6.3 C
Vancouver
Sunday, January 19, 2025

ਸਾਹਾਂ ਦਾ ਮੰਗਣ ਦਾਨ ਵੇ ਲੋਕ!

 

ਲੇਖਕ : ਡਾ. ਪਰਮਜੀਤ ਸਿੰਘ ਢੀਂਗਰਾ
ਸੰਪਰਕ : 94173 – 58120
ਬੱਚੇ ਮਨੁੱਖਤਾ ਦਾ ਸਭ ਤੋਂ ਕੀਮਤੀ ਸਰਮਾਇਆ ਹਨ, ਪਰ ਅੱਜ ਜਿਵੇਂ ਉਨ੍ਹਾਂ ਦਾ ਘਾਣ ਕੀਤਾ ਜਾ ਰਿਹਾ ਹੈ, ਇਹ ਸ਼ਰਮਨਾਕ ਹੈ। ਫਲਸਤੀਨ ਵਿੱਚ ਛਿੜੇ ਯੁੱਧ ਨੇ ਬੱਚਿਆਂ ਦੀਆਂ ਮੌਤਾਂ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਜੰਗਬਾਜ਼ਾਂ ਨੂੰ ਵੰਗਾਰਿਆ ਹੈ, ਜੋ ਮਸੂਮਾਂ ਨੂੰ ਕੋਹ ਰਹੇ ਹਨ। ਯੁੱਧ ਵਿੱਚ ਮਾਰੇ ਜਾ ਰਹੇ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਦੇ ਚੀਥੜਿਆਂ ਦੀਆਂ ਫੋਟੋਆਂ ਹਰ ਮਨ ਵਿੱਚ ਤ੍ਰਾਸ ਤੇ ਜੰਗ ਲਈ ਨਫਰਤ ਪੈਦਾ ਕਰ ਰਹੀਆਂ ਹਨ। ਦਹਾਕਿਆਂ ਦਾ ਇਹ ਯੁੱਧ ਅੱਜ ਕੱਲ੍ਹ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਜਿਸ ਗਾਜ਼ਾ ਪੱਟੀ ਨੂੰ ਇਜ਼ਰਾਈਲ ਨੇ ਨਿਸ਼ਾਨਾ ਬਣਾਇਆ ਹੋਇਆ ਹੈ, ਉਹ ਅਸਲ ਵਿੱਚ ਫਲਸਤੀਨ ਦਾ ਇੱਕ ਸਮੁੰਦਰੀ ਕੰਢਾ ਹੈ, ਜਿਸ ਨੂੰ ਭੂ-ਮੱਧ ਸਾਗਰ ਦਾ ਤੱਟ ਕਿਹਾ ਜਾ ਸਕਦਾ ਹੈ, ਜਿੱਥੇ ਝੂਮਦੇ ਜੈਤੂਨ ਦੇ ਰੁੱਖ ਤੇ ਕੈਕਟਸ ਇਸਦੇ ਨਿਸ਼ਾਨ ਹਨ। ਕੈਕਟਸ ਕੰਡਿਆਂ ਨਾਲ ਭਰਿਆ ਅਜਿਹਾ ਪੌਦਾ ਹੈ ਜੋ ਹਰ ਮੌਸਮ ਦੀ ਮਾਰ ਝੱਲਣ ਦੇ ਸਮਰੱਥ ਹੈ, ਪਰ ਬਰੂਦੀ ਬਾਰਸ਼ ਨੇ ਇਸ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਲਈ ਜਿਹੜਾ ਹਿੱਸਾ ਇਜ਼ਰਾਇਲ ਦੇ ਕਬਜ਼ੇ ਵਿੱਚ ਹੈ, ਉੱਥੇ ਕੈਕਟਸ ਨੇ ਮੌਤ ਸਮਾਧੀ ਲੈ ਲਈ ਹੈ। ਇਹ ਕੁਦਰਤ ਦਾ ਕਮਾਲ ਹੈ ਕਿ ਮੌਸਮ-ਰੁੱਤਾਂ ਦੇ ਬਦਲਦਿਆਂ ਹੀ ਕੈਕਟਸ ਮੌਤ ਸਮਾਧੀ ਵਿੱਚੋਂ ਜਾਗ ਕੇ ਹਰਾ ਭਰਾ ਹੋ ਗਿਆ ਤਾਂ ਮੀਡੀਏ ਨੇ ਉਹਦੀ ਫੋਟੋ ਛਾਪਦਿਆਂ ਲਿਖ ਦਿੱਤਾ – ਫਲਸਤੀਨੀਆਂ ਵਿੱਚ ਜਿਊਣ ਦੀ ਆਸ ਅਜੇ ਬਾਕੀ ਹੈ ਤੇ ਇਹ ਕਦੇ ਮਰ ਨਹੀਂ ਸਕਦੀ, ਨਾ ਇਹਨੂੰ ਕੁਚਲਿਆ ਜਾ ਸਕਦਾ ਹੈ।
ਇਸ ਘਟਨਾ ਤੋਂ ਬਾਅਦ 1967 ਵਿੱਚ ਗੁੱਸੇ ਵਿੱਚ ਆਈ ਇਜ਼ਰਾਇਲੀ ਫੌਜ ਨੇ 8000 ਜੈਤੂਨ ਦੇ ਦਰਖ਼ਤਾਂ ਨੂੰ ਜੜ੍ਹੋਂ ਉਖਾੜ ਦਿੱਤਾ। ਇਹ ਉਹੀ ਜੈਤੂਨ ਦਾ ਦਰਖ਼ਤ ਹੈ ਜਿਸਦੀ ਸ਼ਾਖਾ ਚਿੜੀ ਦੀ ਚੁੰਜ ਵਿੱਚ ਫਸੀ ਰਹਿੰਦੀ ਹੈ, ਜੋ ਆਸ ਦਾ ਚਿੰਨ੍ਹ ਹੈ। ਪੀ.ਐੱਲ.ਓ. ਦੇ ਨੇਤਾ ਯਾਸਰ ਅਰਾਫ਼ਾਤ ਨੇ ਯੂ ਐੱਨ ਓ ਵਿੱਚ ਖੜ੍ਹੇ ਹੋ ਕੇ ਆਪਣਾ ਉਹ ਤਾਰੀਖੀ ਫਿਕਰਾ ਕਿਹਾ ਸੀ, ਜਦੋਂ ਉਹਦੇ ਇੱਕ ਹੱਥ ਵਿੱਚ ਪਿਸਟਲ ਤੇ ਦੂਜੇ ਵਿੱਚ ਸ਼ਾਂਤੀ ਦਾ ਸੁਨੇਹਾ ਦਿੰਦੀ ਚੁੰਜ ਵਿੱਚ ਜੈਤੂਨ ਦੀ ਸ਼ਾਖਾ ਫੜੀ ਚਿੜੀ ਦੀ ਤਸਵੀਰ ਸੀ- ”ਯੂ ਵਾਂਟ ਦਿਸ – ਆਰ ਯੂ ਵਾਂਟ ਦਿਸ।”
ਇਹ ਉਹੀ ਯਾਸਰ ਅਰਾਫ਼ਾਤ ਹੈ ਜਿਸਦੇ ਸਿਰ ‘ਤੇ ਹਮੇਸ਼ਾ ਚਾਰਖਾਨਾ ਰੁਮਾਲ ਬੰਨ੍ਹਿਆ ਨਜ਼ਰ ਆਉਂਦਾ ਹੈ, ਜਿਸਦੀ ਇੱਕ ਨੋਕ ਜਾਂ ਕੋਣਾ ਉਹਦੇ ਮੋਢੇ ‘ਤੇ ਲਟਕਿਆ ਰਹਿੰਦਾ ਸੀ ਜੋ ਸਟਾਈਲ ਨਹੀਂ ਸਗੋਂ ਫਲਸਤੀਨ ਦਾ ਨਕਸ਼ਾ ਸੀ। ਅੱਜ ਉਸੇ ਰੂਪ ਵਿੱਚ ਹਜ਼ਾਰਾਂ ਫਲਸਤੀਨੀ ਉਸ ਰੁਮਾਲ ਦੀ ਵਰਤੋਂ ਕਰਦੇ ਹਨ ਜਾਂ ਉਸ ਨੂੰ ਗਲੇ ‘ਤੇ ਲਪੇਟੀ ਰੱਖਦੇ ਹਨ। ਇਸ ਰੁਮਾਲ ਦੀ ਡਿਜ਼ਾਇਨਿੰਗ ਦੇ ਵੀ ਡੂੰਘੇ ਅਰਥ ਹਨ। ਇਸ ਰੁਮਾਲ ਨੂੰ ਉਹ ਕੂਫ੍ਹੀਆ ਕਹਿੰਦੇ ਹਨ, ਜੋ ਉਨ੍ਹਾਂ ਦੀ ਜ਼ਬਾਨ ਵਿੱਚ ਨਾਬਰੀ ਤੇ ਤਾਕਤ ਦਾ ਪ੍ਰਤੀਕ-ਚਿੰਨ੍ਹ ਹੈ। ਇਹਦੇ ਵਿੱਚ ਚਾਰੇ ਪਾਸੇ ਜਿਹੜੀਆਂ ਚੌੜੀਆਂ ਲਾਈਨਾਂ ਹਨ ਉਹ ਪ੍ਰਾਚੀਨ ਵਪਾਰਕ ਰੂਟਸ ਦਾ ਚਿੰਨ੍ਹ ਹਨ, ਜੋ ਦਰਸਾ ਰਹੀਆਂ ਹਨ ਕਿ ਫਲਸਤੀਨ ਯੂਰਪ ਤੇ ਮੱਧ-ਪੂਰਬੀ ਦੇਸ਼ਾਂ ਨਾਲ ਵਪਾਰ ਕਰਦਾ ਸੀ। ਜਿਹੜਾ ਵਿੱਚ ਡਿਜ਼ਾਇਨ ਹੈ, ਮਛੇਰਿਆਂ ਦੇ ਜਾਲ ਵਰਗਾ, ਉਹ ਭੂ-ਮੱਧ ਸਾਗਰ ਨਾਲ ਇਸ ਪੇਸ਼ੇ ਦੀ ਵਿਸ਼ਾਲਤਾ ਦਾ ਰੂਪਕ ਹੈ ਤੇ ਇਸ ਡਿਜ਼ਾਇਨ ਵਿਚਲੀਆਂ ਦੋ ਪੱਟੀਆਂ ਵਿੱਚ ਜੈਤੂਨ ਦੇ ਦਰਖ਼ਤ ਤੇ ਪੱਤੀਆਂ ਫਲਸਤੀਨ ਦੇ ਸੱਭਿਆਚਾਰ ਤੇ ਵਿਰਸੇ ਦੀਆਂ ਪ੍ਰਤੀਕ ਹਨ। ਜਦੋਂ ਬਰੂਦੀ ਧੂੰਆਂ ਉਡਦਾ ਹੈ, ਬੰਬ ਅੱਗ ਉਗਲਦੇ ਹਨ ਤਾਂ ਆਪਣੀ ਹਿੰਮਤ ਅਤੇ ਹੌਸਲੇ ਨੂੰ ਬੁਲੰਦ ਰੱਖਣ ਲਈ ਉਹ ਗੀਤ ਗਾਉਂਦੇ ਹਨ-
ਨੱਚੋ ਮੇਰੇ ਨਾਲ ਨੱਚੋ
ਆਜ਼ਾਦੀ ਦੇ ਨਾਚ
ਇਸ ਧਰਤੀ ਦੇ ਨਾਚ!
ਫਲਸਤੀਨ ਦੀ ਸਮੱਸਿਆ ਨੂੰ ਸਮਝਣ ਲਈ ਗਾਜ਼ਾ ਪੱਟੀ ਬਾਰੇ ਜਾਣਨਾ ਜ਼ਰੂਰੀ ਹੈ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ- ਪਤਲਾ ਸਰਜੀਕਲ ਕੱਪੜਾ ਜਿਸਦੀਆਂ ਮੈਡੀਕਲ ਵਿੱਚ ਕੰਮ ਆਉਣ ਵਾਲੀਆਂ ਪੱਟੀਆਂ ਬਣਦੀਆਂ ਹਨ। ‘ਢਾਕੇ ਦੀ ਮਲਮਲ’ ਵਾਂਗ ਇਸ ਕੱਪੜੇ ਤੋਂ ਵੀ ਪੱਟੀਆਂ ਬਣਾਈਆਂ ਜਾਂਦੀਆਂ ਸਨ, ਜੋ ਆਮ ਤੌਰ ‘ਤੇ ਫਟੇ ਪੁਰਾਣੇ ਕੱਪੜਿਆਂ ਅਤੇ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਣਦਾ ਸੀ।
ਜੇ ਗਾਜ਼ਾ ਦਾ ਇਤਿਹਾਸ ਦੇਖੀਏ ਤਾਂ ਇਹ ਚਾਰ ਹਜ਼ਾਰ ਸਾਲ ਪੁਰਾਣਾ ਹੈ। 332 ਈ:ਪੂ: ਵਿੱਚ ਸਿਕੰਦਰ ਨੇ ਵੀ ਇਸ ਨੂੰ ਫਤਹਿ ਕੀਤਾ ਸੀ, ਕਦੇ ਇਹ ਅਸੀਰੀਅਨ ਸਾਮਰਾਜ ਦਾ ਹਿੱਸਾ ਵੀ ਰਿਹਾ ਹੈ। ਫਿਰ ਰੋਮਨਾਂ ਨੇ ਇਹਦੀ ਮੁੜ ਉਸਾਰੀ ਕੀਤੀ। ਸੱਤਵੀਂ ਸਦੀ ਵਿੱਚ ਮੁਸਲਮਾਨ ਜਨਰਲ ਮਾਰ-ਇਬਨ-ਅਲ-ਆਸ ਨੇ ਇਹਨੂੰ ਜਿੱਤ ਲਿਆ ਤੇ ਗਾਜ਼ਾ ਦੇ ਨਿਵਾਸੀਆਂ ਨੇ ਵੱਡੀ ਪੱਧਰ ‘ਤੇ ਇਸਲਾਮ ਕਬੂਲ ਕਰ ਲਿਆ। ਲੰਮੇ ਅਰਸੇ ਬਾਅਦ ਸੋਲ੍ਹਵੀਂ ਸਦੀ ਵਿੱਚ ਤੁਰਕ ਆਟੋਮਨ ਐਮਪਾਇਰ ਤੇ ਫਿਰ ਬ੍ਰਿਟਿਸ਼ ਸਾਮਰਾਜ ਤੋਂ ਬਾਅਦ ਯਹੂਦੀਆਂ ਨੇ ਇਸ ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਇਸ ‘ਤੇ ਜਿੱਤ ਪ੍ਰਾਪਤ ਨਹੀਂ ਕੀਤੀ ਸਗੋਂ ਧੱਕੇ ਨਾਲ ਫਲਸਤੀਨੀਆਂ ਨੂੰ ਖਦੇੜ ਕੇ ਇਜ਼ਰਾਇਲ ਦੀ ਨੀਂਹ ਰੱਖੀ। ਇੱਥੋਂ ਹੀ ਫਲਸਤੀਨ ਦੀ ਸਮੱਸਿਆ ਅਰੰਭ ਹੁੰਦੀ ਹੈ।
ਫਲਸਤੀਨੀ ਅੱਜ ਦੁੱਖਾਂ ਦੇ ਸਾਗਰ ਵਿੱਚ ਡੁੱਬੇ ਹੋਏ ਹਨ। ਸਾਮਰਾਜੀ ਧੌਂਸ ਅੱਗੇ ਉਹ ਮਰ ਰਹੇ ਹਨ। ਉਨ੍ਹਾਂ ਦੀ ਕਹਾਣੀ ਇੰਜ ਸੁਣਾਈ ਜਾ ਰਹੀ ਹੈ-ਬੰਬਾਂ ਦੀਆਂ ਆਵਾਜ਼ਾਂ ਤੋਂ ਡਰਦੇ ਅਸੀਂ ਭੈਭੀਤ ਹੋਏ ਬੈਠੇ ਸਾਂ। ਤਦੋਂ ਬੇਟੀ ਪੁੱਛਣ ਲੱਗੀ, ”ਯਹੂਦੀਆਂ ਨੂੰ ਕਿਸਨੇ ਬਣਾਇਆ ਹੈ?”
ਮਾਂ-ਬਾਪ ਚੁੱਪ ਸਨ ਕਿਉਂਕਿ ਬੇਟੀ ਦੇ ਸਵਾਲ ਵਿੱਚ ਇੱਕ ਸਵਾਲ ਹੋਰ ਸੀ ਕਿ ਖੁਦਾ ਤਾਂ ਰਹਿਮ-ਦਿਲ ਸਭ ਨੂੰ ਪਿਆਰ ਕਰਨ ਵਾਲਾ ਹੈ, ਫਿਰ ਉਹ ਅਜਿਹੇ ਜ਼ਾਲਮਾਂ ਨੂੰ ਕਿਵੇਂ ਪੈਦਾ ਕਰ ਸਕਦਾ ਹੈ? ਜਦੋਂ ਦੋ ਦਿਨਾਂ ਲਈ ਸੀਜ਼-ਫਾਇਰ ਹੁੰਦਾ ਹੈ ਤਾਂ ਬਾਪ ਉੱਪਰ ਪਾਣੀ ਵਾਲੀ ਟੈਂਕੀ ਦੇਖਣ ਜਾਂਦਾ ਹੈ ਤਦੋਂ ਉਹਦੀ ਗਰਦਨ ‘ਤੇ ਆ ਕੇ ਗੋਲੀ ਲਗਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਸਵਾਲਾਂ ਨਾਲ ਭਰੀਆਂ ਅਨੇਕਾਂ ਕਹਾਣੀਆਂ ਬੱਚਿਆਂ ਨੇ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਮਰਾਜੀਆਂ ਲਈ ਮਨ ਗੁੱਸੇ ਤੇ ਨਫਰਤ ਨਾਲ ਭਰ ਜਾਂਦਾ ਹੈ। ਸੰਕਟ ਦੇ ਇਸ ਸਮੇਂ ਫਲਸਤੀਨੀ ਜਨੂੰਨੀ ਹਾਲਤ ਨੂੰ ਸਹਿਜ ਕਰਨ ਲਈ ਦਬਕਾ ਨਾਚ ਨੱਚਦੇ ਗਾਉਣ ਲੱਗ ਜਾਂਦੇ ਹਨ-
ਹੇ ਖ਼ੁਦਾ! ਫਲਸਤੀਨੀਆਂ ਦੀ ਮਦਦ ਕਰ
ਜਿਨ੍ਹਾਂ ਦਾ ਦਿਲ ਇਮਾਨ ਨਾਲ ਭਰਿਆ ਪਿਆ ਹੈ
ਜੋ ਇੰਨੀਆਂ ਮੌਤਾਂ ਤੋਂ ਬਾਅਦ, ਫਿਸਲਣ, ਉਦਾਸੀ ਤੇ
ਹੰਝੂਆਂ ਦੇ ਮੁਕਾਬਲੇ ਖੜ੍ਹੇ ਨੇ।
ਕੀ ਨਾਚਾਂ ਵਿੱਚ ਕੋਈ ਫਰਕ ਹੁੰਦਾ ਹੈ?
ਇਜ਼ਰਾਇਲ ਦੇ ਬੁਲਾਰੇ ਮਿਸ਼ਾਲ ਮਿਆਨ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਗਾਜ਼ਾ ਵੱਲ ਜਾਣ ਵਾਲੇ ਲੋਕਾਂ ਦੇ ਅੱਧਮੋਏ ਜਿਸਮਾਂ ‘ਤੇ ਗੋਲੀਆਂ ਕਿਉਂ ਚਲਾਉਂਦੇ ਹੋ? ਤਾਂ ਉਹਦਾ ਜਵਾਬ ਸੀ ਕਿ ਇਨ੍ਹਾਂ ਨੂੰ ਜੇਲ੍ਹਾਂ ਵਿੱਚ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ। ਇਹ ਜਵਾਬ ਉਸੇ ਧਰਤੀ ‘ਤੇ ਰਹਿਣ ਵਾਲੀ ਇਜ਼ਰਾਇਲੀ ਜ਼ਿੰਮੇਵਾਰ ਜਵਾਨ ਔਰਤ ਦੇ ਮੂੰਹੋਂ ਨਿਕਲਦਾ ਹੈ, ਜਿਸਦੇ ਦਾਦੇ/ਨਾਨੇ ਆਪਣੇ ਪਰਿਵਾਰਾਂ ਦੀ ਬਦਹਾਲੀ ਨਾਲ ਫਲਸਤੀਨ ਵਿੱਚ ਪਨਾਹਗੀਰ ਬਣੇ ਸਨ। ਇੱਕ ਦੌਰ ਅਜਿਹਾ ਵੀ ਸੀ ਜਦੋਂ ਯਹੂਦੀ ਤੇ ਕ੍ਰਿਸਚੀਅਨ ਅਰਬੀ ਤੇ ਹਿਬਰੂ ਦੋਵੇਂ ਜ਼ਬਾਨਾਂ ਬੋਲਦੇ ਸਨ ਤੇ ਇਹੀ ਭਾਸ਼ਾਵਾਂ ਅਰਬਾਂ ਤੇ ਤੁਰਕਾਂ ਦੀਆਂ ਸਨ। 1948 ਤੋਂ ਪਹਿਲਾਂ ਇਹ ਨਾਲ ਨਾਲ ਇਕੱਠੇ ਰਹਿੰਦੇ ਸਨ, ਇਸ ਬਾਰੇ ਡੇਰਿਟ ਸਿਲਵਰ ਮੈਨ ਆਪਣੀ ਕਿਤਾਬ ‘ਗੇਟ ਆਫ ਮਰਸੀ’ ਵਿੱਚ ਲਿਖਦਾ ਹੈ- ਦੋਵਾਂ ਭਾਸ਼ਾਵਾਂ ਦੇ ਸ਼ਬਦ ਆਪਸ ਵਿੱਚ ਕਿੰਨੇ ਮਿਲਦੇ ਜੁਲਦੇ ਹਨ। ਉਦੋਂ ਨੌਜਵਾਨ ਇਹੀ ਸ਼ਬਦ ਪਿਆਰ ਤੇ ਦੋਸਤੀ ਲਈ ਵਰਤਦੇ ਸਨ, ਪਰ ਅੱਜ 2019 ਵਿੱਚ ਪੰਜਾਂ ਵਰ੍ਹਿਆਂ ਦੇ ਬੱਚੇ ਨੂੰ ਇਸ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਕਿ ਉਹਨੇ ਪੱਥਰਬਾਜ਼ੀ ਕੀਤੀ ਹੈ। ਉਸ ਬੱਚੇ ਦੇ ਚਿਹਰੇ ‘ਤੇ ਅਜੀਬ ਜਿਹੀ ਗੰਭੀਰਤਾ ਭਰੀ ਉਦਾਸੀ ਹੈ। ਉਹਦੇ ਇੱਕ ਹੱਥ ਵਿੱਚ ਚਾਕਲੇਟ ਤੇ ਮਿਠਾਈ ਵਾਲਾ ਝੋਲਾ ਹੈ ਤੇ ਦੂਜਾ ਹੱਥ ਬਾਪ ਦੇ ਹੱਥ ਵਿੱਚ ਹੈ। ਆਪਣੀਆਂ ਅੱਖਾਂ ਤੋਂ ਉਹ ਬੱਚਾ ਉਮਰੋਂ ਪਹਿਲਾਂ ਬੁੱਢਾ ਹੋ ਗਿਆ ਨਜ਼ਰ ਆ ਰਿਹਾ ਹੈ।
2023 ਵਿੱਚ ਗਾਜ਼ਾ ਵਿੱਚ 4500 ਬੱਚਿਆਂ ਦੀ ਮੌਤ ਦੇ ਵਿਰੋਧ ਵਿੱਚ ਕੱਢੇ ਗਏ ਜਲੂਸ ਵਿੱਚ ਉਹ ਰੱਸੀ ਸਭ ਦਾ ਧਿਆਨ ਖਿੱਚ ਰਹੀ ਸੀ ਜਿਸ ਨਾਲ 1500 ਬੱਚਿਆਂ ਦੇ ਲਹੂ ਨਾਲ ਭਿੱਜੇ ਕੱਪੜੇ ਖਮੋਸ਼ੀ ਵਿੱਚ ਸਾਹ ਲੈਣ ਦੀ ਆਗਿਆ ਮੰਗ ਰਹੇ ਜਾਪਦੇ ਸਨ। ਉਹ ਦ੍ਰਿਸ਼ ਦੇਖ ਕੇ ਲੋਕ ਖੜ੍ਹੇ ਖੜੋਤੇ ਰਹਿ ਗਏ ਸਨ। ਦੂਜੇ ਪਾਸੇ ਇਜ਼ਰਾਇਲੀ ਨਾਅਰੇ ਮਾਰ ਰਹੇ ਸਨ- ”ਵੂਈ ਵਿੱਲ ਆਕੂਪਾਈ ਗਾਜ਼ਾ।”
ਗਾਜ਼ਾ ‘ਤੇ ਕਬਜ਼ਾ ਕਰਨ ਦਾ ਇੱਕ ਵੱਡਾ ਕਾਰਨ ਤੇਲ ਤੇ ਗੈਸ ਦੇ ਭੰਡਾਰ ਹਨ, ਜਿਨ੍ਹਾਂ ‘ਤੇ ਸਾਮਰਾਜੀਆਂ ਦੀ ਅੱਖ ਹੈ। ਗਾਜ਼ਾ ਵਿੱਚ ਜਦੋਂ ਦੇ 1.5 ਬਿਲੀਅਨ ਬੈਰਲ ਆਇਲ ਤੇ 1.4 ਟ੍ਰਿਲੀਅਨ ਕਿਊਬਿਕ ਫੁੱਟ ਕੁਦਰਤੀ ਗੈਸ ਦੇ ਭੰਡਾਰ ਮਿਲੇ ਹਨ, ਉਦੋਂ ਤੋਂ ਹੀ ਇਜ਼ਰਾਇਲ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਪਿੱਛੇ ਅਮਰੀਕਾ, ਫਰਾਂਸ, ਜਰਮਨੀ, ਬ੍ਰਿਟੇਨ ਦੀ ਬੈਕਿੰਗ ਵੀ ਹੈ। ਇਸੇ ਕਰਕੇ ਇਜ਼ਰਾਇਲ ਸੀਜ਼-ਫਾਇਰ ਕਰਨ ਲਈ ਤਿਆਰ ਨਹੀਂ। ਚਾਰ ਦਿਨ ਦੇ ਸੀਜ਼-ਫਾਇਰ ਤੋਂ ਬਾਅਦ ਅਚਾਨਕ ਉਹ ਫਿਰ ਹਮਲੇ ਸ਼ੁਰੂ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਚਾਲੀ ਦਿਨਾਂ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ ਤੇ ਇਸ ਤੋਂ ਜ਼ਿਆਦਾ ਜ਼ਖਮੀ ਹੋਏ। ਮਰਨ ਵਾਲੇ ਵਾਈਟ ਫਾਸਫੋਰਸ ਇਨਸੈਂਡਰੀ ਵੈਪਨ ਦੀ ਮਾਰ ਵਿੱਚ ਆਏ ਸਨ। ਮਿਊਨਿਸਪਲ ਗਾਜ਼ਾ ਦੀ ਰਿਪੋਰਟ ਅਨੁਸਾਰ ਉੱਤਰੀ ਗਾਜ਼ਾ ਵਿੱਚ ਧਮਾਕਿਆਂ ਨਾਲ 60,000 ਇਮਾਰਤਾਂ ਤਬਾਹ ਹੋ ਗਈਆਂ ਹਨ ਤੇ 450 ਹਾਊਸ ਯੂਨਿਟ ਤਬਾਹ ਹੋਏ ਹਨ ਜਿਨ੍ਹਾਂ ਵਿੱਚ ਹਸਪਤਾਲ, ਸਕੂਲ, ਕੋਚਿੰਗ ਸੈਂਟਰ ਤੇ ਲਾਇਬ੍ਰੇਰੀਆਂ ਸ਼ਾਮਲ ਹਨ। ਇੱਕ ਪੁਰਾਣੀ ਲਾਇਬ੍ਰੇਰੀ ਵੀ ਇਸ ਵਿੱਚ ਸ਼ਾਮਲ ਹੈ, ਜਿਸ ਵਿੱਚ ਬਹੁਤ ਸਾਰੇ ਇਤਿਹਾਸਕ ਦਸਤਾਵੇਜ਼ ਪਏ ਸਨ। ਅਸਲ ਵਿੱਚ ਜਦੋਂ ਵੀ ਕਿਸੇ ਦੇਸ਼ ਦਾ ਵਜੂਦ ਮਿਟਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਦੀ ਭਾਸ਼ਾ, ਕਲਾ, ਸੱਭਿਆਚਾਰ, ਲਾਇਬ੍ਰੇਰੀਆਂ ਤੇ ਇਤਿਹਾਸਕ ਪਛਾਣ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹੀ ਕੁਝ ਫਲਸਤੀਨ ਵਿੱਚ ਕੀਤਾ ਜਾ ਰਿਹਾ ਹੈ।
ਫਲਸਤੀਨੀਆਂ ਨੂੰ ਇਸ ਗੱਲ ਦਾ ਇਲਮ ਹੈ ਕਿ ਇਜ਼ਰਾਇਲ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਗਾਜ਼ਾ ਪੱਟੀ ਵਿੱਚੋਂ ਖਦੇੜ ਕੇ ਪੱਛਮੀ ਕੰਢੇ ਵੱਲ ਧੱਕ ਰਿਹਾ ਹੈ ਤੇ ਨਾਲ ਹੀ ਸਕੂਲਾਂ, ਹਸਪਤਾਲਾਂ ਤੇ ਘਰਾਂ ‘ਤੇ ਕਬਜ਼ਾ ਕਰ ਰਿਹਾ ਹੈ ਤਾਂ ਕਿ ਯੁੱਧ ਦੀ ਸਮਾਪਤੀ ਤੋਂ ਬਾਅਦ ਨਾ ਉਨ੍ਹਾਂ ਦਾ ਇਲਾਜ ਹੋ ਸਕੇ ਤੇ ਨਾ ਸਿੱਖਿਆ ਮਿਲ ਸਕੇ। ਇਜ਼ਰਾਇਲ ਵਿੱਚ ਉਹ ਵਰਕ ਪਰਮਿਟ ਵੀ ਨਹੀਂ ਦੇਣਗੇ ਤੇ ਸਿੱਟੇ ਵਜੋਂ ਭੁੱਖ ਤੇ ਬੇਕਾਰੀ ਵਿੱਚ ਤੜਫਦੇ ਫਲਸਤੀਨੀ ਆਪਸ ਵਿੱਚ ਹੀ ਲੜ ਲੜ ਮਰ ਜਾਣਗੇ। ਇਹ ਉਨ੍ਹਾਂ ਦਾ ਸਭ ਤੋਂ ਦੁਖਾਂਤਕ ਅੰਤ ਹੋਵੇਗਾ।
ਫਲਸਤੀਨੀਆਂ ਨੂੰ ਪਤਾ ਹੈ ਜੇ ਉਹ ਜੰਗ ਹਾਰ ਗਏ ਤਾਂ ਉਨ੍ਹਾਂ ਦਾ ਵਜੂਦ ਮਿਟ ਜਾਏਗਾ। ਯਾਸਰ ਅਰਾਫ਼ਾਤ ਦੀ ਪੀ.ਐੱਲ.ਓ ਜਦੋਂ ਸ਼ਾਂਤੀ ਵਾਰਤਾ ਦੀ ਦੁਹਾਈ ਦੇ ਰਹੀ ਸੀ ਤਾਂ ਉਹਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਉਨ੍ਹਾਂ ਵਿਰੁੱਧ ‘ਹਮਾਸ’ ਦੀ ਨੀਂਹ ਰੱਖੀ ਗਈ। ਅੱਜ ਉਸੇ ਹਮਾਸ ਦੁਆਰਾ ਦਾਗੇ 5000 ਰਾਕੇਟਾਂ ਦੀ ਸ਼ਿਕਾਇਤ ਉੱਚੀ ਆਵਾਜ਼ ਵਿੱਚ ਗੂੰਜ ਰਹੀ ਹੈ। ਹਮਾਸ ਤਾਂ ਹੁਣ ਇੱਕ ਬਹਾਨਾ ਹੈ। ਗਾਜ਼ਾ ‘ਤੇ ਜਿੰਨੇ ਬੰਬ ਸੁੱਟੇ ਗਏ ਹਨ, ਰਾਕੇਟ ਦਾਗੇ ਗਏ ਹਨ, ਜਿੰਨੀਆਂ ਲਾਸ਼ਾਂ ਵਿਛਾਈਆਂ ਗਈਆਂ ਹਨ, ਜੇ ਉਨ੍ਹਾਂ ਨੂੰ ਦੇਖੀਏ ਤਾਂ ਇਹ ਹਮਾਸ ਦੇ ਬਹਾਨੇ ਗਾਜ਼ਾ ਨੂੰ ਖਾਲੀ ਕਰਾਉਣ ਦੀ ਇੱਕ ਕਵਾਇਦ ਲਗਦੀ ਹੈ।
ਚਾਰ ਦਿਨਾਂ ਦਾ ਸੀਜ਼-ਫਾਇਰ ਬੜਾ ਅਰਥ ਭਰਪੂਰ। ਜਿਹੜੇ ਵਿਆਹ ਰੁਕੇ ਹੋਏ ਸਨ ਉਹ ਹੋ ਗਏ। ਕਈ ਜ਼ਰੂਰੀ ਕੰਮ ਨਿਪਟਾ ਲਏ ਗਏ। ਇਹ ਆਸ ਵੀ ਸੀ ਕਿ ਹੁਣ ਸ਼ਾਂਤੀ ਬਹਾਲ ਹੋ ਜਾਏਗੀ। ਪਰ ਅਚਾਨਕ ਪੰਜਵੇਂ ਦਿਨ ਬਿਨਾਂ ਕਿਸੇ ਵਾਰਨਿੰਗ ਦੇ ਸਵੇਰੇ ਸੱਤ ਵਜੇ ਇਜ਼ਰਾਇਲ ਨੇ ਬੰਬਾਰੀ ਸ਼ੁਰੂ ਕਰ ਦਿੱਤੀ। ਜੰਗੀ ਜਹਾਜ਼ ਬਹੁਤ ਹੇਠਾਂ ਉਡ ਰਹੇ ਸਨ ‘ਤੇ ਉੱਤਰ ਤੋਂ ਦੱਖਣ ਸਫੇ ਵੱਲ ਬੰਬਾਰੀ ਕਰ ਰਹੇ ਸਨ। ਯੂਨੀਸੈੱਫ ਦੇ ਬੁਲਾਰੇ ਜੇਮਸ ਐਡਲਰ ਨੇ ਅੱਖੀਂ ਡਿੱਠੇ ਹਾਲ ਦਾ ਵਰਣਨ ਕਰਦਿਆਂ ਲਿਖਿਆ ਹੈ- ਹਸਪਤਾਲ ਤੋਂ ਥੋੜ੍ਹੀ ਦੂਰ ਬੰਬ ਫਟਿਆ। ਹਸਪਤਾਲ ਵਿੱਚ ਦੋ ਸੌ ਬੱਚਿਆਂ ਦੀ ਕਪੈਸਟੀ ਹੈ ਪਰ ਉੱਥੇ ਵੱਡੀ ਗਿਣਤੀ ਵਿੱਚ ਜ਼ਖਮੀ, ਰੋਗੀ, ਸੜੇ ਹੋਏ, ਲਾਚਾਰ ਬੱਚੇ ਥਾਂ ਥਾਂ ਪਏ ਹਨ। ਜਿੱਥੇ ਕਿਸੇ ਨੂੰ ਥਾਂ ਮਿਲਦੀ ਹੈ, ਉੱਥੇ ਢੇਰੀ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਇਜ਼ਰਾਇਲ ਗਿਣ ਮਿਥ ਕੇ ਬੱਚਿਆਂ ਦੀ ਨਸਲਕੁਸ਼ੀ ਕਰ ਰਿਹਾ ਹੈ। ਇਸ ਨੂੰ ਾਂੳਰ ੋਨ ਛਹਲਿਦਰੲਨ ਕਿਹਾ ਜਾ ਸਕਦਾ ਹੈ। ਲੱਭ ਲੱਭ ਕੇ ਉਨ੍ਹਾਂ ਥਾਵਾਂ ‘ਤੇ ਬੰਬਾਰੀ ਕੀਤੀ ਜਾ ਰਹੀ ਹੈ, ਜਿੱਥੇ ਸਿਰਫ ਔਰਤਾਂ ਤੇ ਬੱਚੇ ਹਨ। ਮਲਬੇ ਦੇ ਢੇਰਾਂ ਵਿੱਚੋਂ ਆਪਣੇ ਬੱਚਿਆਂ ਨੂੰ ਲੱਭਦੀਆਂ ਮਾਵਾਂ ਵਿਲਕ ਰਹੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਹੁਣ ਤਕ ਪੰਦਰਾਂ ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ।
ਇਜ਼ਰਾਇਲ ਡਿਫੈਂਸ ਫੋਰਸ ਜਿਸ ਤਰ੍ਹਾਂ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਹ ਸਾਜਿਸ਼ਨ ਨਸਲਕੁਸ਼ੀ ਹੈ। ਇਸ ਤਰ੍ਹਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਰਿਪੋਰਟਾਂ ਪੜ੍ਹ ਕੇ ਫਲਸਤੀਨ ਦਾ ਕੌਮੀ ਰੁੱਖ ਜੈਤੂਨ ਯਾਦ ਆਉਂਦਾ ਹੈ। ਇਹ ਵੀਹ ਵਰ੍ਹਿਆਂ ਵਿੱਚ ਤਿਆਰ ਹੁੰਦਾ ਹੈ ਤੇ ਵੀਹਾਂ ਵਰ੍ਹਿਆਂ ਬਾਅਦ ਫਲ ਦਿੰਦਾ ਹੈ। ਇਹ ਫਲਸਤੀਨੀਆਂ ਦੀ ਵਿਰਾਸਤ ਹੈ, ਜੋ ਇੱਕ ਨਸਲ ਦੂਜੀ ਨਸਲ ਨੂੰ ਦਿੰਦੀ ਹੈ। ਹਰੇ, ਪੀਲੇ, ਮਾਇਲ ਹਰੇ, ਕਾਲੇ, ਛੋਟੇ ਵੱਡੇ ਆਕਾਰ ਦੇ ਜੈਤੂਨਾਂ ਵਿੱਚ ਫਲਸਤੀਨੀਆਂ ਦੀ ਜਾਨ ਹੈ। ਗਾਜ਼ਾ ਵਿੱਚੋਂ ਪੈਦਲ ਲੰਘ ਰਹੇ ਸ਼ਰਨਾਰਥੀਆਂ ਨੇ ਜਦੋਂ ਫਲਾਂ ਨਾਲ ਲੱਦੇ ਜੈਤੂਨ ਦੇਖੇ ਤਾਂ ਤੋੜਨ ਲਈ ਗਏ। ਪਰ ਡਿਫੈਂਸ ਆਰਮੀ ਨੇ ਤੋੜਨ ਤੋਂ ਰੋਕ ਦਿੱਤਾ। ਉਸ ਵੇਲੇ ਸ਼ਰਨਾਰਥੀਆਂ ਦੇ ਗੁੱਸੇ ਅਤੇ ਨਫਰਤ ਨਾਲ ਭੈਭੀਤ ਹੋਏ ਚਿਹਰੇ ਦੇਖਣ ਵਾਲਿਆਂ ਦੀ ਸਿਮਰਤੀ ਵਿੱਚ ਉੱਕਰੇ ਪਏ ਹਨ।
ਸਭ ਤੋਂ ਭਿਆਨਕ ਉਹ ਦ੍ਰਿਸ਼ ਹੈ ਜਿਸ ਵਿੱਚ ਜਵਾਨ ਮਾਵਾਂ ਆਪਣੇ ਮੋਏ ਬੱਚਿਆਂ ਦੇ ਜਨਾਜ਼ਿਆਂ ਕੋਲ ਬੈਠੀਆਂ ਰੋਣਾ ਭੁੱਲ ਗਈਆਂ ਹਨ। ਜ਼ੁਲਮ ਦੀ ਇੰਤਹਾ ਉਨ੍ਹਾਂ ਅੰਦਰ ਜੰਮ ਕੇ ਪੱਥਰ ਬਣ ਗਈ ਹੈ। ਉਹ ਖ਼ੁਦਾ ਨੂੰ ਉਲ੍ਹਾਮੇ ਵੀ ਨਹੀਂ ਦੇ ਰਹੀਆਂ ਸਿਰਫ਼ ਪਥਰਾਈਆਂ ਅੱਖਾਂ ਉਨ੍ਹਾਂ ਬੱਚਿਆਂ ਦੇ ਗੁਆਚੇ ਸਾਹ ਮੰਗ ਰਹੀਆਂ ਹਨ, ਜਿਨ੍ਹਾਂ ਨੂੰ ਜੰਗ ਦੀ ਡਾਇਣ ਖੋਹ ਕੇ ਲੈ ਗਈ ਹੈ। ਉਹ ਦ੍ਰਿਸ਼ ਹੋਰ ਵੀ ਡਰਾਉਣਾ ਹੈ ਜਿਸ ਵਿੱਚ ਇੱਕ ਬਾਪ ਆਪਣੇ ਬੱਚੇ ਦੀ ਸਿਰ ਕੱਟੀ ਲਾਸ਼ ਲੈ ਕੇ ਜਾ ਰਿਹਾ ਹੈ।
ਬਕੌਲ ਨਾਸਿਰਾ ਸ਼ਰਮਾ-
ਜਿਸ ਸਮੇਂ ਅਸੀਂ ਸਾਹ ਲੈ ਰਹੇ ਹਾਂ
ਉਹ ਕਦੇ ਵੀ ਸੁਲਗ ਸਕਦਾ ਹੈ ਸੁੱਕੇ ਪੱਤਿਆਂ ਵਾਂਗ
ਬੇਗੁਨਾਹ ਬੱਚੇ, ਮਸੂਮ ਬੱਚੇ ਨਹੀਂ ਜਾਣਦੇ ਸਿਆਸਤ
ਨਾ ਜਾਣਦੇ ਨੇ ਕਿ ਕੌਣ ਵਰ੍ਹਾ ਰਿਹਾ ਹੈ ਬੰਬਾਂ ਦਾ ਮੀਂਹ ਉਨ੍ਹਾਂ ‘ਤੇ
ਜਦੋਂ ਮੁਰਦਾ ਬੱਚਿਆਂ ਵਿੱਚ ਜ਼ਖਮੀ ਬੱਚਾ ਜ਼ਖਮਾਂ ਨਾਲ ਚੂਰ
ਭੁੱਖ, ਪਿਆਸ ਤੋਂ ਲਾਚਾਰ, ਚੀਕ ਉਠਦੈ ‘ਮਾਂ’
ਤਾਂ ਮਾਂ ਦੀ ਮਿੱਠੀ ਆਵਾਜ਼ ‘ਆਈ’ ਦੀ ਥਾਂ
ਚੁੱਕ ਲੈਂਦੇ ਨੇ ਦੋ ਅਜਨਬੀ ਹੱਥ, ਪੁਚਕਾਰਦੇ, ਪੂੰਝਦੇ ਨੇ
ਚਿਹਰੇ ‘ਤੇ ਜੰਮੀ ਬਰੂਦੀ ਸਵਾਹ,
ਜ਼ਖਮਾਂ ‘ਤੇ ਲਾਉਂਦੇ ਨੇ ਮੱਲ੍ਹਮ,
ਫਿਰ ਬੰਨ੍ਹ ਦਿੰਦੇ ਨੇ ਉਹਦੀ ਦੇਹ ਨੂੰ
ਸਫੈਦ ਕੱਪੜੇ ਵਿੱਚ ૴ ૴

Related Articles

Latest Articles