-0.3 C
Vancouver
Saturday, January 18, 2025

ਪ੍ਰਿੰਟ ਮੀਡੀਆ ਅਤੇ ਪੰਜਾਬੀ ਭਾਸ਼ਾ

 

ਲੇਖਕ : ਪ੍ਰੋ. ਨਵਜੀਤ ਸਿੰਘ ਜੌਹਲ, ਫੋਨ: +91-981555-51478
ਮਨੁੱਖ ਭਾਵੇਂ ਹਜ਼ਾਰਾਂ ਵਰ੍ਹਿਆਂ ਤੋਂ ਕਿਸੇ ਨਾ ਕਿਸੇ ਢੰਗ ਨਾਲ ਸੰਚਾਰ ਕਰਦਾ ਰਿਹਾ ਹੈ ਪਰ ਇਹ ਸੰਚਾਰ ਵਧੇਰੇ ਅਰਥ ਭਰਪੂਰ, ਅਸਰਦਾਰ ਅਤੇ ਸਰਬਵਿਆਪੀ ਵੱਖ-ਵੱਖ ਭਾਸ਼ਾਵਾਂ ਦੇ ਸੰਗਠਿਤ ਰੂਪ ਵਿਚ ਸਾਹਮਣੇ ਆਉਣ ਤੋਂ ਬਾਅਦ ਹੀ ਹੋਇਆ ਹੈ। ਭਾਸ਼ਾਵਾਂ ਦੇ ਲਿਖਤੀ ਰੂਪ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਸਮੇਂ ਸਿਰਜੀਆਂ ਗਈਆਂ ਲਿਖਤਾਂ ਦਾ ਘੇਰਾ ਗਿਣੇ ਚੁਣੇ ਪਾਠਕਾਂ ਤੱਕ ਸੀਮਤ ਰਹਿੰਦਾ ਸੀ। ਆਖ਼ਰ ਕੋਈ ਲੇਖਕ ਲਿਖ-ਲਿਖ ਕੇ ਕਿੰਨੇ ਕੁ ਖਰੜੇ ਤਿਆਰ ਕਰ ਸਕਦਾ ਸੀ? ਭਾਸ਼ਾਵਾਂ ਦਾ ਅਸਲ ਵਿਕਾਸ ਅਤੇ ਪ੍ਰਸਾਰ ਛਾਪੇਖਾਨੇ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੀ ਹੋਇਆ। ਛਾਪੇਖਾਨੇ ਨੂੰ ਸੰਚਾਰ ਦੇ ਖੇਤਰ ਵਿਚ ਸਭ ਤੋਂ ਪਹਿਲਾ ਗੁਣਕ (ਮਲਟੀਪਲਾਇਰ) ਮੰਨਿਆ ਗਿਆ ਹੈ। ਪਹਿਲਾਂ ਹਜ਼ਾਰਾਂ ਸਾਲ ਆਵਾਜ਼ਾਂ ਅਤੇ ਇਸ਼ਾਰਿਆਂ ਨਾਲ ਮੌਖਿਕ ਅਤੇ ਗ਼ੈਰ-ਮੌਖਿਕ ਸੰਚਾਰ ਕਰ ਕੇ ਮਨੁੱਖ ਨੇ ਆਪਣੀਆਂ ਸੰਚਾਰ ਸਮਰੱਥਾਵਾਂ ਵਿਚ ਅਹਿਮ ਵਾਧਾ ਕਰ ਲਿਆ ਸੀ ਪਰ ਪਹਿਲਾਂ ਲਿਖਣ ਅਤੇ ਫਿਰ ਛਾਪਣ/ਛਪਣ ਦੀ ਪ੍ਰਕਿਰਿਆ ਨੇ ਮਨੁੱਖ ਨੂੰ ਸਿਰਫ਼ ਆਪਣੀ ਯਾਦਦਾਸ਼ਤ ਉਪਰ ਨਿਰਭਰਤਾ ਤੋਂ ਸੁਰਖ਼ਰੂ ਕੀਤਾ। ਉਹ ਸੰਚਾਰ ਜੋ ਪਹਿਲਾਂ ਬੜੇ ਛੋਟੇ ਭੂਗੋਲਿਕ ਅਤੇ ਸਮਾਜਿਕ ਤਾਣੇ ਬਾਣੇ ‘ਚ ਹੁੰਦਾ ਸੀ, ਹੌਲੀਹੌਲੀ ਵੱਡੇ ਪੱਧਰ ‘ਤੇ ਹੋਣ ਲੱਗਿਆ। ਮਨੁੱਖੀ ਸੰਚਾਰ ਦੇ ਇਤਿਹਾਸ ਦੇ ਮੁਕਾਬਲੇ ਸੰਗਠਿਤ ਜਨ-ਸੰਚਾਰ ਦਾ ਇਤਿਹਾਸ ਬਹੁਤ ਛੋਟਾ ਹੈ। ਸੰਚਾਰ ਤੇ ਜਨਸੰਚਾਰ ਬਾਰੇ ਕਈ ਕਿਤਾਬਾਂ ਦੇ ਲੇਖਕ ਵਿਲਬਰ ਸ਼ਰੰਮ ਦਾ ਕਹਿਣਾ ਹੈ ਕਿ ਜੇ ਮਨੁੱਖ ਦੇ ਇਤਿਹਾਸ ਨੂੰ ਇੱਕ ਦਿਨ (24 ਘੰਟੇ) ਮੰਨ ਲਿਆ ਜਾਵੇ ਤਾਂ ਜਨ-ਸੰਚਾਰ ਦਾ ਆਰੰਭ ਅੱਧੀ ਰਾਤ ਤੋਂ ਸਿਰਫ਼ 7 ਸਕਿੰਟ ਪਹਿਲਾਂ ਹੋਇਆ। ਪ੍ਰਸਿੱਧ ਸੰਚਾਰ ਮਾਹਿਰ ਅਤੇ ਚਿੰਤਕ ਮਾਰਸ਼ਲ ਮੈਕਲੁਹਾਨ ਦਾ ਤਰਕ ਸੀ ਕਿ ਜਨ-ਸੰਚਾਰ ਵੱਖ-ਵੱਖ ਮਨੁੱਖੀ ਇੰਦਰੀਆਂ ਦਾ ਹੀ ਵਿਸਥਾਰ ਹੈ; ਮਿਸਾਲ ਵਜੋਂ ਰੇਡੀਓ ਮਨੁੱਖੀ ਜੀਭ ਤੇ ਕੰਨ ਦਾ, ਟੈਲੀਵਿਜ਼ਨ ਅੱਖਾਂ ਦਾ। ਉਸ ਦਾ ਇਹ ਮੰਨਣਾ ਸੀ ਕਿ ਮਨੁੱਖ ਦੇ ਆਧੁਨਿਕ ਚੇਤਨਾ ਬੋਧ ਦਾ ਆਰੰਭ ਭਾਵੇਂ ਹੱਥ ਲਿਖਤਾਂ ਨਾਲ ਹੋਇਆ ਸੀ ਪਰ ਇਸ ਦਾ ਦਾਇਰਾ ਬਹੁਤ ਸੀਮਤ ਸੀ। ਟੈਲੀਵਿਜ਼ਨ ਜਿਹੇ ਮਾਧਿਅਮ ਰਾਹੀਂ ਹੋ ਰਹੀ ਸੰਚਾਰ ਦੀ ਪ੍ਰਕਿਰਿਆ ਸਿੱਧੀ ਅੱਖਾਂ ਤੋਂ ਦਿਲ ਵੱਲ ਹੁੰਦੀ ਹੈ ਜਿੱਥੇ ਪ੍ਰਿੰਟ ਮੀਡੀਆ ਰਾਹੀਂ ਹੋ ਰਿਹਾ ਸੰਚਾਰ ਅੱਖਾਂ ਤੋਂ ਲੰਘ ਕੇ ਦਿਮਾਗ ਵੱਲ ਜਾਂਦਾ ਹੈ। ਲਿਖਤੀ ਭਾਸ਼ਾ ਲਗਭਗ 6000 ਸਾਲ ਪੁਰਾਣੀ ਹੈ; ਬੋਲੀ ਜਾਂਦੀ ਭਾਸ਼ਾ 40000 ਸਾਲ ਤੋਂ ਵੀ ਵੱਧ। ਮੌਖਿਕ ਸੰਚਾਰ ਦੌਰਾਨ ਜੋ ਧੁਨੀਆਂ ਵਿਕਸਤ ਹੋਈਆਂ, ਉਨ੍ਹਾਂ ਨੇ ਲਿਖਤੀ ਭਾਸ਼ਾ ਦੇ ਵਿਕਾਸ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ। ਪਹਿਲਾਂ ਸਾਧਾਰਨ ਕੰਧ ਚਿੱਤਰਾਂ ਅਤੇ ਫਿਰ ਚਿੰਨ੍ਹਾਤਮਕ ਕੰਧ ਚਿੱਤਰਾਂ ਨੇ ਹੀ ਫੋਨੋਗਰਾਫੀ (ਉਹ ਚਿੱਤਰ ਜਿਹੜੇ ਧੁਨੀ ਤੋਂ ਪ੍ਰੇਰਿਤ ਹੁੰਦੇ ਸਨ) ਨੇ ਸ਼ਬਦਾਂ ਦੀ ਉਤਪਤੀ ਅਤੇ ਬਣਤਰ ਵਿਚ ਵੱਡਾ ਰੋਲ ਅਦਾ ਕੀਤਾ। ਪ੍ਰਿੰਟਿੰਗ ਪ੍ਰੈੱਸ ਨੂੰ ਈਜਾਦ ਕਰਨ ਦਾ ਸਿਹਰਾ ਜੋਹਾਨੇਸ ਗੁਟਨਬਰਗ ਨੂੰ ਜਾਂਦਾ ਹੈ ਜਿਸ ਨੇ ਪੰਦਰ੍ਹਵੀਂ ਸਦੀ ਦੇ ਅੱਧ ਵਿਚਕਾਰ ਇਹ ਪ੍ਰੈੱਸ ਬਣਾਈ ਅਤੇ ਫਿਰ 1455 ਵਿਚ ਬਾਈਬਲ ਦੀਆਂ ਸੌ ਤੋਂ ਵੱਧ ਕਾਪੀਆਂ ਛਾਪੀਆਂ। ਵੱਖ-ਵੱਖ ਕਾਰਨਾਂ ਕਰ ਕੇ ਪੰਜਾਬ ਵਿਚ ਛਪਾਈ ਦਾ ਕੰਮ ਬਹੁਤ ਦੇਰ ਨਾਲ ਸ਼ੁਰੂ ਹੋਇਆ। ਉਨੀਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਬੇਸ਼ੱਕ ਇਸਾਈ ਮਿਸ਼ਨਰੀਆਂ ਨੇ ਲੁਧਿਆਣੇ ਵਿਚ ਛਾਪਾਖਾਨਾ ਲਾ ਲਿਆ ਸੀ ਪਰ ਛਪਾਈ ਬਾਰੇ ਜਾਣਕਾਰੀ ਤੇ ਚੇਤਨਾ ਦੀ ਘਾਟ, ਗੁਰਮੁਖੀ ਲਿੱਪੀ ਦਾ ਮਿਆਰੀਕਰਨ ਨਾ ਹੋਣ ਕਰ ਕੇ ਅਤੇ ਅੰਗਰੇਜ਼ਾਂ ਦਾ ਰਾਜ ਆ ਜਾਣ ਕਾਰਨ ਪੰਜਾਬੀ ਵਿਚ ਪ੍ਰਿੰਟ ਮੀਡੀਆ ਦਾ ਵਿਕਾਸ ਬਹੁਤ ਪੱਛੜ ਗਿਆ। ਪਹਿਲਾਂ ਉਨੀਵੀਂ ਸਦੀ ਦੇ ਅਖ਼ੀਰਲੇ ਅਤੇ ਵੀਹਵੀਂ ਸਦੀ ਦੇ ਪਹਿਲੇ ਕੁਝ ਦਹਾਕਿਆਂ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਹਿੱਤ ਬਹੁਤ ਸਾਰੇ ਪਰਚੇ ਜਾਰੀ ਹੋਏ ਅਤੇ ਫਿਰ ਅਨੇਕ ਸਾਹਿਤਕ ਪੱਤਰਾਂ ਨੇ ਪੰਜਾਬੀ ਸਾਹਿਤ ਦੇ ਸੰਚਾਰ ਵਿਚ ਅਹਿਮ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ। ਬਾਕੀ ਜਨ-ਸੰਚਾਰ ਸਾਧਨਾਂ ਦੇ ਮੁਕਾਬਲੇ ਪ੍ਰਿੰਟ ਮੀਡੀਆ ਸਭ ਤੋਂ ਪੁਰਾਣਾ ਹੀ ਨਹੀਂ, ਸਭ ਤੋਂ ਪ੍ਰੌੜ, ਹੰਢਣਸਾਰ, ਸੰਭਾਲਣਯੋਗ ਅਤੇ ਭਰੋਸੇਮੰਦ ਮਾਧਿਅਮ ਹੈ। ਇਹ ਅਹਿਮ ਮਾਧਿਅਮ ਹੈ ਜਿਹੜਾ ਸੰਚਾਰ ਪ੍ਰਕਿਰਿਆ ਦਾ ਕੰਟਰੋਲ ਪਾਠਕ ਦੇ ਹੱਥ ਵਿਚ ਦੇ ਕੇ ਆਪ ਸੁਤੰਤਰ ਹੋ ਜਾਂਦਾ ਹੈ। ਮਨੁੱਖ ਨੂੰ ਸੋਚ ਵਿਚ ਨਾ ਪਾ ਕੇ ਚਕਾਚੌਂਧ ਕਰਨ ਵਾਲੇ ਚੈਨਲ ਜਾਂ ਮਾਧਿਅਮ ‘ਮੈਸੇਜ’ ਦੀ ਆਜ਼ਾਦਾਨਾ ਹੋਂਦ ਹੀ ਖ਼ਤਮ ਕਰ ਦਿੰਦੇ ਹਨ ਜਾਂ ਉਸ ਨੂੰ ਆਪਣੇ ਆਪ ‘ਚ ਹੀ ਇਸ ਕਦਰ ਜਜ਼ਬ ਕਰ ਲੈਂਦੇ ਹਨ ਕਿ ਉਸ ਦੀ ਕੋਈ ਆਜ਼ਾਦਾਨਾ ਹਸਤੀ ਹੀ ਨਹੀਂ ਰਹਿੰਦੀ। ਇਸੇ ਲਈ ਮੈਕਲੁਹਾਨ ਨੇ ਮੀਡੀਅਮ ਇਜ਼ ਦਿ ਮੈਸੇਜ’ ਲਿਖ ਕੇ ਸੰਚਾਰ ਖੇਤਰ ‘ਚ ਵੱਡੀ ਬਹਿਸ ਨੂੰ ਜਨਮ ਦਿੱਤਾ ਸੀ ਪਰ ਲਿਖਿਆ ਅਤੇ ਛਪਿਆ ਹੋਇਆ ਸ਼ਬਦ ਕਿਸੇ ਧੁਨੀ, ਸੰਗੀਤ, ਦ੍ਰਿਸ਼ ਆਦਿ ਤੋਂ ਆਜ਼ਾਦ ਰਹਿ ਕੇ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਲਿਖਤੀ ਸ਼ਬਦ ਪੜ੍ਹ ਰਿਹਾ ਪਾਠਕ ਖ਼ੁਦ ਆਪਣਾ ਦ੍ਰਿਸ਼ਟਾਂਤ ਅਤੇ ਬਿਰਤਾਂਤ ਸਿਰਜਦਾ ਹੈ। ਸੰਚਾਰ ਮਾਹਿਰਾਂ ਦਾ ਵਿਚਾਰ ਹੈ ਕਿ ਛਪਿਆ ਹੋਇਆ ਸ਼ਬਦ ਕਿਸੇ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਖੋਜ ਨੇ ਸਿੱਧ ਕੀਤਾ ਹੈ ਕਿ ਛਪਿਆ ਹੋਇਆ ਸ਼ਬਦ ਮਨੁੱਖੀ ਦਿਮਾਗ ਦੇ ਖੱਬੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਜੋ ਵਧੇਰੇ ਤਾਰਕਿਕ (ਲੌਜੀਕਲ), ਵਿਚਾਰਸ਼ੀਲ (ਰੈਸ਼ਨਲ) ਅਤੇ ਭਾਸ਼ਾ ਮੂਲਕ (ਲੈਂਗੂਏਜ ਓਰੀਐਂਟਡ) ਹੁੰਦਾ ਹੈ; ਟੈਲੀਵਿਜ਼ਨ ਜਿਹਾ ਮਾਧਿਅਮ ਮਨੁੱਖੀ ਦਿਮਾਗ ਦੇ ਸੱਜੇ ਹਿੱਸੇ ਵਿਚ ਹਲਚਲ ਪੈਦਾ ਕਰਦਾ ਅਤੇ ਇਸ ਨੂੰ ਹਲੂਣਦਾ ਹੈ ਜਿਹੜਾ ਵਧੇਰੇ ਅੰਤਰ-ਦਰਸ਼ੀ (ਇੰਟਿਊਟਿਵ), ਤਰਕ ਵਿਹੂਣਾ ਅਤੇ ਤਸਵੀਰ ਮੂਲਕ ਹੁੰਦਾ ਹੈ। ਇਉਂ ਪ੍ਰਿੰਟ ਮੀਡੀਆ ਗੰਭੀਰ ਸੂਚਨਾਵਾਂ ਅਤੇ ਗਿਆਨ ਨਾਲ ਜੁੜੀਆਂ ਲੋੜਾਂ ਪੂਰੀਆਂ ਕਰਦਾ ਹੈ। ਇਹ ਸਾਨੂੰ ਯਕਦਮ ਨੱਚਣ ਨਹੀਂ ਸਗੋਂ ਸੋਚਣ ਲਾਉਂਦਾ ਹੈ। ਇਹ ਮਨੁੱਖ ਨੂੰ ਭਾਵੁਕ ਅਤੇ ਤੱਤ ਭੜੱਤੇ ਫ਼ੈਸਲੇ ਕਰਨ ਲਈ ਨਹੀਂ ਉਕਸਾਉਂਦਾ ਸਗੋਂ ਤਰਕ ਦੇ ਲੜ ਲਾਉਂਦਾ ਹੈ। ਇਹ ਟੈਲੀਵਿਜ਼ਨ ਜਾਂ ਮੋਬਾਈਲ ਫੋਨ ਵਾਂਗ ਮਨੁੱਖ ਨੂੰ ਇਹ ਹੁਕਮ ਨਹੀਂ ਦਿੰਦਾ ਕਿ ”ਇੱਥੇ ਬੈਠ ਤੇ ਮੈਨੂੰ ਦੇਖ।” ਪ੍ਰਿੰਟ ਮੀਡੀਆ ਸਵੇਰ ਦਾ ਮਾਧਿਅਮ ਹੈ; ਜਦੋਂ ਮਨੁੱਖੀ ਅੱਖਾਂ, ਮਨ ਅਤੇ ਦਿਮਾਗ ਤਰੋ-ਤਾਜ਼ਾ ਹੁੰਦੇ ਹਨ। ਜਦੋਂ ਮਨੁੱਖ ਇਹ ਜਾਣਨਾ ਚਾਹੁੰਦਾ ਹੈ ਕਿ ਕੱਲ੍ਹ ਕੀ-ਕੀ ਵਾਪਰਿਆ ਅਤੇ ਇਹ ਆਉਣ ਵਾਲੇ ਕੱਲ੍ਹ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਅਜਿਹੇ ਸਮੇਂ ਪ੍ਰਿੰਟ ਮੀਡੀਆ, ਵਿਸ਼ੇਸ਼ ਕਰ ਕੇ ਅਖ਼ਬਾਰ ਖ਼ਬਰ ਪੰਨਿਆਂ ਰਾਹੀਂ, ਹਰ ਤਰ੍ਹਾਂ ਦੀਆਂ ਖ਼ਬਰਾਂ ਤੇ ਸੰਪਾਦਕੀ ਰਾਹੀਂ ਕੱਲ੍ਹ ਦੀਆਂ ਮੁੱਖ ਖ਼ਬਰਾਂ ‘ਤੇ ਟਿੱਪਣੀ, ਮੁੱਖ ਲੇਖ ਅਤੇ ਹੋਰ ਲੇਖਾਂ ਰਾਹੀਂ ਮਹੱਤਵਪੂਰਨ ਮੁੱਦਿਆਂ ਉਤੇ ਡੂੰਘੀ ਵਿਚਾਰ ਚਰਚਾ ਅਤੇ ਕਿਸੇ ਫੀਚਰ ਜਾਂ ਮਿਡਲ ਰਾਹੀਂ ਹਲਕੇ ਫੁਲਕੇ ਢੰਗ ਨਾਲ ਪਾਠਕ ਦਾ ਸਭਿਆਚਾਰਕ ਮਨੋਰੰਜਨ ਕਰਨ ਦੇ ਨਾਲ-ਨਾਲ ਕੋਈ ਸੁਚਾਰੂ ਅਤੇ ਉਸਾਰੂ ਸੰਦੇਸ਼ ਵੀ ਦਿੰਦਾ ਹੈ। ਇਹ ਸਭ ਕਰਦਿਆਂ ਪ੍ਰਿੰਟ ਮੀਡੀਆ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਸੂਚਨਾਵਾਂ ਤੁਹਾਡੇ ਕੋਲ ਬਿਨਾਂ ਕਿਸੇ ਦੇਰੀ ਤੋਂ ਪਹੁੰਚਣ ਅਤੇ ਇਸ ਵਿਚ ਕਿਸੇ ਕਿਸਮ ਦਾ ਪੱਖਪਾਤ ਨਾ ਹੋਵੇ। ਭਾਸ਼ਾਈ ਅਖ਼ਬਾਰਾਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਇਹ ਸੂਚਨਾ ਦੀ ਪੇਸ਼ਕਾਰੀ ਸਮੇਂ ਕਿਸੇ ਖ਼ਬਰ ਜਾਂ ਵਿਚਾਰ ਦੀ ਤੱਤਪਰਤਾ ਅਤੇ ਤੀਬਰਤਾ ਦਾ ਧਿਆਨ ਰੱਖਣ ਦੇ ਨਾਲ-ਨਾਲ ਪਾਠਕ ਨੂੰ ਵਿਸ਼ਵ ਨਾਲ ਵੀ ਜੋੜਨ ਪਰ ਸਥਾਨਕ ਖ਼ਬਰਾਂ ਅਤੇ ਸੂਚਨਾਵਾਂ ਤੇ ਮਸਲਿਆਂ ਦੀ ਕੀਮਤ ‘ਤੇ ਨਹੀਂ। ਇਹ ਇਸ ਗੱਲ ਦਾ ਧਿਆਨ ਵੀ ਰੱਖਣ ਕਿ ਕਿਹੜੀ ਛਪਣ ਸਮੱਗਰੀ ਸਮਾਜ ਲਈ ਲਾਭਕਾਰੀ ਹੋ ਸਕਦੀ ਹੈ ਅਤੇ ਕਿਹੜੀ ਹਾਨੀਕਾਰਕ। ਸੂਚਨਾ ਦੇ ਸੱਚ, ਬਾਹਰਮੁਖਤਾ ਅਤੇ ਨਿਰਲੇਪਤਾ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਾ ਕਰਨ। ਮਨੁੱਖ ਦੀ ਜਿਗਿਆਸਾ ਨੂੰ ਤ੍ਰਿਪਤ ਕਰਨ, ਕਿਸੇ ਵੀ ਤਰ੍ਹਾਂ ਦੇ ਦਵੰਦ ਅਤੇ ਪੱਖਪਾਤ ਤੋਂ ਪਰ੍ਹੇ ਰਹਿਣ ਅਤੇ ਪੇਸ਼ਕਾਰੀ ਵਿਚ ਆਪਣੇ ਸਮਾਜ ਦੀਆਂ ਸੱਭਿਆਚਾਰਕ ਕਦਰਾਂਕੀਮਤਾਂ ਦਾ ਵੀ ਧਿਆਨ ਰੱਖਣ। ਜਿੱਥੇ ਬਹੁਤ ਸਾਰੇ ਮਾਧਿਅਮ ਪਾਣੀ ‘ਤੇ ਲੀਕ ਵਰਗੇ ਹਨ, ਉਥੇ ਪ੍ਰਿੰਟ ਮੀਡੀਅਮ ਪੱਥਰ ‘ਤੇ ਲੀਕ ਵਾਂਗ ਹੈ ਅਤੇ ਇਸ ਵਿਚਲੀ ਸਮੱਗਰੀ ਕਿਸੇ ਡੂੰਘੀ ਪੁਣ-ਛਾਣ, ਕਾਂਟ-ਛਾਂਟ, ਸੋਚ-ਵਿਚਾਰ ਮਗਰੋਂ ਹੀ ਪਾਠਕ ਤੱਕ ਪਹੁੰਚਦੀ ਹੈ। ਇਸ ਵਿਚਲੀ ਵੰਨਗੀ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਪਾਠਕ ਲਈ ਕੁਝ ਨਾ ਕੁਝ ਹੋਵੇ ਅਤੇ ਬਹੁਗਿਣਤੀ ਪਾਠਕਾਂ ਲਈ ਬਹੁਤ ਕੁਝ ਹੋਏ। ਪਾਠਕ ਜਦੋਂ ਲਗਾਤਾਰ ਪੜ੍ਹਦਾ ਹੈ ਤਾਂ ਉਸ ਦਾ ਦਿਮਾਗ ਉਸ ਸੂਚਨਾ ਦੇ ਨੁਕਤਿਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਦਿੱਤੀ ਗਈ ਹੁੰਦੀ ਹੈ ਜਾਂ ਜੋ ਨੁਕਤੇ ਉਠਾਏ ਗਏ ਹੁੰਦੇ ਹਨ। ਸੁਭਾਵਿਕ ਤੌਰ ‘ਤੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਜੋ ਪਾਠਕ ਸਭ ਤੋਂ ਪਹਿਲਾਂ ਪੜ੍ਹਨਾ ਚਾਹੁੰਦਾ ਹੈ, ਉਹ ਉਸ ਨੂੰ ਪਹਿਲਾਂ ਹੀ ਮਿਲੇ। ਸਰਲਤਾ, ਸਾਦਗੀ, ਸੰਜਮ, ਸੰਖੇਪਤਾ, ਰਵਾਨੀ, ਲਗਾਤਾਰਤਾ, ਇਕਸਾਰਤਾ, ਮਿਆਰੀਕਰਨ ਆਦਿ ਪ੍ਰਿੰਟ ਮੀਡੀਆ ਦੇ ਮੁੱਢਲੇ ਗੁਣ ਹਨ ਅਤੇ ਮੋਟੇ ਤੌਰ ‘ਤੇ ਪੰਜਾਬੀ ਪੱਤਰਕਾਰੀ ਵਿਚ ਇਹ ਸਾਰੇ ਗੁਣ ਪਾਏ ਜਾਂਦੇ ਹਨ। ਨਿਰਸੰਦੇਹ, ਕਦੇ-ਕਦਾਈਂ ਕੋਈ ਅਖ਼ਬਾਰ, ਖ਼ਬਰ ਜਾਂ ਲੇਖ ਇਨ੍ਹਾਂ ਗੁਣਾਂ ਤੋਂ ਊਣੇ ਅਤੇ ਸੱਖਣੇ ਵੀ ਲੱਗਦੇ ਹਨ। ਪੱਤਰਕਾਰੀ ਦੇ ਮੁੱਢਲੇ ਦੌਰ ਵਿਚ ਕਿਉਂਕਿ ਧਾਰਮਿਕ, ਸਾਹਿਤਕ, ਸਮਾਜਿਕ ਅਤੇ ਰਾਜਨੀਤਕ ਪਰਚਿਆਂ ਨੇ ਮਿਆਰੀ ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ, ਇਸ ਲਈ ਸੁੱਤੇ ਸਿੱਧ ਇਨ੍ਹਾਂ ਦਾ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਵਿਕਾਸ ਵਿਚ ਅਹਿਮ ਰੋਲ ਰਿਹਾ ਹੈ। ਪੰਜਾਬੀ ਪੱਤਰਕਾਰੀ ਦਾ ਵਿਸ਼ੇਸ਼ ਗੁਣ ਇਹ ਵੀ ਰਿਹਾ ਹੈ ਕਿ ਸਾਹਿਤ ਹਮੇਸ਼ਾ ਇਸ ਦਾ ਅਨਿੱਖੜ ਅੰਗ ਰਿਹਾ ਹੈ। ਪਹਿਲੇ ਦੌਰ ਵਿਚ ਬਹੁਤ ਸਾਰੇ ਪੰਜਾਬੀ ਲੇਖਕ ਪਰਚਿਆਂ ਦੇ ਸੰਪਾਦਕ ਰਹੇ ਤੇ ਪਿਛਲੇ ਦੌਰ ਵਿਚ ਉਹ ਰੋਜ਼ਾਨਾ ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਰਹੇ। ਦੋਹਾਂ ਹੀ ਦੌਰਾਂ ਵਿਚ ਉਨ੍ਹਾਂ ਨੇ ਪੰਜਾਬੀ ਸਾਹਿਤਕ ਪੱਤਰਕਾਰੀ ਨੂੰ ਵਿਸ਼ੇਸ਼ ਅਤੇ ਅਹਿਮ ਥਾਂ ਦਿੱਤੀ। ਪੰਜਾਬੀ ਸਾਹਿਤ ਤੇ ਪੱਤਰਕਾਰੀ ਵਿਚਲੀ ਕਲਮ, ਕਾਗਜ਼ ਅਤੇ ਸਿਆਹੀ ਦੀ ਸਾਂਝ ਨੇ ਦੋਹਾਂ ਨੂੰ ਇੱਕ ਦੂਜੇ ਦੇ ਸਮਾਨਾਂਤਰ ਹੀ ਨਹੀਂ ਤੋਰਿਆ ਸਗੋਂ ਪੂਰਕ ਵੀ ਬਣਾਇਆ। ਪੰਜਾਬੀ ਕਹਾਣੀਕਾਰ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਰਹੇ ਗੁਰਬਚਨ ਸਿੰਘ ਭੁੱਲਰ ਦਾ ਸੰਖੇਪ ਕਥਨ ਬਹੁਤ ਭਾਵਪੂਰਤ ਹੈ: ”ਸਾਹਿਤ ਅਤੇ ਪੱਤਰਕਾਰੀ ਦੇ ਸ਼ਾਸਤਰ ਦਾ ਸ਼ਸਤਰ ਕਲਮ ਹੈ।” ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀ ਸਾਂਝ ਵਿਚੋਂ ਸਾਹਿਤ ਨੇ ਵੀ ਬਹੁਤ ਕੁਝ ਹਾਸਿਲ ਕੀਤਾ ਹੈ ਤੇ ਪੱਤਰਕਾਰੀ ਨੇ ਵੀ। ਲੰਮੇ ਅਰਸੇ ਤੱਕ ਪੱਤਰਕਾਰੀ ਹੀ ਸਾਹਿਤ ਨੂੰ ਆਮ ਪਾਠਕਾਂ ਤੱਕ ਪਹੁੰਚਾਉਣ ਦਾ ਜ਼ਰੀਆ ਰਹੀ ਅਤੇ ਇਸ ਦੇ ਇਵਜ਼ ਵਿਚ ਸਾਹਿਤ ਤੋਂ ਸੁਹਜ, ਸਹਿਜ ਤੇ ਸੰਜੀਵਤਾ ਅਤੇ ਸੰਵੇਦਨਸ਼ੀਲਤਾ ਦੇ ਗੁਣ ਗ੍ਰਹਿਣ ਕਰਦੀ ਰਹੀ। ਪੰਜਾਬੀ ਅਖ਼ਬਾਰਾਂ ਦੀ ਬਾਕੀ ਸਮੱਗਰੀ ਦੇ ਨਾਲ-ਨਾਲ ਬਹੁਤ ਵਾਰ ਖ਼ਬਰਾਂ ਦੀਆਂ ਸੁਰਖ਼ੀਆਂ ਤੋਂ ਵੀ ਸਾਹਿਤਕ ਸੂਝ, ਸਹਿਜਤਾ ਅਤੇ ਸੁਹਜ ਦੀ ਝਲਕ ਮਿਲਦੀ ਹੈ। ਅੰਗਰੇਜ਼ੀ ਅਤੇ ਕੁਝ ਹੋਰ ਭਾਸ਼ਾਵਾਂ ਦੇ ਅਖ਼ਬਾਰ ਸਾਹਿਤਕ ਰਚਨਾਵਾਂ ਨਹੀਂ ਛਾਪਦੇ ਪਰ ਸਾਹਿਤਕ ਰਚਨਾਵਾਂ ਸਿਰਫ਼ ਮੈਗਜ਼ੀਨਾਂ ਹੀ ਨਹੀਂ ਸਗੋਂ ਪੰਜਾਬੀ ਅਖ਼ਬਾਰਾਂ ਦੇ ਐਤਵਾਰੀ ਅੰਕਾਂ ਦਾ ਅਨਿੱਖੜ ਅੰਗ ਰਹੀਆਂ ਹਨ। ਕਹਾਣੀ ਪਰਚਿਆਂ ਰਾਹੀਂ ਹੀ ਪ੍ਰਵਾਨ ਚੜ੍ਹੀ। ਨਾਵਲਾਂ ਨੂੰ ਕਿਸ਼ਤਾਂ ‘ਚ ਛਾਪਣ ਦੀ ਰਵਾਇਤ ਵੀ ਰਹੀ ਹੈ। ਮਿੰਨੀ ਕਹਾਣੀਆਂ ਹਮੇਸ਼ਾ ਅਖ਼ਬਾਰਾਂ ਦੇ ਪੰਨਿਆਂ ਦਾ ਅੰਗ ਰਹੀਆਂ ਹਨ ਤੇ ਅੱਜ ਵੀ ਹਨ। ਨਾਵਲਿਟ ਜਿਹੀ ਨਵੀਂ ਵਿਧਾ ਪ੍ਰਚੱਲਤ ਕਰਨ ਦਾ ਸਿਹਰਾ ਵੀ ਪੰਜਾਬੀ ਪੱਤਰਕਾਰੀ ਸਿਰ ਹੀ ਬੱਝਦਾ ਹੈ। ਮਿਡਲ ਅਜਿਹੀ ਵਿਧਾ ਹੈ ਜਿਸ ਵਿਚ ਕਹਾਣੀ, ਲੇਖ, ਫੀਚਰ ਆਦਿ ਦੇ ਕਈ ਗੁਣ ਹਨ। ‘ਪੰਜਾਬੀ ਟ੍ਰਿਬਿਊਨ’ ਵਿਚ ਲਗਾਤਾਰ ਛਪਦੇ ਇਨ੍ਹਾਂ ਫੀਚਰ ਲੇਖਾਂ ‘ਤੇ ਝਾਤ ਦਰਸਾਉਂਦੀ ਹੈ ਕਿ ਇਹ ਜ਼ਿਆਦਾਤਰ ਆਮ ਪਾਠਕਾਂ ਵੱਲੋਂ ਲਿਖੇ ਜਾਂਦੇ ਹਨ, ਸਥਾਪਤ ਲੇਖਕਾਂ ਵੱਲੋਂ ਨਹੀਂ। ਇਹ ਅਜਿਹੀ ਵਿਧਾ ਹੈ ਜਿਸ ਨੂੰ ਪੜ੍ਹ ਕੇ ਹਰ ਕਿਸੇ ਨੂੰ ਲਗਦਾ ਹੈ ਕਿ ”ਅਜਿਹਾ ਤਾਂ ਮੇਰੇ ਨਾਲ ਵੀ ਵਾਪਰਿਆ ਸੀ; ਇਹ ਤਾਂ ਮੈਂ ਵੀ ਲਿਖ ਸਕਦਾ ਹਾਂ।” ਇਸ ਵਿਧਾ ਨੇ ਪੰਜਾਬੀ ‘ਚ ਕਈ ਪਾਠਕਾਂ ਨੂੰ ਲਿਖਣ ਦੀ ਚੇਟਕ ਲਾਈ ਹੈ। ਅਸਲ ‘ਚ ਪੰਜਾਬ ਦੇ ਵੱਖ-ਵੱਖ ਸਭਿਆਚਾਰਕ ਖਿੱਤਿਆਂ ਦੇ ਪਾਠਕਾਂ ਵੱਲੋਂ ਲਿਖੇ ਜਾਂਦੇ ਲੇਖ ਉਸ ਖਿੱਤੇ ਦੀ ਬੋਲੀ ਅਤੇ ਖਿੱਤਾ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰ ਕੇ ਸਾਡੇ ਸ਼ਬਦ ਭੰਡਾਰ ‘ਚ ਵਾਧਾ ਕਰਦੇ ਹਨ। ਇਸ ਵੰਨਗੀ ਵਿਚ ਪਾਠਕ ਨੂੰ ਬਹੁਤੀ ਵਾਰ ਉਹ ਸ਼ਬਦ ਪੜ੍ਹਨ ਨੂੰ ਮਿਲ ਜਾਂਦੇ ਹਨ ਜੋ ਬੁੱਧੀਜੀਵੀ, ਪੱਤਰਕਾਰ ਤੇ ਲੇਖਕ ਆਪਣੀਆਂ ਰਚਨਾਵਾਂ ਵਿਚ ਕਦੇ ਨਹੀਂ ਵਰਤਦੇ। ਪਿਛਲੇ ਸਮੇਂ ਦੌਰਾਨ ਪੰਜਾਬੀ ਮੀਡੀਆ ਨੇ ਪੰਜਾਬੀ ਭਾਸ਼ਾ ਹੀ ਨਹੀਂ ਸਗੋਂ ਇਸ ਦਾ ਤਕਨੀਕੀ ਮੁਹਾਂਦਰਾ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਦੇ ਪ੍ਰਿੰਟ ਮੀਡੀਆ ਦੀ ਇਹ ਲੋੜ ਵੀ ਸੀ ਅਤੇ ਉਸ ਕੋਲ ਸਰੋਤ ਵੀ ਸਨ ਜਿਨ੍ਹਾਂ ਨਾਲ ਉਹ ਨਵੀਆਂ ਤਕਨਾਲੋਜੀਆਂ ਖਰੀਦ ਤੇ ਵਰਤ ਸਕਦਾ ਸੀ। ਛਪਾਈ ਦੇ ਖੇਤਰ ਵਿਚ ਮੀਡੀਆ ਅਦਾਰੇ ਇਸ ਯੋਗ ਸਨ ਕਿ ਕੌਮਾਂਤਰੀ ਪੱਧਰ ‘ਤੇ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ, ਸਬੰਧਿਤ ਤਕਨਾਲੋਜੀ ਅਤੇ ਸਾਫਟਵੇਅਰਜ਼ ਖਰੀਦ ਸਕਦੇ ਸਨ। ਇਉਂ ਹੀ ਛਪਾਈ, ਸਜਾਵਟ, ਦਿੱਖ ਆਦਿ ਸਬੰਧੀ ਕੌਮੀ-ਕੌਮਾਂਤਰੀ ਮਾਹਿਰਾਂ ਦੀ ਮਦਦ ਲੈਣ ਦੇ ਯੋਗ ਮੀਡੀਆ ਅਦਾਰੇ ਹੀ ਸਨ ਅਤੇ ਕੁਝ ਇੱਕ ਨੇ ਅਜਿਹਾ ਕੀਤਾ ਵੀ। ਪੰਜਾਬੀ ਪੱਤਰਕਾਰੀ ਦੀ ਅੰਗਰੇਜ਼ੀ ਅਤੇ ਹਿੰਦੀ ਪੱਤਰਕਾਰੀ ਉਤੇ ਨਿਰਭਰਤਾ ਇਸ ਦੀ ਵੱਡੀ ਵਿਹਾਰਕ ਸੀਮਾ ਅਤੇ ਸਮੱਸਿਆ ਹੈ। ਕਦੇ-ਕਦੇ ਸੂਬਾਈ ਪੱਧਰ ਦੀਆਂ ਕੁਝ ਖ਼ਬਰਾਂ ਵੀ ਅੰਗਰੇਜ਼ੀ ਜਾਂ ਹਿੰਦੀ ਦੀ ਏਜੰਸੀ ਤੋਂ ਅਨੁਵਾਦ ਕਰਨੀਆਂ ਪੈਂਦੀਆਂ ਹਨ ਜਦੋਂਕਿ ਦੇਸ਼-ਦੇਸਾਂਤਰ ਦੀਆਂ ਖ਼ਬਰਾਂ ਲਈ ਇਨ੍ਹਾਂ ਏਜੰਸੀਆਂ ‘ਤੇ ਨਿਰਭਰਤਾ ਬਹੁਤ ਜ਼ਰੂਰੀ ਹੋ ਜਾਂਦੀ ਹੈ। ਇੱਕ ਅਨੁਮਾਨ ਅਨੁਸਾਰ, ਪੰਜਾਬੀ ਅਖ਼ਬਾਰਾਂ ਵਿਚ ਲਗਭਗ 50 ਫ਼ੀਸਦੀ ਖ਼ਬਰਾਂ ਅਨੁਵਾਦ ਹੋ ਕੇ ਛਪਦੀਆਂ ਹਨ ਅਤੇ ਕਈ ਸੂਰਤਾਂ ਵਿਚ ਮਿਆਰੀ ਸਮੱਗਰੀ ਲਈ ਲੇਖ ਵੀ ਅਨੁਵਾਦ ਕੀਤੇ ਜਾਂਦੇ ਹਨ। ਇਸ ਲਈ ਜਿਹੜੀ ਸਿਰਜਣਾਤਮਕ ਸ਼ਕਤੀ ਤੇ ਜ਼ੋਰ ਅਖ਼ਬਾਰ ‘ਚ ਕੰਮ ਕਰਦੇ ਸਬ-ਐਡੀਟਰ ਨੇ ਵਧੀਆ ਸੁਰਖ਼ੀ ਤੇ ਸਿਰਲੇਖ ਕੱਢਣ ਅਤੇ ਖ਼ਬਰ ਦੀ ਬਣਤਰ ਨੂੰ ਬਿਹਤਰ ਬਣਾਉਣ ‘ਤੇ ਲਾਉਣਾ ਹੁੰਦਾ ਹੈ, ਉਹ ਸਾਰੀ ਊਰਜਾ ਅਨੁਵਾਦ ‘ਤੇ ਹੀ ਖਰਚ ਹੋ ਜਾਂਦੀ ਹੈ। ਉਂਝ ਇਸ ਪ੍ਰਕਿਰਿਆ ਦੌਰਾਨ ਕਈ ਨਵੇਂ ਸ਼ਬਦ ਹੋਂਦ ਵਿਚ ਆਉਂਦੇ ਹਨ। ਘੜੀ ਦੀਆਂ ਸੂਈਆਂ ਨਾਲ ਬੱਝੀ ਹੋਈ ਪੱਤਰਕਾਰੀ ਕਰਦਿਆਂ ਕਈ ਵਾਰ ਲਗਾਤਾਰ ਚੱਲ ਰਹੀਆਂ ਸੂਈਆਂ ਦੇ ਦਬਾਅ ਹੇਠ ਕੰਮ ਕਰ ਰਿਹਾ ਪੱਤਰਕਾਰ ਸਹਿਜਤਾ ਨਾਲ ਹੀ ਕੋਈ ਨਵਾਂ ਸ਼ਬਦ ਘੜ ਅਤੇ ਵਰਤ ਲੈਂਦਾ ਹੈ। ਪੱਤਰਕਾਰ ਨੇ ਇੱਕ ਪਾਸੇ ਆਪਣੀ ਲੇਖਣੀ ਨੂੰ ਸੰਵਾਰਨਾ, ਦੂਜੇ ਪਾਸੇ ਇਸ ਨੂੰ ਸੀਮਤ ਸਮੇਂ ‘ਚ ਮੁਕੰਮਲ ਕਰਨਾ ਹੁੰਦਾ ਹੈ। ਇਉਂ ਪੰਜਾਬੀ ਅਖ਼ਬਾਰਾਂ ਦੇ ਡੈਸਕ ਸਟਾਫ ਨੇ ਇਸ ਸੀਮਾ ਨੂੰ ਸਮਰੱਥਾ ਵਿਚ ਵੀ ਬਦਲਿਆ ਹੈ। ਪੱਤਰਕਾਰੀ ਨੂੰ ਬਹੁਤੀ ਵਾਰੀ ਕਾਹਲੀ ਜਾਂ ਦਬਾਅ ਹੇਠ ਲਿਖਿਆ ਹੋਇਆ ਸਾਹਿਤ ਕਿਹਾ ਜਾਂਦਾ ਹੈ ਜੋ ਹਮੇਸ਼ਾ ਹੀ ਸੱਚ ਰਿਹਾ ਹੈ ਤੇ ਅੱਜ ਵੀ ਹੈ। ਫੀਲਡ ਅਤੇ ਡੈਸਕ, ਦੋਹੀਂ ਥਾਈਂ ਕੰਮ ਕਰਦੇ ਪੱਤਰਕਾਰਾਂ ਦਾ ਸਭ ਤੋਂ ਵੱਡਾ ਦੁਸ਼ਮਣ ਸਾਹਮਣੇ ਕੰਧ ‘ਤੇ ਲੱਗੀ ਜਾਂ ਗੁੱਟ ‘ਤੇ ਬੰਨ੍ਹੀ ਘੜੀ ਹੁੰਦੀ ਹੈ। ਇੱਕ ਪਾਸੇ ਉਸ ਨੇ ਆਪਣੀ ਲਿਖਤ ਸੰਵਾਰਨੀ ਹੁੰਦੀ ਹੈ, ਦੂਜੇ ਪਾਸੇ ਆਪਣਾ ਕੰਮ ਸੀਮਤ ਸਮੇਂ ਵਿਚ ਮੁਕੰਮਲ ਕਰਨਾ ਹੁੰਦਾ ਹੈ। ਉਸ ਕੋਲ ਕਿਸੇ ਲੇਖਕ ਵਾਂਗ ਆਪਣੀ ਲਿਖਤ ਵਾਰ-ਵਾਰ ਸੋਧਣ ਅਤੇ ਸੰਵਾਰਨ ਲਈ ਸਮੇਂ ਦੀ ਖੁੱਲ੍ਹ ਨਹੀਂ ਹੁੰਦੀ। ਬਹੁਤੀ ਵਾਰ ਉਸ ਦੀ ਲਿਖਤ ਦਾ ਪਹਿਲਾ ਰੂਪ (ਡਰਾਫਟ) ਹੀ ਆਖ਼ਰੀ ਹੁੰਦਾ ਹੈ ਪਰ ਜਦੋਂ ਕਦੇ ਉਸ ਨੂੰ ਅੰਗਰੇਜ਼ੀ ਜਾਂ ਹਿੰਦੀ ਦੇ ਸ਼ਬਦਾਂ ਦੇ ਸਮਾਨਅਰਥੀ ਸ਼ਬਦ ਲੱਭਣ ਦੀ ਕੋਸ਼ਿਸ਼ ਕਰਦਿਆਂ ਢੁਕਵੇਂ ਸ਼ਬਦ ਨਾ ਮਿਲਣ ਤਾਂ ਕਈ ਸੂਰਤਾਂ ਵਿਚ ਉਹ ਨਵੇਂ ਸ਼ਬਦ ਘੜਨ ‘ਤੇ ਵੀ ਆਪਣੀ ਊਰਜਾ ਲਗਾ ਦਿੰਦਾ ਹੈ। ‘ਅਪਰੇਸ਼ਨ ਬਲੂ ਸਟਾਰ’ ਦਾ ਅਨੁਵਾਦ ਸਾਕਾ ਨੀਲਾ ਤਾਰਾ ਕਿਸ ਨੇ ਕੀਤਾ? ‘ਬਲੂ ਸਟਾਰ’ ਦਾ ‘ਨੀਲਾ ਤਾਰਾ’ ਮਕਾਨਕੀ ਅਨੁਵਾਦ ਹੈ ਪਰ ‘ਸਾਕਾ’ ਸ਼ਬਦ ਕਿਵੇਂ ਆਇਆ? ‘ਅਪਰੇਸ਼ਨ’ ਨੂੰ ਤਾਂ ਅਪਰੇਸ਼ਨ ਹੀ ਹੀ ਲਿਖ ਦਿੱਤਾ ਜਾਂਦਾ ਹੈ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਰਹੇ ਸੁਰਿੰਦਰ ਸਿੰਘ ਤੇਜ ਨੇ ਆਪਣੀਆਂ ਲਿਖਤਾਂ ਵਿਚ ਅਜਿਹੇ ਸ਼ਬਦਾਂ ਦਾ ਜ਼ਿਕਰ ਕੀਤਾ ਹੈ ਜੋ ਸੰਪਾਦਨ ਪ੍ਰਕਿਰਿਆ ਦੌਰਾਨ ਘੜੇ ਅਤੇ ਵਰਤੇ ਗਏ। ਇਸੇ ਅਖ਼ਬਾਰ ‘ਚ ਸਹਾਇਕ ਸੰਪਾਦਕ ਰਹੇ ਮੇਘਾ ਸਿੰਘ ਨੇ ਆਪਣੀ ਪੁਸਤਕ ‘ਪੰਜਾਬੀ ਪੱਤਰਕਾਰੀ ਦੇ ਸਾਹਿਤਕ ਸਰੋਕਾਰ ਅਤੇ ਸੀਮਾਵਾਂ’ ਵਿਚ ਅਜਿਹੇ ਉਨ੍ਹਾਂ ਦਰਜਨਾਂ ਸ਼ਬਦਾਂ ਦਾ ਵਰਨਣ ਕੀਤਾ ਹੈ ਜੋ ਪੰਜਾਬੀ ਭਾਸ਼ਾ ਨੂੰ ਪੱਤਰਕਾਰੀ ਨੇ ਦਿੱਤੇ ਹਨ। ਡਾ. ਮੇਘਾ ਸਿੰਘ ਨੇ ਵਿਸ਼ੇਸ਼ ਕਰ ਕੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਹੈ ਜੋ ਵਿਗਿਆਨ, ਤਕਨਾਲੋਜੀ, ਵਪਾਰ, ਸਨਅਤ ਆਦਿ ਅਨੇਕ ਖੇਤਰਾਂ ਦੇ ਕਈ ਨਵੇਂ ਵਰਤਾਰਿਆਂ ਅਤੇ ਕਈ ਹੋਰ ਨਵੇਂ ਖੇਤਰਾਂ ਦੇ ਵਿਕਾਸ ਦੇ ਨਾਲ ਹੋਂਦ ਵਿਚ ਆਉਂਦੇ ਹਨ। ਇਉਂ ਹੀ ਬਹੁਤ ਸਾਰੇ ਮੁਹਾਵਰਿਆਂ ਅਤੇ ਅਖਾਉਤਾਂ ਦੀ ਵਰਤੋਂ ਕਰ ਕੇ ਅਖ਼ਬਾਰਾਂ ਨੇ ਇਨ੍ਹਾਂ ਨੂੰ ਜ਼ਿੰਦਾ ਰੱਖਿਆ ਹੈ ਹਾਲਾਂਕਿ ਇਨ੍ਹਾਂ ਦੀ ਵਰਤੋਂ ਲਗਾਤਾਰ ਘਟ ਰਹੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸੂਰੀ ਦੇ ‘ਦਿ ਮਿਸੂਰੀ ਗਰੁੱਪ’ ਵਜੋਂ ਜਾਣੇ ਜਾਂਦੇ ਪੰਜ ਪ੍ਰੋਫੈਸਰਾਂ ਨੇ ਬਹੁਤ ਵਧੀਆ ਕਿਤਾਬ ‘ਨਿਊਜ਼ ਰਿਪੋਰਟਿੰਗ ਐਂਡ ਰਾਈਟਿੰਗ’ ਲਿਖਣ ਤੋਂ ਪਹਿਲਾਂ ਸੈਂਕੜੇ ਖ਼ਬਰਾਂ ਤੇ ਲੇਖਾਂ ਦੀ ਚੀਰ-ਫਾੜ ਕੀਤੀ ਅਤੇ ਫਿਰ ਅਲੱਗ-ਅਲੱਗ ਦਰਜਨਾਂ ਪੁਜ਼ੀਸ਼ਨਾਂ ‘ਤੇ ਕੰਮ ਕਰਦੇ ਸੀਨੀਅਰ ਪੱਤਰਕਾਰਾਂ ਨੂੰ ਜਦੋਂ ਪੁੱਛਿਆ ਕਿ ਉਹ ਯੂਨੀਵਰਸਿਟੀਆਂ ਦੇ ਮੀਡੀਆ ਵਿਭਾਗਾਂ ਤੋਂ ਕਿਹੋ ਜਿਹੇ ਪੱਤਰਕਾਰ ਪੈਦਾ ਕੀਤੇ ਜਾਣ ਦੀ ਇੱਛਾ ਰੱਖਦੇ ਹਨ ਤਾਂ ਉਨ੍ਹਾਂ ਕਿਹਾ, ”ਸਾਨੂੰ ਉਹ ਪੱਤਰਕਾਰ ਦਿਓ ਜੋ ਮੁਕੰਮਲ ਰਿਪੋਰਟ ਦੇ ਸਕਣ ਅਤੇ ਉਨ੍ਹਾਂ ਦੀ ਲਿਖਤ ‘ਚ ਸਪਸ਼ਟਤਾ ਹੋਵੇ। ਜੇ ਲੋੜ ਪਈ ਤਾਂ ਤਕਨਾਲੋਜੀ ਦੀ ਵਰਤੋਂ ਅਸੀਂ ਉਨ੍ਹਾਂ ਨੂੰ ਆਪੇ ਸਿਖਾ ਲਵਾਂਗੇ”
ਪਰ ਮੀਡੀਆ ਅਦਾਰਿਆਂ ਅਤੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗਾਂ ‘ਚ ਜਿਉਂ ਹੀ ਕੰਪਿਊਟਰ ਅਤੇ ਡੀ.ਟੀ.ਪੀ. ਸ਼ੁਰੂ ਹੋ ਗਿਆ ਤਾਂ ਸਾਰਾ ਧਿਆਨ ਤਕਨਾਲੋਜੀ ਵਾਲੇ ਪਾਸੇ ਹੋ ਗਿਆ ਤੇ ਭਾਸ਼ਾ ਦੀ ਸਹੀ ਵਰਤੋਂ ਕਰਨ ਵੱਲੋਂ ਹਟ ਗਿਆ। ਪੱਤਰਕਾਰੀ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਝੁਕਾਅ ਵੀ ਢੁਕਵੀਂ, ਦਰੁਸਤ, ਠੁੱਕਦਾਰ, ਰਵਾਨੀ ਭਰਪੂਰ ਅਤੇ ਅਸਰਦਾਇਕ ਭਾਸ਼ਾ ਦੀ ਵਰਤੋਂ ਤੋਂ ਹਟ ਕੇ ਕੰਪਿਊਟਰ ਅਤੇ ਟੈਲੀਵਿਜ਼ਨ ਦੀ ਚਮਕ-ਦਮਕ ਤੇ ਤੇਜ਼ੀ ਵੱਲ ਹੋ ਗਿਆ। ਮੀਡੀਆ ਅਤੇ ਨਿੱਜੀ ਜੀਵਨ ‘ਚ ਆਈਆਂ ਨਵੀਆਂ ਤਕਨਾਲੋਜੀਆਂ ਨੇ ਮਨੁੱਖੀ ਯਾਦਦਾਸ਼ਤ ਅਤੇ ਸਿਰਜਣਾਤਮਕਤਾ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇਹ ਗੰਭੀਰ ਖੋਜ ਦਾ ਵਿਸ਼ਾ ਹੈ। ਗੂਗਲ ਅਨੁਵਾਦ ਨੇ ਵੱਖ-ਵੱਖ ਭਾਸ਼ਾਵਾਂ ਨੂੰ ਕਿਸ ਹੱਦ ਤੱਕ ਸੰਵਾਰਿਆ ਅਤੇ ਵਿਗਾੜਿਆ ਹੈ, ਇਹ ਵਿਸ਼ਾ ਵੀ ਖੋਜ ਦੀ ਮੰਗ ਕਰਦਾ ਹੈ। ਪੰਜਾਬੀ ਪੱਤਰਕਾਰੀ ਨੇ ਬੇਸ਼ੱਕ, ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਲਗਾਤਾਰ ਯੋਗਦਾਨ ਪਾਇਆ ਹੈ ਪਰ ਅਜੇ ਵੀ ਇਹ ਕਈ ਤਰ੍ਹਾਂ ਦੀਆਂ ਸੀਮਾਵਾਂ ਅਤੇ ਸਮੱਸਿਆਵਾਂ ਨਾਲ ਜੂਝ ਰਹੀ ਹੈ। ਬਹੁਤੀਆਂ ਸਮੱਸਿਆਵਾਂ ਤਾਂ ਸੰਸਾਰੀਕਰਨ ਅਤੇ ਹਰ ਖੇਤਰ ਵਿਚ ਹੋ ਰਹੀ ਕਨਵਰਜੈਂਸ (ਰਲੇਵੇਂ) ਕਰ ਕੇ ਪੈਦਾ ਹੋ ਰਹੀਆਂ ਹਨ। ਇਸ ਦੌਰ ‘ਚ ਕਿਸੇ ਵੀ ਵਰਤਾਰੇ ਨੂੰ ਅਲੱਗ ਅਤੇ ਅਭਿੱਜ ਨਹੀਂ ਰੱਖਿਆ ਜਾ ਸਕਦਾ। ਅੰਗਰੇਜ਼ੀ ਭਾਸ਼ਾ ਉਤੇ ਨਿਰਭਰਤਾ ਲਗਾਤਾਰ ਜਾਰੀ ਹੈ। ਪੱਤਰਕਾਰੀ ‘ਚ ਵਰਤੀ ਜਾਣ ਵਾਲੀ ਭਾਸ਼ਾ ਦੇ ਮਿਆਰੀਕਰਨ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਪਿਛਲੇ ਵੀਹ ਕੁ ਸਾਲਾਂ ਦੌਰਾਨ ਪੰਜਾਬ ‘ਚੋਂ ਨਿਕਲਣ ਵਾਲੀਆਂ ਵੱਡੀਆਂ ਹਿੰਦੀ ਅਖ਼ਬਾਰਾਂ ਨੇ ਜਿਸ ਤਰ੍ਹਾਂ ਅੰਗਰੇਜ਼ੀ ਸ਼ਬਦਾਂ ਦੀ ਇੰਨ-ਬਿੰਨ ਵਰਤੋਂ ਕੀਤੀ, ਉਸ ਤੋਂ ਪੰਜਾਬੀ ਪੱਤਰਕਾਰੀ ਵੀ ਅਭਿੱਜ ਨਹੀਂ ਰਹਿ ਸਕੀ। ਪੱਤਰਕਾਰੀ ਵਿਚ ਬਹੁਤਾ ਜ਼ੋਰ ਭਾਸ਼ਾ ਦੀ ਸਰਲਤਾ ਅਤੇ ਰਵਾਨੀ ਉਪਰ ਹੀ ਦਿੱਤਾ ਜਾਂਦਾ ਹੈ, ਇਸ ਦੀ ਸੂਖ਼ਮਤਾ ਅਤੇ ਸੁਹਜ ਉਪਰ ਨਹੀਂ। ਲਗਾਤਾਰ ਲਿਖਣ, ਅਨੁਵਾਦ ਅਤੇ ਸੰਪਾਦਨ ਕਰਨ ਕਰ ਕੇ ਪੱਤਰਕਾਰ ਕੋਲ ਸ਼ਬਦ ਭੰਡਾਰ ਤਾਂ ਭਾਵੇਂ ਹੁੰਦਾ ਹੈ ਪਰ ਕਿਸੇ ਸ਼ਬਦ ਦੇ ਸਹੀ ਸ਼ੇਡ ਫੜਨ ਵੱਲ ਉਸ ਦਾ ਬਹੁਤਾ ਧਿਆਨ ਨਹੀਂ ਰਹਿੰਦਾ। ਮਿਸਾਲ ਵਜੋਂ ਕਿਸੇ ਕਿਸਾਨ ਵੱਲੋਂ ਖ਼ੁਦਕੁਸ਼ੀ ਨਾਲ ਸਬੰਧਿਤ ਖ਼ਬਰ ਦੀ ਸੁਰਖ਼ੀ ਅਕਸਰ ਅਜਿਹੀ ਹੁੰਦੀ ਹੈ- ‘ਕਰਜ਼ੇ ਦੇ ਸਤਾਏ ਕਿਸਾਨ ਨੇ ਮੌਤ ਨੂੰ ਗਲ ਲਾਇਆ’। ਇੱਥੇ ਮੁਹਾਵਰੇ ਦੇ ਸਹੀ ਸ਼ੇਡ ਨੂੰ ਸ਼ਾਇਦ ਨਹੀਂ ਸਮਝਿਆ ਗਿਆ ਕਿਉਂਕਿ ਸਾਡੇ ਸੱਭਿਆਚਾਰ ‘ਚ ‘ਗਲ ਲਾਉਣਾ’ ਬਹੁਤਾ ਕਰ ਕੇ ਹਾਂ-ਪੱਖੀ ਵਰਤਾਰਾ ਹੈ। ਪੱਤਰਕਾਰੀ ਬਾਰੇ ਅਕਸਰ ਆਖਿਆ ਜਾਂਦਾ ਹੈ ਕਿ ਇਸ ਵਿਚ ਵਾਰ-ਵਾਰ ਗਿਣਤੀ ਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੱਤਰਕਾਰ ਦਾ ਸ਼ਬਦ ਭੰਡਾਰ ਹੋਣਾ ਹੀ ਸੀਮਤ ਚਾਹੀਦਾ ਹੈ ਤਾਂ ਕਿ ਉਹ ਕੋਈ ਔਖਾ ਸ਼ਬਦ ਵਰਤ ਹੀ ਨਾ ਸਕੇ। ਅੰਗਰੇਜ਼ੀ ਪੱਤਰਕਾਰੀ ‘ਚ ਅਜਿਹਾ ਦੌਰ ਵੀ ਰਿਹਾ ਹੈ ਜਦੋਂ ਪਾਠਕ ਅਖ਼ਬਾਰਾਂ ਤੋਂ ਸੂਚਨਾ ਅਤੇ ਵਿਚਾਰ ਲੈਣ ਦੇ ਨਾਲ ਹੀ ਇਨ੍ਹਾਂ ਤੋਂ ਅੰਗਰੇਜ਼ੀ ਭਾਸ਼ਾ ਸਿੱਖਦਾ ਹੀ ਨਹੀਂ ਸੀ ਸਗੋਂ ਸੁਧਾਰਦਾ ਵੀ ਸੀ। ਇਉਂ ਹੀ ਆਲ ਇੰਡੀਆ ਰੇਡੀਓ ਨੇ ਵੀ ਉਹ ਸਮਾਂ ਦੇਖਿਆ ਜਦੋਂ ਲੋਕ ਸੂਚਨਾ ਅਤੇ ਮਨੋਰੰਜਨ ਦੇ ਨਾਲ ਇਸ ਤੋਂ ਭਾਸ਼ਾ ਦਾ ਸਹੀ ਉਚਾਰਨ ਸਿੱਖਦੇ ਸਨ। ਅੰਗਰੇਜ਼ੀ ਦਾ ਅਖ਼ਬਾਰ ‘ਦਿ ਹਿੰਦੂ’ ਸੰਪਾਦਕ ਦੇ ਨਾਲ-ਨਾਲ ‘ਰੀਡਰਜ਼ ਐਡੀਟਰ’ ਦੀ ਵੀ ਨਿਯੁਕਤੀ ਕਰਦਾ ਰਿਹਾ ਹੈ ਜੋ ਖ਼ੁਦ ਹੀ ਆਪਣੀ ਅਖ਼ਬਾਰ ਦੀਆਂ ਗ਼ਲਤੀਆਂ ਕੱਢਦਾ ਸੀ ਅਤੇ ਪਾਠਕਾਂ ਨੂੰ ਗ਼ਲਤੀਆਂ ਕੱਢਣ ਲਈ ਉਤਸ਼ਾਹਿਤ ਕਰਦਾ ਸੀ ਤੇ ਫਿਰ ਉਨ੍ਹਾਂ ਦਾ ਜਵਾਬ ਵੀ ਦਿੰਦਾ ਸੀ। ਕੀ ਪੰਜਾਬੀ ਦਾ ਕੋਈ ਅਖ਼ਬਾਰ ਅਜਿਹੀ ਪਹਿਲ ਕਰ ਸਕਦਾ ਹੈ? ਅਜੇ ਤਾਂ ਇਸ ਦਾ ਜਵਾਬ ‘ਨਹੀਂ’ ਹੀ ਲਗਦਾ ਹੈ ਪਰ ਉਮੀਦ ਨਹੀਂ ਛੱਡਣੀ ਚਾਹੀਦੀ। ਰੋਜ਼ਾਨਾ ਅਖ਼ਬਾਰਾਂ ‘ਚ ਗ਼ਲਤੀਆਂ ਦੀ ਗੁੰਜਾਇਸ਼ ਤਾਂ ਰਹਿੰਦੀ ਹੀ ਰਹਿੰਦੀ ਹੈ ਪਰ ਕੁਝ ਅਖ਼ਬਾਰਾਂ ‘ਚ ਇਨ੍ਹਾਂ ਦੀ ਭਰਮਾਰ ਚੁਭਦੀ ਹੈ। ਬਹੁਤ ਸਾਰੀਆਂ ਗ਼ਲਤੀਆਂ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਭਾਸ਼ਾ ਦੀ ਵਰਤੋਂ ਬਾਰੇ ਸੁਚੇਤ ਰਿਹਾ ਜਾਵੇ। ਭਾਸ਼ਾ ਤੇ ਅਖ਼ਬਾਰਾਂ ਦੇ ਸਮੁੱਚੇ ਮਿਆਰੀਕਰਨ ਵਾਲੇ ਪਾਸੇ ਉਚੇਚਾ ਧਿਆਨ ਦਿੱਤਾ ਜਾਵੇ। ਆਪਣੇ ਪੱਤਰਕਾਰੀ ਦੇ ਅਧਿਆਪਨ ਦੇ ਤਜਰਬੇ ਦੇ ਆਧਾਰ ‘ਤੇ ਮੈਂ ਇਹ ਕਹਿ ਸਕਦਾ ਹੈ ਕਿ ਸਾਡੀ ਸਕੂਲੀ ਸਿੱਖਿਆ ‘ਚ ਬਹੁਤ ਕਮੀਆਂ ਹਨ। ਕਮਜ਼ੋਰ ਨੀਂਹ ਉਤੇ ਮਜ਼ਬੂਤ ਢਾਂਚਾ ਨਹੀਂ ਉਸਾਰਿਆ ਜਾ ਸਕਦਾ। ਪੰਜਾਬੀ ਪੱਤਰਕਾਰੀ ‘ਚ ਬਹੁਤੇ ਪੇਂਡੂ ਪਿਛੋਕੜ ਵਾਲੇ ਬੱਚੇ ਆਉਂਦੇ ਹਨ। ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਵਿਚ ਚੇਤੰਨਤਾ ਤਾਂ ਹੁੰਦੀ ਹੈ ਪਰ ਉਨ੍ਹਾਂ ਦੀ ਪੰਜਾਬੀ ਭਾਸ਼ਾ ‘ਤੇ ਪਕੜ ਓਨੀ ਮਜ਼ਬੂਤ ਨਹੀਂ ਹੁੰਦੀ। ਪੱਤਰਕਾਰ ਲਈ ਭਾਸ਼ਾ ਦੀ ਜਾਣਕਾਰੀ ਹੀ ਜ਼ਰੂਰੀ ਨਹੀਂ ਸਗੋਂ ਉਸ ਨੂੰ ਭਾਸ਼ਾ ਦੀ ਬਹੁਤ ਮਹੀਨ ਸਮਝ ਹੋਣੀ ਚਾਹੀਦੀ ਹੈ। ਉਸ ਨੂੰ ਸ਼ਬਦ ਦੀ ਸਥੂਲ ਹੀ ਨਹੀਂ ਸਗੋਂ ਸੂਖ਼ਮ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਇਲਾਵਾ ਪੰਜਾਬੀ ਅਕਾਦਮੀ ਜਿਹੀਆਂ ਸੰਸਥਾਵਾਂ ਇਸ ਕਾਰਜ ਵਿਚ ਕੀ ਰੋਲ ਅਦਾ ਕਰ ਸਕਦੀਆਂ ਹਨ, ਇਸ ਉਤੇ ਗੰਭੀਰ ਚਰਚਾ ਦੀ ਲੋੜ ਹੈ।

Related Articles

Latest Articles