ਖ਼ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇਣ ਦੀ ਚਰਚਾ ਚਲੀ ਖ਼ ਭਗਵੰਤ ਮਾਨ ਨੇ ਮੰਤਰੀ ਮੰਡਲ ਵਿਚ ਕੀਤੀਆਂ ਤਬਦੀਲੀਆਂ, ਕੇਜਰੀਵਾਲ ਨਾ ਪਹੁੰਚੇ
ਚੰਡੀਗੜ੍ਹ : ਬੀਤੇ ਦਿਨੀਂ ਚੰਡੀਗੜ੍ਹ ਏਅਰਪੋਰਟ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਦਿਨੀਂ ਸਿਹਤ ਅਚਾਨਕ ਕਿਵੇਂ ਵਿਗੜ ਗਈ? ਕੀ ਉਹ ਸ਼ਰਾਬ ਦੇ ਪ੍ਰਭਾਵ ਕਾਰਣ ਡਿਗਿਆ ਸੀ, ਜਾਂ ਪਾਰਟੀ ਲੀਡਰਸਪਿ ਵੱਲੋਂ ਦਿੱਤੇ ਕਿਸੇ ਨਿਰਦੇਸ਼ ਤੋਂ ਭਾਰੀ ਮਾਨਸਿਕ ਦਬਾਅ ਸੀ? ਉਸ ਦਾ ਚੰਡੀਗੜ੍ਹ ਵਿੱਚ ਦਾਖ਼ਲ ਨਾ ਹੋਣਾ ਅਤੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਅਤੇ ਇਸ ਬਾਰੇ ‘ਆਪ’ ਆਗੂਆਂ ਦੀ ਚੁੱਪੀ ਬਹੁਤ ਕੁਝ ਬਿਆਨ ਕਰਦੀ ਹੈ। ਜਾਣਕਾਰੀ ਅਨੁਸਾਰ ਇਕ ਵੇਲੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਹਟਾਉਣ ਲਈ ਬਜ਼ਿੱਦ ਹੋ ਗਏ ਸਨ ਪਰ ਰਾਘਵ ਚੱਢਾ ਤੇ ਹੋਰ ਕੇਂਦਰੀ ਨੇਤਾਵਾਂ ਨੇ ਇਸ ਮਾਮਲੇ ‘ਤੇ ਸੰਧਵਾਂ ਦੀ ਮਦਦ ਕੀਤੀ ਦੱਸੀ ਜਾਂਦੀ ਹੈ, ਜਦੋਂਕਿ ਪਾਰਟੀ ਦੇ ਪ੍ਰਮੁੱਖ ਨੇਤਾ ਸੰਦੀਪ ਪਾਠਕ ਨਿਰਪੱਖ ਰਹੇ। ਹਾਲਾਂਕਿ ਕਿ ਦਸਿਆ ਜਾਂਦਾ ਹੈ ਕਿ ਸੰਧਵਾ ਦੀ ਕੇਜਰੀਵਾਲ ਨਾਲ ਬਹੁਤ ਜ਼ਿਆਦਾ ਨੇੜਤਾ ਹੈ।
ਦੂਜੇ ਪਾਸੇ ਮੰਤਰੀ ਮੰਡਲ ਵਿਚ ਸ਼ਾਮਿਲ ਕੁਝ ਮੰਤਰੀ ਤੇ ਵਿਧਾਇਕ ਵੀ ਪਾਰਟੀ ਹਾਈਕਮਾਂਡ ਕੋਲ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਭ੍ਰਿਸ਼ਟਾਚਾਰ ਵਿਚ ਹੋਏ ਵਾਧੇ ਬਾਰੇ ਸੁਆਲ ਉਠਾ ਰਹੇ ਹਨ। ਇਹ ਵੀ ਚਰਚਾ ਹੈ ਕਿ ਇਸੇ ਕਰਕੇ ਮੁੱਖ ਮੰਤਰੀ ਵੀ ਆਪਣਾ ਵਿਰੋਧ ਕਰਨ ਵਾਲੇ ਮੰਤਰੀਆਂ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਦੀ ਛੁੱਟੀ ਕਰਕੇ ਮੰਤਰੀ ਮੰਡਲ ਵਿਚ ਰੱਦੋਬਦਲ ਕਰ ਦਿਤਾ ਹੈ।
ਹਰਦੀਪ ਸਿੰਘ ਮੁੰਡੀਆ: ਹਰਦੀਪ ਸਿੰਘ ਮੁੰਡੀਆ ਲੁਧਿਆਣਾ ਦੇ ਸਾਹਨੇਵਾਲ ਤੋਂ ਵਿਧਾਇਕ ਹਨ। ਉਨ੍ਹਾਂ ਨੂੰ ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਿੱਤੇ ਗਏ ਹਨ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜਲ੍ਹਿਾ ਹੈ। ਮੌਜੂਦਾ ਸਰਕਾਰ ਵਿੱਚ ਇੱਥੋਂ ਕੋਈ ਮੰਤਰੀ ਨਹੀਂ ਸੀ। ਇਸ ਕਾਰਨ ਹਰਦੀਪ ਸਿੰਘ ਨੂੰ ਤਰਜੀਹ ਦਿੱਤੀ ਗਈ ਹੈ।
ਮਹਿੰਦਰਪਾਲ ਜਲੰਧਰ ਪੱਛਮੀ ਤੋਂ ਵਿਧਾਇਕ ਹਨ, ਨੂੰ ਰੱਖਿਆ ਸੇਵਾਵਾਂ ਦੀ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗਬਾਨੀ ਵਿਭਾਗ ਦਿੱਤੇ ਹਨ। ਬਰਿੰਦਰ ਕੁਮਾਰ ਗੋਇਲ ਸੰਗਰੂਰ ਦੇ ਲਹਿਰਾ ਤੋਂ ਵਿਧਾਇਕ ਹਨ, ਨੂੰ ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿਭਾਗ ਦਿੱਤੇ ਹਨ। ਤਰੁਨਪ੍ਰੀਤ ਸੋਂਦ ਖੰਨਾ, ਲੁਧਿਆਣਾ ਤੋਂ ਵਿਧਾਇਕ ਹੈ, ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ, ਪਰਾਹੁਣਚਾਰੀ, ਉਦਯੋਗ ਅਤੇ ਵਣਜ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦਿੱਤੇ ਹਨ।
ਡਾ: ਰਵਜੋਤ ਸਿੰਘ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਹਨ ਅਤੇ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ, ਪੇਸ਼ੇ ਤੋਂ ਡਾਕਟਰ ਹਨ, ਨੂੰ ਖਾਣਾਂ ਅਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਸਮਾਗਮ ਵਿਚ ਨਾ ਕੇਜਰੀਵਾਲ ਪਹੁੰਚੇ ਨਾ ਹਾਈਕਮਾਂਡ ਦਾ ਲੀਡਰ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਤੋਂ ਹਾਈਕਮਾਂਡ ਨਰਾਜ਼ ਹੈ।ਇਥੋਂ ਤੱਕ ਹਲਫਦਾਰੀ ਸਮਾਗਮਾਂ ਵਿਚੋਂ ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ ਵੀ ਗ਼ੈਰਹਾਜ਼ਰ ਰਹੇ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਨਜ਼ਰ ਨਹੀਂ ਆਏ। ਵਿਭਾਗੀ ਫੇਰਬਦਲ ਨੇ ਵੀ ਕਈ ਪੁਰਾਣੇ ਵਜ਼ੀਰਾਂ ਨੂੰ ਨਿਰਾਸ਼ ਕੀਤਾ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਵੀ ਉਤਾਰਿਆ ਅਤੇ ਉਹ ਖ਼ਾਸ ਕਰਕੇ ਸੰਘਰਸ਼ੀ ਲੋਕਾਂ ਨਾਲ ਗੱਲਬਾਤ ਮੌਕੇ ਸੰਕਟ ਮੋਚਨ ਵੀ ਬਣਦੇ ਰਹੇ ਹਨ। ਉਨ੍ਹਾਂ ਨੂੰ ਪਾਰਟੀ ਤੋਂ ਆਪਣੇ ਕੀਤੇ ਕੰਮਾਂ ਕਰਕੇ ਨਵੇਂ ਵਿਭਾਗ ਮਿਲਣ ਦੀ ਉਮੀਦ ਸੀ।ਪਰ ਉਨ੍ਹਾਂ ਨੂੰ ਨਿਰਾਸ਼ਤਾ ਮਿਲੀ।
ਇਹ ਵੀ ਚਰਚਾ ਹੈ ਕਿ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਵਰਗੀ ਅਹਿਮੀਅਤ ਹੁਣ ਨਹੀਂ ਦਿੱਤੀ ਜਾ ਰਹੀ। ਇਸ ਸੰਦਰਭ ਵਿਚ ਹਰਿਆਣਾ ਚੋਣ ਵਿਚ ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਡਿਊਟੀ ਵੀ ਸਿੱਧੀ ਡਾ. ਸੰਦੀਪ ਪਾਠਕ ਵਲੋਂ ਲਾਏ ਜਾਣ ਦੀ ਗੱਲ ਚਰਚਾ ਵਿਚ ਹੈ ਪਰ ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਭਾਵੇਂ ਪਾਰਟੀ ਅੰਦਰ ਧੜੇਬੰਦੀ ਕਾਫੀ ਤਿੱਖੀ ਹੈ ਪਰ ਅਰਵਿੰਦ ਕੇਜਰੀਵਾਲ ਅਜੇ ਇਸ ਬਾਰੇ ਕੁਝ ਵੀ ਨਹੀਂ ਕਹਿ ਰਹੇ ਤੇ ਜਾਪਦਾ ਹੈ ਕਿ ਉਹ ਹਰਿਆਣਾ ਚੋਣਾਂ ਤੋਂ ਬਾਅਦ ਹੀ ਇਸ ਮਾਮਲੇ ਨੂੰ ਸੁਲਝਾਉਣ ਲਈ ਕੁਝ ਕਰਨਗੇ।
ਸਿਆਸੀ ਮਾਹਿਰਾਂ ਵਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਖ਼ਬਰ ਹੈ ਕਿ ਆਪ ਦੇ ਸੁਪਰੀਮੋ ਕੇਜਰੀਵਾਲ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ ਅਤੇ ਹਰਿਆਣਾ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ। 2022 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਮਾਨ ਭਗਵੰਤ ਮਾਨ ਨੂੰ ਸੌਂਪੀ ਤਾਂ ਇਹ ਇੱਕ ਉਮੀਦਾਂ ਨਾਲ ਭਰਿਆ ਕਦਮ ਸੀ। 117 ਵਿੱਚੋਂ 92 ਸੀਟਾਂ ਅਤੇ 42.1% ਦੇ ਵੋਟ ਸ਼ੇਅਰ ਨਾਲ, ਆਮ ਆਦਮੀ ਪਾਰਟੀ ਦੀ ਇਹ ਇਤਿਹਾਸਕ ਜਿੱਤ ਇੱਕ ਮਹੱਤਵਪੂਰਨ ਸਿਆਸੀ ਸਫਲਤਾ ਸੀ। ਇਹ ਦਿੱਲੀ ਤੋਂ ਬਾਹਰ ਪਾਰਟੀ ਦੀ ਪਹਿਲੀ ਪੂਰਨ ਰਾਜ ਸਰਕਾਰ ਸੀ, ਅਤੇ ਮਾਨ, ਜੋ ਕਿ ਆਪਣੇ ਕ੍ਰਿਸ਼ਮੇ ਅਤੇ ਲੋਕਾਂ ਵਿੱਚ ਪ੍ਰਸਿੱਧੀ ਲਈ ਜਾਣੇ ਜਾਂਦੇ ਹਨ, ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਸੀ।
ਭਗਵੰਤ ਮਾਨ ਦੀ ਲੀਡਰਸ਼ਿਪ ‘ਤੇ ਸਭ ਤੋਂ ਵੱਡੀ ਆਲੋਚਨਾ ਇਹ ਰਹੀ ਹੈ ਕਿ ਉਹ ਅਰਵਿੰਦ ਕੇਜਰੀਵਾਲ ‘ਤੇ ਬਹੁਤ ਜਅਿਾਦਾ ਨਿਰਭਰ ਹੈ। ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਦਾ ਅਸਲ ਕੰਟਰੋਲ ਦਿੱਲੀ ਵਿਚ ‘ਆਪ’ ਲੀਡਰਸਪਿ ਕੋਲ ਹੈ। ਰਾਘਵ ਚਢਾ ਨੂੰ ਮਾਨ ਸਰਕਾਰ ਦਾ ਸਲਾਹਕਾਰ ਬਣਾਏ ਜਾਣ ਤੋਂ ਬਾਅਦ ਇਹ ਪ੍ਰਭਾਵ ਪੱਕਾ ਹੋ ਗਿਆ ਕਿ ਮਾਨ ਦਾ ਆਪਣੀ ਸਰਕਾਰ ਉਪਰ ਕੰਟਰੋਲ ਨਹੀਂ। ਇਥੋਂ ਤਕ ਮਾਨ ਦੀ ਗੈਰ-ਹਾਜ਼ਰੀ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ। ਪੰਜਾਬ ਵਰਗੇ ਸਵੈ-ਮਾਣ ਵਾਲੇ ਸੂਬੇ, ਜੋ ਆਪਣੀ ਸਿਆਸੀ ਖੁਦਮੁਖਤਿਆਰੀ ਅਤੇ ਸਿੱਖ ਸਵੈਮਾਣ ‘ਤੇ ਮਾਣ ਕਰਦਾ ਹੈ, ਲਈ ਇਹ ਵਿਚਾਰ ਪ੍ਰਵਾਨ ਨਹੀਂ ਸੀ।