-0.1 C
Vancouver
Saturday, January 18, 2025

ਨਵੀਂ ਪੀੜ੍ਹੀ ਦੇ ਮਸਲੇ

 

 

ਲੇਖਕ : ਡਾ. ਰਣਜੀਤ ਸਿੰਘ
ਪੰਜਾਬੀ ਮਿਹਨਤੀ, ਹਿੰਮਤੀ ਅਤੇ ਖ਼ਤਰੇ ਸਹੇੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਜਦੋਂ ਵੀ ਇਨ੍ਹਾਂ ਨੂੰ ਕਿਸੇ ਨਵੀਂ ਥਾਂ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਉੱਥੇ ਜਾਣ ਲਈ ਸਭ ਤੋਂ ਅੱਗੇ ਹੁੰਦੇ ਹਨ। ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਤੇ ਪੰਜਾਬੀਆਂ ਨੇ ਭਿਆਨਕ ਸੰਤਾਪ ਭੋਗਿਆ। ਪਾਕਿਸਤਾਨ ਵਾਲੇ ਪੰਜਾਬ ਵਿਚ ਕਿਸੇ ਹਿੰਦੂ ਜਾਂ ਸਿੱਖ ਦਾ ਰਹਿਣਾ ਮੁਸ਼ਕਿਲ ਹੋ ਗਿਆ ਤੇ ਇਸ ਪਾਸੇ ਮੁਸਲਮਾਨਾਂ ਨੂੰ ਘਰ ਬਾਰ ਛੱਡ ਕੇ ਜਾਣਾ ਪਿਆ। ਲੱਖਾਂ ਲੋਕ ਮਾਰੇ ਗਏ। ਔਰਤਾਂ ਦੀ ਇੱਜ਼ਤ ਰੋਲੀ ਗਈ ਤੇ ਸਭ ਕੁਝ ਲੁਟਾ ਕੇ ਖਾਲੀ ਹੱਥ ਆਉਣਾ ਪਿਆ। ਉਧਰੋਂ ਆਏ ਪੰਜਾਬੀਆਂ ਨੇ ਇਸ ਪਾਸੇ ਪੈਰ ਲਗਦਿਆਂ ਹੀ ਅੱਗੇ ਵਧਣਾ ਸ਼ੁਰੂ ਕੀਤਾ। ਖੇਤੀ ਦੇ ਨਵੇਂ ਢੰਗ ਤਰੀਕੇ, ਨਵੇਂ ਬੀਜ ਅਤੇ ਮਸ਼ੀਨਾਂ ਦੀ ਵਰਤੋਂ ਕਰਨ ਵਿਚ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਜਿੱਥੇ ਉਹ ਲੋੜ ਪੈਣ ਉੱਤੇ ਸਰਹੱਦਾਂ ਦੀ ਰਾਖੀ ਕਰਦੇ ਸਨ, ਉੱਥੇ ਭੁੱਖਮਰੀ ਨਾਲ ਜੂਝ ਰਹੇ ਦੇਸ਼ ਵਿਚ ਅਨਾਜ ਦੇ ਢੇਰ ਲਗਾ ਦਿੱਤੇ ਜਿਸ ਨੂੰ ਹਰਾ ਇਨਕਲਾਬ ਆਖਿਆ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੇ ਇਨਕਲਾਬ ਨਾਲ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਅਤੇ ਪੰਜਾਬ ਵਿਚ ਖੁਸ਼ਹਾਲੀ ਆਈ ਪਰ ਖੁਸ਼ਹਾਲੀ ਲਈ ਵੀ ਪੰਜਾਬੀਆਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ।
ਇਸ ਖੁਸ਼ਹਾਲੀ ਨੇ ਵਿਉਪਾਰੀਆਂ ਨੂੰ ਆਪਣੇ ਵੱਲ ਖਿੱਚਿਆ। ਟਰੈਕਟਰ ਤੇ ਦੂਜੀਆਂ ਮਸ਼ੀਨਾਂ ਦੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਇਨ੍ਹਾਂ ਦੀ ਖਰੀਦ ਲਈ ਉਤਸ਼ਾਹਿਤ ਕੀਤਾ ਜਿਸ ਨਾਲ ਪੰਜਾਬ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ। ਸਿੰਜਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫ਼ਸਲੀ ਹੋ ਗਈ ਜਿਸ ਨਾਲ ਕਾਮਿਆਂ ਦੀ ਮੰਗ ਵਧੀ ਤੇ ਦੂਜੇ ਸੂਬਿਆਂ ਤੋਂ ਕਾਮੇ ਆਉਣ ਲੱਗੇ। ਪਹਿਲਾਂ ਉਹ ਫ਼ਸਲ ਦੀ ਲੁਆਈ ਅਤੇ ਵਾਢੀ ਸਮੇਂ ਹੀ ਆਉਂਦੇ ਸਨ, ਫਿਰ ਉਹ ਟੱਬਰਾਂ ਸਮੇਤ ਆ ਕੇ ਇੱਥੇ ਹੀ ਰਹਿਣ ਲੱਗ ਪਏ। ਉਨ੍ਹਾਂ ਦੇ ਬੱਚਿਆਂ ਨੇ ਦੁਕਾਨਾਂ ਅਤੇ ਦਫਤਰਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ ਤੇ ਔਰਤਾਂ ਨੇ ਘਰਾਂ ਦਾ ਕੰਮ ਸੰਭਾਲ ਲਿਆ। ਹੁਣ ਘਰਾਂ ਅਤੇ ਖੇਤਾਂ ਦਾ ਬਹੁਤਾ ਕੰਮ ਇਹ ਲੋਕ ਹੀ ਕਰਦੇ ਹਨ। ਸ਼ਹਿਰਾਂ ਦੇ ਬਹੁਤੇ ਘਰਾਂ ਵਿਚ ਰੋਟੀ ਵੀ ਇਹ ਲੋਕ ਹੀ ਪਕਾਉਣ ਲੱਗ ਪਏ ਹਨ। ਇੰਝ ਪੰਜਾਬੀ ਹੌਲੀ-ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨ। ਤਕਨੀਕੀ ਕੰਮ ਜਿਵੇਂ ਲੁਹਾਰਾ, ਤਰਖਾਣ, ਪਲੰਬਰ, ਰਾਜ ਮਿਸਤਰੀ ਆਦਿ ਕੰਮ ਵੀ ਹੌਲੀ-ਹੌਲੀ ਇਨ੍ਹਾਂ ਹੀ ਸੰਭਾਲ ਲਏ ਹਨ। ਪੰਜਾਬ ਦੇ ਇਨ੍ਹਾਂ ਕਿੱਤਿਆਂ ਦੇ ਆਪਣੇ ਤੌਰ ਤਰੀਕੇ ਅਤੇ ਦਸਤਕਾਰੀ ਲੋਪ ਹੋ ਗਏ ਹਨ। ਵਿਦਿਆ ਦੇ ਵਪਾਰੀਆਂ ਨੇ ਥਾਂ-ਥਾਂ ਅੰਗਰੇਜ਼ੀ ਸਕੂਲ ਖੋਲ੍ਹ ਲਏ। ਇਨ੍ਹਾਂ ਸਕੂਲਾਂ ਵਿਚ ਬੱਚੇ ਭੇਜਣਾ ਪੰਜਾਬੀ ਆਪਣੀ ਸ਼ਾਨ ਸਮਝਣ ਲੱਗ ਪਏ ਹਨ। ਇਨ੍ਹਾਂ ਸਕੂਲਾਂ ਵਿਚ ਪੰਜਾਬੀ ਪੜ੍ਹਨੀ ਤੇ ਬੋਲਣੀ ਸਖਤ ਮਨ੍ਹਾ ਹੈ। ਇੰਝ ਪੰਜਾਬੀ ਬੱਚੇ ਆਪਣੀ ਮਾਂ ਬੋਲੀ, ਆਪਣੇ ਇਤਿਹਾਸ, ਆਪਣੇ ਸੱਭਿਆਚਾਰ ਅਤੇ ਆਪਣੇ ਰਸਮੋ-ਰਿਵਾਜਾਂ ਤੋਂ ਦੂਰ ਹੋ ਗਏ ਹਨ। ਬਾਜ਼ਾਰ ਕੱਪੜਿਆਂ, ਬਿਜਲੀ ਉਪਕਰਨਾਂ, ਫਰਨੀਚਰ ਆਦਿ ਨਾਲ ਭਰੇ ਗਏ। ਪਿੰਡਾਂ ਵਿਚ ਸਾਰੇ ਘਰ ਪੱਕੇ ਹੋ ਗਏ, ਬਿਜਲੀ ਆ ਗਈ, ਪਾਣੀ ਦੀਆਂ ਟੂਟੀਆਂ ਲੱਗ ਗਈਆਂ। ਆਪਸੀ ਭਾਈਚਾਰਾ, ਰਹਿਣ-ਸਹਿਣ, ਰਸਮੋ-ਰਿਵਾਜ ਸਭ ਕੁਝ ਬਦਲ ਗਿਆ। ਜਿਸ ਤੇਜ਼ੀ ਨਾਲ ਪੰਜਾਬੀ ਜੀਵਨ ਬਦਲਿਆ ਇਸ ਤੇਜ਼ੀ ਨਾਲ ਤਬਦੀਲੀ ਸ਼ਾਇਦ ਸੰਸਾਰ ਵਿਚ ਕਿਤੇ ਵੀ ਨਹੀਂ ਸੀ ਆਈ। ਨਵੀਂ ਪੀੜ੍ਹੀ ਨੂੰ ਜਦੋਂ ਅਸੀਂ ਬਚਪਨ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਤਾਂ ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹਾ ਹੁੰਦਾ ਸੀ। ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਵੀ ਸਰਕਾਰ, ਸੰਸਥਾ ਜਾਂ ਧਾਰਮਿਕ ਆਗੂ ਨੇ ਆਪਣੇ ਵਿਰਸੇ ਦੀ ਸਾਂਭ-ਸੰਭਾਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਇੰਝ ਪੰਜਾਬੀ ਜੀਵਨ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲ ਆਪਮੁਹਾਰਾ ਹੋ ਗਿਆ। ਇਸੇ ਕਰਕੇ ਮਿਹਨਤ, ਸੰਤੋਖ, ਭਾਈਚਾਰਾ, ਇਮਾਨਦਾਰੀ ਆਦਿ ਪੰਜਾਬੀਆਂ ਦੇ ਮੁੱਖ ਗੁਣ ਲੋਪ ਹੋ ਰਹੇ ਹਨ। ਪੰਜਾਬ ਨੂੰ ਪ੍ਰਤਾਪ ਸਿੰਘ ਕੈਰੋਂ ਪਿੱਛੋਂ ਕੋਈ ਦੂਰਅੰਦੇਸ਼ ਨੇਤਾ ਨਹੀਂ ਮਿਲ ਸਕਿਆ। ਉਨ੍ਹਾਂ ਨੇ ਪੰਜਾਬ ਵਿਚ ਖੇਤੀ, ਸਨਅਤ ਅਤੇ ਵਿਦਿਅਕ ਵਿਕਾਸ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਤੇ ਪੰਜਾਬ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣ ਗਿਆ। ਮੁੜ ਕੁਰਬਾਨੀਆਂ ਦੇ ਕੇ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਆਪਣੀ ਰਾਜਧਾਨੀ, ਬਹੁਤ ਸਾਰਾ ਇਲਾਕਾ ਅਤੇ ਪਾਣੀ ਦੇ ਵਸੀਲਿਆਂ ਦੀ ਕੁਰਬਾਨੀ ਦੇਣੀ ਪਈ। ਜਾਪਦਾ ਸੀ, ਹੁਣ ਪਹਿਲਾਂ ਤੋਂ ਵੱਧ ਮਿਹਨਤ ਕਰਕੇ ਪੰਜਾਬ, ਦੇਸ਼ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵਿਕਸਤ ਸੂਬਾ ਬਣ ਜਾਵੇਗਾ ਪਰ ਬਦਕਿਸਮਤੀ ਸਾਡੇ ਆਗੂਆਂ ਜਿਨ੍ਹਾਂ ਵਿਚ ਧਾਰਮਿਕ ਆਗੂ ਵੀ ਸ਼ਾਮਿਲ ਹਨ, ਨੇ ਨਵੀਂ ਪੀੜ੍ਹੀ ਨੂੰ ਆਪਣੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਥਾਂ ਤੋੜਨ ਦਾ ਕੰਮ ਕੀਤਾ। ਪੰਜਾਬੀਆਂ ਨੂੰ ਸੇਧ ਦੇਣ ਦੀ ਥਾਂ ਆਪੋਆਪਣੇ ਮਿਸ਼ਨ ਲਈ ਵਰਤਿਆ ਗਿਆ। ਨਕਸਲਬਾੜੀ ਲਹਿਰ ਚੱਲੀ। ਆਪਣਿਆਂ ਹੱਥੋਂ ਹੀ ਸੈਂਕੜੇ ਨੌਜਵਾਨ ਮਾਰੇ ਗਏ। ਇਹ ਨਹੀਂ ਸੋਚਿਆ ਗਿਆ ਕਿ ਸੰਸਾਰ ਦਾ ਤਖ਼ਤਾ, ਤਾਕਤ ਨਾਲ ਨਹੀਂ ਸਗੋਂ ਦਿਮਾਗ਼ ਤੇ ਉੱਚੀ ਸੋਚ ਨਾਲ ਬਦਲਿਆ ਜਾਂਦਾ ਹੈ। ਅਤਿਵਾਦ ਦੇ ਦਿਨਾਂ ਵਿਚ ਤਾਂ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਗਈ। ਕਿਸੇ ਠੀਕ ਹੀ ਆਖਿਆ ਸੀ ਕਿ ਦੇਖੋ ਕਿਵੇਂ ਆਪਣੇ ਹੀ ਆਪਣਿਆਂ ਨੂੰ ਮਾਰ ਰਹੇ ਹਨ। ਪੰਜਾਬ ਦਾ ਵਿਕਾਸ ਰੁਕ ਗਿਆ ਸਗੋਂ ਪਿੱਛੇ ਵੱਲ ਮੁੜਨ ਲੱਗਿਆ। ਪਹਿਲਾਂ ਵਪਾਰੀਆਂ ਨੇ ਲੁੱਟਿਆ, ਮੁੜ ਆਪਣਿਆਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਜਿਹੜੇ ਨੌਜਵਾਨ ਜਿਊਂਦੇ ਰਹਿ ਗਏ ਉਨ੍ਹਾਂ ਦੇ ਪੱਲੇ ਨਸ਼ੇ ਪਾ ਦਿੱਤੇ ਗਏ। ਕਿਸੇ ਸੂਬੇ ਵਿਚ ਨਸ਼ਿਆਂ ਦੀ ਵਿਕਰੀ ਸਿਆਸੀ ਸ਼ਹਿ ਤੋਂ ਬਗੈਰ ਨਹੀਂ ਹੁੰਦੀ।
ਲੀਡਰਾਂ ਦੇ ਰਾਤੋ-ਰਾਤ ਅਮੀਰ ਬਣਨ ਦੇ ਸੁਪਨਿਆਂ ਨੇ ਬੇਈਮਾਨੀ ਅਤੇ ਰਿਸ਼ਵਤਖੋਰੀ ਨੂੰ ਜਨਮ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸੇ ਸਮੇਂ ਧਾਰਮਿਕ ਸਥਾਨਾਂ ਅਤੇ ਧਾਰਮਿਕ ਆਗੂਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਪਰ ਉਸੇ ਤੇਜ਼ੀ ਨਾਲ ਲੋਕ ਗੁਰੂ ਨਾਨਕ ਜੀ ਵੱਲੋਂ ਬਖ਼ਸ਼ਿਸ਼ ਅਸੂਲਾਂ- ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੋਂ ਦੂਰ ਹੋਏ ਹਨ। ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਬੱਚਿਆਂ ਦੀ ਵਿਦਿਆ ਵੱਲ ਧਿਆਨ ਨਹੀਂ ਦਿੱਤਾ ਸਗੋਂ ਸਰਕਾਰੀ ਸਕੂਲਾਂ ਅਤੇ ਸਨਅਤੀ ਸਿਖਲਾਈ ਕੇਂਦਰਾਂ ਦੀ ਹਾਲਤ ਮਾੜੀ ਹੋਈ। ਚਾਹੀਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਡੇ ਅਫਸਰ ਬਣਨ, ਸਰਕਾਰੀ ਨੌਕਰੀਆਂ ਦੇ ਮੁਕਾਬਲੇ ਲਈ ਤਿਆਰ ਕਰਦੇ, ਉਨ੍ਹਾਂ ਨੂੰ ਡਾਕਟਰ, ਇੰਜਨੀਅਰ ਬਣਾਉਣ ਵੱਲ ਧਿਆਨ ਦਿੰਦੇ ਪਰ ਇਸ ਦੇ ਉਲਟ ਵਿਦਿਆ ਵਿਉਪਾਰ ਬਣ ਗਈ ਤੇ ਡਿਗਰੀਆਂ ਦੀ ਵਿਕਰੀ ਹੋਣ ਲੱਗੀ। ਦੂਜੇ ਸੂਬਿਆਂ ਵਿਚ ਜਿੱਥੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਲਈ ਤਿਆਰੀ ਕਰਵਾਉਣ ਲਈ ਕੋਚਿੰਗ ਕੇਂਦਰ ਖੋਲ੍ਹੇ ਗਏ ਹਨ ਉੱਥੇ ਪੰਜਾਬ ਵਿਚ ਹਰੇਕ ਗਲੀ ਮੁਹੱਲੇ ‘ਚ ਆਈਲੈਟਸ (ਆਇਲਸ) ਕਰਵਾ ਕੇ ਬਾਹਰ ਭੇਜਣ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਪੰਜਾਬੀ ਆਪਣੀਆਂ ਜ਼ਮੀਨਾਂ ਵੇਚ ਬੱਚੇ ਪਰਦੇਸਾਂ ਨੂੰ ਭੇਜ ਰਹੇ ਹਨ। ਪਿੰਡਾਂ ਦੀ ਗਲੀਆਂ ਸੁੰਨੀਆਂ ਹੋ ਗਈਆਂ ਹਨ। ਪਿੱਛੇ ਕੇਵਲ ਬਜ਼ੁਰਗ ਹੀ ਰਹਿ ਗਏ ਹਨ ਜਿਨ੍ਹਾਂ ਦੀ ਦੇਖਭਾਲ ਦੂਜੇ ਸੂਬਿਆਂ ਤੋਂ ਆਏ ਕਾਮੇ ਕਰ ਰਹੇ ਹਨ। ਪੰਜਾਬੀ ਜਿੱਥੇ ਹਰੇਕ ਘਰ ਵਿਚ ਦੁੱਧ ਤੇ ਪੁੱਤ ਦਾ ਹੋਣਾ ਜ਼ਰੂਰੀ ਸਮਝਦੇ ਸਨ ਪਰ ਹੁਣ ਦੋਵੇਂ ਲੋਪ ਹੋ ਰਹੇ ਹਨ। ਪੁੱਤ ਪਰਦੇਸਾਂ ਨੂੰ ਜਾ ਰਹੇ ਹਨ ਅਤੇ ਲਵੇਰਿਆਂ ਨੂੰ ਵੇਚ ਦਿੱਤਾ ਗਿਆ ਹੈ। ਹੁਣ ਸਵੇਰੇ ਉੱਠ ਲੱਸੀ ਪੀਣ ਤੇ ਮੱਖਣ ਨਾਲ ਰੋਟੀ ਖਾਣ ਦੀ ਥਾਂ ਚਾਹ ਪ੍ਰਧਾਨ ਹੋਈ ਹੈ ਅਤੇ ਸੌਣ ਵੇਲੇ ਦੁੱਧ ਦੀ ਥਾਂ ਦਾਰੂ ਦੀ ਝਾਕ ਰੱਖੀ ਜਾਂਦੀ ਹੈ। ਕੰਪਨੀਆਂ ਨੇ ਕੂੜ ਪ੍ਰਚਾਰ ਕਰਕੇ ਸਾਨੂੰ ਦੁੱਧ, ਮੱਖਣ ਤੇ ਘਿਓ ਤੋਂ ਦੂਰ ਕਰ ਦਿੱਤਾ। ਪੰਜਾਬੀ ਜਿਹੜੇ ਸਾਰੇ ਸੰਸਾਰ ਵਿਚ ਵਧੀਆ ਕਿਸਾਨ ਅਤੇ ਜੁਆਨ ਮੰਨੇ ਜਾਂਦੇ ਸਨ ਹੁਣ ਉਹ ਜਿਸਮਾਨੀ ਤੌਰ ਉੱਤੇ ਕਮਜ਼ੋਰ ਹੋ ਕਿਰਤ ਤੋਂ ਦੂਰ ਹੋ ਰਹੇ ਹਨ। ਕੁਝ ਨੌਜਵਾਨ ਬਿਨਾ ਮਿਹਨਤ ਕੀਤਿਆਂ ਅਮੀਰ ਬਣ ਲਈ ਸਾਈਬਰ ਜੁਰਮ ਕਰਨ ਲੱਗ ਪਏ ਹਨ।

Related Articles

Latest Articles