9.6 C
Vancouver
Thursday, November 21, 2024

ਬਾਬੇ ਨਾਨਕ ਦਾ ਸੰਗੀ ਸਾਥੀ – ਭਾਈ ਮਰਦਾਨਾ

 

ਲੇਖਕ : ਬਲਵਿੰਦਰ ਸਿੰਘ ਭੁੱਲਰ,
ਸੰਪਰਕ : 98882-75913
‘ਛੇੜ ਮਰਦਾਨਿਆਂ ਰਬਾਬ ਬਾਣੀ ਆਈ ਆ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਵਿੱਚੋਂ ਇਹ ਸ਼ਬਦ ਸੁਣਦਿਆਂ ਹੀ ਮਰਦਾਨਾ ਆਪਣੀਆਂ ਉਂਗਲਾਂ ਦੀ ਹਰਕਤ ਨਾਲ ਰਬਾਬ ਤੋਂ ਸੰਗੀਤਕ ਧੁਨਾਂ ਬਖੇਰਦਾ ਤਾਂ ਬਾਬਾ ਨਾਨਕ ਰੱਬੀ ਬਾਣੀ ਉਚਾਰਦੇ। ਕਈ ਦਹਾਕੇ ਇਹ ਸਾਥ ਨਿਭਿਆ ਅਤੇ ਅਜਿਹੀ ਬਾਣੀ ਉਚਾਰੀ ਗਈ ਜਿਸ ‘ਤੇ ਅਮਲ ਕਰਿਆਂ ਅੱਜ ਵੀ ਜੀਵਨ ਸਫ਼ਲ ਹੋ ਜਾਂਦਾ ਹੈ।
ਪਿੰਡ ਰਾਇ ਭੋਏ ਦੀ ਤਲਵੰਡੀ, ਜ਼ਿਲ੍ਹਾ ਸੇਖੂਪੁਰਾ ਜੋ ਪਾਕਿਸਤਾਨ ਵਿੱਚ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਖੇ ਭਾਈ ਮਰਦਾਨਾ ਦਾ ਜਨਮ ਮੀਰ ਬਾਦਰੇ ਦੇ ਘਰ ਮਾਈ ਲੱਖੋ ਦੀ ਕੁੱਖੋਂ ਹੋਇਆ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 9 ਸਾਲ ਵੱਡਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਰਾਏ ਭੋਇ ਦੀ ਤਲਵੰਡੀ ਦੇ ਪਟਵਾਰੀ ਹੋਣ ਕਾਰਨ ਉੱਥੇ ਰਹਿੰਦੇ ਸਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਉੱਥੇ ਹੀ ਹੋਇਆ। ਭਾਈ ਮਰਦਾਨੇ ਨੇ ਜਦੋਂ ਬਾਲ ਨਾਨਕ ਦੇਵ ਦੇ ਦਰਸ਼ਨ ਕੀਤੇ ਤਾਂ ਉਹ ਇਸ ਰੂਹਾਨੀ ਜੋਤ ਨੂੰ ਦੇਖ ਦੇ ਨਿਹਾਲ ਹੋ ਗਿਆ। ਦੋਵੇਂ ਬਚਪਨ ਦੇ ਸਾਥੀ ਬਣ ਗਏ ਅਤੇ ਇਹ ਸਾਥ ਮਰਦਾਨੇ ਨੇ ਆਪਣੇ ਆਖਰੀ ਸਾਹ ਤਕ ਨਿਭਾਇਆ।
ਭਰ ਜਵਾਨੀ ਸਮੇਂ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਤਿਆਗ ਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਸੇਵਾ, ਸਿਮਰਨ, ਮਿਹਨਤ ਕਰਨ ਅਤੇ ਅਕਾਲ ਪੁਰਖ ਦਾ ਸੰਦੇਸ਼ ਦੇਣ ਲਈ ਯਾਤਰਾ ਕਰਨ ਦਾ ਮਨ ਬਣਾਇਆ ਤਾਂ ਉਹਨਾਂ ਬਚਪਨ ਦੇ ਸਾਥੀ ਮਰਦਾਨੇ ਨੂੰ ਸਾਥ ਨਿਭਾਉਣ ਲਈ ਕਿਹਾ। ਭਾਈ ਮਰਦਾਨੇ ਵੱਲੋਂ ਹਾਂ ਕਰਨ ‘ਤੇ ਗੁਰੂ ਨਾਨਕ ਦੇਵ ਜੀ ਨੇ ਬੀਬੀ ਨਾਨਕੀ ਤੋਂ ਪੈਸੇ ਦਿਵਾਉਂਦਿਆਂ ਉਸ ਨੂੰ ਰਬਾਬ ਖਰੀਦ ਕੇ ਲਿਆਉਣ ਲਈ ਕਿਹਾ।
ਭਾਈ ਮਰਦਾਨਾ ਰਬਾਬ ਲੈ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਸੰਗੀਤਕ ਧੁਨਾਂ ਛੇੜਨ ਲਈ ਕਿਹਾ। ਉਂਗਲਾਂ ਨੇ ਰਬਾਬ ਦੀਆਂ ਤਾਰਾਂ ‘ਤੇ ਹਰਕਤ ਕੀਤੀ ਤਾਂ ‘ਧੰਨ ਨਿਰੰਕਾਰ ਨਾਨਕ ਤੇਰਾ ਬੰਦਾ’ ਦੀ ਆਵਾਜ਼ ਸੁਣਾਈ ਦਿੱਤੀ। ਬਚਪਨ ਦਾ ਸਾਥ ਰਬਾਬ ਨੇ ਅਜਿਹਾ ਪੱਕਾ ਕਰ ਦਿੱਤਾ ਕਿ ਗੁਰੂ ਜੀ ਵੱਲੋਂ ਦੁਨੀਆਂ ਭਰ ਵਿੱਚ ਕੀਤੀਆਂ ਉਦਾਸੀਆਂ ਸਮੇਂ ਭਾਈ ਬਾਲਾ ਤੋਂ ਇਲਾਵਾ ਭਾਈ ਮਰਦਾਨਾ ਤੇ ਉਸਦੀ ਰਬਾਬ ਨੇ ਪੂਰਾ ਸਾਥ ਦਿੱਤਾ। ਰੂਹਾਨੀ ਜੋਤ ਦੇ ਇਸ ਸਾਥ ਸਦਕਾ ਭਾਈ ਮਰਦਾਨੇ ਦੀ ਗਿਣਤੀ ਭਗਤਾਂ ਵਿੱਚ ਹੋਣ ਲੱਗੀ।
ਦੇਸ ਦਸੰਤਰਾਂ ਦੀ ਯਾਤਰਾ ਕਰਦੇ ਹੋਏ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਮਰਦਾਨਾ ਤੇ ਭਾਈ ਬਾਲਾ ਸਮੇਤ ਅਫਗਾਨਿਸਤਾਨ ਦੇ ਸ਼ਹਿਰ ਖੁਰਮ ਪੁੱਜੇ, ਤਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸਾਥ ਵਿਛੜਣ ਦਾ ਸਮਾਂ ਆ ਗਿਆ ਅਤੇ ਭਾਈ ਮਰਦਾਨੇ ਨੇ ਗੁਰੂ ਜੀ ਦੇ ਸਨਮੁੱਖ ਜ਼ਿੰਦਗੀ ਦਾ ਆਖਰੀ ਸਵਾਸ ਲੈਂਦਿਆਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਗੁਰੂ ਜੀ ਨੇ ਆਪਣੇ ਇਸ ਬਚਪਨ ਦੇ ਸਾਥੀ ਦਾ ਆਪਣੇ ਹੱਥੀਂ ਖੁਰਮ ਸ਼ਹਿਰ ਵਿਖੇ ਹੀ ਸਸਕਾਰ ਕੀਤਾ ਅਤੇ ਫਿਰ ਭਾਈ ਬਾਲਾ ਸਮੇਤ ਵਾਪਸ ਰਾਏ ਭੋਇ ਦੀ ਤਲਵੰਡੀ ਆ ਗਏ।
ਗੁਰੂ ਜੀ ਨੇ ਭਾਈ ਬਾਲੇ ਨੂੰ ਭੇਜ ਕੇ ਭਾਈ ਮਰਦਾਨੇ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਤਾਂ ਭਾਈ ਮਰਦਾਨੇ ਦਾ ਪੁੱਤਰ ਸ਼ਹਿਜਾਦਾ ਗੁਰੂ ਜੀ ਕੋਲ ਆਇਆ ਤਾਂ ਉਹਨਾਂ ਸ਼ਹਿਜਾਦੇ ਨੂੰ ਦੱਸਿਆ ਕਿ ਭਾਈ ਮਰਦਾਨੇ ਦੀ ਇੱਛਾ ਸੀ ਕਿ ਉਸਦਾ ਸਸਕਾਰ ਕੀਤਾ ਜਾਵੇ ਤਾਂ ਜੋ ਉਸਦੀ ਮੁਕਤੀ ਹੋ ਜਾਵੇ ਅਤੇ ਉਹ ਧਰਤੀ ਵਿੱਚ ਦੱਬਿਆ ਹੀ ਨਾ ਰਹਿ ਜਾਵੇ। ਇਸ ਲਈ ਉਸਦੀ ਅੰਤਿਮ ਇੱਛਾ ਪੂਰੀ ਕਰਦਿਆਂ ਉਸਦਾ ਸਸਕਾਰ ਕਰ ਦਿੱਤਾ ਹੈ। ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜਾਦੇ ਨੂੰ ਸਿਰੋਪਾ ਦਿੱਤਾ ਤਾਂ ਉਸਨੇ ਆਪਣੇ ਬਾਪ ਦੇ ਸਸਕਾਰ ਵਾਲੇ ਸਥਾਨ ‘ਤੇ ਜਾਣ ਦੀ ਇੱਛਾ ਜ਼ਾਹਰ ਕੀਤੀ।
ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਸ਼ਹਿਜਾਦੇ ਸਮੇਤ ਲਾਹੌਰ, ਸ਼ਾਹਦਰਾ, ਸਿਆਲਕੋਟ, ਤਿਲੁੰਬਾ ਆਦਿ ਸ਼ਹਿਰਾਂ ਵਿਚਦੀ ਹੁੰਦੇ ਹੋਏ ਖੁਰਮ ਪਹੁੰਚੇ। ਸ਼ਹਿਜਾਦੇ ਨੇ ਆਪਣੇ ਪਿਤਾ ਭਾਈ ਮਰਦਾਨੇ ਦੀ ਮੜ੍ਹੀ ਨੂੰ ਨਤਮਸਤਕ ਕੀਤਾ ਤਾਂ ਗੁਰੂ ਜੀ ਨੇ ਸ਼ਹਿਜਾਦੇ ਨੂੰ ਕਿਹਾ ਕਿ ਇਹ ਭਾਈ ਮਰਦਾਨੇ ਦਾ ਅੰਤਿਮ ਅਸਥਾਨ ਹੈ, ਇਸ ਲਈ ਤੂੰ ਆਪਣੇ ਪਰਿਵਾਰ ਸਮੇਤ ਇੱਥੇ ਰਹਿਣ ਲੱਗ ਪਓ, ਹੁਣ ਮਰਦਾਨੇ ਦੀ ਥਾਂ ਤੇਰੀ ਮੰਜੀ ਹੋਵੇਗੀ। ਗੁਰੂ ਜੀ ਨੇ ਉਸ ਨੂੰ ਵਚਨ ਦਿੱਤਾ ਕਿ ਅਸੀਂ ਤੇਰੇ ਅੰਗ ਸੰਗ ਰਹਾਂਗੇ। ਜਦੋਂ ਤੂੰ ਯਾਦ ਕਰੇਂਗਾ। ਅਸੀਂ ਹਾਜ਼ਰ ਹੋਵਾਂਗੇ। ਸ਼ਹਿਜਾਦੇ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉੱਥੇ ਰਹਿਣ ਦਾ ਭਰੋਸਾ ਦਿੱਤਾ। ਕੁਝ ਇਤਿਹਾਸਕਾਰ ਭਾਈ ਮਰਦਾਨੇ ਦੀ ਮੌਤ ਦਾ ਸਥਾਨ ਕਰਤਾਰਪੁਰ ਅਤੇ ਕੁਝ ਬਗਦਾਦ ਨੂੰ ਵੀ ਮੰਨਦੇ ਹਨ।
ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਸ਼ਹਿਜਾਦਾ ਵੀ ਆਪਣੇ ਪਿਤਾ ਵਾਂਗ ਰਬਾਬ ਦਾ ਮਾਹਰ ਬਣਿਆ। ਇਸ ਉਪਰੰਤ ਪੀੜ੍ਹੀ ਦਰ ਪੀੜ੍ਹੀ ਭਾਈ ਮਰਦਾਨੇ ਦਾ ਬੰਸ ਗੁਰਬਾਣੀ ਦਾ ਕੀਰਤਨ ਕਰਦਾ ਆ ਰਿਹਾ ਹੈ ਅਤੇ ਇਸ ਬੰਸ ਦੇ ਕੀਰਤਨੀਆਂ ਤੋਂ ਕੀਰਤਨ ਪਰਵਾਹ ਸੁਣਦਿਆਂ ਸਿੱਖ ਸੰਗਤਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦੇ ਰੂਹਾਨੀ ਦਰਸ਼ਣ ਕਰਦੀਆਂ ਹਨ। ਅੱਜ ਕੱਲ੍ਹ ਇਸ ਬੰਸ ਦੀ 17ਵੀਂ ਪੀੜ੍ਹੀ ਵਿੱਚੋਂ ਅਸਿਕ ਅਲੀ ਜੋ ਭਾਈ ਲਾਲ ਜੀ ਦੇ ਨਾਂ ਨਾਲ ਪ੍ਰਸਿੱਧ ਹਨ, ਆਪਣੀ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਈ ਨੂੰ ਕੀਰਤਨ ਨਾਲ ਨਿਹਾਲ ਕਰ ਰਹੇ ਹਨ। ਸਮੁੱਚੀ ਸਿੱਖ ਕੌਮ ਭਾਈ ਮਰਦਾਨਾ ਅਤੇ ਉਸਦੇ ਪਰਿਵਾਰ ਦਾ ਬਹੁਤ ਸਤਿਕਾਰ ਕਰਦੀ ਹੈ।

 

Related Articles

Latest Articles