇ ਜਗਪਾਲ ਨੂੰ ਪਿੰਡ ਦੀ ਸੱਥ ੱਚ ਬੈਠੇ ਬਾਬੇ ਪਾਖਰ ਸਿਉਂ ਨੇ ਬਜ਼ੁਰਗ ਅਵਸਥਾ ੱਚੋਂ ਆਵਾਜ਼ ਮਾਰੀ, “ਪਾਲ! ਪੁੱਤ ਗੱਲ ਸੁਣ ਕੇ ਜਾਈਂ ਓਏ।”
ਬਾਬੇ ਪਾਖਰ ਸਿਉਂ ਦੀ ਆਵਾਜ਼ ਸੁਣਦੇ ਸਾਰ ਹੀ ਜਗਪਾਲ ਮਾਸਟਰ ਇੱਕ ਦਮ ਕੂਹਣੀ ਮੋੜ ਮੁੜ ਕੇ ਬਾਬੇ ਦੇ ਕੋਲ ਇਉਂ ਆ ਬੈਠਾ ਜਿਮੇਂ ਵੜੇਵਿਅਂ ਵਾਲੀ ਬੋਰੀ ਖੂੰਜੇ ਲਾ ਦਿੱਤੀ ਹੋਵੇ। ਸੱਥ ਵਾਲੇ ਥੜ੍ਹੇ ੱਤੇ ਬੈਠਦਿਆਂ ਹੀ ਜਗਪਾਲ ਬੋਲਿਆ, “ਹਾਂ ਬਾਬਾ ਜੀ।”
ਬਾਬਾ ਕਹਿੰਦਾ, “ਯਾਰ ਤੂੰ ਤਾਂ ਮਾਹਟਰ ਲੱਗਿਆਂ ਵਿਐਂ, ਤੈਨੂੰ ਤਾਂ ਖਬਰਾਂ ਖੁਬਰਾਂ ਮਿਲਦੀਆਂ ਹੋਣਗੀਆਂ, ਆਹ ਸੌਦੇ ਸਾਧ ਆਲੀ ਗੱਲ ਹੁਣ ਕਿੱਥੋਂ ਕੁ ਤੱਕ ਅੱਪੜੀ ਐ। ਸੁਣਿਐਂ ਉਹ ਜੇਲ੍ਹ ੱਚੋਂ ਕਹਿੰਦੇ ਚਿੜੀ ਬਣ ਕੇ ਨਿੱਕਲ ਗਿਆ, ਸੱਚੀ ਗੱਲ ਐ?”
ਬਾਬੇ ਦੀ ਗੱਲ ਸੁਣ ਕੇ ਮਾਸਟਰ ਮੁਸ਼ਕਣੀਆਂ ਹੱਸ ਕੇ ਕਹਿੰਦਾ, “ਜਦੋਂ ਬਾਬਾ ਜੀ ਮੈਂ ਛੁੱਟੀ ਕਰਕੇ ਸਕੂਲੋਂ ਨਿੱਕਲਿਆ ਤਾਂ ਗਾਮੇ ਪ੍ਰੇਮੀ ਕਾ ਸੁੱਖਾ ਆਵਦੇ ਦਰਾਂ ਮੂਹਰੇ ਖੜ੍ਹਾ ਮੈਨੂੰ ਦੱਸਣ ਲੱਗ ਪਿਆ ਅਕੇ ਕੱਲ੍ਹ ਪਿਤਾ ਜੀ ਚਾਰ ਪੰਜ ਘੰਟੇ ਕਬੂਤਰ ਬਣ ਕੇ ਜੇਲ੍ਹ ੱਤੇ ਉੱਡਿਆ ਫਿਰਦਾ ਰਿਹੈ। ਜੇਲ੍ਹ ਵਾਲਿਆਂ ਦੇ ਭਾਅ ਦੀ ਬਣ ਗੀ ਬਈ ਬਾਬਾ ਗਿਆ ਕਿੱਥੇ। ਜੇਲ੍ਹ ਦੇ ਵੱਡੇ ਅਫ਼ਸਰਾਂ ਨੇ ਵੀ ਸਾਰੀ ਜੇਲ੍ਹ ਪੱਤ ਪੱਤ ਕਰਕੇ ਫਰੋਲ ੱਤੀ। ਅਕੇ ਜਦੋਂ ਬਾਬਾ ਥਿਆਇਆ ਨਾ, ਫੇਰ ਮੋਦੀ ਨੂੰ ਫ਼ੋਨ ਕੀਤਾ ਬਈ ਬਾਬਾ ਜੀ ਤਾਂ ਜੇਲ੍ਹ ੱਚੋਂ ਰੂਹ ਪੋਸ਼ ਹੋ ਗੇ, ਥਿਆਹ ਨ੍ਹੀ ਰਹੇ ਹੁਣ ਕੀ ਕਰੀਏ। ਅਕੇ ਮੋਦੀ ਕਹਿੰਦਾ ‘ਉਹ ਤਾਂ ਮੇਰੇ ਕੋਲ ਬੈਠੇ ਐ। ਤੁਸੀਂ ਫਿਕਰ ਨਾ ਕਰੋ, ਦੋ ਕੁ ਘੰਟਿਆਂ ਤੱਕ ਆ ਜਾਂਦੇ ਐ। ਰੋਟੀ ਖੁਆ ਕੇ ਭੇਜੂੰਗਾ। ਲੈ ਦੱਸੋ, ਕੀ ਕਰੀਏ ਲੋਕਾਂ ਦਾ। ਅੰਧ ਵਿਸ਼ਵਾਸ਼ ਨ੍ਹੀ ਤਾਂ ਹੋਰ ਕੀਅ੍ਹੈ ਇਹੇ। ਇਹਨੂੰ ਮੌਕੇ ਦੀਆਂ ਗੱਪ ਖ਼ਬਰਾਂ ਕਹਿੰਦੇ ਐ ਬਾਬਾ ਜੀ।”
ਬੁੱਘਰ ਦਖਾਣ ਕਹਿੰਦਾ, “ਸੁਰਜਨ ਬੁੜ੍ਹੇ ਦੀ ਨੂੰਹ ਵੀ ਬਾਹਲ਼ੀ ਵੱਡੀ ਪ੍ਰੇਮਣ ਐ। ਉਹ ਪਤਾ ਕੀ ਬੋਲਦੀ ਐ, ਅਕੇ ‘ਪਿਤਾ ਜੀ ਸੁਬ੍ਹਾ ਤਿੰਨ ਵਜੇ ਸਰਸੇ ਆ ਕੇ ਨਹਾ ਕੇ ਦਿਨ ਚੜ੍ਹਦੇ ਨੂੰ ਫੇਰ ਪਹੁੰਚ ਜਾਂਦੇ ਐ ਰੋਹਤਕ ਜੇਲ੍ਹ ੱਚ। ਜਦੋਂ ਨੂੰ ਦੂਜੇ ਕੈਦੀ ਜਾਗਦੇ ਐ, ਉਨ੍ਹਾਂ ਦੇ ਉੱਠਣ ਤੋਂ ਪਹਿਲਾਂ ਪਿਤਾ ਜੀ ਆਵਦੇ ਕਮਰੇ ੱਚ ਭਜਨ ਬੰਦਗੀ ਕਰੀ ਜਾਂਦੇ ਹੁੰਦੇ ਐ। ਲੈ! ਕਮਰਾ ਦੇ ੱਤਾ ਉਹਨੂੰ ਪੰਜ ਤਾਰਾ ਹੋਟਲ ਦਾ।”
ਰਤਨ ਸਿਉਂ ਸੂਬੇਦਾਰ ਟਿੱਚਰ ੱਚ ਕਹਿੰਦਾ, “ਪੰਜ ਤਾਰਾ ਨ੍ਹੀ ਤਾਂ ਵੀਹ ਤਾਰਾ ਤਾਂ ਦੇ ਈ ਦਿੱਤਾ।”
ਪ੍ਰਤਾਪਾ ਭਾਊ ਕਹਿੰਦਾ, “ਚੜ੍ਹਤੇ ਫੌਜੀ ਕਾ ਮੰਗੂ ਕਹੀ ਜਾਂਦਾ ਬਈ ਅਸਲੀ ਬਾਬਾ ਤਾਂ ਬਾਹਰਲੇ ਮੁਲਖ ੱਗਲੈਂਡ ਉਠ ਗਿਆ, ਜੇਲ੍ਹ ੱਚ ਤਾਂ ਨਕਲੀ ਬਾਬੇ ਨੂੰ ਤਾੜੀ ਬੈਠੇ ਐ। ਅਸਲੀ ਬਾਬਾ ਤਾਂ ਥਿਆਇਆ ਨ੍ਹੀ ਕਿਸੇ ਨੂੰ। ਲੈ ਦੱਸੋ ਹੁਣ ਕੀ ਬੁੱਝੀਏ?”
ਭਾਨੇ ਕਾ ਗੋਗੜ੍ਹੀ ਕਹਿੰਦਾ, “ਨਾਲੇ ਕਹਿੰਦੇ ਬਾਬਾ ਕਦੇ ਸੱਪ ਬਣ ਜਾਂਦੈ, ਜਦੋਂ ਜੇਲ੍ਹ ਆਲੇ ਉਹਨੂੰ ਮਾਰਨ ਉਹਦੇ ਮਗਰ ਭੱਜਦੇ ਐ ਤਾਂ ਬਾਬਾ ਘੁੱਗੀ ਬਣ ਕੇ ਉੱਡ ਜਾਂਦੈ।”
ਗੱਲਾਂ ਸੁਣੀ ਜਾਂਦਾ ਬਜ਼ੁਰਗ ਆਤਮਾ ਸਿਉਂ ਹੱਸ ਕੇ ਕਹਿੰਦਾ, “ਇਨ੍ਹਾਂ ਨੂੰ ਕਹੋ ਦੱਬੀ ਚੱਲੋ ਜਿਮੇਂ ਗੱਡੀ ਚੱਲਦੀ ਐ ਚਲਾਈ ਚੱਲੋ। ਪ੍ਰੇਮੀਆਂ ਦੀ ਤਾਂ ਘੀਰੂ ਅਮਲੀ ਆਲੀ ਗੱਲ ਐ। ਜਿਮੇਂ ਕਿਸੇ ਦੇ ਮੂੰਹ ੱਤੇ ਕੋਈ ਗੱਲ ਆਉਂਦੀ ਐ ਓਮੇਂ ਈ ਅਗਲਾ ਛੱਡੀ ਜਾਂਦੈ।”
ਪ੍ਰਤਾਪੇ ਭਾਊ ਨੇ ਆਤਮਾ ਸਿਉਂ ਨੂੰ ਪੁੱਛਿਆ, “ਘੀਰੂ ਅਮਲੀ ਆਲੀ ਤਾਊ ਕਿਮੇਂ ਐਂ ਗੱਲ?”
ਆਤਮਾ ਸਿਉਂ ਕਹਿੰਦਾ, “ਖਾਸੇ ਚਿਰ ਦੀ ਗੱਲ ਐ। ਸੋਹਲ ਪੱਤੀ ਆਲਾ ਘੀਰੂ ਅਮਲੀ ਕੇਰਾਂ ਬੰਬਾਰ ਹੋ ਗਿਆ। ਚੰਦ ਬਿੰਬਰ ਦਾ ਮੁੰਡਾ ਰੇਸ਼ਮ ਕਿਤੇ ਘੀਰੂ ਨੂੰ ਸ਼ੈਂਕਲ ਦੀ ਪਿਛਲੀ ਕਾਠੀ ੱਤੇ ਬਹਾ ਕੇ ਸ਼ਹਿਰ ਨੂੰ ਡਾਕਦਾਰ ਦੇ ਲੈ ਤੁਰਿਆ। ਘੀਰੂ ਨੇ ਅਮਲ ਭੋਰਾ ਵੱਧ ਖਾ ਲਿਆ। ਸ਼ਹਿਰ ਨੂੰ ਜਾਂਦਿਆਂ ਕਿਤੇ ਘੀਰੂ ਸ਼ੈਂਕਲ ਤੋਂ ਡਿੱਗ ਪਿਆ। ਰੇਸ਼ਮ ਨੂੰ ਪਤਾ ਨਾ ਲੱਗਿਆ ਬਈ ਘੀਰੂ ਰਾਹ ਚੀ ਡਿੱਗ ਪਿਆ ਕਿਤੇ। ਜਦੋਂ ਰੇਸ਼ਮ ਨੇ ਖਾਸੀ ਦੂਰ ਜਾ ਕੇ ਵੇਖਿਆ ਬਈ ਘੀਰੂ ਤਾਂ ਸ਼ੈਂਕਲ ੱਤੇ ਈ ਹੈ ਨ੍ਹੀ। ਉਹ ਪਿੱਛੇ ਮੁੜ ਪਿਆ ਘੀਰੂ ਨੂੰ ਭਾਲਣ। ਜਦੋਂ ਮੁੜੇ ਆਉਂਦੇ ਰੇਸ਼ਮ ਨੇ ਦੇਖਿਆ ਬਈ ਘੀਰੂ ਤਾਂ ਆਹ ਬੈਠੈ ਖਤਾਨਾਂ ੱਚ ਕਾਂਹੀ ਦੇ ਬੂਝੇ ਨੂੰ ਹੱਥ ਪਾਈ। ਰੇਸ਼ਮ ਸ਼ੈਂਕਲ ਖੜ੍ਹਾ ਕਰਕੇ ਘੀਰੂ ਅਮਲੀ ਨੂੰ ਕਹਿੰਦਾ ‘ਐਥੇ ਕਿਮੇਂ ਬੈਠੈਂ ਓਏ। ਮੈਨੂੰ ਦੱਸਿਆ ਨ੍ਹੀ ਤੂੰ ਬਈ ਮੈਂ ਡਿੱਗ ਪਿਆਂ’, ਅਕੇ ਘੀਰੂ ਨਸ਼ੇ ਦੀ ਲੋਰ ੱਚ ਰੇਸ਼ਮ ਨੂੰ ਕਹਿੰਦਾ ‘ਦੱਬੀ ਚੱਲ ਤੂੰ, ਮੈਂ ਤਾਂ ਲੋਟ ਬੈਠੈਂ’। ਨਸ਼ੇ ਦੀ ਪੀਨਕ ਲੱਗੀ ਕਰਕੇ ਘੀਰੂ ਨੂੰ ਇਉਂ ਲੱਗਿਆ ਜਿਮੇਂ ਉਹ ਸ਼ੈਂਕਲ ਦੀ ਕਾਠੀ ੱਤੇ ਈ ਬੈਠਾ ਹੁੰਦੈ। ਬਿੰਬਰ ਦਾ ਮੁੰਡਾ ਘੀਰੂ ਨੂੰ ਕਹਿੰਦਾ ‘ਸ਼ੈਂਕਲ ੱਤੇ ਕਿੱਥੇ ਬੈਠੈਂ, ਤੂੰ ਤਾਂ ਸਰ ਦੇ ਬੂਝੇ ਨੂੰ ਜੱਫਾ ਮਾਰੀ ਬੈਠੈਂ। ਉੱਠ ਸ਼ੈਂਕਲ ੱਤੇ ਬੈਠ’। ਰੇਸ਼ਮ ਕਹੀ ਜਾਵੇ ‘ਤੂੰ ਬੈਠਾ ਕਿਮੇਂ ਐਂ’, ਘੀਰੂ ਕਹੇ ‘ਮੈਂ ਤਾਂ ਲੋਟ ਬੈਠਾਂ ਤੂੰ ਦੱਬੀ ਚੱਲ’। ਉਹ ਗੱਲ ਪ੍ਰੇਮੀਆਂ ਦੀ ਐ। ਜਿਮੇਂ ਕਿਸੇ ਨੂੰ ਕੋਈ ਗੱਪ ਸੁਝਦੀ ਐ, ਦੱਬੀ ਜਾਂਦੇ ਐ। ਕਿਹੜਾ ਕੋਈ ਪੁੱਛ ਦੱਸ ਐ ਜਾਂ ਕੋਈ ਟੈਕਸ ਲੱਗਦੈ।”
ਜੰਗੇ ਰਾਹੀ ਕਾ ਤੋਤੀ ਕਹਿੰਦਾ, “ਮਕੰਦੇ ਬਾਵੇ ਕੀ ਬੁੜ੍ਹੀ ਕਹਿੰਦੀ ‘ਜਦੋਂ ਜੇਲ੍ਹ ਦਾ ਲਾਂਗਰੀ ਪਿਤਾ ਜੀ ਵਾਸਤੇ ਰੋਟੀ ਤੇ ਦਾਲ ਭਾਜੀ ਲੈ ਕੇ ਜਾਂਦੇ ਐ ਤਾਂ ਪਿਤਾ ਜੀ ਰੋਟੀਆਂ ਦੇ ਕਦੇ ਤਾਂ ਮਸੋਸੇ ਬਣਾ ਕੇ ਖਾ ਲੈਂਦੇ ਐ। ਕਦੇ ਰੋਟੀਆਂ ਦੀ ਬਰਫੀ ਬਣਾ ਲੈਂਦੇ ਐ। ਜੇਲ੍ਹ ਆਲੇ ਜੋ ਮਰਜੀ ਦੇਈ ਜਾਣ, ਪਰ ਪਿਤਾ ਜੀ ਰੋਟੀਆਂ ਤੇ ਦਾਲ ਭਾਜੀ ਤੋਂ ਆਵਦੇ ਪਸੰਦ ਦਾ ਖਾਣਾ ਬਣਾ ਕੇ ਖਾ ਲੈਂਦੇ ਐ। ਅੰਬ ਦੇ ੱਚਾਰ ਦੀ ਇੱਕ ਫਾੜੀ ਤੋਂ ਪੂਰਾ ਸਾਬਤ ਅੰਬ ਬਣਾ ਲੈਂਦੇ ਐ। ੱਚਾਰ ਆਲੀਆਂ ਮਿਰਚਾਂ ਤੋਂ ਅਕੇ ਕੇਲੇ ਦੀਆਂ ਛੱਲੀਆਂ ਬਣਾ ਕੇ ਖਾ ਲੈਂਦੇ ਐ।”
ਮਦਨ ਪੰਡਤ ਕਹਿੰਦਾ, “ਮੈਂ ਤਾਂ ਇਉਂ ਵੀ ਸੁਣਿਆਂ ਅਕੇ ਬਾਬਾ ਰਾਤ ਨੂੰ ਸੌਣ ਵੇਲੇ ਇੱਟਾਂ ਆਲੇ ਥੜ੍ਹੇ ਦਾ ਪਲੰਘ ਬਣਾ ਕੇ ਭੂਤਾਂ ਤੋਂ ਪੋਲੇ ਪੋਲੇ ਗੱਦੇ ਮੰਗਵਾ ਕੇ ਸੌਂਦੈ। ਜਦੋਂ ਨੂੰ ਦੂਜੇ ਕੈਦੀ ਉੱਠਦੇ ਐ, ਉਦੋਂ ਨੂੰ ਭੂਤਾਂ ਗੱਦੇ ਤੇ ਪਲੰਘ ਲੈ ਜਾਂਦੀਐ, ਰਾਤ ਨੂੰ ਸਾਉਣ ਵੇਲੇ ਫੇਰ ਮੰਗਵਾ ਲੈਂਦਾ। ਕੋਈ ਸਮਝ ਨ੍ਹੀ ਆਉਂਦੀ ਯਾਰ।”
ਜਾਗਰ ਸਿਉਂ ਠੇਕੇਦਾਰ ਕਹਿੰਦਾ, “ਮੈਂ ਇਉਂ ਸੁਣਿਐਂ ਬਈ ਬਾਬੇ ਨੇ ਇੱਕ ਦਿਨ ਆਵਦੀ ਬੈਰਕ ਦਾ ਦਰਵਾਜਾ ਈ ਦੂਜੇ ਪਾਸੇ ਕਰ ੱਤਾ। ਜਦੋਂ ਜੇਲ੍ਹ ਆਲੇ ਓਧਰਲੇ ਪਾਸੇ ਦਰਵਾਜੇ ਵੱਲ ਗਏ ਤਾਂ ਫੇਰ ਤੀਜੇ ਪਾਸੇ ਕਰ ੱਤਾ। ਅਕੇ ਜਦੋਂ ਉਹ ਚਾਰੇ ਪਾਸੀਂ ਖੜ੍ਹ ਗੇ ਤਾਂ ਬਾਬੇ ਨੇ ਬੈਰਕ ਦਾ ਦਰਵਾਜਾ ਛੱਤ ੱਤੇ ਜਾ ਕੱਢਿਆ। ਕਹਿੰਦੇ ਬੈਰਕ ਨੂੰ ਇਉਂ ਘਮਾਈਂ ਫਿਰਦਾ ਜਿਮੇਂ ਜਰਗਾਮਾਂ ਦੀ ਰੋਸ਼ਨੀ ੱਤੇ ਚੰਡੋਲ ਘੁੰਮਦੀ ਹੁੰਦੀ ਐ।”
ਏਨੇ ਚਿਰ ਨੂੰ ਨਾਥਾ ਅਮਲੀ ਵੀ ਸੱਥ ੱਚ ਆ ਦੜਕਿਆ। ਬਾਬਾ ਪਾਖਰ ਸਿਉਂ ਨਾਥੇ ਅਮਲੀ ਨੂੰ ਕਹਿੰਦਾ, “ਓਏ ਸਣਾ ਬਈ ਨਾਥਾ ਸਿਆਂ! ਕੀ ਸੁਣ ਸਣਾ ਕੇ ਆਇਐਂ ਸਰਸੇ ਆਲੇ ਬਾਬੇ ਬਾਰੇ?”
ਨਾਥਾ ਅਮਲੀ ਬਾਬੇ ਪਾਖਰ ਸਿਉਂ ਨੂੰ ਕੁਝ ਤੜ੍ਹ ੱਚ ਬੋਲਿਆ, “ਬਾਬਾ ਤਾਂ ਬਾਬਾ ਨਾਨਕ ਈ ਸੀ ਬਾਬਾ ਪਾਖਰ ਸਿਆਂ। ਬਾਕੀ ਦੇ ਤਾਂ ਪਖੰਡੀ ਸਾਧ ਈ ਐ।”
ਮਾਹਲਾ ਨੰਬਰਦਾਰ ਕਹਿੰਦਾ, “ਚੱਲ! ਸਰਸੇ ਆਲੇ ਬਾਰੇ ਦੱਸਦੇ ਕੀ ਹਾਲ ਐ ਉਹਦਾ ਜੇਲ੍ਹ ੱਚ। ਕਹਿੰਦੇ ਜੇਲ੍ਹ ੱਚੋਂ ਮੱਖੀ ਬਣ ਕੇ ਨਿੱਕਲ ਜਾਂਦਾ ਤੇ ਨਿੱਤ ਮੋਦੀ ਨਾਲ ਦਿੱਲੀਉਂ ਰੋਟੀ ਖਾ ਕੇ ਮੁੜਦੈ?”
ਨਾਥਾ ਅਮਲੀ ਟਿੱਚਰ ੱਚ ਕਹਿੰਦਾ, “ਭਜਨੇ ਰਾਠ ਕੀ ਬੁੜ੍ਹੀ ਕਹੀ ਜਾਂਦੀ ਐ ‘ਪਿਤਾ ਜੀ ਜੇਲ੍ਹ ਦੇ ਸਾਰੇ ਕੈਦੀਆਂ ਨੂੰ ਵਾਰੀ ਵਾਰੀ ਚਿੜੀਆਂ ਕਬੂਤਰ ਬਣਾ ਕੇ ਰਾਤ ਨੂੰ ਉਨ੍ਹਾਂ ਨੂੰ ਆਪੋ ਆਪਣੇ ਘਰੀਂ ਪਹੁੰਚਦਾ ਕਰ ਦਿੰਦੇ ਐ। ਤੜਕੇ ਨੂੰ ਹਾਜਰੀ ਲੱਗਣ ਵੇਲੇ ਨੂੰ ਸਾਰੇ ਫੇਰ ਹਾਜਰ ਹੁੰਦੇ ਐ। ਅਕੇ ਕੈਦੀ ਕਹਿੰਦੇ ਜਦੋਂ ਰੱਬ ਈ ਜੇਲ੍ਹ ੱਚ ਆ ਗਿਆ ਅਸੀਂ ਬਾਹਰ ਨਿੱਕਲ ਕੇ ਕੀ ਕਰਨਾ’।”
ਸੱਥ ੱਚ ਗੱਲਾਂ ਸੁਣੀ ਜਾਂਦਾ ਬਿਸ਼ਨੇ ਦਾ ਜੋਗਾ ਕਹਿੰਦਾ, “ਇੱਕ ਫਿਲਮ ਜੀ ੱਚ ਇਹ ਸਾਧ ਕਹੀ ਜਾਂਦੈ ‘ਜੀਹਨੇ ਗੇਅਰ ਕਢਾਉਣੈ ਕਢਾਅ ਲੋ ਅਸੀਂ ਲੋਕਾਂ ਦੇ ਗੇਅਰ ਈ ਕੱਢਣ ਆਏ ਆਂ। ਲੈ ਦੱਸ ਬਾਬਾ, ਲੋਕਾਂ ਦੇ ਗੇਅਰ ਕੱਢਦਾ ਕੱਢਦਾ ਆਵਦੇ ਈ ਗੇਅਰ ਕਢਵਾ ਕੇ ਬਹਿ।”
ਨਾਥਾ ਅਮਲੀ ਕਹਿੰਦਾ, “ਗੰਡੇ ਭੋਲੇ ਕਾ ਜੰਟੀ ਦੱਸੇ, ਅਕੇ ਜਦੋਂ ਸਾਧ ਨੂੰ ਜੱਜ ਨੇ ਦੋਸ਼ੀ ਕਹਿ ੱਤਾ ਤਾਂ ਸਾਧ ਦੇ ਚੇਲਿਆਂ ਨੇ ਪੁਲਸ ੱਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ੱਤੇ। ਓਧਰ ਪੁਲਸ ਨੇ ਵੀ ਕਸ ੱਤੀਆਂ ਫਿਰ ਨਬਜਾਂ। ਦੋਹਾਂ ਦੀ ਲੜਾਈ ੱਚ ਕਿਤੇ ਆਪਣੇ ਪਿੰਡ ਆਲੀ ਰੇਲੋ ਮਾਈ ਘਿਰ ਗੀ। ਜਦੋਂ ਤਾਂ ਪੁਲਸ ਦੀਆਂ ਡਾਂਗਾਂ ਪੈਣ ਲੱਗ ਜਾਣ ਤਾਂ ਰੇਲੋ ਸਾਧ ਦੇ ਚੇਲਿਆਂ ਵੱਲ ਨੂੰ ਭੱਜ ਲੇ। ਜਦੋਂ ਸਾਧ ਦੇ ਚੇਲਿਆਂ ਵੱਲੋਂ ਰੋੜੇ ਡਲ਼ਿਆਂ ਦਾ ਮੀਂਹ ਵਰਨ ਲੱਗ ਜੇ ਤਾਂ ਰੇਲੋ ਪੁਲਸ ਵੱਲ ਨੂੰ ਭੱਜ ਲੇ। ਰੇਲੋ ਮਾਈ ਵਿੱਚ ਵਚਾਲੇ ਫਸੀ ਗਾਂਹ ਪਛਾਂਹ ਨੂੰ ਇਉਂ ਭੱਜੀ ਫਿਰੇ ਜਿਮੇਂ ਸੈਦੋ ਆਲਾ ਰੂਪਾ ਕੌਡੀ ਖੇਡਦਾ ਓਨਾਂ ਈਂ ਗਾਂਹਾਂ ਨੂੰ ਭੱਜ ਲੈਂਦਾ ਸੀ ਤੇ ਓਦੂੰ ਬਾਹਲ਼ਾ ਪਿਛਲ ਖੁਰੀ ਭੱਜਦਾ ਸੀ। ਅਕੇ ਰੇਲੋ ਦੋ ਢਾਈ ਘੈਂਟੇ ਸੈਦੋ ਆਲਾ ਰੂਪਾ ਈ ਬਣੀ ਫਿਰਦੀ ਰਹੀ, ਕਦੇ ਗਾਂਹ ਕਦੇ ਪਛਾਂਹ। ਹਾਰਕੇ ਜਦੋਂ ਦੋਹਾਂ ਪਾਸਿਆਂ ਤੋਂ ਕੁੱਟ ਖਾ ਕੇ ਡਿੱਗ ਪੀ, ਫੇਰ ਚੱਕ ਕੇ ਹੱਥਪਤਾਲ ਲੈ ਗੇ।”
ਬਾਬੇ ਪਾਖਰ ਸਿਉਂ ਨੇ ਪੁੱਛਿਆ, “ਹੁਣ ਆ ਗੀ ਪਿੰਡ ਕੁ ਓੱਥੇ ਹੱਥਪਤਾਲ ਚੀ ਐ?”
ਸੀਤਾ ਮਰਾਸੀ ਕਹਿੰਦਾ, “ਹੁਣ ਤਾਂ ਘਰੇ ਕੁਕੜੀ ਬਣੀ ਪਈ ਐ। ਹੁਣ ਸਾਧ ਦੇ ਨਾਂਅ ਤੋਂ ਇਉਂ ਡਰਦੀ ਐ ਜਿਮੇਂ ਚਿੱਕੜ ੱਚੋਂ ਨਿੱਕਲੇ ਗਾਰੇ ਨਾਲ ਲਿਬੜੇ ਸੂਰ ਤੋਂ ਕਤੂਰਾ ਡਰਦਾ ਹੁੰਦੈ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, “ਕਿਉਂ ਅਮਲੀਆ! ਆਪਣੇ ਪਿੰਡ ਦੇ ਕਿਸੇ ਹੋਰ ਨੂੰ ਵੀ ਦੱਖੂ ਦਾਣਾ ਮਿਲਿਆ ਕੁ ਰੇਲੋ ਈ ਚੱਕ ਲਿਆਈ ਸਕਰ ਪਾਰਿਆਂ ਆਲਾ ਸਾਰਾ ਟੋਕਰਾ?”
ਅਮਲੀ ਕਹਿੰਦਾ, “ਸਾਰੇ ਪਿੰਡ ਦੇ ਪ੍ਰੇਮੀਆਂ ਦੇ ਵੰਡੇ ਦੀ ਕੁੱਟ ਰੇਲੋ ਮਾਈ ੱਤੇ ਈ ਪੈ ਗੀ। ਹੁਣ ਮੂੰਹ ਸਿਰ ਇਉਂ ਵਲ੍ਹੇਟੀ ਪਈ ਐ ਜਿਮੇਂ ਮੱਝ ਦੇ ਜੜਾਂ ੱਚੋਂ ਟੁੱਟੇ ਸਿੰਗ ੱਤੇ ਕਾਲੇ ਤੇਲ ਨਾਲ ਭਿਉਂ ਕੇ ਬੋਰੀ ਬੰਨ੍ਹੀ ਹੁੰਦੀ ਐ ਬਈ ਕਿਤੇ ਕੀਤੇ ਨਾ ਪੈ ਜਾਣ।”
ਬਾਬਾ ਪਾਖਰ ਸਿਉਂ ਕਹਿੰਦਾ, “ਚੱਲੋ ਖਾਂ ਯਾਰ ਫੇਰ ਤਾਂ ਪਤੇ ਸੁਤੇ ਨੂੰ ਈ ਜਾ ਆਈਏ। ਇੱਕ ਤਾਂ ਊਂ ਵਚਾਰੇ ਟੈਮ ਜਾ ਪਾਸ ਕਰਦੇ ਐ ਇੱਕ ਉੱਤੋਂ ਆਹ ਨਮੀਉਂ ਈ ਆਫਤ ਆ ਪਈ। ਚੱਲੋ ਉੱਠੋ ਚੱਲੀਏ।”
ਬਾਬੇ ਪਾਖਰ ਸਿਉਂ ਦਾ ਕਹਿਣਾ ਮੰਨ ਕੇ ਸੱਥ ੱਚ ਬੈਠੇ ਸਾਰੇ ਜਣੇ ਰੇਲੋ ਮਾਈ ਦੇ ਘਰ ਨੂੰ ਉਹਦਾ ਪਤਾ ਲੈਣ ਚੱਲ ਪਏ।

Related Articles

Latest Articles