ਪੁੱਤ ਫਰਜ਼ਾਂ ਨੂੰ ਭੁੱਲ ਚੱਲੇ ਨੇ
ਮਾਪੇ ਤਾਂ ਹੀ ਰੁਲ਼ ਚੱਲੇ ਨੇ ।
ਜਗਤ ਦਿਖਾਵਾ ਕਰਨ ਬਥੇਰਾ,
ਮਾਪਿਆਂ ਦਾ ਤ੍ਰਿਸਕਾਰ ਕਰਨ।
ਗੈਰਾਂ ਨੂੰ ਗਲ਼ ਨਾਲ ਲਗਾਉਂਦੇ,
ਮਾਪੇ ਭਾਵੇਂ ਜੀਣ ਮਰਨ।
ਰਿਸ਼ਤਿਆਂ ਦੀ ਤੰਦ ਪੀਡੀ ਸੀ ਜੋ,
ਟੁੱਟਦੀ ਟੁੱਟਦੀ ਟੁੱਟ ਚੱਲੀ।
ਸਾਂਝ ਬਚੀ ਨਾ ਆਂਦਰਾਂ ਵਾਲੀ,
ਭੈਣ ਵੀ ਰੋਂਦੀ ਟੁੱਟ ਚੱਲੀ।
ਕਲਮੇ ਨੀ! ਅੱਜ ਚੀਕ ਚੀਕ ਕੇ,
ਦੱਸ ਜੋ ਦਿਲ ਤੇ ਭਾਰ ਪਿਆ।
ਉਮਰਾਂ ਦੇ ਲਈ ਸਾਕ ਨਿਭਾਊਂ ,
ਵੀਰ! ਉਹ ਲਾਰਾ ਕਿੱਧਰ ਗਿਆ?
ਗੈਰਾਂ ਦੇ ਲਈ ਜੱਫੀਆਂ ਨੇ ਪਰ
ਮਾਂ ਤੇ ਬਾਪ ਲਈ ਘੂਰੀ ਏ।
ਜਾਂ ਤਾਂ ਖੁੱਲ੍ਹ ਕੇ ਦੱਸ ਤੂੰ ਮੈਨੂੰ,
ਤੇਰੀ ਕੀ ਮਜਬੂਰੀ ਏ?
ਇਹ ਵੇਲਾ ਨਾ ਮੁੜ ਕੇ ਆਉਣਾ,
ਸਾਂਭ ਲੈ ਵੀਰਾ ਛਾਵਾਂ ਨੂੰ।
ਮਗਰੋਂ ਕੁਝ ਨਹੀਂ ਲੱਭਦਾ ਜੱਗ ਤੇ,
ਹੁਣੇ ਸਾਂਭ ਲੈ ਚਾਵਾਂ ਨੂੰ।
ਬਾਪੂ ਤੇ ਮਾਂ ਸਾਨੂੰ ਸਭ ਨੂੰ
ਜੱਗ ਤੇ ਲੈ ਕੇ ਆਏ ਸੀ।
ਯਾਦ ਕਰਾਂ ਰੂਹ ਕੰਬਦੀ,
ਉਨ੍ਹਾਂ ਜੋ ਜੋ ਕਸ਼ਟ ਉਠਾਏ ਸੀ।
ਹੁਣ ਜੇ ਆਇਆ ਵਕਤ ਬੁਢਾਪਾ,
ਇਹ ਉਨ੍ਹਾਂ ਦਾ ਦੋਸ਼ ਨਹੀਂ।
ਕਿਉਂ ਕਹਿੰਦੇ ਹਾਂ, ਬਿਰਧ ਬਾਪ ਨੂੰ,
ਤੈਨੂੰ ਆਪਣੀ ਹੋਸ਼ ਨਹੀਂ।
ਸਭ ਤੇ ਆਉਣਾ ਇਹ ਵੇਲਾ ਵੀ,
ਰਹੇ ਨਾ ਬਾਗ ਬਹਾਰ ਸਦਾ।
ਖਾਣ ਪੀਣ ਵਾਲੇ ਸਭ ਉੱਡਦੇ
ਦੁੱਖ ਵੇਲੇ ਸਭ ਯਾਰ ਸਦਾ।
ਇਸ ਵੇਲੇ ਨੂੰ ਸਾਂਭਣ ਵਾਲੇ ,
ਜੱਗ ਤੇ ਸੋਭਾ ਪਾਉਂਦੇ ਨੇ।
ਮਗਰੋਂ ਭਾਵੇਂ ਰੋ ਰੋ ਖਪੀਏ,
ਉਹ ਪਲ ਪਰਤ ਨਾ ਆਉਂਦੇ ਨੇ।
ਲੇਖਕ : ਨਵਗੀਤ ਕੌਰ