ਲੇਖਕ : ਸਿੰਦਰ ਸਿੰਘ ਮੀਰਪੁਰੀ ਫਰਿਜ਼ਨੋ,
ਸੰਪਰਕ : 559-285-0841
ਹਰ ਇਨਸਾਨ ਨੂੰ ਖ਼ੁਦਕੁਸ਼ੀ ਸ਼ਬਦ ਦਾ ਨਾਂ ਸੁਣਦਿਆਂ ਹੀ ਉਸ ਦੇ ਮੱਥੇ ‘ਤੇ ਤਿਉੜੀਆਂ ਉਭਰ ਆਉਂਦੀਆਂ ਹਨ। ਬਿਨਾਂ ਸ਼ੱਕ ਇਹ ਸਭ ਦਾ ਆਪਣੇ ਆਪ ਵਿਚ ਇਕ ਬਹੁਤ ਹੀ ਭੈੜਾ ਸਬਦ ਏ, ਅਸੀਂ ਮਾਲਕ ਅੱਗੇ ਦੁਆ ਕਰਦੇ ਹਾਂ ਕਿ ਇਹ ਸ਼ਬਦ ਕਿਸੇ ਇਨਸਾਨ ਦੀ ਜ਼ੁਬਾਨ ‘ਤੇ ਨਾ ਆਵੇ ਤਾ ਚੰਗ਼ਾ ਏ। ਪਰ ਅੱਜ ਚਾਰ-ਚੁਫੇਰੇ ਨਿਗ੍ਹਾ ਮਾਰਦਿਆਂ ਖੁਦਕੁਸ਼ੀ ਸਬਦ ਦੀ ਪਰਿਭਾਸ਼ਾ ਬਦਲ ਚੁੱਕੀ ਦਿਖਾਈ ਦਿੰਦੀ ਹੈ। ਬਿਨਾਂ ਸ਼ੱਕ ਕਿੱਡਾ ਵੱਡਾ ਜਿਗਰਾ ਹੋਵੇਗਾ, ਉਨ੍ਹਾਂ ਸਭਨਾਂ ਦਾ ਜੋ ਖੁਦਕੁਸ਼ੀ ਕਰ ਜਾਂਦੇ ਹਨ। ਪਿਛਲੇ ਲੰਬੇ ਸਮੇਂ ਤੋਂ ਵੇਖੀਏ, ਤਾਂ ਹਰ ਖੇਤਰ ਦੇ ਵਿਚ ਬਹੁਤ ਸਾਰੇ ਇਨਸਾਨ ਇਸ ਸੰਸਾਰ ਨੂੰ ਆਪਣੇ ਆਪ ਹੀ ਅਲਵਿਦਾ ਆਖ ਜਾਂਦੇ ਹਨ, ਜੋ ਬੇਹੱਦ ਦੁਖਦਾਈ ਅਤੇ ਗਲਤ ਵਰਤਾਰਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਗੁਰੂਆਂ ਪੀਰਾਂ ਦੀ ਧਰਤੀ ‘ਤੇ ਸ਼ੋਭਾ ਨਹੀਂ ਦਿੰਦੀਆਂ, ਇਸ ਵਰਤਾਰੇ ਨੂੰ ਰੋਕਣ ਦੀ ਵੱਡੀ ਲੋੜ ਹੈ ਕਿਉਂਕਿ ਜੇਕਰ ਕੋਈ ਵੀ ਇਨਸਾਨ ਖੁਦਕਸ਼ੀ ਕਰਦਾ ਹੈ, ਤਾਂ ਉਹ ਚਾਰੇ ਪਾਸਿਆਂ ਤੋਂ ਦੁਖੀ ਹੋ ਕੇ ਕਰਦਾ ਹੈ। ਪਰ ਇਕ ਗੱਲ ਇਹ ਵੀ ਵਿਚਾਰਨਯੋਗ ਹੈ ਕਿ ਅੱਜ ਦਾ ਇਨਸਾਨ ਖੁਦਕਸ਼ੀ ਕਿਉਂ ਕਰਦਾ ਹੈ ਕਿਉਂ ਉਹ ਆਪਣੇ ਆਪ ਨੂੰ ਖਤਮ ਕਰਦਾ ਹੈ। ਪੂਰੀ ਦੁਨੀਆਂ ਅੰਦਰ ਹਰ ਰੋਜ਼ ਬਹੁਤ ਸਾਰੇ ਇਨਸਾਨ ਖੁਦਕਸ਼ੀ ਕਰਦੇ ਹਨ, ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਅਤੇ ਦੇਸ਼ਾ ਅੰਦਰ ਇਹ ਰੁਝਾਨ ਜਾਰੀ ਹੈ। ਭਾਵੇਂ ਇਹ ਲੋਕ ਕਿਸੇ ਨਾ ਕਿਸੇ ਪਾਸਿਓਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਨੌਜਵਾਨ ਮੁੰਡੇ-ਕੁੜੀਆਂ ਤੋਂ ਇਲਾਵਾ ਬਹੁਤ ਸਾਰੇ ਅੱਧਖੜ ਲੋਕ ਵੀ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ, ਜੋ ਬੇਹੱਦ ਦੁਖਦਾਈ ਹੈ। ਭਾਵੇਂ ਮਰਨ ਦਾ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਪਰ ਕਿਸਾਨੀ ਖੇਤਰ ਤੋਂ ਲੈ ਕੇ ਬਹੁਤ ਸਾਰੇ ਲੋਕ ਇਸ ਵਰਤਾਰੇ ਦੀ ਭੇਟ ਚੜ੍ਹ ਰਹੇ ਹਨ। ਪੜ੍ਹਾਈ ਦੇ ਨਾਲ-ਨਾਲ ਬਿਜ਼ਨਸ ਦੇ ਤੌਰ ‘ਤੇ ਫ਼ੇਲ ਹੋਏ ਵਿਅਕਤੀ ਵੀ ਇਸ ਦਾ ਹਿੱਸਾ ਬਣ ਰਹੇ ਹਨ। ਪੰਜਾਬ ਅੰਦਰ ਕਿਸਾਨੀ ਨਾਲ ਸਬੰਧਤ ਬਹੁਤ ਸਾਰੇ ਨੌਜਵਾਨ ਅਤੇ ਹੋਰ ਵਿਅਕਤੀਆਂ ਵੱਲੋਂ ਆਪਣੀ ਜੀਵਨ-ਲੀਲਾ ਨੂੰ ਖਤਮ ਕਰ ਲਿਆ ਗਿਆ। ਪਿਛਲੇ ਸਮੇਂ ਕਿਸਾਨਾਂ ਦੇ ਵਿਹੜਿਆਂ ਅੰਦਰ ਵੱਡੀ ਪੱਧਰ ‘ਤੇ ਇਹ ਭਾਣਾ ਵਾਪਰਿਆ। ਉਨ੍ਹਾਂ ਮੁੰਡੇ-ਕੁੜੀਆਂ ਪਰਿਵਾਰਾਂ ਦਾ ਕੀ ਬਣਿਆ ਇਹ ਵੀ ਕੁਝ ਪਤਾ ਨਹੀਂ। ਬਿਜ਼ਨਸ ਦੇ ਵਿਚ ਫੇਲ ਕੋਈ ਵਿਅਕਤੀ ਵੀ ਇਸ ਰਸਤੇ ਦੇ ਰਾਹੀ ਬਣਦੇ ਹਨ। ਪਿਛਲੇ ਸਮੇਂ ਬਹੁਤ ਸਾਰੇ ਕਿਸਾਨਾਂ ਨੇ ਮੌਤ ਨੂੰ ਗਲ ਲਾ ਲਿਆ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜੀ। ਕੋਈ ਵੀ ਇਨਸਾਨ ਇਸ ਤਰ੍ਹਾਂ ਮੌਤ ਨੂੰ ਗਲ ਨਾਲ ਨਹੀਂ ਲਾਉਂਦਾ ਹੈ ਪਰ ਮਜਬੂਰੀ ਬਣ ਜਾਂਦੀ ਹੈ। ਅੱਜ ਗਰੀਬੀ ਨੇ ਪੂਰੀ ਦੁਨੀਆਂ ਅੰਦਰ ਆਪਣੇ ਪੈਰ ਪਸਾਰੇ ਹਨ ਬਹੁਤ ਸਾਰੇ ਗਰੀਬ ਲੋਕ ਵੀ ਇਸ ਸੰਸਾਰ ਤੋਂ ਜਾ ਰਹੇ ਹਨ। ਪਿਛਲੇ ਸਮੇਂ ਇਹ ਵੀ ਦੇਖਿਆ ਗਿਆ ਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਗਲ ਫ਼ਾਹਾ ਪਾ ਲਿਆ। ਪੱਖਿਆਂ ਨਾਲ ਲਟਕਣ ਤੋਂ ਇਲਾਵਾ ਦਵਾਈਆਂ, ਟੀਕੇ ਨਾਲ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੌਤ ਆਪਣੇ ਹੱਥੀਂ ਕੀਤੀ ਗਈ। ਬਹੁਤ ਸਾਰੇ ਵਿਅਕਤੀ ਅਜਿਹੇ ਵੀ ਆਏ, ਜਿਨ੍ਹਾਂ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ। ਸੋਚਣਾ ਤਾਂ ਇਹ ਵੀ ਬਣਦਾ ਹੈ ਕਿ ਮਰਨ ਤੋਂ ਬਾਅਦ ਇਨਸਾਨ ਕਿਥੇ ਜਾਂਦਾ ਹੈ, ਜੋ ਮੁੜ ਕੇ ਵਾਪਸ ਨਹੀਂ ਆਉਂਦਾ। ਕੀ ਉਪਰ ਵੀ ਕੋਈ ਦੁਨੀਆਂ ਹੈ, ਜਿੱਥੇ ਇਨਸਾਨ ਦੇ ਲਈ ਰਹਿਣ ਬਸੇਰਾ ਬਣਾਇਆ ਗਿਆ ਹੈ, ਸਾਇਦ ਲਈ। ਸੋਚ ਕੇ ਵੇਖੋ, ਉਹ ਇਨਸਾਨ ਕਿੰਨਾ ਦੁਖੀ ਹੋਵੇਗਾ, ਜੋ ਆਪਣੇ ਆਪ ਨੂੰ ਮਾਰ ਦਿੰਦਾ ਹੈ ਅਤੇ ਆਪਣੇ ਪਰਿਵਾਰ ਤੱਕ ਨੂੰ ਖ਼ਤਮ ਕਰ ਦਿੰਦਾ ਹੈ। ਮੌਤ ਹੋਣ ਤੋਂ ਬਾਅਦ ਕੋਈ ਵੀ ਇਨਸਾਨ ਇਸ ਜੱਗ ‘ਤੇ ਨਹੀਂ ਰਹਿਣਾ। ਸਭ ਨੇ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਹੈ। ਸੋਚ ਕੇ ਦੇਖੋ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂ ਹੋ ਰਿਹਾ ਹੈ ਸਭ ਕੁਝ। ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਪ੍ਰਵਾਰ ਵਿਚ ਬੈਠਕੇ ਮਸਲੇ ਹੱਲ ਕੀਤੇ ਜਾ ਸਕਦੇ ਹਨ। ਮੌਤ ਨੂੰ ਗਲੇ ਲਾਉਣ ਨਾਲ ਕੀ ਹੋਵੇਗਾ। ਪਰਿਵਾਰ ਟੁੱਟ ਰਹੇ ਹਨ। ਨੌਜਵਾਨੀ ਖ਼ਤਮ ਹੋਣ ਵੱਲ ਵਧ ਰਹੀ ਹੈ। ਖੁਦਕਸ਼ੀਆਂ ਕਿਸੇ ਵੀ ਮਸਲੇ ਦਾ ਹੱਲ ਨਹੀਂ। ਗੱਲਬਾਤ ਰਾਹੀਂ ਵੱਡੇ ਤੋਂ ਵੱਡੇ ਮਸਲੇ ਸੁਣੇ ਜਾ ਸਕਦੇ ਹਨ ਪਰ ਅਸੀਂ ਕੁਝ ਵੀ ਸੋਚ ਨਹੀਂ ਰਹੇ। ਜੇਕਰ ਅਸੀਂ ਆਪਣੇ ਪਰਿਵਾਰਾਂ ਤੱਕ ਨੂੰ ਖਤਮ ਕਰ ਦਿੱਤਾ, ਤਾਂ ਸਾਡੇ ਮਾਂ-ਪਿਉ ਦਾ ਕੀ ਬਣੇਗਾ, ਬਜ਼ੁਰਗ ਮਾਪੇ ਕਿੱਧਰ ਜਾਣਗੇ। ਇਹ ਸੁਆਲ ਬਣਦੇ ਹਨ। ਇਨ੍ਹਾਂ ਦਾ ਕੋਈ ਹੱਲ ਨਹੀਂ ਹੈ। ਬਿਨਾਂ ਸੋਚੇ ਸਮਝੇ ਅਸੀਂ ਕੀ ਕਰ ਰਹੇ ਹਾਂ, ਜਿਸ ਦਾ ਕਿਸੇ ਨੂੰ ਕੁਝ ਵੀ ਨਹੀਂ ਹੋਣਾ। ਨੌਜਵਾਨ ਮੁੰਡੇ-ਕੁੜੀਆਂ ਵਿਚ ਵੀ ਇਹ ਵਰਤਾਰਾ ਵੱਡੇ ਪੱਧਰ ‘ਤੇ ਪਨਪ ਰਿਹਾ ਹੈ। ਕੋਈ ਪਰਿਵਾਰ ਤੋਂ ਤੰਗ ਆਇਆ ਅਤੇ ਕਈ ਸਰਕਾਰ ਤੋਂ ਤੰਗ ਹਨ। ਪੂਰੀ ਦੁਨੀਆਂ ਅੰਦਰ ਇਸ ਗਲਤ ਵਰਤਾਰੇ ਨੇ ਝਗੜਿਆਂ ਨੂੰ ਜਨਮ ਦਿੱਤਾ ਹੈ। ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ। ਅਦਾਲਤਾਂ ਵਿਚ ਖ਼ੁਦਕਸ਼ੀਆਂ ਦੇ ਬਹੁਤ ਸਾਰੇ ਕੇਸ ਪਿਛਲੇ ਲੰਬੇ ਸਮੇਂ ਤੋਂ ਪੈਡਿੰਗ ਪਏ ਹਨ, ਜਿਨ੍ਹਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ। ਭਾਵੇਂ ਪੂਰੀ ਦੁਨੀਆਂ ਅੰਦਰ ਧਾਰਮਿਕ ਅਸਥਾਨਾਂ ਦੀ ਗਿਣਤੀ ਵਧ ਰਹੀ ਹੈ ਪਰ ਨਾਲ ਦੀ ਨਾਲ ਦੁੱਖ ਵੀ ਵਧ ਰਹੇ ਹਨ। ਗਰੀਬ ‘ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਗਰੀਬੀ ਵੀ ਵੱਧ ਰਹੀ ਹੈ ਅਤੇ ਗਰੀਬ ਵੀ ਵਧ ਰਹੇ ਹਨ, ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ। ਸਾਨੂੰ ਲੋੜ ਹੈ ਕਿ ਅਸੀਂ ਧਾਰਮਿਕ ਅਸਥਾਨਾਂ ਦੀ ਉਸਾਰੀ ਵੀ ਕਰੀਏ ਪਰ ਲੋੜਵੰਦਾਂ ਦਾ ਖਿਆਲ ਵੀ ਰੱਖੀਏ। ਜੇਕਰ ਅਸੀਂ ਇਸ ਦਾ ਨਹੀਂ ਕਰਾਗੇ, ਤਾਂ ਅਸੀਂ ਕੁਦਰਤ ਦੀ ਕਚਹਿਰੀ ਵਿਚੋਂ ਮਨਫੀ ਹੋ ਜਾਵਾਂਗੇ। ਜੇਕਰ ਅਸੀਂ ਪਿਛਲੇ ਇਤਿਹਾਸ ‘ਤੇ ਝਾਤ ਮਾਰੀਏ, ਤਾਂ ਸਾਡੇ ਗੁਰੂ ਸਾਹਿਬਾਨ ਨੇ ਲੋੜਵੰਦਾਂ ਦੇ ਹੱਕ ਵਿਚ ਖੜ੍ਹਨ ਦੀ ਨੀਤੀ ਅਪਣਾ ਕੇ ਸਾਡੀ ਪੂਰੀ ਕੌਮ ਨੂੰ ਸਿਖਰ ‘ਤੇ ਪੁਚਾ ਦਿੱਤਾ। ਗੁਰੂ ਸਾਹਿਬ ਨੇ ਆਖਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਰ ਅੱਜਕੱਲ੍ਹ ਇਹ ਗੱਲਾਂ ਕਿੱਥੇ ਹਨ, ਸਾਨੂੰ ਸਾਰਿਆਂ ਨੂੰ ਪਤਾ ਹੈ, ਸੋਚਣ ਦੀ ਲੋੜ ਹੈ। ਨੌਜਵਾਨੀ ਆਪਣੇ ਰਸਤੇ ਤੋਂ ਭਟਕ ਚੁੱਕੀ ਹੈ। ਮਾਪਿਆਂ ਦਾ ਸਤਿਕਾਰ ਨੌਜਵਾਨਾਂ ਦੇ ਦਿਲਾਂ ਵਿਚੋਂ ਬਿਲਕੁਲ ਨਿਕਲ ਚੁੱਕਿਆ ਹੈ। ਹੁਣ ਤਾਂ ਗੁਰੂ ਸਾਹਿਬ ਦਾ ਵੀ ਸਤਿਕਾਰ ਨਹੀਂ ਹੋ ਰਿਹਾ। ਇਸ ਵਰਤਾਰੇ ‘ਤੇ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਸੋਚਣ ਦੀ ਲੋੜ ਹੈ। ਪਿਛਲੇ ਸਮੇਂ ਸਾਡੇ ਸਮਾਜ ਅੰਦਰ ਕੋਈ-ਕੋਈ ਵਿਅਕਤੀ ਆਪਣੇ ਹੱਥੀਂ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਦਾ ਸੀ ਪਰ ਹੁਣ ਤਾਂ ਸਭ ਕੁਝ ਆਮ ਹੋ ਚੁੱਕਿਆ ਹੈ। ਮੀਡੀਏ ਦਾ ਯੁੱਗ ਹੋਣ ਦੀ ਬਦੌਲਤ ਇਸ ਦੀ ਜਾਣਕਾਰੀ ਵੀ ਸਾਨੂੰ ਤੁਰੰਤ ਮਿਲ ਜਾਂਦੀ ਹੈ। ਅਸੀਂ ਹਰ ਰੋਜ਼ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਅਕਸਰ ਸੁਣਦੇ ਹਾਂ ਕਿ ਫਲਾਣੀ ਜਗ੍ਹਾ ਕਿਸੇ ਨੇ ਖੁਦਕੁਸ਼ੀ ਕਰ ਲਈ। ਸੋਚ ਕੇ ਰੂਹ ਤੱਕ ਕੰਬ ਜਾਂਦੀ ਹੈ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਇਹ ਕੁਝ ਆਮ ਵਾਪਰ ਰਿਹਾ ਹੈ। ਜਦ ਕਿਸੇ ਪਰਿਵਾਰ ਦਾ ਕੋਈ ਇਨਸਾਨ ਇਸ ਦੁਨੀਆਂ ਤੋਂ ਚਲਿਆ ਜਾਂਦਾ ਹੈ, ਤਾਂ ਉਨ੍ਹਾਂ ਦੇ ਉਤੇ ਕੀ ਬੀਤਦੀ ਹੈ, ਇਹ ਤਾਂ ਉਹ ਹੀ ਜਾਣਦੇ ਹਨ ਕਿਉਂਕਿ ਇਹ ਕੁਦਰਤੀ ਵਰਤਾਰਾ ਨਹੀਂ ਆਖ ਸਕਦੇ, ਇਸ ਨੂੰ ਹੱਥੀਂ ਸਹੇੜੀ ਮੌਤ ਜ਼ਰੂਰ ਆਖ ਸਕਦੇ ਹਾਂ। ਜਨਤਾ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਵੀਰੋ ਮਸਲਾ ਦਾ ਦੋ ਰੋਟੀਆਂ ਦਾ ਹੈ ਕਿਉਂ ਇਹ ਗਲਤ ਕਦਮ ਚੁੱਕਦੇ ਹਾਂ। ਲੰਘੇ ਦਿਨੀਂ ਅਖ਼ਬਾਰਾਂ ਵਿਚ ਪੜ੍ਹਿਆ ਕੇ ਕਈ ਪਰਵਾਰਾਂ ਦੇ ਇਕਲੌਤੇ ਪੁੱਤਰਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ, ਕੀ ਬਣੇਗਾ ਇਸੇ ਬਚੇ ਬਾਕੀ ਪਰਿਵਾਰਾਂ ਦਾ ਅਤੇ ਮਾਂ-ਪਿਓ ਦਾ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਕਿਸੇ ਸਕੇ-ਸਬੰਧੀ ਨਾਲ ਆਪਣੀਆਂ ਗੱਲਾਂ ਜ਼ਰੂਰ ਸਾਂਝੀਆਂ ਕਰੋ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਸੇ ਵੀ ਮੇਰੇ ਵੀਰ ਨੂੰ ਅਤੇ ਨੌਜਵਾਨ ਭੈਣ ਨੂੰ ਇਹ ਰਸਤਾ ਅਪਣਾਉਣ ਦੀ ਲੋੜ ਹੀ ਨਹੀਂ ਪਵੇਗੀ। ਪੂਰੀ ਦੁਨੀਆਂ ਅੰਦਰ ਕਲਾਕਾਰਾਂ ਤੋਂ ਲੈ ਕੇ ਫਿਲਮ ਐਕਟਰਾਂ ਅਤੇ ਆਮ ਲੋਕਾਂ ਦੀ ਖੁਦਕੁਸ਼ੀ ਦੀਆਂ ਖ਼ਬਰਾਂ ਸਾਨੂੰ ਹਰ ਰੋਜ਼ ਪੜ੍ਹਨ ਨੂੰ ਮਿਲ ਜਾਂਦੀਆਂ ਹਨ, ਇਸ ਦਾ ਨਹੀਂ ਹੋਣਾ ਚਾਹੀਦਾ। ਕਿਸੇ ਵੀ ਮਾਂ ਦਾ ਪੁੱਤ ਨਾ ਵਿਛੜੇ, ਅਸੀਂ ਤਾਂ ਇਹ ਦੁਆ ਕਰ ਸਕਦੇ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਇਹ ਵਰਤਾਰਾ ਰੁੱਕ ਸਕੇ। ਕਿਸਾਨ ਮਜ਼ਦੂਰ ਦੇ ਨਾਲ-ਨਾਲ ਕੋਈ ਵੀ ਵਿਅਕਤੀ ਇਸ ਰਸਤੇ ‘ਤੇ ਨਾ ਜਾਵੇ, ਤਾਂ ਚੰਗਾ ਹੈ। ਨੌਜਵਾਨ ਮੁੰਡੇ- ਕੁੜੀਆਂ ਵੀ ਵਾਪਸ ਆਪਣੇ ਆਲ੍ਹਣਿਆਂ ਨੂੰ ਪਰਤ ਆਉਣ, ਅਸੀਂ ਤਾਂ ਗੁਰੂ ਮਹਾਰਾਜ ਅੱਗੇ ਇਹੀ ਬੇਨਤੀ ਕਰ ਸਕਦੇ ਹਾਂ। ਮਾਲਕਾ ਮੇਹਰ ਕਰੇ, ਪੂਰੀ ਜੰਨਤਾ ਆਪਣੀ ਮਾਂ-ਪਿਓ ਦੀ ਬੁੱਕਲ ਦਾ ਸ਼ਿੰਗਾਰ ਬਣ ਕੇ ਆਪੋ-ਆਪਣੇ ਘਰਾਂ ਵਿਚ ਸੁਖੀ ਵਸੇ ਸਾਡੀ ਇਹੀ ਕਾਮਨਾ ਹੈ।