-0.1 C
Vancouver
Saturday, January 18, 2025

ਕੈਨੇਡਾ ਦੇ ਰੰਗ-ਢੰਗ ਅਤੇ ਸਾਡੀਆਂ ਕਦਰਾਂ-ਕੀਮਤਾਂ

 

ਲੇਖਕ : ਮਲਵਿੰਦਰ, ਸੰਪਰਕ: 3659946744
ਸਮਾਜਿਕ ਕਦਰਾਂ ਕੀਮਤਾਂ ਦੇ ਸਮਕਾਲੀ ਸਮਿਆਂ ਅੰਦਰ ਕਈ ਅਰਥ ਹਨ। ਮਸਲਨ ਪਰਿਵਾਰਕ ਕੀਮਤਾਂ, ਜਿਹੜੀਆਂ ਵੱਖ-ਵੱਖ ਧਰਮਾਂ ਤੇ ਭਾਈਚਾਰਕ ਸਮੂਹਾਂ ਅੰਦਰ ਵੱਖਰੇ ਮਾਪਦੰਡਾਂ ਵਾਲੀਆਂ ਹੋ ਸਕਦੀਆਂ ਹਨ। ਬਹੁਤ ਵਾਰੀ ਇਹ ਕਦਰਾਂ ਕੀਮਤਾਂ ਕਿਸੇ ਪਰਿਵਾਰਕ ਢਾਂਚੇ ਅੰਦਰ ਮਿੱਥੇ ਹੋਏ ਰਾਹਾਂ ਦੀਆਂ ਪਾਬੰਦ ਹੁੰਦੀਆਂ ਹਨ। ਮੁੱਖ ਤੌਰ ‘ਤੇ ਇਹ ਕਦਰਾਂ ਕੀਮਤਾਂ ਸਾਡਾ ਰਹਿਣ-ਸਹਿਣ, ਖਾਣ-ਪੀਣ, ਕਿਰਤ ਕਰਨਾ, ਸਾਡਾ ਵਿਹਾਰ ਤੇ ਚਾਲ-ਚੱਲਣ ਤੈਅ ਕਰਦੀਆਂ ਹਨ। ਇਹ ਰਚਨਾਤਮਕ ਤੇ ਮੂਲ ਵਿਸ਼ਵਾਸ ਉਮਰ ਦੇ ਮੁੱਢਲੇ ਸਾਲਾਂ ਵਿੱਚ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਬਾਅਦ ਵਾਲੇ ਸਾਲਾਂ ਦੇ ਤਜਰਬੇ, ਪਰਿਵਾਰ ਤੋਂ ਬਾਹਰ ਦੇ ਰਿਸ਼ਤੇ, ਸਾਂਝਾਂ, ਮਿਲਵਰਤਨ, ਵਿਚਰਨ, ਘਟਨਾਵਾਂ ਤੇ ਵੱਖਰੇ ਵਿਚਾਰ ਵਧੇਰੇ ਪ੍ਰਭਾਵਿਤ ਕਰਦੇ ਹਨ। ਇੰਝ ਕਦਰਾਂ ਕੀਮਤਾਂ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਇਹ ਬਦਲਾਅ ਹਰ ਪਰਿਵਾਰ, ਭਾਈਚਾਰੇ ਲਈ ਸੁਖਾਵਾਂ ਨਹੀਂ ਹੁੰਦਾ। ਪਰਵਾਸ ਕਦਰਾਂ ਕੀਮਤਾਂ ਦੇ ਟੁੱਟਣ ਅਤੇ ਨਵੇਂ ਆਕਾਰ ਗ੍ਰਹਿਣ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।
ਪਰਵਾਸ, ਕੈਨੇਡਾ ਤੇ ਇੱਥੇ ਆ ਰਹੀਆਂ ਸਮੱਸਿਆਵਾਂ ਚਰਚਾ ਵਿੱਚ ਹਨ। ਵਿਦਿਆਰਥੀ ਵੀਜ਼ੇ ‘ਤੇ ਆਏ ਨੌਜਵਾਨਾਂ ਦੇ ਵਿਹਾਰ ਵਿਚਲੀਆਂ ਬੇਤਰਤੀਬੀਆਂ ਤੇ ਕੈਨੇਡਾ ਸਰਕਾਰ ਵੱਲੋਂ ਲਏ ਗਏ ਕੁਝ ਸਖ਼ਤ ਫ਼ੈਸਲਿਆਂ ਤੋਂ ਵੱਖਰਾ ਵੀ ਬਹੁਤ ਕੁਝ ਹੈ ਜੋ ਏਸ਼ਿਆਈ ਤੇ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਲਈ ਚੁਣੌਤੀ ਬਣਿਆ ਹੋਇਆ ਹੈ। ਸਾਡਾ ਸੱਭਿਆਚਾਰ ਤੇ ਕਦਰਾਂ ਕੀਮਤਾਂ, ਜਿਸ ਨੂੰ ਅਸੀਂ ਆਪਣਾ ਮਾਣ ਸਨਮਾਨ ਬਣਾ ਰੱਖਿਆ ਹੈ, ਉਹ ਸਾਡੇ ਘਰਾਂ, ਸੰਸਥਾਵਾਂ ਅਤੇ ਸਮਾਜ ਵਿੱਚ ਪਰੇਸ਼ਾਨੀਆਂ ਪੈਦਾ ਕਰ ਰਿਹਾ ਹੈ। ਸਾਡੇ ਘਰਾਂ ਵਿੱਚ ਘਰ ਦਾ ਮੁਖੀ ਬੰਦਾ ਹੁੰਦਾ ਹੈ ਜੋ ਬਾਹਰੀ ਤੌਰ ‘ਤੇ ਬਾਕੀ ਜੀਆਂ ਦਾ ਸਲਾਹਕਾਰ ਤੇ ਮਦਦਗਾਰ ਲੱਗਦਾ ਹੈ, ਪਰ ਅਸਲ ਵਿੱਚ ਉਹ ਘਰ ਦੇ ਜੀਆਂ ਨੂੰ ਕੰਟਰੋਲ ਕਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ਘਰ ਦੇ ਹੋਰ ਜੀਅ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ। ਉਨ੍ਹਾਂ ਦੀ ਆਜ਼ਾਦ ਸੋਚ ਉੱਪਰ ਪਹਿਰਾ ਲੱਗਾ ਹੁੰਦਾ ਹੈ। ਪੰਜ ਛੇ ਦਹਾਕੇ ਪਹਿਲਾਂ ਇਹ ਸਿਸਟਮ ਚੱਲਦਾ ਸੀ। ਘਰ ਅਨੁਸ਼ਾਸਨ ਵਿੱਚ ਬੱਝਾ ਆਪਣੇ ਹਿੱਸੇ ਦੇ ਕੰਮ ਜਾਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ। ਇਹ ਸਵੈ ਸਾਂਝੀ ਨਿਰਭਰਤਾ ਸੀ ਜਿਸ ਦੇ ਬਹੁਤ ਸਾਰੇ ਦੁਰਪ੍ਰਭਾਵ ਹੁੰਦੇ ਸਨ।
ਤਬਦੀਲੀ ਕੁਦਰਤ ਦਾ ਨੇਮ ਹੈ। ਵਕਤ ਨਾਲ ਬੜਾ ਕੁਝ ਬਦਲ ਗਿਆ ਹੈ। ਪਰਵਾਸ ਕਰਕੇ ਹੋਰਨਾਂ ਵਿਕਸਤ ਦੇਸ਼ਾਂ ਵਿੱਚ ਆ ਕੇ ਰਹਿ ਰਹੇ ਲੋਕਾਂ ਨੂੰ ਇਸ ਤਬਦੀਲੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਤੇ ਕਰ ਰਹੀ ਹੈ। ਸੱਤ ਅੱਠ ਦਹਾਕੇ ਪਹਿਲਾਂ ਪੈਦਾ ਹੋਏ ਤੇ ਪਰਵਾਸ ਕਰਕੇ ਕੈਨੇਡਾ ਆ ਗਏ ਲੋਕਾਂ ਨੂੰ ਇਹ ਤਬਦੀਲੀ ਪਚ ਨਹੀਂ ਰਹੀ। ਉਹ ਘਰ ਦੇ ਕਿਸੇ ਮਸਲੇ ਵਿੱਚ ਸਲਾਹ ਨਹੀਂ ਦੇ ਸਕਦੇ। ਕਿਸੇ ਨਿਆਣੇ ਨੂੰ ਝਿੜਕ ਨਹੀਂ ਸਕਦੇ। ਸਖ਼ਤ ਬਾਪ ਦੀ ਕੁੱਟ ਤੇ ਅਧਿਆਪਕਾਂ ਦੇ ਡੰਡਿਆਂ ਦੀ ਚੀਸ ਦੇ ਸੋਹਲੇ ਗਾਉਣ ਵਾਲੇ ਵੇਲ਼ੇ ਵਿਹਾ ਗਏ ਹਨ। ਰਾਤ ਵੇਲ਼ੇ ਤੁਹਾਡਾ ਕੋਈ ਜਵਾਨ ਧੀ-ਪੁੱਤ ਘਰੋਂ ਬਾਹਰ ਜਾਣ ਲੱਗਦਾ ਹੈ ਤਾਂ ਤੁਸੀਂ ਉਸ ਨੂੰ ਰੋਕ ਤੇ ਟੋਕ ਨਹੀਂ ਸਕਦੇ। ਜੇ ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਨੂੰ ਦਲੀਲ ਨਾਲ ਸਮਝਾਉਣਗੇ ਕਿ ਤੁਸੀਂ ਉਨ੍ਹਾਂ ਨੂੰ ਨਹੀਂ ਰੋਕ ਸਕਦੇ। ਕੈਨੇਡਾ ਦਾ ਕਾਨੂੰਨ ਉਨ੍ਹਾਂ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਦਿੰਦਾ ਹੈ। ਤੁਹਾਡੀਆਂ ਕਦਰਾਂ ਕੀਮਤਾਂ ਉਸ ਕਾਨੂੰਨ ਸਾਹਮਣੇ ਬੇਵਸ ਹਨ। ਕਿੱਲੇ ਨਾਲ ਬੱਧਾ ਸੱਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਖੋਲ੍ਹਣਾ ਪੈਣਾ ਹੈ। ਕਦਰਾਂ ਕੀਮਤਾਂ ਨੂੰ ਲਚਕਦਾਰ ਬਣਾਉਣਾ ਪੈਣਾ ਹੈ।
ਸਾਡਾ ਸਮਾਜ, ਸਾਡਾ ਸੱਭਿਆਚਾਰ ਬੱਚਿਆਂ ਨੂੰ ਆਪਣੀ ਮਨਮਰਜ਼ੀ ਕਰਨ ਦੀ ਆਗਿਆ ਨਹੀਂ ਦਿੰਦਾ। ਇੰਝ ਹੀ ਘਰ ਦੀਆਂ ਔਰਤਾਂ ਨਾਲ ਵਾਪਰਦਾ ਹੈ। ਸਾਡਾ ਮਾਡਲ ਬੱਚਿਆਂ ਤੇ ਔਰਤਾਂ ਨੂੰ ਘਰ ਦੇ ਮਰਦ ਮੁਖੀ ਉੱਪਰ ਨਿਰਭਰ ਕਰਨ ਦੇ ਦਹਾਕਿਆਂ ਪੁਰਾਣੇ ਸਿਧਾਂਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੰਝ ਕਰਦਿਆਂ ਉਹ ਸਮੁੱਚੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਰਿਹਾ ਹੁੰਦਾ ਹੈ। ਹੋਰਾਂ ਨੂੰ ਉਨ੍ਹਾਂ ਦੀ ਸਮਰੱਥਾ ਅਤੇ ਸੋਚ ਤੋਂ ਮਹਿਰੂਮ ਕਰ ਰਿਹਾ ਹੁੰਦਾ ਹੈ। ਇਸ ਦੇ ਮਨੋਵਿਗਿਆਨਕ ਅਸਰ ਹੁੰਦੇ ਹਨ। ਘਰ ਵਿੱਚ ਕਲੇਸ਼ ਰਹਿੰਦਾ ਹੈ। ਕੋਈ ਆਪਣੇ ਮਨ ਦੀ ਗੱਲ ਖੁੱਲ੍ਹੇ ਦਿਲ ਨਾਲ ਨਹੀਂ ਕਰਦਾ, ਪਰ ਮਰਦ ਠੰਢੇ ਦਿਮਾਗ਼ ਨਾਲ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਘਰ ਦੀ ਇਸ ਬੇਤਰਤੀਬੀ ਲਈ ਮੇਰੀ ਕੀ ਭੂਮਿਕਾ ਹੈ। ਘਰ ਦੇ ਜੀਆਂ ਦੀ ਆਜ਼ਾਦ ਸੋਚ ਨੂੰ ਦਬਾਉਣ ਦਾ ਕਾਰਨ ਤੁਹਾਡੀ ਇੱਥੋਂ ਦੇ ਸਿਸਟਮ ਪ੍ਰਤੀ ਬੇਸਮਝੀ ਹੈ। ਇਸ ਬੇਸਮਝੀ ਕਰਕੇ ਹੀ ਸਮੱਸਿਆਵਾਂ ਹਨ। ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ ਸਿਸਟਮ ਨੂੰ ਸਮਝ ਲਿਆ ਹੈ, ਉਹ ਜਾਣਦੇ ਹਨ ਕਿ ਇਸ ਸਿਸਟਮ ਦੇ ਦਾਇਰੇ ਦੀ ਸਮਝ ਵਿੱਚ ਵੀ ਸਮੱਸਿਆਵਾਂ ਦਾ ਹੱਲ ਸੰਭਵ ਹੈ।
ਘਰ ਦੇ ਜੀਆਂ ਤੇ ਖ਼ਾਸ ਕਰਕੇ ਬੱਚਿਆਂ ਨਾਲ ਸਾਡਾ ਰਿਸ਼ਤਾ ਸੁਖਾਵਾਂ ਹੋਣਾ ਚਾਹੀਦਾ ਹੈ। ਉਸ ਲਈ ਇਮਾਨਦਾਰੀ, ਵਿਸ਼ਵਾਸ, ਸਤਿਕਾਰ ਅਤੇ ਖੁੱਲ੍ਹੇ ਸੰਵਾਦ ਦੀ ਲੋੜ ਹੁੰਦੀ ਹੈ। ਸਾਡੀਆਂ ਕਦਰਾਂ ਕੀਮਤਾਂ ਵਿੱਚ ਇਨ੍ਹਾਂ ਗੱਲਾਂ ਦੀ ਅਣਹੋਂਦ ਹੈ। ਗੁੱਸਾ, ਕ੍ਰੋਧ, ਸਖ਼ਤੀ ਹਰ ਸਮੱਸਿਆ ਲਈ ਸਾਡੇ ਫੌਰੀ ਹੱਲ ਹਨ। ਆਪਣੇ ਉੱਪਰ ਕੰਟਰੋਲ ਨਾ ਰੱਖ ਸਕਣਾ ਸਾਡੀ ਕਮਜ਼ੋਰੀ ਹੁੰਦੀ ਹੈ, ਪਰ ਅਸੀਂ ਇਸ ਨੂੰ ਵਡੱਪਣ ਸਮਝਦੇ ਹਾਂ। ਸੁਖਾਵਾਂ ਰਿਸ਼ਤਾ ਰੱਖਣ ਲਈ ਇਨ੍ਹਾਂ ਕਮਜ਼ੋਰੀਆਂ ‘ਤੇ ਕਾਬੂ ਪਾਉਣਾ ਪਵੇਗਾ। ਸੁਖਾਵਾਂ ਰਿਸ਼ਤਾ ਬੱਚਿਆਂ ਅੰਦਰ ਵਿਸ਼ਵਾਸ ਪੈਦਾ ਕਰਦਾ ਹੈ। ਅਸੀਂ ਬੱਚੇ ਦੀ ਗ਼ਲਤੀ ਦਾ ਫੌਰੀ ਹੱਲ ਉਸ ਨੂੰ ਡਾਂਟਣਾ ਸਮਝਦੇ ਹਾਂ। ਲੋੜ ਤਾਂ ਸਹਿਜ, ਸਬਰ ਤੇ ਉਡੀਕ ਕਰਨ ਦੀ ਹੁੰਦੀ ਹੈ। ਉਸ ਗ਼ਲਤੀ ਨਾਲ ਜੁੜੀਆਂ ਹੋਰ ਗੁੰਝਲਾਂ ਦਾ ਪਤਾ ਲਗਾਉਣ ਲਈ ਕਿਸੇ ਸ਼ਾਂਤ ਤੇ ਖ਼ੁਸ਼ਗਵਾਰ ਮਾਹੌਲ ਦੀ ਉਡੀਕ ਕਰਨੀ ਪੈਂਦੀ ਹੈ। ਉਸ ਮਾਹੌਲ ਵਿੱਚ ਰਚਾਏ ਗਏ ਸੰਵਾਦ ਨਾਲ ਸੁਖਾਵੇਂ ਨਤੀਜੇ ਸਾਹਮਣੇ ਆਉਣਗੇ। ਕੈਨੇਡਾ ਦੇ ਸਿਸਟਮ ਵਿੱਚ ਕਿਸੇ ਮਾਮੂਲੀ ਮਦਦ ਲਈ ਵੀ ਅਗਲੇ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸਾਨੂੰ ਵੀ ਆਪਣੇ ਘਰਾਂ ਵਿੱਚ ਜੀਆਂ ਨੂੰ ਪਿਆਰ ਕਰਨਾ, ਉਨ੍ਹਾਂ ਦੀ ਦੇਖ-ਭਾਲ ਕਰਨੀ, ਸਤਿਕਾਰ ਕਰਨਾ, ਜ਼ਿੰਮੇਵਾਰੀ ਸਮਝਣੀ, ਸਭ ਨੂੰ ਖ਼ੁਸ਼ ਰੱਖਣਾ ਤੇ ਆਨੰਦ ਦੀ ਅਵਸਥਾ ਵਿੱਚ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ।
ਭਾਈਚਾਰਾ ਜੋ ਅਸੀਂ ਆਪਣੇ ਵਤਨ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਛੱਡ ਆਏ ਹਾਂ, ਇੱਥੇ ਕੈਨੇਡਾ ਵਿੱਚ ਰਹਿੰਦਿਆਂ ਉਸ ਦੀ ਪੁਨਰ ਸਿਰਜਣਾ ਕਰਨੀ ਪਵੇਗੀ। ਇਸ ਭਾਈਚਾਰਕ ਸਾਂਝ ਦੇ ਦਾਇਰੇ ਅੰਦਰ ਜਦ ਧਾਰਮਿਕ, ਸਮਾਜਿਕ ਤੇ ਹੋਰ ਕਾਰਜਾਂ ਲਈ ਇਕੱਠੇ ਹੋਵਾਂਗੇ ਤਾਂ ਸਹਿਜ ਸੁਭਾਅ ਅਗਲੀ ਪੀੜ੍ਹੀ ਸਾਡੀਆਂ ਕਦਰਾਂ ਕੀਮਤਾਂ ਤੋਂ ਜਾਣੂ ਹੋਵੇਗੀ, ਰਿਸ਼ਤਿਆਂ ਦੀ ਪਛਾਣ ਕਰਕੇ ਸਤਿਕਾਰ ਕਰਨਾ ਸਿੱਖੇਗੀ। ਕੈਨੇਡਾ ਆ ਕੇ ਵੀ ਜੇਕਰ ਅਸੀਂ ਧੰਨ ਦੌਲਤ ਇਕੱਠੀ ਕਰਨ, ਜਾਇਦਾਦ ਬਣਾਉਣ ਵਿੱਚ ਰੁੱਝੇ ਰਹਾਂਗੇ ਤਾਂ ਬੱਚਿਆਂ ਲਈ ਸਾਡੇ ਕੋਲ ਸਮਾਂ ਨਹੀਂ ਹੋਵੇਗਾ। ਰਾਤ-ਦਿਨ ਮਿਹਨਤ ਕਰਕੇ ਜੋੜਿਆ ਸਾਡਾ ਧੰਨ ਬੱਚਿਆਂ ਨੂੰ ਸਾਡੀਆਂ ਕਦਰਾਂ ਕੀਮਤਾਂ ਤੋਂ ਦੂਰ ਤੇ ਬੁਰਾਈਆਂ ਦੇ ਨੇੜੇ ਲੈ ਕੇ ਜਾਵੇਗਾ। ਬੱਚਿਆਂ ਸਮੇਤ ਕੈਨੇਡਾ ਆਉਣ ਦਾ ਸਾਡਾ ਸੁਪਨਾ ਚੀਸ ਨਾਲ ਭਰ ਜਾਵੇਗਾ। ਭਾਸ਼ਾ ਵੀ ਕਦਰਾਂ ਕੀਮਤਾਂ ਸਿਖਾਉਣ ਵਿੱਚ ਸਹਾਈ ਹੁੰਦੀ ਹੈ। ਸਾਨੂੰ ਘਰ ਵਿੱਚ ਆਪਣੀ ਮਾਂ-ਬੋਲੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ। ਹੋਰ ਭਾਸ਼ਾਵਾਂ ਤਾਂ ਬੱਚਿਆਂ ਨੇ ਸਿੱਖ ਹੀ ਜਾਣੀਆਂ ਹਨ। ਉਸ ਦੀ ਚਿੰਤਾ ਸਾਨੂੰ ਨਹੀਂ ਕਰਨੀ ਚਾਹੀਦੀ। ਪੰਜਾਬੀ ਬੋਲੀ ਅੰਦਰ ਪੰਜਾਬੀਅਤ ਸਾਂਭੀ ਹੋਈ ਹੈ। ਪੰਜਾਬੀਅਤ ਪੰਜਾਬੀਆਂ ਦਾ ਜੀਵਨ ਵਿਹਾਰ ਹੈ। ਇਸ ਵਿਹਾਰ ਵਿੱਚ ਹੀ ਸਾਡਾ ਸੱਭਿਆਚਾਰ ਪਿਆ ਹੈ। ਮਾਂ-ਬੋਲੀ ਦੀ ਅਹਿਮੀਅਤ ਨੂੰ ਕਦੀ ਵੀ ਘਟਾ ਕੇ ਨਹੀਂ ਵੇਖਣਾ ਚਾਹੀਦਾ।
ਕੈਨੇਡਾ ਬਹੁਤ ਸਾਰੇ ਸੱਭਿਆਚਾਰਾਂ ਦਾ ਦੇਸ਼ ਹੈ। ਇਸ ਵਿੱਚ ਦੋ ਸੌ ਦੇ ਕਰੀਬ ਦੇਸ਼ਾਂ ਵਿੱਚੋਂ ਪਰਵਾਸ ਕਰਕੇ ਆਏ ਲੋਕ ਵਸਦੇ ਹਨ। ਨਵੀਂ ਪੀੜ੍ਹੀ ਇਸ ਬਹੁ-ਸ?ਭਿਆਚਾਰ ਵਿੱਚ ਪਲ਼ ਰਹੀ ਹੈ। ਸਕੂਲਾਂ ਵਿੱਚ, ਖੇਡ ਮੈਦਾਨਾਂ ਵਿੱਚ ਤੇ ਹੋਰ ਬਹੁਤ ਥਾਈਂ ਵੱਖ-ਵੱਖ ਧਰਮਾਂ, ਕਦਰਾਂ ਕੀਮਤਾਂ, ਵਿਸ਼ਵਾਸਾਂ ਤੇ ਭਾਵਨਾਵਾਂ ਵਾਲੇ ਬੱਚੇ ਇਕੱਠੇ ਵਿਚਰਦੇ, ਖੇਡਦੇ, ਪੜ੍ਹਦੇ ਤੇ ਦੋਸਤੀ ਕਰਦੇ ਹਨ। ਅਜਿਹੇ ਸਿਸਟਮ ਦੇ ਹਾਣ ਦਾ ਹੋਣ ਲਈ ਸਾਨੂੰ ਲਚਕਦਾਰ ਸੱਭਿਆਚਾਰ ਦੀ ਲੋੜ ਹੈ। ਸਦੀਆਂ ਪੁਰਾਣੀਆਂ ਕਦਰਾਂ ਕੀਮਤਾਂ ਵਿੱਚ ਤਬਦੀਲੀ ਆਉਣੀ ਹੁੰਦੀ ਹੈ। ਇਸ ਪੀੜ੍ਹੀ ਦੇ ਅੰਤਰ ਜਾਤੀ, ਅੰਤਰ ਨਸਲੀ ਰਿਸ਼ਤੇ ਬਣਨੇ ਹੁੰਦੇ ਹਨ। ਜਾਤਾਂ, ਧਰਮਾਂ, ਰੰਗਾਂ, ਨਸਲਾਂ ਨੂੰ ਇਹ ਪੀੜ੍ਹੀ ਤਿਲਾਂਜਲੀ ਦੇ ਰਹੀ ਹੈ। ਜਿਸ ਪੀੜ੍ਹੀ ਨੇ ਫ਼ਲੇ ਵਗਦੇ ਵੀ ਵੇਖੇ ਹਨ ਤੇ ਚੱਲਦੇ ਖੂਹਾਂ ਦੀ ਟਿੱਕ ਟਿੱਕ ਵੀ ਸੁਣੀ ਹੈ, ਉਨ੍ਹਾਂ ਲਈ ਇਹ ਤਬਦੀਲੀ ਤੇ ਨਵੇਂ ਸੱਭਿਆਚਾਰ ਨੂੰ ਸਵੀਕਾਰ ਕਰਨਾ ਕਠਿਨ ਹੈ, ਪਰ ਨਵੀਆਂ ਸੋਚਾਂ ਦੇ ਵਿਗਸਣ ਤੇ ਨਵੇਂ ਵਿਚਾਰਾਂ ਦੇ ਪਨਪਣ ਲਈ ਇਹ ਕੌੜਾ ਘੁੱਟ ਭਰਨਾ ਹੀ ਪੈਣਾ ਹੈ। ਨਹੀਂ ਤਾਂ ਕੈਨੇਡਾ ਦੇ ਇਸ ਸਿਸਟਮ ਮੂਹਰੇ ਸਾਡੀਆਂ ਕਦਰਾਂ ਕੀਮਤਾਂ ਢਹਿ-ਢੇਰੀ ਹੁੰਦੀਆਂ ਲੱਗਣਗੀਆਂ। ਹੁਣ ਤਾਂ ਕੈਨੇਡਾ ਦੇ ਸਕੂਲਾਂ ਵਿੱਚ ਜੈਂਡਰ ਪਛਾਣ ਵੀ ਖ਼ਤਮ ਕਰਨ ਜਾ ਰਹੇ ਹਨ। ਬਾਕੀ ਪਰਿਵਾਰਕ ਢਾਂਚੇ ਅੰਦਰ ਇਹ ਤਬਦੀਲੀ ਕਿਧਰੇ ਸਹਿਜ ਵੀ ਹੋ ਸਕਦੀ ਹੈ ਤੇ ਕਿਧਰੇ ਕਲੇਸ਼ ਤੇ ਪਰੇਸ਼ਾਨੀਆਂ ਨਾਲ ਭਰੀ ਵੀ।
ਆਪਣੇ ਪਰਿਵਾਰ ਨੂੰ ਵਕਤ ਦੇਣਾ ਤੇ ਭਾਈਚਾਰੇ ਨਾਲ ਮਿਲ ਕੇ ਰੀਤੀ ਰਿਵਾਜਾਂ, ਤਿਉਹਾਰਾਂ ਨੂੰ ਮਨਾਉਣਾ ਤੇ ਧਾਰਮਿਕ ਅਕੀਦਿਆਂ ਦਾ ਸਹਿਜ ਪਾਲਣ ਕਰਨਾ ਬਿਨ੍ਹਾਂ ਉਚੇਚ ਕੀਤਿਆਂ ਬਹੁਤ ਸਾਰੇ ਮਸਲਿਆਂ ਦਾ ਸ਼ੋਰ-ਰਹਿਤ ਸਮਾਧਾਨ ਬਣ ਸਕਦਾ ਹੈ। ਇਸ ਸਭ ਕਾਸੇ ਦੇ ਦਾਇਰੇ ਅੰਦਰ ਵੀ ਸੁਤੰਤਰ ਸੋਚ ਪਨਪਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹਰ ਸੋਚ, ਵਿਚਾਰ, ਵਿਹਾਰ ਦਾ ਸਤਿਕਾਰ ਕਰਨਾ ਤੇ ਬੇਲੋੜੀਆਂ ਬੰਦਸ਼ਾਂ ਨਾ ਲਾਉਣੀਆਂ ਮਹੀਨ ਜਿਹੀ ਖੁੱਲ੍ਹ ਹੁੰਦੀ ਹੈ। ਸਾਡੀਆਂ ਕਦਰਾਂ ਕੀਮਤਾਂ ਵਿੱਚ ਬਹੁਤ ਕੁਝ ਚੰਗਾ ਹੈ। ਇਸ ‘ਮਲਟੀਕਲਚਰਡ ਸਿਸਟਮ’ ਵਿੱਚ ਵੀ ਕੁਝ ਗੱਲਾਂ ਚੰਗੀਆਂ ਹਨ। ਚੰਗੀਆਂ ਗੱਲਾਂ, ਚੀਜ਼ਾਂ ਨੂੰ ਅਪਣਾ ਲੈਣਾ ਤੇ ਬਾਕੀਆਂ ਨੂੰ ਵਿਸਾਰ ਦੇਣਾ ਵਕਤ ਦੀ ਲੋੜ ਹੈ। ਅਸੀਂ, ਸਾਡਾ ਘਰ, ਭਾਈਚਾਰਾ ਤੇ ਸਮਾਜ ਕਿੰਝ ਸਹਿਜ, ਸੰਤੁਲਤ ਤੇ ਖ਼ੁਸ਼ ਰਹਿ ਸਕਦਾ ਹੈ, ਉਸ ਲਈ ਕੁਝ ਸਮਝੌਤੇ ਤਾਂ ਕਰਨੇ ਹੀ ਪੈਣਗੇ। ਚਿੰਤਾ ਮੁਕਤ ਕਰਨ ਵਾਲੇ ਸਮਝੌਤਿਆਂ ਦਾ ਸਵਾਗਤ ਕਰਨਾ ਬਣਦਾ ਹੈ।

Related Articles

Latest Articles