0.4 C
Vancouver
Saturday, January 18, 2025

ਇਮਾਨਦਾਰੀ ਮਨੁੱਖੀ ਜ਼ਿੰਦਗੀ ਦਾ ਅਹਿਮ ਗੁਣ

ਲੇਖਕ : ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ ਸਾਹਿਬ।
ਪੁਰਤਗਾਲੀ ਕਾਹਵਤ ਹੈ ਕਿ ‘ਇਕ ਇਮਾਨਦਾਰ ਆਦਮੀ ਦੀ ਗੱਲ ਉਸੇ ਤਰ੍ਹਾਂ ਦੀ ਹੈ, ਜਿੰਨੀ ਕਿ ਪਾਤਸ਼ਾਹ ਦੀ ਹੁੰਦੀ ਹੈ।’ ਇੱਕ ਪ੍ਰਸਿੱਧ ਵਿਦਵਾਨ ਬੈਂਜਾਮਿਨ ਫ੍ਰੈਂਕਲਿਨ ਅਨੁਸਾਰ, ‘ਇਮਾਨਦਾਰ ਰਹਿਣਾ ਸਭ ਤੋਂ ਵਧੀਆ ਨੀਤੀ ਹੈ।’ ਇਹ ਸੱਚ ਹੈ ਕਿ ਈਮਨਾਦਾਰ ਵਿਅਕਤੀ ਹਮੇਸ਼ਾਂ ਤਰੱਕੀ ਕਰਦਾ ਹੈ ਅਤੇ ਹੋਰਨਾਂ ਦੀਆਂ ਨਜ਼ਰਾਂ ਵਿਚ ਸਤਿਕਾਰ ਦਾ ਪਾਤਰ ਬਣਦਾ ਹੈ। ਇਮਾਨਦਾਰੀ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹੈ ਅਤੇ ਬੇਇਮਾਨੀ ਸਭ ਤੋਂ ਵੱਡਾ ਔਗੁਣ। ਇਸੇ ਤਰ੍ਹਾਂ ਵਾਰਨ ਬਫੇ ਆਖਦਾ ਹੈ ਕਿ, ‘ਇਮਾਨਦਾਰੀ ਇੱਕ ਬਹੁਤ ਮਹਿੰਗਾ ਤੋਹਫਾ ਹੈ, ਸਸਤੇ ਲੋਕਾਂ ਤੋਂ ਇਸ ਦੀ ਉਮੀਦ ਨਾ ਕਰੋ।’ ਖ਼ੈਰ! ਜਦ ਮੈਂ ਸਿੱਖ ਮਿਸ਼ਨਰੀ ਕਾਲਜ, ਅਨੰਦਪੁਰ ਸਾਹਿਬ ਹੋਸਟਲ ਵਿਚ ਰਹਿੰਦਾ ਸੀ, ਤਾਂ ਪਹਿਲੇ ਸਾਲ ਵਿਚ ਸਾਡੇ ਇੱਕ ਪ੍ਰੋਫੈਸਰ ਸਾਹਿਬ ਹੁੰਦੇ ਸਨ, ਸ. ਗੁਲਸ਼ਨ ਸਿੰਘ ਜੀ। ਕੁੱਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣੀ ਪਈ, ਤਾਂ ਵਿਦਾਇਗੀ ਵੇਲੇ ਸਾਰੇ ਵਿਦਿਆਰਥੀਆਂ ਨਾਲ ਉਨ੍ਹਾਂ ਆਪਣੇ ਤਜ਼ੁਰਬਿਆਂ ‘ਤੇ ਅਧਾਰਿਤ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਨ੍ਹਾਂ ਵਿਚ ਕੁਝ ਮੈਂ ਆਪਣੀ ਡਾਇਰੀ ਉਤੇ ਲਿਖ ਲਈਆਂ ਸਨ। ਜਿਨ੍ਹਾਂ ਵਿਚੋਂ ਇੱਕ ਇਹ ਸੀ ਕਿ, ‘ਜਦ ਵੀ ਕੋਈ ਕੰਮ ਕਰੋ, ਤਾਂ ਪੂਰੀ ਇਮਾਨਦਰੀ ਨਾਲ ਕਰੋ, ਖ਼ਾਸ ਕਰ ਜਦ ਉਹ ਕੰਮ ਤੁਸੀਂ ਕਿਸੇ ਲਈ ਕਰ ਰਹੇ ਹੋਵੇ।’ ਇਹ ਗੱਲ ਮੇਰੀ ਜ਼ਿੰਦਗੀ ਵਿਚ ਅੱਜ ਵੀ ਇੱਕ ਆਧਾਰ ਹੈ। ਮੈਂ ਵੱਖ-ਵੱਖ ਖੇਤਰਾਂ ਵਿਚ ਕਈ ਨੌਕਰੀਆਂ ਕੀਤੀਆਂ ਪਰ ਇਸ ਤਰ੍ਹਾਂ ਨਹੀਂ ਹੋਇਆ ਕਿ ਕਦੇ ਕਿਸੇ ਨੂੰ ਨਿਰਾਸ਼ ਕੀਤਾ ਹੋਵੇ ਅਤੇ ਹਰ ਨੌਕਰੀ ਨਾਲ ਜੁੜੇ ਮੁਖੀਆਂ ਨਾਲ ਅੱਜ ਵੀ ਮੇਰਾ ਉਵੇਂ ਹੀ ਮੇਲ-ਮਿਲਾਪ ਹੈ। ਇਹ ਰੱਬ ਜੀ ਦੀ ਕਿਰਪਾ ਵੀ ਹੈ ਕਿ ਉਨ੍ਹਾਂ ਨੇ ਕਦੇ ਡੋਲਣ ਨਹੀਂ ਦਿੱਤਾ ਅਤੇ ਮਾਪਿਆਂ ਸਮੇਤ ਅਧਿਆਪਕਾਂ ਦੀ ਸਿੱਖਿਆ ਹੈ ਕਿ ਆਪਣੇ ਅਸੂਲਾਂ ‘ਤੇ ਦ੍ਰਿੜ੍ਹ ਰਹਿਣ ਸਿੱਖਿਆ ਹੈ। ਪਰ ਜਦ ਅੱਜ-ਕੱਲ੍ਹ ਜਦ ਆਲੇ- ਦੁਆਲੇ ਨਜ਼ਰ ਮਾਰਦੇ ਹਾਂ, ਤਾਂ ਬਹੁਤ ਕੁਝ ਬਦਲ ਜਿਹਾ ਗਿਆ। ਭੱਜ-ਦੌੜ ਦੀ ਜ਼ਿੰਦਗੀ ਵਿਚ ਮਨੁੱਖ ਗੁਣਾਂ ਪੱਖੋਂ ਹੌਲਾ ਅਤੇ ਔਗੁਣਾਂ ਪੱਖੋਂ ਭਾਰਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਔਗੁਣਾਂ ਵਿਚ ‘ਗ਼ੈਰਇਮਾਨਦਾਰ’ ਹੋਣਾ ਵੀ ਸ਼ਾਮਲ ਹੈ, ਜਿਸ ਨੂੰ ਅਸੀਂ ਬੇਇਮਾਨ ਹੋਣਾ ਵੀ ਕਹਿ ਸਕਦੇ ਹਾਂ। ਸਰਕਾਰੀ ਥਾਵਾਂ ‘ਤੇ ਭ੍ਰਿਸ਼ਟਾਚਾਰ ਅਤੇ ਨਿੱਜੀ ਥਾਵਾਂ ‘ਤੇ ਵੱਧ ਮੁਨਾਫ਼ੇ ਦੀ ਖ਼ਾਤਰ ਮਨੁੱਖ ਝੂਠ ਬੋਲ ਰਿਹਾ ਹੈ, ਯਾਨਿ ਕਿ ਬੇਇਮਾਨੀ ਕਰ ਰਿਹਾ ਹੈ। ਪਰ ਯਾਦ ਰਹੇ ਸੱਚ ਨੇ ਇੱਕ ਦਿਨ ਪ੍ਰਗਟ ਹੋ ਜਾਣਾ ਹੁੰਦਾ ਹੈ ਅਤੇ ਸਾਡੇ ਝੂਠ ਦਾ ਭਾਂਡਾ ਚੌਰਾਹੇ ਭੱਜ ਹੀ ਜਾਣਾ ਹੁੰਦਾ ਹੈ। ਕੁੱਝ ਲੋਕ ਐਸੇ ਵੀ ਹੁੰਦੇ ਨੂੰ ਸਦਾ ਇਮਾਨਦਾਰ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਆ ਗ਼ੈਰ-ਜ਼ਿੰਮੇਵਾਰ ਹੋ ਜਾਂਦੇ ਹਨ, ਜਿਸ ਨਾਲ ਸਾਰੀ ਜ਼ਿੰਦਗੀ ਦੀ ਇਮਾਨਦਾਰੀ ਵੀ ਖੂਹ ਖਾਤੇ ਪੈ ਜਾਂਦੀ ਹੈ, ਪਰ ਕਿਵੇਂ? ਆਓ ਇਸ ਸਬੰਧੀ ਤੁਹਾਨੂੰ ਇੱਕ ਦੰਦ ਕਥਾ ਸੁਣਾਉਂਦਾ ਹਾਂ। ਕਹਿੰਦੇ ਨੇ, ਇੱਕ ਵਪਾਰੀ ਕੋਲ ਇੱਕ ਇਮਾਰਤਸਾਜ਼ ਬਹੁਤ ਸਾਲਾਂ ਤੋਂ ਕੰਮ ਕਰਦਾ ਸੀ। ਉਸਨੇ ਆਪਣੀ ਸਾਰੀ ਜਵਾਨੀ ਉਸ ਵਪਾਰੀ ਲਈ ਬਹੁਤ ਵਧੀਆ ਅਤੇ ਬਹੁਤ ਸਾਰੀਆਂ ਇਮਾਰਤਾਂ ਬਣਾਉਣ ਵਿਚ ਗੁਜ਼ਾਰ ਦਿੱਤੀ। ਉਸਦੇ ਬਣੇ ਨਮੂਨੇ ਅਤੇ ਕਾਰੀਗਿਰੀ ਬਾ-ਕਮਾਲ ਹੁੰਦੀ ਸੀ। ਜਦ ਬੁਢੇਪੇ ਨੇ ਆ ਘੇਰਿਆ, ਤਾਂ ਉਸ ਇਮਾਰਤਸਾਜ਼ ਨੇ ਇਸ ਕੰਮ ਤੋਂ ਪੱਕੀ ਛੁੱਟੀ ਲੈਣੀ ਚਾਹੀ। ਉਸਨੇ ਵਪਾਰੀ ਕੋਲ ਜਾ ਕੇ ਬੁਢੇਪੇ ਕਾਰਨ ਹੋਰ ਕੰਮ ਤੋਂ ਅਸਮੱਰਥਾ ਜਤਾਉਂਦੇ ਹੋਏ ਹੁਣ ਰਿਟਾਰਿਡ ਹੋਣ ਬਾਰੇ ਗੱਲ ਕੀਤੀ, ਤਾਂ ਵਪਾਰੀ ਨੇ ਉਸਨੂੰ ਕਿਹਾ ਕਿ ਮੇਰੀ ਆਖ਼ਰੀ ਬੇਨਤੀ ‘ਤੇ, ਕੰਮ ਛੱਡਣ ਤੋਂ ਪਹਿਲਾਂ ਇੱਕ ਆਖ਼ਰੀ ਵਧੀਆ ਜਿਹੀ ਬੇਹਤਰੀਨ ਇਮਾਰਤ ਬਣਾ ਦੇਵੇ, ਤਾਂ ਚੰਗਾ ਹੋਵੇਗਾ। ਇਮਾਰਤਸਾਜ਼ ਨੂੰ ਮੌਕੇ ‘ਤੇ ਹਾਂ ਕਰਨੀ ਪਈ ਪਰ ਉਸਨੇ ਇਹ ਇਮਾਰਤ ਬਹੁਤ ਹੀ ਅਣਮੰਨੇ ਜਿਹੇ ਮਨ ਨਾਲ ਬਣਾਈ। ਨਾ ਹੀ ਵਧੀਆ ਸਮੱਗਰੀ ਵਰਤੀ ਗਈ ਅਤੇ ਨਾ ਹੀ ਨਿੱਜੀ ਦਿਲਚਸਪੀ ਲੈ ਕੇ ਵਧੀਆ ਨਮੂਨਾ ਬਣਾਇਆ ਗਿਆ। ਇਮਾਰਤ ਦੀ ਤਿਆਰੀ ਮੁਕੰਮਲ ਹੋਈ, ਤਾਂ ਉਸ ਦੀਆਂ ਚਾਬੀਆਂ ਲੈ ਕੇ ਉਹ ਇਮਾਰਤਸਾਜ਼ ਵਪਾਰੀ ਕੋਲ ਪਹੁੰਚਿਆ, ਤਾਂ ਵਪਾਰੀ ਨੇ ਉਹ ਚਾਬੀਆਂ ਇਮਾਰਤਸਾਜ਼ ਨੂੰ ਵਾਪਸ ਕਰਦੇ ਹੋਏ ਕਿਹਾ ਕਿ ਤੂੰ ਇੰਨੇ ਸਾਲ ਮੇਰੇ ਲਈ ਕੰਮ ਕੀਤਾ, ਇਸ ਲਈ ਤੇਰਾ ਬੁਢੇਪਾ ਸੌਖਾ ਲੰਘੇ, ਇਹ ਇਮਰਾਤ ਮੈਂ ਤੈਨੂੰ ਇਨਾਮ ਵਜੋਂ ਦਿੰਦਾ ਹਾਂ।’ ਹੁਣ ਇਮਾਰਤਸਾਜ਼ ਬਹੁਤ ਦੁਖੀ ਹੋਇਆ ਕਿ ‘ਕਾਸ਼! ਮੈਨੂੰ ਪਤਾ ਹੁੰਦਾ ਕਿ ਇਹ ਇਮਾਰਤ ਮੈਨੂੰ ਮਿਲਣੀ ਹੈ, ਤਾਂ ਮੈ ਵਧੀਆ ਨਮੂਨਾ ਬਣਾਉਂਦਾ ਅਤੇ ਵਧੀਆ ਸਮੱਗਰੀ ਵਰਤਦਾ,’ ਪਰ ਹੁਣ ਦੁਖੀ ਹੋਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਦੋਸਤੋ! ਅਸੀਂ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖੀਏ ਕਿਤੇ ਸਾਡੇ ਨਾਲ ਵੀ ਸਬੰਧਿਤ ਇਮਾਰਤਸਾਜ਼ ਵਰਗੀ ਨਾ ਹੋ ਜਾਵੇ। ਇਸ ਲਈ ਰੱਬੀ ਰਜ਼ਾ ਵਿਚ ਜਿਊਂਦੇ ਹੋਏ ਹਮੇਸ਼ਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ, ਕਿਸੇ ਲਈ ਕਰਨਾ ਹੋਵੇ ਤਾਂ ਵੀ ਆਪਣਾ ਈਮਾਨ ਅਤੇ ਇਮਾਨਦਾਰੀ ਕਾਇਮ ਰੱਖੀਏ। ਅੰਤ ਵਿਚ ਯਾਦ ਰੱਖਣਾ ਕਿ ਇਮਾਨਦਾਰੀ ਕੇਵਲ ਵਪਾਰ ਵਿਚ ਹੀ ਨਹੀਂ, ਬਲਕਿ ਆਪਣੇ ਰਿਸ਼ਤਿਆਂ ਵਿਚ ਰੱਖੀਏ। ਫਿਰ ਉਹ ਰਿਸ਼ਤਾ ਮਾਪਿਆਂ ਨਾਲ ਹੋਵੇ, ਭੈਣਭਰਾਵਾਂ ਨਾਲ ਹੋਵੇ, ਆਪਣੇ ਜੀਵਨਸਾਥੀ/ਸਾਥਣ ਨਾਲ ਜਾਂ ਫਿਰ ਆਪਣੇ ਬੱਚਿਆਂ ਨਾਲ।

Related Articles

Latest Articles