ਔਟਵਾ : ਫ਼ੈਡਰਲ ਟ੍ਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਕਿਊਬੈਕ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਕੈਬਿਨੇਟ ਤੋਂ ਅਸਤੀਫ਼ਾ ਦੇ ਰਹੇ ਹਨ। ਰੌਡਰਿਗਜ਼ ਵੱਲੋਂ ਇਸ ਬਾਰੇ ਵੀਰਵਾਰ ਨੂੰ ਅਧਿਕਾਰਤ ਐਲਾਨ ਕੀਤਾ ਗਿਆ। ਉਹ ਬਤੌਰ ਸੁਤੰਤਰ ਐਮਪੀ ਪਾਰਲੀਮੈਂਟ ਦੀ ਸੀਟ ‘ਤੇ ਬਰਕਰਾਰ ਰਹਿਣਗੇ। ਪਾਬਲੋ ਰੌਡਿਗਜ਼ ਪ੍ਰਧਾਨ ਮੰਤਰੀ ਦੇ ਕਿਊਬੈਕ ਲੈਫ਼ਟੀਨੈਂਟ ਵੀ ਸਨ।
ਕਿਊਬੈਕ ਵਿਚ 2022 ਦੀਆਂ ਸੂਬਾਈ ਚੋਣਾਂ ਵਿਚ ਹਾਰ ਤੋਂ ਬਾਅਦ ਡੌਮਿਨਿਕ ਐਂਗਲੇਡ ਨੇ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਦੋਂ ਤੋਂ ਹੀ ਕਿਊਬੈਕ ਦੀ ਲਿਬਰਲ ਪਾਰਟੀ ਕਿਸੇ ਅਧਿਕਾਰਤ ਲੀਡਰ ਤੋਂ ਬਗ਼ੈਰ ਹੈ। ਉਨ੍ਹਾਂ ਚੋਣਾਂ ਵਿਚ ਪਾਰਟੀ ਨੂੰ 15% ਤੋਂ ਵੀ ਘੱਟ ਵੋਟ ਮਿਲੀ ਸੀ ਜੋ ਕਿ ਪਾਰਟੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਸੀ। ਨੈਸ਼ਨਲ ਅਸੈਂਬਲੀ ਦੇ ਲਿਬਰਲ ਮੈਂਬਰ ਮਾਰਕ ਟੈਂਗੁਏ ਨੂੰ ਅੰਤਰਿਮ ਲੀਡਰ ਬਣਾਇਆ ਗਿਆ ਸੀ, ਪਰ ਉਨ੍ਹਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਪਾਰਟੀ ਲੀਡਰਸ਼ਿਪ ਦੀ ਦੌੜ ਵਿਚ ਹਿੱਸਾ ਨਹੀਂ ਲੈਣਗੇ।
ਇਹ ਮੰਨਿਆ ਜਾਂਦਾ ਹੈ ਕਿ ਰੌਡਰਿਗਜ਼ ਦਾ ਇੱਕ ਪ੍ਰਵਾਸੀ ਦਾ ਪੁੱਤਰ ਹੋਣਾ, ਸ਼ੇਰਬਰੂਕ ਦਾ ਇੱਕ ਵਿਦਿਆਰਥੀ ਹੋਣਾ, 1990 ਦੇ ਦਹਾਕੇ ਵਿੱਚ ਕਿਊਬਿਕ ਲਿਬਰਲ ਪਾਰਟੀ ਦੇ ਯੂਥ ਕਮਿਸ਼ਨ ਦੇ ਮੈਂਬਰ ਅਤੇ ਇੱਕ ਫ਼ੈਡਰਲ ਮੰਤਰੀ ਹੋਣ ਦਾ ਤਜੁਰਬਾ ਲਿਬਰਲ ਕਾਰਕੁਨਾਂ ਵਿੱਚ ਫਿਟ ਬੈਠ ਸਕਦਾ ਹੈ। ਇੱਕ ਸੂਤਰ ਦੇ ਅਨੁਸਾਰ, ਉਹ ਸੂਬਾਈ ਲਿਬਰਲਾਂ ਲਈ ਤਾਜ਼ਗੀ ਲਿਆਉਣਗੇ।
ਰੌਡਰਿਗਜ਼ ਸਾਬਕਾ ਇਮੀਗ੍ਰੇਸ਼ਨ ਮੰਤਰੀ ਤੇ ਮੌਂਟਰੀਅਲ ਦੇ ਮੇਅਰ ਡੈਨਿਸ ਕੋਡੈਰੇ ਅਤੇ ਮੌਂਟਰੀਅਲ ਦੇ ਵਿਧਾਇਕ ਫ਼੍ਰੈਨਡਰਿਕ ਬਿਊਸ਼ੈਮਿਨ ਨਾਲ ਮੁਕਾਬਲਾ ਕਰਨਗੇ। ਕਿਊਬੈਕ ਫ਼ੈਡਰੇਸ਼ਨ ਔਫ਼ ਚੈਂਬਰ ਔਫ਼ ਕੌਮਰਸ ਦੇ ਸਾਬਕਾ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਚਾਰਲਜ਼ ਮਿਲਿਆਰਡ ਅਤੇ ਵਕੀਲ ਮਾਰਕ ਬੈਲੈਂਜਰ ਵੀ ਆਪਣੀ ਉਮੀਦਵਾਰੀ ਐਲਾਨ ਚੁੱਕੇ ਹਨ। ਇਹ ਮੁਕਾਬਲਾ ਅਧਿਕਾਰਤ ਤੌਰ ‘ਤੇ 2025 ਵਿਚ ਹੋਵੇਗਾ ਅਤੇ 14 ਜੂਨ ਨੂੰ ਕਿਊਬੈਕ ਸਿਟੀ ਵਿਚ ਕਿਊਬੈਕ ਲਿਬਰਲ ਪਾਰਟੀ ਦੇ ਨਵੇਂ ਲੀਡਰ ਦਾ ਐਲਾਨ ਕੀਤਾ ਜਾਵੇਗਾ।
ਫ਼ੈਡਰਲ ਪਬਲਿਕ ਸਰਵਿਸੇਜ਼ ਮਿਨਿਸਟਰ ਯੌਂ ਈਵ ਡਿਉਕਲਿ ਨੇ ਬੁੱਧਵਾਰ ਨੂੰ ਕਿਹਾ ਕਿ ਰੌਡਰਿਗਜ਼ ਨੇ ਕੈਨੇਡਾ ਲਈ ਜੋ ਕੀਤਾ ਹੈ ਉਸ ਲਈ ਉਹ ਬਹੁਤ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਦੇ ਜਾਣ ਨਾਲ ਕੈਬਨਿਟ ਵਿੱਚ ਇੱਕ ਖ਼ਾਲੀਪਣ ਹੋ ਜਾਵੇਗਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਨੀਤਾ ਅਨੰਦ ਟ੍ਰਾਂਸਪੋਰਟ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ।