ਜ਼ਿੰਦਗੀ ਦੀ ਲੋਅ ਵੰਡਦਾ ਵੰਡਦਾ
ਪੱਛਮ ਦੇ ਵੱਲ ਢਲ ਗਿਆ ਬਾਪੂ
ਸੂਰਜ ਪਹਿਲਾਂ ਪੱਥਰ ਬਣਿਆ
ਫਿਰ ਪੌਣਾਂ ਵਿੱਚ ਰਲ ਗਿਆ ਬਾਪੂ
ਕਹਿੰਦਾ ਸੀ ਮੈਂ ਸਿਰ ਤੇਰੇ ‘ਤੇ
ਬਣ ਕੇ ਸੰਘਣੀ ਛਾਂ ਰਹਾਂਗਾ
ਸਾਰੇ ਵਾਅਦੇ ਤੋੜ ਤਾੜ ਕੇ ਪਲ
ਦੋ ਪਲ ਵਿੱਚ ਛਲ ਗਿਆ ਬਾਪੂ
ਲੱਭਦਾ ਫਿਰਦਾ ਏ ਪੈੜ ਓਸਦੀ
ਕਿੰਝ ਦਿਲ ਨੂੰ ਸਮਝਾਵਾਂ ਮੈਂ
ਉਸ ਰਸਤੇ ਤੋਂ ਮੁੜ ਨਹੀਂ ਹੁੰਦਾ
ਜਿਸ ਰਸਤੇ ‘ਤੇ ਚੱਲ ਗਿਆ ਬਾਪੂ
ਸਬਰ ਅਤੇ ਸੰਤੋਖ ਦੀ ਮੂਰਤ
ਬਣ ਕੇ ਉਮਰ ਹੰਢਾਈ ਜਿਸ ਨੇ
ਅੰਤ ਸਮੇਂ ਵੀ ਸੀ ਨਹੀਂ ਕੀਤਾ
ਦਰਦ ਅਥਾਹ ਵੀ ਝੱਲ ਗਿਆ ਬਾਪੂ
ਸੰਤਾਂ ਵਾਂਗਰ ਕਲਯੁਗ ਦੇ ਵਿੱਚ
ਪ੍ਰਭ ਭਗਤੀ ਦਾ ਖੱਟ ਖ਼ਜ਼ਾਨਾ
ਭਵ ਸਾਗਰ ਨੂੰ ਪਾਰ ਕਰ ਗਿਆ
ਸੱਚੇ ਦਾ ਦਰ ਮੱਲ ਗਿਆ ਬਾਪੂ
ਲੇਖਕ : ਨਿਰਮਲ ਸਿੰਘ ਰੱਤਾ
ਸੰਪਰਕ: 84270-07623