-0.1 C
Vancouver
Saturday, January 18, 2025

ਸੋਸ਼ਲ ਮੀਡੀਆ ਬਨਾਮ ਨੌਜਵਾਨ

 

ਲੇਖਕ : ਰਾਵਿੰਦਰ ਫਫ਼ੜੇ
ਸੰਪਰਕ : 98156-80980
ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਦੀ ਗੱਲ ਹੈ। ਦਸਵੀਂ ਤੋਂ ਬਾਅਦ ਡੀ-ਫਾਰਮੇਸੀ ਕਰਕੇ ਮੈਂ ਵਿਹਲਾ ਸੀ, ਇਸ ਲਈ ਅਕਸਰ ਚੰਡੀਗੜ੍ਹ ਆਪਣੇ ਦੋਸਤ ਮੋਹਨ, ਜੋ ਕਿ ਚੰਡੀਗੜ੍ਹ ਪੁਲਿਸ ਵਿੱਚ ਮੁਲਾਜ਼ਮ ਸੀ, ਕੋਲ ਜਾਂਦਾ ਰਹਿੰਦਾ ਸੀ। ਮੈਂ ਜਦੋਂ ਵੀ ਚੰਡੀਗੜ੍ਹ ਜਾਂਦਾ, ਗਰਮੀ ਹੁੰਦੀ ਜਾਂ ਸਰਦੀ, ਪਿੰਡੋਂ ਪੰਜ-ਸਾਢੇ ਪੰਜ ਵਾਲੀ ਬੱਸ ਫੜਦਾ ਜਾਂ ਸਕੂਟਰ ਤੇ ਜਾਕੇ ਮਾਨਸਾ ਜਾਂ ਭੀਖੀ ਤੋਂ ਪਟਿਆਲਾ-ਚੰਡੀਗੜ੍ਹ ਵਾਲੀ ਬੱਸ ਚੜ੍ਹਦਾ। ਸ਼ਹਿਰ ਦੇ ਬੱਸ ਅੱਡੇ ‘ਤੇ ਪਹੁੰਚ ਕੇ ਮੇਰਾ ਸਾਰਿਆਂ ਤੋਂ ਪਹਿਲਾ ਕੰਮ ਅਖ਼ਬਾਰ ਖਰੀਦਣਾ ਹੁੰਦਾ। ਉਹਨਾਂ ਦਿਨਾਂ ਵਿੱਚ ਮੈਨੂੰ ਲਿਖਣ ਦਾ ਨਵਾਂ-ਨਵਾਂ ਚਸਕਾ ਲੱਗਿਆ ਸੀ। ਪਾਠਕਾਂ ਦੇ ਖ਼ਤਾਂ ਵਿੱਚ ਮੇਰਾ ਕੋਈ ਖ਼ਤ ਜਾਂ ਇੱਕ-ਦੋ ਅਖ਼ਬਾਰਾਂ ਵਿੱਚ ਕੋਈ ਨਾ ਕੋਈ ਮਿੰਨੀ ਕਹਾਣੀ ਛਪਦੀ ਰਹਿੰਦੀ ਸੀ। ਜਿਸ ਅਖ਼ਬਾਰ ਲਈ ਮੈਂ ਕੁਝ ਭੇਜਿਆ ਹੁੰਦਾ ਅਤੇ ਉਸਦੇ ਛਪਣ ਦੀ ਉਮੀਦ ਹੁੰਦੀ ਤਾਂ ਉਸ ਅਖ਼ਬਾਰ ਨੂੰ ਖਰੀਦਣਾ ਮੇਰੀ ਪਹਿਲ ਅਤੇ ਲੋੜ ਹੁੰਦੀ। ਬੇਸ਼ਕ ਘਰ ਅਖ਼ਬਾਰ ਆਉਂਦਾ ਸੀ ਪਰ ਉਦੋਂ ਪਿੰਡਾਂ ਵਿੱਚ ਅਖ਼ਬਾਰ ਨੌਂ-ਦਸ ਵਜੇ ਤੋਂ ਪਹਿਲਾਂ ਨਹੀਂ ਸੀ ਆਉਂਦਾ। ਇਸ ਲਈ ਅਖ਼ਬਾਰ ਵਿੱਚ ਜੋ ਚਿੱਠੀ-ਪੱਤਰ ਜਾਂ ਕਹਾਣੀ ਛਪਣੀ ਹੁੰਦੀ, ਉਸ ਨੂੰ ਵੇਖਣ-ਪੜ੍ਹਨ ਲਈ ਸ਼ਾਮ ਤਕ ਜਾਂ ਅਗਲੇ ਦਿਨ ਤਕ ਇੰਤਜ਼ਾਰ ਨਾ ਕਰ ਹੁੰਦਾ। ਦੂਜਾ ਕਾਰਨ ਚਾਰ-ਪੰਜ ਘੰਟੇ ਦੇ ਸਫ਼ਰ ਵਿੱਚ ਟਾਈਮ ਪਾਸ ਵਧੀਆ ਹੋ ਜਾਂਦਾ ਸੀ। ਉਦੋਂ ਸਫ਼ਰ ਦੌਰਾਨ ਟਾਈਮ ਪਾਸ ਦਾ ਇੱਕੋ ਇੱਕ ਸਾਧਨ ਅਖ਼ਬਾਰ ਹੀ ਹੁੰਦਾ ਸੀ, ਮੋਬਾਇਲ ਨਾਂ ਦਾ ਝੁਰਲੂ ਉਦੋਂ ਤਕ ਟਾਵੇਂ-ਟਾਵੇਂ ਕੋਲ ਸੀ, ਉਹ ਵੀ ਸਿਰਫ ਗੱਲਬਾਤ ਕਰਨ ਲਈ।
ਸਵੇਰ ਦੇ ਸਮੇਂ ਵਾਲੀਆਂ ਬੱਸਾਂ ਵਿੱਚੋਂ ਹਰੇਕ ਬੱਸ ਵਿੱਚ ਘੱਟੋ-ਘੱਟ ਚਾਰ-ਪੰਜ ਅਖ਼ਬਾਰ ਵਾਲੇ ਮੁਸਾਫਿਰ ਜ਼ਰੂਰ ਹੁੰਦੇ ਅਤੇ ਇਹ ਅਖ਼ਬਾਰ ਤਕਰੀਬਨ ਪੂਰੀ ਬੱਸ ਵਿੱਚ ਅੱਗੇ ਤੋਂ ਅੱਗੇ ਘੁੰਮ ਜਾਂਦੇ ਅਤੇ ਅਖ਼ਬਾਰ ਪੜ੍ਹਨ ਦੇ ਸਾਰੇ ਸ਼ੌਕੀਨ ਅਖ਼ਬਾਰ ਪੜ੍ਹ ਲੈਂਦੇ।
ਇੱਕ ਦਿਨ ਦਿਲਚਸਪ ਕਿੱਸਾ ਵਾਪਰਿਆ। ਮੈਂ ਭੀਖੀ ਬੱਸ ਅੱਡੇ ਤੋਂ ਅਖ਼ਬਾਰ, ਜਿਸ ਵਿੱਚ ਮੇਰੀ ਮਿੰਨੀ ਕਹਾਣੀ ਛਪੀ ਸੀ ਲੈਕੇ (ਹੁਣ ਯਾਦ ਨਹੀਂ ਕਿਹੜਾ ਅਖ਼ਬਾਰ ਸੀ) ਬੱਸ ਚੜ੍ਹ ਗਿਆ। ਪਟਿਆਲੇ ਤਕ ਮੈਂ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹ ਲਿਆ ਅਤੇ ਕੋਲ ਰੱਖ ਲਿਆ। ਪਟਿਆਲੇ ਤੋਂ ਇੱਕ 50-55 ਸਾਲ ਦਾ ਪੜ੍ਹਿਆ-ਲਿਖਿਆ ਸ਼ਖਸ ਮੇਰੇ ਦੂਸਰੇ ਪਾਸੇ ਵਾਲੀ ਸੀਟ ‘ਤੇ ਬੈਠ ਗਿਆ। ਉਹ ਮੈਥੋਂ ਅਖ਼ਬਾਰ ਮੰਗ ਕੇ ਪੜ੍ਹਨ ਲੱਗ ਪਿਆ ਅਤੇ ਆਪ ਪੜ੍ਹ ਕੇ ਉਸਨੇ ਕਦੋਂ ਕਿਸੇ ਹੋਰ ਨੂੰ ਦੇ ਦਿੱਤਾ, ਮੈਨੂੰ ਪਤਾ ਹੀ ਨਾ ਲੱਗਾ। ਜੀਰਕਪੁਰ ਤੋਂ ਬੱਸ ਚੱਲਣ ‘ਤੇ ਮੈਂ ਉੱਤਰਨ ਦੀ ਤਿਆਰੀ ਕਰਨ ਲੱਗਾ ਕਿਉਂਕਿ ਮੈਂ ਟ੍ਰਿਬਿਊਨ ਚੌਕ ਉੱਤਰਨਾ ਸੀ। ਉਸ ਸ਼ਖਸ ਤੋਂ ਅਖ਼ਬਾਰ ਮੰਗਿਆ ਤਾਂ ਉਹ ਆਸੇ-ਪਾਸੇ ਭਾਲਣ ਲੱਗ ਪਿਆ ਪਰ ਅਖ਼ਬਾਰ ਨਾ ਮਿਲਿਆ। ਮੈਂ ਉਸ ਸ਼ਖਸ ਨੂੰ ਕਿਹਾ, ”ਤੁਸੀਂ ਅਖ਼ਬਾਰ ਪੜ੍ਹ ਕੇ ਅੱਗੇ ਕਿਉਂ ਦਿੱਤਾ? ਮੈਨੂੰ ਵਾਪਸ ਕਰਨਾ ਸੀ। ਇਹ ਅਖ਼ਬਾਰ ਮੈਨੂੰ ਜ਼ਰੂਰੀ ਚਾਹੀਦਾ ਸੀ।”
ਅੱਗੋਂ ਉਹ ਜੇਬ ਵਿੱਚੋਂ ਦੋ ਰੁਪਏ ਕੱਢਦਾ ਬੋਲਿਆ, ”ਆਹ ਲਵੋ, ਨਵਾਂ ਖਰੀਦ ਲੈਣਾ।” ਮੈਂ ਕਹਿਣਾ ਚਾਹੁੰਦਾ ਸੀ ਕਿ ਇਹ ਰੁਪਏ ਰੱਖੋ ਅਤੇ ਅੱਗੇ ਤੋਂ ਆਪਣਾ ਅਖ਼ਬਾਰ ਖਰੀਦ ਲਿਆ ਕਰੋ ਪਰ ਉਸ ਦੀ ਉਮਰ ਦਾ ਲਿਹਾਜ਼ ਕਰਦਿਆਂ ਮੈਂ ਚੁੱਪ ਰਿਹਾ।
ਅੱਜ ਕੱਲ੍ਹ ਦੀ ਗੱਲ ਕੁਝ ਹੋਰ ਹੈ। ਹੁਣ ਕਿਸੇ ਵੀ ਬੱਸ ਵਿੱਚ ਵੇਖ ਲਵੋ, ਕੀ ਬੱਚਾ, ਕੀ ਵੱਡਾ, ਕੀ ਪੜ੍ਹਿਆ, ਕੀ ਅਨਪੜ੍ਹ ਸਭ ਦੇ ਹੱਥ ਮੋਬਾਇਲ ਹੁੰਦਾ ਹੈ। ਕਈ ਤਾਂ ਇਸ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਆਪਣੀ ਮੰਜ਼ਿਲ ‘ਤੇ ਉੱਤਰਨਾ ਵੀ ਭੁੱਲ ਜਾਂਦੇ ਹਨ। ਸਫ਼ਰ ਦੌਰਾਨ ਅਖ਼ਬਾਰ ਵਾਲੀ ਗੱਲ ਜ਼ਿਆਦਾਤਰ ਸਵੇਰ ਵੇਲੇ ਅਤੇ ਲੰਬੇ ਸਫਰ ਵੇਲੇ ਹੀ ਵੇਖਣ ਵਿੱਚ ਆਉਂਦੀ ਸੀ ਜਦੋਂ ਕਿ ਮੋਬਾਇਲ ਦਾ ਕੋਈ ਸਮਾਂ ਨਹੀਂ ਅਤੇ ਕੋਈ ਸੀਮਾ ਨਹੀਂ। ਸਵੇਰੇ ਉੱਠਣ ਸਮੇਂ ਸਭ ਤੋਂ ਪਹਿਲਾਂ ਹੱਥ ਮੋਬਾਇਲ ਵੱਲ ਹੀ ਜਾਂਦਾ ਹੈ ਅਤੇ ਰਾਤ ਨੂੰ ਸੌਣ ਸਮੇਂ ਹੱਥ ਵਿੱਚੋਂ ਛੁੱਟਣ ਵਾਲੀ ਆਖਰੀ ਵਸਤੂ ਵੀ ਮੋਬਾਇਲ ਹੀ ਹੁੰਦਾ ਹੈ।
ਜਿਉਂ-ਜਿਉਂ ਸਮਾਂ ਅੱਗੇ ਵਧ ਰਿਹਾ ਹੈ ਅਤੇ ਸਾਇੰਸ ਤਰੱਕੀ ਕਰ ਰਰਹੀ ਹੈ, ਰੋਜ਼ਾਨਾ ਵਰਤੋਂ ਵਾਲੀਆਂ ਨਵੀਂਆਂ-ਨਵੀਂਆਂ ਚੀਜ਼ਾਂ ਦੀ ਖੋਜ ਹੋ ਰਹੀ ਹੈ। ਤਾਰਾਂ (ਲੈਂਡ ਲਾਈਨ) ਵਾਲੇ ਫੋਨ ਵਰਤਦਿਆਂ ਕਿਸ ਨੇ ਸੋਚਿਆ ਸੀ ਕਿ ਬਿਨਾਂ ਤਾਰਾਂ ਤੋਂ ਫੋਨ ਹੋਣਗੇ ਅਤੇ ਹਰ ਇੱਕ ਦੀ ਜੇਬ ਵਿੱਚ ਹੋਣਗੇ? ਆਵਾਜ਼ ਦੇ ਨਾਲ-ਨਾਲ ਫੋਟੋ ਵੀ ਆਵੇਗੀ? ਸਾਇੰਸ ਨੇ ਅੱਗੇ ਵਧਦੇ ਜਾਣਾ ਹੈ ਅਤੇ ਅਜਿਹੀਆਂ ਕਾਢਾਂ ਨੇ ਜਨਮ ਲੈਂਦੇ ਰਹਿਣਾ ਹੈ, ਜਿਨ੍ਹਾਂ ਬਾਰੇ ਆਪਾਂ ਅਜੇ ਸੋਚਿਆ ਤਕ ਨਹੀਂ।
ਜਿਸ ਤਰ੍ਹਾਂ ਹਰ ਚੀਜ਼ ਦੇ ਨਫ਼ੇ-ਨੁਕਸਾਨ ਹੁੰਦੇ ਹਨ, ਉਸੇ ਤਰ੍ਹਾਂ ਮੋਬਾਇਲ ਦੇ ਫਾਇਦਿਆਂ ਦੇ ਨਾਲ-ਨਾਲ ਨੁਕਸਾਨ ਵੀ ਹਨ, ਖਾਸ ਕਰਕੇ ਜਦੋਂ ਦਾ ਇਸ ‘ਤੇ ਇੰਟਰਨੈੱਟ ਉੱਪਲਬਧ ਹੋਇਆ ਹੈ। ਪਹਿਲੀ ਗੱਲ, ਸੋਸ਼ਲ ਮੀਡੀਆ ‘ਤੇ ਮਿਲਣ ਵਾਲੀ ਜਾਣਕਾਰੀ ਜ਼ਿਆਦਾਤਰ ਫੇਕ (ਜਾਅਲੀ) ਹੁੰਦੀ ਹੈ, ਸੱਚ ਝੂਠ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦੋਂਕਿ ਪ੍ਰਿੰਟ ਮੀਡੀਆ (ਅਖ਼ਬਾਰ) ਬਾਰੇ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਦੂਜੀ ਗੱਲ, ਇਸਦਾ ਆਦੀ ਹੋਣਾ ਵੀ ਬਹੁਤ ਨੁਕਸਾਨਦੇਹ ਹੈ। ਸਮੇਂ ਨਾਲ ਬਦਲਣਾ ਜ਼ਰੂਰੀ ਹੈ ਪਰ ਕਿਸੇ ਚੀਜ਼ ਦੇ ਆਦੀ ਹੋਣ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਇਹ ਮਾਨਸਿਕ ਤੌਰ ‘ਤੇ ਵੀ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ, ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ। ਇਸ ਨਾਲ ਰਿਸ਼ਤੇ-ਨਾਤੇ ਅਤੇ ਬੱਚਿਆਂ-ਨੌਜਵਾਨਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਆਪਣੇ ਸੱਭਿਆਚਾਰ ਅਤੇ ਸਾਹਿਤ ਤੋਂ ਦੂਰ ਹੋ ਰਹੇ ਹਨ।
ਇਸ ਸੰਬੰਧੀ ਇੱਕ ਗੱਲ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਮੇਰਾ ਬੇਟਾ ਸ਼ੁਭਮ ਯੂਟਿਊਬਰ (ਇਹ ਕੀ ਹੁੰਦਾ ਹੈ, ਮੈਨੂੰ ਉਸ ਦੇ ਦੱਸਣ ‘ਤੇ ਹੀ ਪਤਾ ਲੱਗਿਆ) ਹੈ। ਤੀਹ ਹਜ਼ਾਰ ਦੇ ਕਰੀਬ ਉਸ ਦੇ ਚੈਨਲ ਦੇ ਵਰਤੋਂਕਾਰ ਹਨ, ਜੋ ਦਿਨੋ-ਦਿਨ ਵਧ ਰਹੇ ਹਨ। ਉਹ ਅਜੇ ਪੜ੍ਹ ਰਿਹਾ ਹੈ, ਇਸ ਲਈ ਅਸੀਂ ਇਸ ਪ੍ਰਤੀ ਉਸ ਦਾ ਸਮਾਂ ਸੀਮਿਤ ਕੀਤਾ ਹੋਇਆ ਹੈ ਪਰ ਉਹ ਇਸੇ ਵਿੱਚ ਆਪਣਾ ਭਵਿੱਖ ਵੇਖ ਰਿਹਾ ਹੈ। ਗਲਤ ਸਹੀ ਦੀ ਜਾਣਕਾਰੀ ਲਈ ਮੈਂ ਉਸ ਨਾਲ ਗੱਲ ਕਰਦਾ ਰਹਿੰਦਾ ਹਾਂ। ਉਸ ਦੇ ਦੱਸਣ ਮੁਤਾਬਿਕ ਯੂਟਿਊਬ ਰਾਹੀਂ ਆਪਣਾ ਕੈਰੀਅਰ ਬਣਾਉਣ ਲਈ ਉਸ ਨੂੰ ਇੱਕ ਦਿਨ ਵਿੱਚ ਘੱਟੋ-ਘੱਟ ਸੱਤ-ਅੱਠ ਘੰਟੇ ਇੰਟਰਨੈੱਟ ‘ਤੇ ਗੁਜ਼ਾਰਨੇ ਹੋਣਗੇ। ਸੋਚਣ ਵਾਲੀ ਗੱਲ ਹੈ ਕਿ ਜਦੋਂ ਇੱਕ ਯੂਟਿਊਬਰ ਇੰਟਰਨੈੱਟ ‘ਤੇ ਇੰਨਾ ਸਮਾਂ ਗੁਜ਼ਾਰੇਗਾ ਤਾਂ ਉਸ ਦੇ ਵਰਤੋਂਕਾਰ ਕਿੰਨਾ ਸਮਾਂ ਇਸ ‘ਤੇ ਖਰਚਣਗੇ? ਉਹਨਾਂ ਲਈ ਤਾਂ ਅੱਗੋਂ ਹੋਰ ਹਜ਼ਾਰਾਂ-ਲੱਖਾਂ ਚੈੱਨਲ ਉਪਲਬਧ ਹੁੰਦੇ ਹਨ। ਸਵਾਲ ਇਹ ਹੈ ਕਿ ਅਜਿਹੇ ਵਿੱਚ ਬੱਚਿਆਂ, ਨੌਜਵਾਨਾਂ ਕੋਲ ਪੜ੍ਹਨ-ਲਿਖਣ ਲਈ ਸਮਾਂ ਬਚੇਗਾ ਕਿਵੇਂ? ਮੈਂ ਆਪਣੇ ਸਮਿਆਂ ਨੂੰ ਚੰਗਾ ਦੱਸਣ ਲਈ ਇਹ ਲੇਖ ਨਹੀਂ ਲਿਖ ਰਿਹਾ ਪਰ ਸਾਡੇ ਨੌਜਵਾਨਾਂ ਦਾ ਅਖ਼ਬਾਰਾਂ-ਕਿਤਾਬਾਂ ਤੋਂ ਬਿਲਕੁਲ ਟੁੱਟ ਜਾਣਾ ਸਮਾਜ ਅਤੇ ਦੇਸ਼ ਲਈ ਖਤਰਨਾਕ ਹੈ।

Related Articles

Latest Articles