ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੇ ਇੱਕ ਨਵੇਂ ਸੂਬਾ-ਵਿਆਪੀ ਸਰਵੇਖਣ ਨੇ ਦਰਸਾਇਆ ਹੈ ਕਿ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਪਰਾਧਕ ਗਤੀਵਿਧੀਆਂ ਵਧ ਰਹੀਆਂ ਹਨ, ਪਰ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ। ਸੇਵ ਆਵਰ ਸਟ੍ਰੀਟਸ ਮੁਹਿੰਮ ਵਲੋਂ ਆਪਣੇ ਸਰਵੇਖਣ ਦੇ ਨਤੀਜੇ ਜਾਰੀ ਕੀਤੇ, ਜੋ ਕਿ ਰਿਸਰਚ ਕੰਪਨੀ ਵੱਲੋਂ ਰਿਟੇਲ ਅਪਰਾਧ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ।
ਇਸ ਗਰੁੱਪ ਦਾ ਕਹਿਣਾ ਹੈ ਕਿ ਉਹ “ਇਹ ਦਿਖਾਉਣ ਲਈ ਨਿਰਣਾਯਕ ਅੰਕੜੇ ਪੇਸ਼ ਕਰ ਰਹੇ ਹਨ ਕਿ ਸੂਬੇ ਦੇ ਲੋਕ ਆਪਣੇ ਇਲਾਕਿਆਂ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਤੇ ਭਰੋਸਾ ਨਹੀਂ।”
ਸੇਵ ਆਵਰ ਸਟ੍ਰੀਟਸ ਦੇ ਸਹਿ-ਸੰਸਥਾਪਕ ਜੈਸ ਕੇਚਮ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਦੇ ਹਰ ਇਕ ਕੋਨੇ ‘ਚ ਵਾਪਰ ਰਹੇ ਅਪਰਾਧਾਂ ‘ਤੇ ਸਰਕਾਰਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਇਨ੍ਹਾਂ ਸਮੱਸਿਆਵਾਂ, ਅਪਰਾਧਾਂ ਅਤੇ ਹਿੰਸਾ ਦੇ ਬਦਤਰ ਹੋਣ ਨਾਲ ਸਾਡੇ ਸਮਾਜਾਂ ਵਿੱਚ ਸਹਿਮ ਦਾ ਮਾਹੌਲ ਵਧ ਰਿਹਾ ਹੈ ਜਿਸ ਦੇ ਲਈ ਸਰਕਾਰਾਂ ਨੂੰ ਤੁਰੰਤ ਉਪਰਾਲੇ ਲਭਣ ਦੀ ਜ਼ਰੂਰਤ ਹੈ।
ਕਾਰੋਬਾਰੀਆਂ ‘ਤੇ ਵੱਧ ਰਹੇ ਹਮਲੇ ਸਭ ਤੋਂ ਵੱਡਾ ਵਿਸ਼ਾ ਬਣ ਕੇ ਉਭਰਿਆ ਹੈ ਕਿਉਂਕਿ 100 ਤੋਂ ਵੱਧ ਕਾਰੋਬਾਰੀ ਹਿੰਸਕ ਅਪਰਾਧਾਂ ਦੇ ਸ਼ਿਕਾਰ ਹੋਏ ਹਨ।
ਲੰਡਨ ਡਰੱਗਜ਼ ਦੇ ਪ੍ਰਧਾਨ ਕਲਿੰਟ ਮਾਹਲਮੈਨ ਇਸ ਦੇ ਸਹਿ-ਸੰਸਥਾਪਕ ਹਨ। ਉਨ੍ਹਾਂ ਨੇ ਕਿਹਾ ਕਿ ਸੇਵ ਆਵਰ ਸਟ੍ਰੀਟਸ ਇੱਕ “ਗੈਰ-ਰਾਜਨੀਤਕ, ਤਥ-ਆਧਾਰਿਤ ਸੰਗਠਨ” ਹੈ ਜੋ ਮਜ਼ਬੂਤੀ ਨਾਲ ਮੰਨਦਾ ਹੈ ਕਿ ਅਪਰਾਧ, ਜਨਤਕ ਅਸੁਰੱਖਿਆ, ਸ਼ਰੇਆਮ ਨਸ਼ਾ ਸੇਵਨ, ਹਿੰਸਾ ਅਤੇ ਗੈਂਗ ਗਤੀਵਿਧੀਆਂ ਵਰਗੇ ਮੁੱਦੇ ਇਸ ਚੋਣ ਮੁਹਿੰਮ ਦਾ ਹਿੱਸਾ ਬਣਾਏ ਜਾਣੇ ਚਾਹੀਦੇ ਹਨ। ਮਾਹਲਮੈਨ ਨੇ ਕਿਹਾ, “ਅਸਲ ਗੱਲ ਇਹ ਹੈ ਕਿ ਅੱਜ ਸੂਬੇ ਦੇ ਹਰ ਇਕ ਕੋਨੇ ਵਿੱਚ, ਹਰੇਕ ਕਮਿਊਨਿਟੀ, ਛੋਟੀ ਹੋਵੇ ਜਾਂ ਵੱਡੀ, ਉਹ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ।” ਸਰਵੇਖਣ ਵਿੱਚ ਸ਼ਾਮਲ 87 ਫੀਸਦੀ ਲੋਕ ਸਾਰੇ ਪੱਧਰਾਂ ਤੇ ਸਰਕਾਰਾਂ ਤੋਂ ਇਹ ਮੰਗ ਕਰ ਰਹੇ ਹਨ ਕਿ ਹਿੰਸਾਕ ਹਮਲਿਆਂ ਨੂੰ ਰੋਕਣ ਲਈ ਹੋਰ ਕਦਮ ਚੁੱਕੇ ਜਾਣ। 80 ਫੀਸਦੀ ਲੋਕ ਮੰਨਦੇ ਹਨ ਕਿ ਰਿਟੇਲ ਅਪਰਾਧ ਉਨ੍ਹਾਂ ਦੇ ਖਰੀਦਦਾਰੀ ਕੀਮਤਾਂ ਨੂੰ ਵਧਾ ਰਿਹਾ ਹੈ। ਸਰਵੇਖਣ ਵਿੱਚ ਪਤਾ ਲੱਗਾ ਕਿ 55 ਫੀਸਦੀ ਲੋਕ ਮੰਨਦੇ ਹਨ ਕਿ “ਉਨ੍ਹਾਂ ਦੇ ਇਲਾਕੇ ਵਿੱਚ ਅਪਰਾਧਕ ਗਤੀਵਿਧੀਆਂ ਵਧ ਰਹੀਆਂ ਹਨ।” 74 ਫੀਸਦੀ ਲੋਕ ਕਹਿੰਦੇ ਹਨ ਕਿ ਅਪਰਾਧ ਅਤੇ ਹਿੰਸਾ “ਉਨ੍ਹਾਂ ਦੀ ਕਮਿਊਨਿਟੀ ਦੀ ਜੀਵਨ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੇ ਹਨ,” ਜਦਕਿ 50 ਫੀਸਦੀ ਲੋਕ ਆਪਣੇ ਇਲਾਕੇ ਵਿੱਚ ਆਪਣੀ ਸੁਰੱਖਿਆ ਲਈ ਡਰਦੇ ਹਨ। 52 ਫੀਸਦੀ ਆਪਣੇ ਦੋਸਤਾਂ ਦੀ ਸੁਰੱਖਿਆ ਲਈ ਅਤੇ 57 ਫੀਸਦੀ ਆਪਣੇ ਪਰਿਵਾਰ ਲਈ ਚਿੰਤਤ ਹਨ।
ਹਾਲਾਂਕਿ ਸਟੈਟਿਸਟਿਕਸ ਕੈਨੇਡਾ ਨੇ ਜੁਲਾਈ ਵਿੱਚ ਆਪਣੇ ਸਾਲਾਨਾ ਅਪਰਾਧ ਗੰਭੀਰਤਾ ਸੂਚਕਾਂਕ ਜਾਰੀ ਕੀਤਾ, ਜਿਸ ਵਿੱਚ ਦਰਸਾਇਆ ਗਿਆ ਕਿ ਹਿੰਸਾਤਮਕ ਅਪਰਾਧਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 4.3 ਫੀਸਦੀ ਗਿਰਾਵਟ ਆਈ ਹੋਈ।