1.4 C
Vancouver
Saturday, January 18, 2025

ਜੰਗੀ ਅਪਰਾਧ ਤੇ ਹਮਲੇ ਬਨਾਮ ਮਨੁੱਖਤਾ ਦਾ ਘਾਣ

 

ਲੇਖਕ : ਦਰਬਾਰਾ ਸਿੰਘ ਕਾਹਲੋਂ
ਪੂਰੀ ਆਧੁਨਿਕ ਮਾਨਵ ਜਾਤੀ ਅਤੇ ਵਿਸ਼ੇਸ਼ ਕਰਕੇ ਯਹੂਦੀ ਰਾਜ ਇਜ਼ਰਾਇਲ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ। ਕਿ ਇਜ਼ਰਾਇਲ ਅੰਦਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ 7 ਅਕਤੂਬਰ, 2023 ਨੂੰ ਇਸ ਦੇਸ਼ ਅੰਦਰ ਹਮਾਸ ਲੜਾਕੂਆਂ ਦੀ ਕਾਰਵਾਈ ਬਾਅਦ ਆਏ ਦਿਨ ਜ਼ਮੀਨੀ ਅਤੇ ਹਵਾਈ ਹਮਲਿਆਂ ਵਿੱਚ ਗਾਜ਼ਾ ਪੱਟੀ, ਵੈਸਟ ਬੈਂਕ ਅਤੇ ਲਿਬਨਾਨ ਅੰਦਰ ਹਸਪਤਾਲਾਂ, ਸਕੂਲਾਂ, ਇਬਾਦਤਗਾਹਾਂ, ਸਿਵਲੀਅਨ ਰਿਹਾਇਸ਼ਗਾਹਾਂ ਅਤੇ ਪਨਾਹਗਾਹਾਂ ਵਿਖੇ ਸੈਂਕੜੇ ਲੋਕਾਂ ਦਾ ਘਾਤ ਕਰ ਰਹੀ ਹੈ, ਜਿਨ੍ਹਾਂ ਵਿੱਚ ਬੱਚੇ, ਬੁੱਢੇ, ਨੌਜਵਾਨ, ਗਰਭਵਤੀ ਔਰਤਾਂ ਅਤੇ ਮਰੀਜ਼ ਸ਼ਾਮਿਲ ਹਨ। ਹੁਣ ਤਕ 50 ਹਜ਼ਾਰ ਬੇਗੁਨਾਹ ਲੋਕਾਂ ਦੇ ਘਾਤ ਦੇ ਬਾਵਜੂਦ ਵੀ ਉਸਦਾ ਨਿਸ਼ਾਨਾ ਜਦੋਂ ਪੂਰਾ ਨਹੀਂ ਹੋਇਆ ਤਾਂ ਉਹ ਬੂਬੀ ਟਰੈਪ ਇਲੈਕਟ੍ਰਾਨਿਕ ਹਮਲਿਆਂ ‘ਤੇ ਉੱਤਰ ਆਇਆ ਹੈ, ਜੋ ਨਿਰੋਲ ਘਿਨਾਉਣੇ ਜੰਗੀ ਅਪਰਾਧ ਹਨ।
ਇਜ਼ਰਾਇਲ ਹਿਟਲਰ ਵੱਲੋਂ ਦੂਸਰੀ ਵਿਸ਼ਵ ਜੰਗ ਵਿੱਚ ਮਾਰੇ ਗਏ 6 ਮਿਲੀਅਨ ਯਹੂਦੀਆਂ ਦੀ ਵੇਦਨਾ ਅਤੇ ਕੁਰਲਾਹਟ ਭੁੱਲ ਗਿਆ। ਕੌਮਾਂਤਰੀ ਅਦਾਲਤ ਵੱਲੋਂ ਨਿਉਹਮਬਰਗ ਵਿਖੇ ਦੋਸ਼ੀ ਨਾਜ਼ੀਆਂ ਅਤੇ ਹਮਜੋਲੀਆਂ ‘ਤੇ ਚਲਾਏ ਗਏ ਜੰਗੀ ਅਪਰਾਧਿਕ ਕੇਸਾਂ ਦੀ ਦਾਸਤਾਨ ਸ਼ਾਇਦ ਭੁੱਲ ਗਿਆ ਹੈ। ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਯੂ. ਐੱਨ. ਸੁਰੱਖਿਆ ਕੌਂਸਲ ਅਜੇ ਤਕ ਗੋਲੀਬੰਦੀ ਕਰਾਉਣ ਵਿੱਚ ਨਾਕਾਮ ਰਹੀ ਹੈ। ਜਦੋਂ ਅਮਰੀਕਾ ਵਰਗੀ ਮਹਾ ਸ਼ਕਤੀ ਇਜ਼ਰਾਇਲ ਦੀ ਪਿੱਠ ‘ਤੇ ਹੈ ਤਾਂ ਚੀਨ, ਰੂਸ, ਭਾਰਤ, ਜਪਾਨ, ਬ੍ਰਾਜ਼ੀਲ ਵਰਗੇ ਦੇਸ਼ ਸਮੂਹ ਵਿਸ਼ਵ ਭਾਈਚਾਰੇ ਸਮੇਤ ਮੂਕ ਦਰਸ਼ਕ ਬਣੇ ਪਏ ਹਨ।
ਵਾਰੰਟ: ਜੰਗੀ ਅਪਰਾਧਾਂ ਕਰਕੇ ਪਹਿਲਾਂ ਹੀ ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਅ ਗਾਲੰਟ ਵਿਰੁੱਧ ਜੰਗੀ ਅਪਰਾਧ ਅੰਜਾਮ ਦੇਣ ਦੇ ਸਬੂਤਾਂ ਨੂੰ ਲੈ ਕੇ ਵਾਰੰਟ ਜਾਰੀ ਹੋ ਚੁੱਕੇ ਹਨ। ਉਨ੍ਹਾਂ ਉੱਤੇ ਸਿਵਲੀਅਨਾਂ ਨੂੰ ਭੁੱਖ ਨਾਲ ਮਾਰਨ ਦੇ ਦੋਸ਼ ਵੀ ਲੱਗੇ ਹੋਏ ਹਨ।
ਬੂਬੀ ਟਰੈਪ ਹਮਲੇ:
ਜੰਗੀ ਅਪਰਾਧਾਂ ਦੀ ਇੰਤਹਾ ਵੱਲ ਵਧਦਿਆਂ 17 ਸਤੰਬਰ, 2024 ਨੂੰ ਬੂਬੀ ਟਰੈਪ ਹਮਲਿਆਂ ਵਿੱਚ ਲੈਬਨਾਨ ਅਤੇ ਸੀਰੀਆ ਵਿੱਚ ਹਿਜ਼ਬੁਲਾ ਲੜਾਕੂਆਂ ਦੇ 12 ਲੋਕ ਮਾਰ ਦਿੱਤੇ, ਜਿਨ੍ਹਾਂ ਵਿੱਚ ਇੱਕ ਨੌਂ ਸਾਲਾਂ ਦੀ ਲੜਕੀ ਅਤੇ 11 ਸਾਲਾਂ ਦਾ ਲੜਕਾ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 2800 ਲੋਕ ਜ਼ਖ਼ਮੀ ਹੋ ਗਏ। ਅਗਲੇ ਦਿਨ 18 ਸਤੰਬਰ ਨੂੰ ਤਿੰਨ ਹਿਜ਼ਬੁਲਾ ਲੜਾਕੂਆਂ ਦੇ ਅੰਤਿਮ ਸਸਕਾਰ ਵੇਲੇ ਬੂਬੀ ਟਰੈਪ ਹਮਲੇ ਵਿੱਚ 25 ਲੋਕ ਮਾਰੇ ਗਏ, 450 ਦੇ ਕਰੀਬ ਜ਼ਖਮੀ ਹੋ ਗਏ। ਇਸ ‘ਤੇ ਹਿਜ਼ਬੁਲਾ ਲੜਾਕੂ ਸੰਗਠਨ ਦੇ ਸਕੱਤਰ ਜਨਰਲ ਹਸਨ ਨਸਰਾਲਾ ਵੱਲੋਂ ਦਿੱਤੀ ਚਿਤਾਵਨੀ ਕਿ ਇਨ੍ਹਾਂ ਹਮਲਿਆਂ ਦਾ ਭਿਆਨਕ ਤਾਬੜਤੋੜ ਅਤੇ ਸਹੀ ਇਨਸਾਫ ਕਰਨ ਵਾਲੀ ਸਜ਼ਾ ਦੇਣ ਵਾਲਾ ਜਵਾਬ ਦਿੱਤਾ ਜਾਵੇਗਾ।
ਇਸ ਬਿਆਨ ਬਾਅਦ ਵੀਰਵਾਰ 19 ਸਤੰਬਰ ਰਾਤ ਨੂੰ ਇਜ਼ਰਾਇਲ ਦੀ ਫੌਜ ਆਈਡੀਐੱਫ ਨੇ 52 ਹਵਾਈ ਹਮਲੇ ਅੰਜਾਮ ਦਿੱਤੇ। ਇਹ ਸਭ ਮਿਥੇ ਨਿਸ਼ਾਨਿਆਂ ‘ਤੇ ਸੰਪੂਰਨ ਤੌਰ ‘ਤੇ ਚੋਟ ਮਾਰਦੇ ਮਾਰੂ ਹਮਲੇ ਸਨ। ਇਨ੍ਹਾਂ ਵਿੱਚ ਹਿਜ਼ਬੁਲਾ ਲੜਾਕੂ ਸੰਗਠਨ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਸ ਵਿੱਚ ਸੀਨੀਅਰ ਲੜਾਕੂ ਕਮਾਂਡਰਾਂ ਨਾਲ ਮੀਟਿੰਗ ਕਰ ਰਿਹਾ ਰੈਡਵਾਂ ਫੋਰਸ ਦਾ ਐਕਟਿੰਗ ਕਮਾਂਡਰ ਇਬਰਾਹੀਮ ਅਕੀਲ 12 ਵਿਅਕਤੀਆਂ ਸਮੇਤ ਮਾਰਿਆ ਗਿਆ, 59 ਲੋਕ ਜ਼ਖ਼ਮੀ ਹੋਏ। ਸਤੰਬਰ 20, 1983 ਵਿੱਚ ਆਤਮਘਾਤੀ ਬੰਬਰਾਂ ਨਾਲ 241 ਅਮਰੀਕੀ ਮੈਰੀਨ ਮਾਰਨ ਦਾ ਮੁੱਖ ਮਾਸਟਰਮਾਈਂਡ ਇਹੀ ਵਿਅਕਤੀ ਸੀ, ਜਿਸਦੇ ਸਿਰ ਦਾ ਇਨਾਮ ਅਮਰੀਕਾ ਵੱਲੋਂ 7 ਮਿਲੀਅਨ ਡਾਲਰ ਰੱਖਿਆ ਹੋਇਆ ਸੀ। ਇਸੇ ਰਾਤ ਪੱਛਮੀ ਕਿਨਾਰੇ ‘ਤੇ ਇਜ਼ਰਾਇਲ ਫੌਜੀ ਹਮਲੇ ਵਿੱਚ 7 ਫਲਸਤੀਨੀ ਕਿਊਬੱਤੀਆ ਕਸਬੇ ਵਿੱਚ ਮਾਰੇ ਗਏ। ਉਨ੍ਹਾਂ ਦੀਆਂ ਲਾਸ਼ਾਂ ਛੱਤ ਤੋਂ ਥੱਲੇ ਸੁੱਟਦੇ ਜੰਗੀ ਅਪਰਾਧ ਅੰਜਾਮ ਦਿੰਦੇ ਇਜ਼ਰਾਇਲੀ ਫੌਜੀ ਵੇਖੇ ਗਏ।
ਇਸ ਸਾਲ ਜਨਵਰੀ ਵਿੱਚ ਇੱਕ ਟਾਰਗੈੱਟ ਹਵਾਈ ਹਮਲੇ ਵਿੱਚ ਹਮਾਸ ਦਾ ਡਿਪਟੀ ਲੀਡਰ ਸਾਲੇਹ ਅੱਲ ਅਰੋਰੀ ਇਜ਼ਰਾਇਲੀ ਹਵਾਈ ਹਮਲੇ ਵਿੱਚ ਬੈਰੂਤ (ਲੈਥਨਾਨ) ਵਿਖੇ ਮਾਰਿਆ ਗਿਆ। ਇਸੇ ਸਾਲ ਜੁਲਾਈ ਵਿੱਚ ਹਿਜ਼ਬੁਲਾ ਮਿਲਟਰੀ ਕਮਾਂਡਰ ਫੁਆਦ ਸ਼ੁਕਰ ਮਾਰਿਆ ਗਿਆ। ਅਗਸਤ ਵਿੱਚ ਇਰਾਨ ਦੀ ਰਾਜਧਾਨੀ ਤਹਿਰਾਨ ਵਿਖੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਮਾਸ ਆਗੂ ਇਸਮਾਈਲ ਹਾਨੀਯੇਹ ਇਸਰਾਈਲੀ ਬੰਬਾਰੀ ਵਿੱਚ ਮਾਰਿਆ ਗਿਆ। ਸਕੱਤਰ ਜਨਰਲ ਨਸਰਾਲਾ ਦਾ ਕਹਿਣਾ ਹੈ ਕਿ ਇਜ਼ਰਾਇਲ ਟਾਰਗੈੱਟ ਹਮਲਿਆਂ ਵਿੱਚ ਸਾਡੇ ਕਮਾਂਡਰਾਂ ਨੂੰ ਇੱਕ-ਇੱਕ ਕਰਕੇ ਨਿਸ਼ਾਨਾ ਬਣਾ ਰਿਹਾ ਹੈ।
ਕੀ ਹਨ ਬੂਬੀ ਟਰੈਪ ਹਮਲੇ?
ਇਹ ਜੰਗੀ ਅਪਰਾਧਾਂ ਨਾਲ ਜੁੜੀ ਤਕਨੀਕ ਬੂਬੀ ਟਰੈਪ ਕੋਈ ਨਵੀਂ ਨਹੀਂ ਹੈ। ਇਨ੍ਹਾਂ ਬਾਰੇ 300 ਪੰਨਿਆਂ ਦਾ ਇੱਕ ਪੇਪਰ ਫੀਲਡ ਮੈਨੂਅਲ 5-31 ਅਮਰੀਕੀ ਫੌਜੀ ਵਿਭਾਗ) ਵੱਲੋਂ ਸੰਨ 1965 ਵਿੱਚ ਛਾਪਿਆ ਗਿਆ ਸੀ ਜਿਸ ਅਨੁਸਾਰ ਟੈਲੀਫੋਨ, ਭਾਂਡੇ, ਕੇਤਲੀਆਂ, ਟੀ.ਵੀ. ਸੈੱਟ, ਬਿਸਤਰੇ ਆਦਿ ਵਿਸਫੋਟਿਕ ਵਸਤਾਂ ਵਜੋਂ ਬਦਲ ਕੇ ਹਿੱਟ ਕੀਤੇ ਜਾ ਸਕਦੇ ਹਨ। ਫੌਜੀਆਂ ਦੇ ਹੈਂਡਸੈੱਟ ਵੀ ਇਨ੍ਹਾਂ ਵਿੱਚ ਸ਼ਾਮਿਲ ਸਨ। ਦੂਸਰੇ ਵਿਸ਼ਵ ਯੁੱਧ ਵਿੱਚ ਅਜਿਹੇ ਯੰਤਰਾਂ ਦਾ ਨਿਰਮਾਣ ਕੀਤਾ ਗਿਆ ਜੋ ਇਨ੍ਹਾਂ ਨੂੰ ਡੈਟੋਨੇਟ ਕਰਕੇ ਵਿਸਫੋਟ ਕਰਨ ਵਿੱਚ ਸਹਾਈ ਹੁੰਦੇ ਸਨ। ਸੰਨ 1966 ਵਿੱਚ ਟੀਐੱਮ 31-200-1 ਫੌਜੀ ਦਸਤਾਵੇਜ਼ ਅਨੁਸਾਰ ਕੰਨਾਂ ਨੂੰ ਲਗਾਏ ਜਾਣ ਵਾਲੇ ਯੰਤਰ, ਟੈਲੀਫੋਨ ਸੈੱਟ ਆਦਿ ਵਿਸਫੋਟ ਕੀਤੇ ਜਾ ਸਕਦੇ ਹਨ।
ਸੰਨ 2010 ਵਿੱਚ ਅੱਲ ਕਾਇਦਾ ਸੰਬੰਧੀ ਮੈਗਜ਼ੀਨ ਵਿੱਚ ਵਿਸਫੋਟਿਕ ਵਿਭਾਗ ਨਾਲ ਸੰਬੰਧਿਤ ਇਕਰਮਾ ਅੱਲ ਮੁਨੀਰ ਨੇ ਨੋਕੀਆ ਸੈੱਲ ਫੋਨ ਰਾਹੀਂ ਵਿਸਫੋਟ ਯੰਤਰ ਏਅਰਪੋਰਟ ਸੁਰੱਖਿਆ ਨੂੰ ਚਕਮਾ ਦੇਣ ਵਾਲੀ ਤਕਨੀਕ ਨਾਲ ਕਿੱਧਰੇ ਵੀ ਲਿਜਾਏ ਜਾਣ ਦਾ ਖੁਲਾਸਾ ਕੀਤਾ।
ਸੰਨ 2023 ਵਿੱਚ ਇਕੁਆਡੋਰ ਪੱਤਰਕਾਰ ਨੇ ਬੂਬੀ ਟਰੈਪਡ ਯੂਐੱਸਬੀ ਸਲਾਖਾਂ ਰਾਹੀਂ ਕੰਪਿਊਟਰ ਵਿਸਫੋਟ ਕਰਕੇ ਟੈਲੀਵਿਜ਼ਨ ਪ੍ਰਸਾਰਨ ਕਰਤਾ ਜ਼ਖ਼ਮੀ ਕਰ ਦਿੱਤਾ ਸੀ।
17-18 ਸਤੰਬਰ ਨੂੰ ਬੇਰੂਤ, ਸਾਰੇ ਲੈਬਨਾਨ, ਸੀਰੀਆ ਵਿੱਚ 3000 ਪੇਜਰ, ਵਾਕੀ-ਟਾਕੀ, ਸੋਲਰ ਯੰਤਰ, ਹੈਂਡਸੈੱਟ ਹਸਪਤਾਲਾਂ, ਸਟੋਰਾਂ, ਸਿਵਲੀਅਨ ਥਾਵਾਂ ‘ਤੇ ਵੀ ਹਿਜ਼ਬੁਲਾ ਲੜਾਕੂਆਂ ਇਲਾਵਾ ਹਿੱਟ ਕੀਤੇ। ਇਸ ਵਿੱਚ ਮਿਲਟਰੀ ਗਰੇਡ ਪਲਾਸਟਿਕ ਵਿਸਫੋਟਿਕ ਵਰਤੇ ਗਏ ਜੋ ਇਜ਼ਰਾਇਲੀ ਫਰੰਟ ਕੰਪਨੀ ਨੇ ਤਿਆਰ ਕੀਤੇ ਸਨ, ਜਿਨ੍ਹਾਂ ਦਾ ਸੰਬੰਧ ਯੂਰਪੀਨ ਕੰਪਨੀਆਂ ਨਾਲ ਵੀ ਹੈ। ਇਹ ਵਪਾਰਕ ਵਿਸਫੋਟ ਯੰਤਰ ਨਹੀਂ ਹਨ। ਇਹ ਵਿਅਕਤੀ ਦੇ ਸਿਰ ਜਾਂ ਧੜ ਨੂੰ ਜ਼ਖ਼ਮੀ ਕਰ ਦਿੰਦੇ ਹਨ, ਜਿਨ੍ਹਾਂ ਨਾਲ ਵਿਅਕਤੀ ਮਰ ਵੀ ਸਕਦਾ ਹੈ। ਵਾਕੀ-ਟਾਕੀ ਸੈੱਟਾਂ ਰਾਹੀਂ 70 ਥਾਵਾਂ ‘ਤੇ ਅੱਗ ਲੱਗੀ। ਇਨ੍ਹਾਂ ਵਿੱਚ ਨਿੱਜੀ ਘਰ ਵੀ ਸ਼ਾਮਿਲ ਸਨ। ਇਨ੍ਹਾਂ ਨਾਲ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਸਪਤਾਲਾਂ ਵਿੱਚ ਡਾਕਟਰਾਂ ਨੇ ਦੱਸਿਆ ਕਿ ਕਈ ਜਖ਼ਮੀਆਂ ਦੀਆਂ ਅੱਖਾਂ, ਹੱਥ, ਬਾਹਾਂ, ਉਂਗਲਾਂ ਉਡ ਗਈਆਂ।
ਚੁੱਪ: ਹੈਰਾਨਗੀ ਇਸ ਗੱਲ ਦੀ ਹੈ ਕਿ ਇਨ੍ਹਾਂ ਅਪਰਾਧਿਕ ਕਾਰਨਾਮਿਆਂ ਦੀ ਜ਼ਿੰਮੇਵਾਰੀ ਅਜੇ ਤਕ ਤਾਂ ਇਜ਼ਰਾਇਲੀ ਸਰਕਾਰ, ਫੌਜ ਜਾਂ ਖੁਫ਼ੀਆ ਏਜੰਸੀ ਮੋਸਾਦ ਨੇ ਲਈ ਹੈ, ਲੇਕਿਨ ਇਸ ਕਿਸਮ ਦੇ ਜੰਗੀ ਅਪਰਾਧਾਂ ਲਈ ਕੌਮਾਂਤਰੀ ਕਾਨੂੰਨ ਮਾਹਿਰਾਂ ਅਨੁਸਾਰ ਇਜ਼ਰਾਇਲੀ ਫੌਜ ਅਤੇ ਸਰਕਾਰ ਨੂੰ ਜ਼ਿੰਮੇਵਾਰ ਤਾਂ ਠਹਿਰਾਇਆ ਜਾਵੇਗਾ, ਇਸ ਨਾਲ ਅਮਰੀਕਾ, ਜੋ ਇਸਦੀ ਪਿੱਠ ‘ਤੇ ਹੈ ਅਤੇ ਵੱਡਾ ਹਥਿਆਰ ਸਪਲਾਈ ਕਰਨ ਵਾਲਾ ਦੇਸ਼ ਹੈ, ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਰਾਸ਼ਟਰਪਤੀ ਬਰਾਕ ਓਬਾਮਾ ਕਾਲ ਵੇਲੇ ਗ੍ਰਹਿ ਵਿਭਾਗ ਦੇ ਕਾਨੂੰਨੀ ਸਲਾਹਕਾਰ ਰਹੇ ਬਰਾਇਨ ਫਾਈਨੁਕੈਨ, ਜੋ ਕੌਮਾਂਤਰੀ ਸੰਕਟ ਗਰੁੱਪ ਦੇ ਇਸ ਵੇਲੇ ਸੀਨੀਅਰ ਸਲਾਹਕਾਰ ਵੀ ਹਨ, ਦਾ ਕਹਿਣਾ ਹੈ ਕਿ ਅਮਰੀਕਾ ਇਜ਼ਰਾਇਲੀ ਜੰਗ ਦਾ ਭਾਗੀਦਾਰ ਹੈ, ਸੋ ਅਪਰਾਧਿਕ ਦੋਸ਼ ਤੋਂ ਨਹੀਂ ਬਚ ਸਕਦਾ। ਕੀ ਅਮਰੀਕਾ ਦੱਸੇਗਾ ਕਿ ਇਜ਼ਰਾਇਲ ਸਿਵਲੀਅਨਾਂ ਨੂੰ ਮਾਰਨ ਤੋਂ ਤੋਬਾ ਕਰੇਗਾ?
ਕੀ ਉਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਅਜਿਹੀ ਜੰਗ ਨਾਲ ਵੱਡੇ ਪੱਧਰ ‘ਤੇ ਸਿਵਲੀਅਨ ਨਿਸ਼ਾਨ ਬਣਨਗੇ? ਕੀ ਉਸ ਨੂੰ ਅੰਦਾਜ਼ਾ ਨਹੀਂ ਕਦੋਂ ਤੇ ਕਿਵੇਂ ਕਿਨ੍ਹਾਂ ਲਈ ਬੂਬੀ ਟਰੈਪ ਯੰਤਰ ਵਰਤੇ ਜਾਣਗੇ? ਇਜ਼ਰਾਇਲ ਨੂੰ ਆਪਣੀ ਸੁਰੱਖਿਆ ਦਾ ਪੂਰਾ ਹੱਕ ਹੈ, ਪਰ ਅਪਰਾਧਿਕ ਕਾਰਵਾਈਆਂ ਲਈ ਕੋਈ ਕੌਮਾਂਤਰੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਜੋ ਉਹ ਲਗਾਤਾਰ ਕਰਦਾ ਆ ਰਿਹਾ ਹੈ। ਜੇ ਅਮਰੀਕਾ ਉਸ ਨੂੰ ਨਹੀਂ ਵਰਜਦਾ ਤਾਂ ਮੱਧ ਏਸ਼ੀਆ ਵਿੱਚ ਲਗਾਇਆ ਜਾ ਰਿਹਾ ਲਾਂਬੂ ਉਸ ਲਈ ਘਾਤਿਕ ਸਿੱਧ ਹੋ ਸਕਦਾ ਹੈ। ਉਸ ਨੂੰ ਤਾਂ ਸੰਨ 1996 ਤੋਂ ਪਤਾ ਹੈ ਜਦੋਂ ਬੂਬੀ ਟਰੈਪ ਰਾਹੀਂ ਗਾਜ਼ਾ ਅੰਦਰ ਘਰ ਵਿੱਚ ਇਜ਼ਰਾਇਲ ਨੇ ਹਮਾਸ ਲਈ ਬੰਬ ਬਣਾਉਣ ਵਾਲਾ ਸ਼ਖਸ ਯਾਹੀਆ ਅਯਾਸ਼ ਮਾਰਿਆ ਸੀ।
ਜ਼ਬੁਲਾ: ਹਿਜ਼ਬੁਲਾ ਲੜਾਕੂ ਸੰਗਠਨ ਸੰਨ 1982 ਵਿੱਚ ਇਜ਼ਰਾਇਲੀ ਹਮਲੇ ਦੇ ਮੁਕਾਬਲੇ ਲਈ ਗਠਤ ਕੀਤਾ ਸੀ। ਇਸ ਨੂੰ ਈਰਾਨ, ਹਾਊਥੀ ਲੜਾਕੂਆਂ ਅਤੇ ਹਮਾਸ ਦੀ ਹਿਮਾਇਤ ਹਾਸਿਲ ਹੈ। ਸੰਨ 1985 ਵਿੱਚ ਇਸ ਨੇ ਵਿਧੀਵਤ ਤੌਰ ‘ਤੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ। ਇਸ ਕੋਲ ਇਸ ਵੇਲੇ ਇੱਕ ਲੱਖ ਲੜਾਕੂ ਮੌਜੂਦ ਹਨ। ਇਸਦਾ ਗੁਪਤਚਰ ਵਿਭਾਗ ਇਸਦੀ ਸਥਾਪਨਾ ਬਾਅਦ ਪਹਿਲੀ ਵਾਰ ਇਜ਼ਰਾਇਲੀ ਬੂਬੀ ਟਰੈਪ ਹਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ। ਇਸ ਵੱਲੋਂ ਤਾਈਵਾਨ ਕੰਪਨੀ ਗੋਲਡ ਅਪੋਲੋ ਵੱਲੋਂ ਮੰਗਵਾਏ 5000 ਪੇਜਰ, ਵਾਕੀ-ਟਾਕੀ ਅਤੇ ਹੈਂਡ ਸੈੱਟ ਦੀ ਜਾਣਕਾਰੀ ਖੁਫੀਆ ਤੌਰ ‘ਤੇ ਇਜ਼ਰਾਇਲ ਨੇ ਪ੍ਰਾਪਤ ਕਰ ਲਈ ਅਤੇ ਇਹ ਵੀ ਕਿ ਇਨ੍ਹਾਂ ਵਿੱਚ ਤਿੰਨ ਗ੍ਰਾਮ ਵਿਸਫੋਟਿਕ ਪਦਾਰਥ ਫਿੱਟ ਹੈ। ਤਾਂਹੀਓਂ ਇੱਡੇ ਵੱਡੇ ਪੱਧਰ ‘ਤੇ ਉਹ ਕਾਰਵਾਈ ਕਰਨ ਵਿੱਚ ਸਫਲ ਹੋਇਆ। ਚਿੰਤਾਜਨਕ ਗੱਲ ਇਹ ਵੀ ਹੈ ਕਿ ਇਜ਼ਰਾਇਲੀ ਸਾਬਕਾ ਉਪ ਸੁਰੱਖਿਆ ਸਲਾਹਕਾਰ ਚੱਕ ਫਰੀਲਿਚ ਦਾ ਕਹਿਣਾ ਹੈ ਕਿ ਇਹ ਤਾਂ ਇੱਕ ਸ਼ੁਰੂਆਤ ਹੈ, ਉਨ੍ਹਾਂ ਕੋਲ 100 ਕਿਸਮ ਦੇ ਅਜਿਹੇ ਹਮਲਿਆਂ ਦਾ ਪ੍ਰਬੰਧ ਹੈ।
ਸਮੁੱਚੇ ਵਿਸ਼ਵ ਭਾਈਚਾਰੇ, ਅਮਰੀਕਾ ਸਮੇਤ ਸਰਮਾਏਦਾਰ ਦੇਸ਼ਾਂ ਅਤੇ ਇਨ੍ਹਾਂ ਦੀ ਰਖੇਲ ਯੂ.ਐੱਨ ਸੰਸਥਾ ਨੂੰ ਇਜ਼ਰਾਇਲ ਦੀ ਮਾਰੂ ਅਪਰਾਧਿਕ ਜੰਗ ਅਤੇ ਵਿਸ਼ਵ ਨੂੰ ਕਿਸੇ ਵੱਡੀ ਭਿਆਨਕ ਜੰਗ ਵਿੱਚ ਝੋਕਣ ਪ੍ਰਤੀ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ, ਬਲਕਿ ਤਕੜੀ ਕਾਰਵਾਈ ਅੰਜਾਮ ਦਿੰਦੇ ਹੋਏ ਪੱਕੇ ਪੈਰੀਂ ਹੋ ਕੇ ਰੋਕਣਾ ਚਾਹੀਦਾ ਹੈ।

Related Articles

Latest Articles