ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਸੱਥ ਵੱਲ ਨੂੰ ਤੁਰੇ ਆਉਂਦੇ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਵੇਖ ਕੇ ਤਾਸ਼ ਖੇਡਦਿਆਂ ਕੋਲ ਬੈਠੇ ਨਾਥੇ ਅਮਲੀ ਨੇ ਨਾਲ ਬੈਠੇ ਬਾਬੇ ਅਤਰ ਸਿਉਂ ਨੂੰ ਪੁੱਛਿਆ, ”ਆਹ ਡੱਡ ਭੂਕੜੀ ਕਿੱਧਰੋਂ ‘ਕੱਠੀ ਹੋਈ ਆਉਂਦੀ ਐ ਬਾਬਾ। ਇਹ ਤਾਂ ਆਂਏਂ ‘ਕੱਠੇ ਹੋਏ ਆਉਂਦੇ ਐ ਜਿਮੇਂ ਵੋਟਾਂ ਮੰਗਣ ਵੇਲੇ ਬੌਂਗਿਆਂ ਦਾ ਰੇਸ਼ਮ ਬੰਦੇ ‘ਕੱਠੇ ਕਰੀ ਘਰ ਘਰ ਤੁਰਿਆ ਫਿਰਦਾ ਸੀ ਤਖਤੇ ਭੰਨਦਾ ਜਿਮੇਂ ਭੁੱਖਾ ਸਾਨ੍ਹ ਘਰਾਂ ‘ਚ ਢੁੱਡਾਂ ਮਾਰਦਾ ਹੁੰਦੈ। ਜਿਹੜੇ ਨਾਲ ਫਿਰਦੇ ਸੀ ਉਨ੍ਹਾਂ ‘ਚੋਂ ਅੱਧਿਉਂ ਵਾਲਿਆਂ ਦੀਆਂ ਤਾਂ ਵੋਟਾਂ ਮਨ੍ਹੀ ਸੀ। ਓਮੇਂ ਈਂ ਇਹ ਕੋਈ ਦੌਰਾ ਜਾ ਕਰਨ ਤੁਰ ਪੇ।”
ਸੀਤਾ ਮਰਾਸੀ ਕਹਿੰਦਾ, ”ਉਦੋਂ ਓਹਦੇ ਨਾਲ ਵੋਟਾਂ ਆਲੇ ਘੱਟ ਸੀ ਖਾਣ ਪੀਣ ਆਲੇ ਬਾਹਲ਼ੇ ਸੀ। ਇਹ ਤਾਂ ਪਿੰਡ ਦਾ ਕੋਈ ਕੰਮ ਧੰਦਾ ਸੰਮਾਰਨ ਨੂੰ ਬਾਸ਼ ‘ਕੱਠੀ ਕਰਦੇ ਲੱਗਦੇ ਐ।”
‘ਕੱਠ ‘ਚ ਮੂਹਰੇ ਤੁਰੇ ਆਉਂਦੇ ਵੱਡੇ-ਵੱਡੇ ਢਿੱਡਾਂ ਵਾਲਿਆਂ ਨੂੰ ਵੇਖ ਕੇ ਨਾਥਾ ਅਮਲੀ ਕਹਿੰਦਾ, ”ਆਹ ਜਿਹੜੇ ਮੂਹਰੇ ਘਮਿਆਰ ਦੀ ਆਵੀ ਜਿੱਡੀਆਂ-ਜਿੱਡੀਆਂ ਗੋਗੜਾਂ ਕੱਢੀ ਆਉਂਦੇ ਐ, ਇਨ੍ਹਾਂ ਤੋਂ ਆਵਦੇ ਢਿੱਡ ਤਾਂ ਘਟੇ ਨ੍ਹੀ, ਪਿੰਡ ਦਾ ਕੀ ਸਮਾਰ ਦੇਣਗੇ ਇਹੇ।”
ਮਾਹਲਾ ਨੰਬਰਦਾਰ ਕਹਿੰਦਾ, ”ਢਿੱਡ ਘਟਾਉਣ ਨੂੰ ਕਿਹੜਾ ਫਰੋਜਪੁਰ ਜਾਣਾ ਪੈਣੈ ਬਈ ਓਦੂੰ ਉਰ੍ਹਾਂ ਕੋਈ ਵੈਦ ਈ ਨ੍ਹੀ ਹੈ। ਦਸ ਵੀਹ ਦਿਨ ਦੌੜ ਦੂੜ ਲਾਉਣ, ਢਿੱਡ ਤਾਂ ਭੁੰਜੇ ਇਉਂ ਬਹਿ ਜੂ ਜਿਮੇਂ ਪਾਣੀ ਛਿੜਕੇ ਤੋਂ ਸਮੁੰਦਰੀ ਝੱਗ ਦਾ ਨ੍ਹੀ ਪਤਾ ਲੱਗਦਾ ਹੁੰਦਾ ਬਈ ਏਥੇ ਕੀ ਸੀ। ਨਾਲ ਕਸਰਤਾਂ ਵੀ ਕਰੀ ਜਾਣ, ਫੇਰ ਵੇਖੀ ਪਿਚਕਿਆਂ ਦੇ ਟੱਬਰ ਅਰਗੇ ਨਾ ਸਰੀਰ ਹੋ ਗੇ ਤਾਂ।”
ਸੀਤਾ ਮਰਾਸੀ ਕਹਿੰਦਾ, ”ਜੇ ਢਿੱਡ ਬਾਹਲੇ ਘਟ ਗੇ ਫੇਰ ਤਾਂ ਕਿਤੇ ਇਉਂ ਨਾ ਲੱਗਣ ਲੱਗ ਜਾਣ ਜਿਮੇਂ ਕੇਲੇ ਦੀ ਛੱਲੀ ਮਿੱਧ ਕੇ ਸਿੱਟੀ ਹੁੰਦੀ ਐ। ਰਹਿਣ ਦੇ ਤੂੰ ਐਹੋ ਜੀ ਸਲਾਹ ਦੇਣ ਨੂੰ। ਇਹੋ ਜਿਆਂ ਦੀਆਂ ਤਾਂ ਗੋਗੜਾਂ ਪੈਂਦੀਆਂ ਈਂ ਚੰਗੀਆਂ ਲੱਗਦੀਐਂ।
ਨਾਥਾ ਅਮਲੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਕਹਿੰਦਾ, ”ਕੀ ਗੱਲਾਂ ਕਰਦੈਂ ਨੰਬਰਦਾਰਾ ਤੂੰ। ਢਿੱਡ ਤੇ ਕਰਜਾ ਘਟਾਉਣਾ ਕਿਤੇ ਸੌਖੀ ਗੱਲ ਐ ਕੋਈ। ਸਭ ਤੋਂ ਔਖਾ ਕੰਮ ਤਾਂ ਇਹੀ ਐ। ਇਹ ਗੋਗੜਾਂ ਜੀਆਂ ਆਲਿਆਂ ਤੋਂ ਸਿੱਧਾ ਤਾਂ ਤੁਰਿਆਂ ਨ੍ਹੀ ਜਾਂਦਾ, ਦੌੜ ਕਿੱਥੋਂ ਲਾ ਲੈਣ ਗੇ ਇਹੇ ਮਿਲਖੇ ਦੇ ਚਾਚੇ। ਤੁਰਦੇ ਤਾਂ ਵੇਖ ਜਿਮੇਂ ਕੁੱਕੜ ਦੇ ਪੈਰਾਂ ‘ਚ ਸਣ ਫਸੀ ਹੁੰਦੀ ਐ। ਦੌੜ ਲਾ ਲੈਣਗੇ ਇਹੇ ਜਿਮੇਂ ਗਾਹਾਂ ਖੱਬਿਆਂ ਆਲੇ ਪ੍ਰਸਿੰਨੇ ਦੇ ਸਾਲੇ ਹੁੰਦੇ ਐ।”
ਸੀਤਾ ਮਰਾਸੀ ‘ਕੱਠ ‘ਚ ਮੂਹਰੇ ਤੁਰੇ ਆਉਂਦੇ ਜੱਭਲਾਂ ਦੇ ਕੰਤੇ ਮਾਸਟਰ ਨੂੰ ਵੇਖ ਕੇ ਕਹਿੰਦਾ, ”ਆਹ ਜੰਗੇ ਜੱਭਲ ਕਾ ਮਾਹਟਰ ਵੀ ਇਨ੍ਹਾਂ ‘ਚ ਰਲਿਆ ਆਉਂਦੈ। ਇਹ ਤਾਂ ਬਈ ਕੋਈ ਵੱਡੀਉ ਈ ਗੱਲ ਲੱਗਦੀ ਐ।”
ਨਾਥਾ ਅਮਲੀ ਬੋਲਿਆ, ”ਵੱਡੀ ਗੱਲ ਨੂੰ ਇਹ ਗਾਹਾਂ ਟੈਂਕ ਖਰੀਦਣ ਚੱਲੇ ਐ। ਕਿਸੇ ਨਾ ਕਿਸੇ ਦੀ ਫਸਲ ‘ਚ ਕਿਸੇ ਦੇ ਪਸੂ ਵੜ ਗੇ ਹੋਣੇ ਐਂ ਜਾਂ ਕਿਸੇ ਨੇ ਚੋਰੀਉਂ ਪੱਠੇ ਵੱਢ ਲੇ ਹੋਣੇ ਐ ਹੋਰ ਕਿਤੇ ਕੋਈ ਬਰਮ੍ਹਾਂ ਦੀ ਜੰਗ ਜਿੱਤ ਆਇਆ ਬਈ ਉਹਦੇ ਹਾਰ ਪਾਉਣ ਜਾਂਦੇ ਐ। ਸਭ ਵੇਹਲੜ ‘ਕੱਠੇ ਹੋਏ ਵੇ ਐ।”
ਏਨੇ ਚਿਰ ਨੂੰ ਜਿਉਂ ਹੀ ਇਕੱਠ ਵਾਲੇ ਸੱਥ ਕੋਲ ਦੀ ਲੰਘੇ ਤਾਂ ਬਾਬੇ ਅਤਰ ਸਿਉਂ ਦੇ ਨਾਲ ਬੈਠੇ ਸੂਬੇਦਾਰ ਭਜਨ ਸਿਉਂ ਨੇ ਮੂਹਰੇ ਤੁਰੇ ਜਾਂਦੇ ਕਰਤਾਰ ਸਿਉਂ ਮਿਸਤਰੀ ਨੂੰ ਉੱਚੀ ਆਵਾਜ਼ ਮਾਰ ਕੇ ਪੁੱਛਿਆ, ”ਕਰਤਾਰ ਸਿਆਂ! ਇਹ ਕਾਹਦਾ ‘ਕੱਠ ਜਾ ਕਰੀ ਫਿਰਦੇ ਐਂ। ਖੈਰ ਸੁੱਖ ਐ?”
ਕਰਤਾਰ ਸਿਉਂ ਮਿਸਤਰੀ ਤਾਂ ਬੋਲਿਆ ਨਾ, ਪਰ ਨਾਲ ਤੁਰਿਆ ਜਾਂਦਾ ਭੌਦੂਆਂ ਦਾ ਕੇਵਲ ਮਾਸਟਰ ਕਹਿੰਦਾ, ”ਬਜਰੰਗੇ ਕੀ ਮੱਝ ਨੇ ਸੱਤ ਲੱਤਾਂ ਆਲੀ ਕੱਟੀ ਦਿੱਤੀ ਐ ਉਹ ਵੇਖਣ ਚੱਲੇ ਆਂ।”
ਏਨੀ ਗੱਲ ਕਰਕੇ ਉਹ ਬੰਦਿਆਂ ਦਾ ਢਾਣਾ ਤਾਂ ਸੱਥ ਕੋਲ ਦੀ ਗਾਹਾਂ ਲੰਘ ਗਿਆ ਤੇ ਨਾਥੇ ਅਮਲੀ ਨੇ ਫਿਰ ਧਰ ਲਈ ਸੂਈ। ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਸੁਣ ਲਿਆ ਬਾਬਾ, ਮੱਝ ਬਜਰੰਗੇ ਪਰਸੋਂ ਸੂਈ ਸੀ, ਕੱਲ੍ਹ ਕੱਟੀ ਮਰ ਵੀ ਗਈ। ਅੱਜ ਇਹ ਢਾਣਾ ਬੰਨ੍ਹ ਕੇ ਤੁਰ ਪੇ, ਜਿਮੇਂ ਗਾਹਾਂ ਕੱਟੀ ਦੀ ਰੋਪਣਾ ‘ਤੇ ਜਾਂਦੇ ਹੁੰਦੇ ਐ। ਨਾਲੇ ਸੱਤ ਲੱਤਾਂ ਆਲੀ ਤਾਂ ਕੋਈ ਗੱਲ ਮਨ੍ਹੀ ਸੀ।”
ਸੱਥ ‘ਚ ਬੈਠਾ ਦਲਬਾਰੇ ਮੈਂਬਰ ਦਾ ਮੁੰਡਾ ਕਹਿੰਦਾ, ”ਕਹਿੰਦੇ ਤਾਂ ਹੁੰਦੇ ਐ ਬਈ ਛੋਟੇ ਪਿੰਡ ਦੀ ਛੋਟੀਓ ਈ ਮੱਤ ਹੁੰਦੀ ਐ। ਲੈ ਦੱਸ! ਅਕੇ ਸੱਤ ਲੱਤਾਂ ਆਲੀ ਕੱਟੀ ਵੇਖਣ ਚੱਲੇ ਆਂ। ਕੱਟੀਓ ਈ ਦਿੱਤੀ ਐ ਮੱਝ ਨੇ ਕਿਤੇ ਗਧਾ ਤਾਂ ਨ੍ਹੀ ਸੂਅ ਪਿਆ। ਨਾਲੇ ਜਿਹੜੇ ਆਹ ਅਣਪੜ੍ਹ ਬੰਦੇ ਐ, ਇਨ੍ਹਾਂ ਦੀ ਤਾਂ ਚੱਲ ਕੀ ਗੱਲ ਕਰਨੀ ਐ, ਆਪਣੇ ਪਿੰਡ ਦੇ ਤਾਂ ਮਾਹਟਰਾਂ ਨੂੰ ਵੀ ਭੋਰਾ ਅਕਲ ਨ੍ਹੀ ਲੱਗਦੀ ਜਿਹੜੇ ਆਹ ‘ਕੱਠ ‘ਚ ਮੂਹਰੇ ਲੱਗ ਕੇ ਤੁਰੇ ਜਾਂਦੇ ਐ।”
ਬਾਬਾ ਅਤਰ ਸਿਉਂ ਕਹਿੰਦਾ, ”ਨਹੀਂ ਯਾਰ, ਫਿਰ ਵੀ ਤਾਂ ਜੁਆਕਾਂ ਨੂੰ ਪੜ੍ਹਾਉਣ ਜਾਂਦੇ ਐ ਸਕੂਲ। ਬਿਨਾਂ ਅਕਲੋਂ ਕੀ ਪੜ੍ਹਾਦੂ ਕੋਈ।”
ਨਾਥਾ ਅਮਲੀ ਬੋਲਿਆ ਫਿਰ ਮਾਸਟਰਾਂ ਦੀ ਗੱਲ ਚਲਦੀ ਤੋਂ।
ਬਾਬੇ ਅਤਰ ਸਿਉਂ ਨੂੰ ਕਹਿੰਦਾ, ”ਤੂੰ ਕਹਿਣੈ ਬਾਬਾ ਇਨ੍ਹਾਂ ਆਪਣੇ ਪਿੰਡ ਆਲੇ ਮਾਹਟਰਾਂ ਨੂੰ ਬਾਹਲ਼ੀ ਅਕਲ ਐ। ਲੈ ਸੁਣ ਫਿਰ ਇਨ੍ਹਾਂ ਦੀ ਅਕਲ ਦੀ ਗੱਲ। ਆਹ ਜਿਹੜਾ ਆਪਣੇ ਗੁਆੜ ਆਲਾ ਰੁਲਦੂ ਮਾਹਟਰ ਐ, ਇਹ ਪਹਿਲੇ ਦਿਨ ਮੂੰਹ ਨੇਰ੍ਹੇ ਬਰਸੀਨ ਨੂੰ ਕੱਸੀ ਦਾ ਪਾਣੀ ਲਾਉਣ ਗਿਆ ਗੁਆਂਢੀਆਂ ਦੇ ਕੇਵਲ ਕੀ ਬਰਸੀਨ ਈ ਭਰ ਆਇਆ ਕੱਸੀ ਦੇ ਪਾਣੀ ਨਾਲ। ਸੱਤ ਰੋਜੀ ਵਾਰੀ ਸੀ ਵਾਰੀ ਖਰਾਬ ਕਰ ਆਇਆ। ਆਪ ਤਾਂ ਉਠ ਗਿਆ ਸਕੂਲ, ਜਦੋਂ ਮੁੰਡੇ ਨੇ ਖੇਤ ਜਾ ਕੇ ਵੇਖਿਆ ਬਈ ਬਰਸੀਨ ਨੂੰ ਪਾਣੀ ਲਾ ‘ਤਾ ਭਾਪੇ ਨੇ ਕੁ ਨਹੀਂ। ਜਾਂਦੇ ਨੂੰ ਬਰਸੀਂ ਸੁੱਕੀ ਪਈ। ਆਵਦੀ ਬਰਸੀਨ ਨੂੰ ਤਾਂ ਪਾਣੀ ਲੱਗਿਆ ਨ੍ਹੀ, ਜੈਲੇ ਕੇ ਕੇਵਲ ਦੀ ਬਰਸੀਨ ਦੇ ਡੱਡੂ ਬਲਾ ‘ਤੇ ਬਾਹਲ਼ੀ ਅਕਲ ਆਲੇ ਨੇ।”
ਬਾਬਾ ਕਹਿੰਦਾ, ”ਇੱਕ ਅੱਧੇ ਮਾਹਟਰ ਤੋਂ ਕਿਤੇ ਹੋ ਗੀ ਹੋਣੀ ਐਂ ਕੋਈ ਮਾੜੀ ਮੋਟੀ ਉਨੀ ਇੱਕੀ, ਸਾਰੇ ਮਾਹਟਰ ਤਾਂ ਨ੍ਹੀ ਬੇਅਕਲੇ। ਨਾਲੇ ਰੁਲਦੂ ਕਿਹੜਾ ਜੱਟਾਂ ‘ਚੋਂ ਐਂ ਬਈ ਉਹਨੂੰ ਖੇਤੀ ਬਾਹੀ ਦਾ ਪਤੈ। ਉਹਨੇ ਤਾਂ ਮਾਮਲੇ ‘ਤੇ ਲਈਆਂ ਸੀ ਚਾਰ ਕਨਾਲਾਂ। ਉਹਦੀ ਕਿਹੜਾ ਜੱਦੀ ਪੁਸਤੀ ਜਮੀਨ ਸੀ।”
ਬਾਬੇ ਅਤਰ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਭੁੱਖੀ ਬਾਂਦਰੀ ਵਾਂਗੂੰ ਪੈ ਨਿੱਕਲਿਆ। ਬਾਬੇ ਦੀ ਬਾਂਹ ਝੰਜੋੜ ਕੇ ਕਹਿੰਦਾ, ”ਕਿਉਂ ਨ੍ਹੀ ਮੰਨਦਾ ਹੁੰਦਾ ਬਾਬਾ ਤੂੰ ਗੱਲ। ਚੱਲ ਰੁਲਦੂ ਨੂੰ ਤਾਂ ਛੱਡ ਬਈ ਉਹ ਜੱਟਾਂ ‘ਚੋਂ ਨ੍ਹੀ, ਤੇ ਜਿਹੜਾ ਸੁਰਜਨ ਕਾ ਪਾਲਾ ਮਾਹਟਰ ਐ, ਉਹ ਤਾਂ ਜੱਟ ਐ ਨਾਹ। ਨਾਲੇ ਵੀਹ ਬਾਈ ਕਿੱਲੇ ਜਮੀਨ ਐ। ਪੂਰੀ ਸਿਰੇ ਦੀ ਖੇਤੀ ਕਰਦੇ ਐ ਪਿੰਡ ‘ਚੋਂ। ਉਹਦੀ ਸੁਣ ਲਾ। ਪਾਲੇ ਦੇ ਵੱਡੇ ਭਰਾ ਛਨੱਤਰ ਨੇ ਕਿਤੇ ਕੰਮ ਧੰਦੇ ਬਾਹਰ ਜਾਣਾ ਸੀ। ਉਹ ਪਾਲੇ ਨੂੰ ਜਾਂਦਾ ਜਾਂਦਾ ਕਹਿੰਦਾ ‘ਅੱਜ ਤਾਂ ਮਾਹਟਰ ਤੈਨੂੰ ਐਤਵਾਰ ਦੀ ਛੁੱਟੀ ਹੋਣੀ ਐਂ, ਤੂੰ ਆਪਣੀ ਮੈਰੇ ਆਲੀ ਮੋਟਰ ਚਲਾ ਕੇ ਕਣਕ ਦੇ ਜਿਹੜੇ ਦੋ ਕਿਆਰੇ ਰਹਿੰਦੇ ਐ ਪਾਣੀ ਲੱਗਣ ਆਲੇ ਉਨ੍ਹਾਂ ਨੂੰ ਪਾਣੀ ਲਾ ਦੀਂ। ਛਨੱਤਰ ਤਾਂ ਬਾਬਾ ਉਠ ਗਿਆ ਤੇ ਪਾਲਾ ਮਾਹਟਰ ਖੇਤ ਨੂੰ ਚਲਾ ਗਿਆ। ਪਾਲੇ ਨੇ ਬਾਬਾ ਜਾ ਕੇ ਮੋਟਰ ਚਲਾ ਲੀ। ਜਦੋਂ ਮੋਟਰ ਦਾ ਪਾਣੀ ਖਾਲ ‘ਚ ਪੈਣ ਲੱਗ ਪਿਆ, ਪਾਲੇ ਮਾਹਟਰ ਨੇ ਵੀ ਖਾਲ ‘ਤੇ ਗੇੜਾ ਮਾਰਨਾ ਸ਼ੁਰੂ ਕਰ ‘ਤਾ। ਸੁਣਦੈਂ ਬਾਬਾ? ਤੂੰ ਅਕਲ ਦੀ ਗੱਲ ਕਰਦੈਂ ਮੈਂ ਤੈਨੂੰ ਬੇਅਕਲੀ ਗੱਲ ਦੱਸਦਾਂ। ਬੇਅਕਲੇ ਮਾਹਟਰ ਨੇ ਖਾਲ ‘ਚੋਂ ਕਿਸੇ ਕਿਆਰੇ ‘ਚ ਨੱਕਾਂ ਤਾਂ ਕੀਤਾ ਨਾ, ਜਦੋਂ ਪਾਣੀ ਖਾਲ ਦੇ ਕਨਾਰਿਆਂ ਨੂੰ ਲੱਗਣ ਆਲਾ ਹੋ ਗਿਆ, ਮਾਹਟਰ ਨਾਲੇ ਤਾਂ ਖਾਲ ‘ਤੇ ਮਿੱਟੀ ਪਾਈ ਜਾਵੇ ਨਾਲੇ ਕਹੀ ਜਾਵੇ ‘ਬਈ ਮੋਟਰ ਦਾ ਪਾਣੀ ਬਹੁਤ ਬਾਹਲ਼ਾ। ਖਾਲ ਤੋਂ ਪਾਣੀਉਂ ਈਂ ਨ੍ਹੀ ਝੱਲ ਹੁੰਦਾ’। ਪਾਣੀ ਬੜੀ ਤੇਜੀ ਨਾਲ ਤਾਹਾਂ ਚੜ੍ਹਦਾ ਜਾਵੇ, ਮਾਹਟਰ ਕਮਲਾ ਹੋਇਆ ਕਾਹਲੀ ਕਾਹਲੀ ਖਾਲ ‘ਤੇ ਮਿੱਟੀ ਤੇ ਮਿੱਟੀ ਚੜ੍ਹਾਈ ਜਾਵੇ। ਕਾਹਲੀ ਕਰਦੇ ਹਰਫਲੇ ਹੋਏ ਮਾਹਟਰ ਦੀ ਪੱਗ ਲਹਿ ਕੇ ਖਾਲ ਦੇ ਪਾਣੀ ‘ਚ ਡਿੱਗ ਕੇ ਇਉਂ ਤਰੀ ਫਿਰੇ ਜਿਮੇਂ ਨਹਿਰ ਦੇ ਪਾਣੀ ‘ਚ ਪੇਂਦੂ ਬੇਰਾਂ ਆਲੀ ਟੋਕਰੀ ਤਰੀ ਜਾਂਦੀ ਹੋਵੇ। ਮਾਹਟਰ ਦਾ ਸਾਹ ਨਾਲ ਸਾਹ ਨਾ ਰਲੇ।
ਕਹੀ ਜਾਵੇ ‘ਐਨਾ ਪਾਣੀ ਮੋਟਰ ਦਾ, ਧੰਨ ਐਂ ਯਾਰ ਜਿਹੜੇ ਨਿੱਤ ਸਾਂਭਦੇ ਐ’। ਜੇ ਤਾਂ ਕਿਆਰੇ ‘ਚ ਨੱਕਾ ਕੀਤਾ ਹੁੰਦਾ ਤਾਂ ਪਾਣੀ ਨਾ ਚੜ੍ਹਦਾ। ਬੇਅਕਲੇ ਨੇ ਕਿਸੇ ਕਿਆਰੇ ‘ਚ ਨੱਕਾ ਕੀਤਾ ਨਾ, ਪਾਣੀ ਨੂੰ ਕਹੀ ਜਾਵੇ ਬਈ ਮੋਟਰ ਦਾ ਪਾਣੀ ਬਲ਼ਾ ਬਾਹਲ਼ਾ। ਜਦੋਂ ਬਾਬਾ ਪਾਣੀ ਨਾ ਸੰਭਿਆ, ਹਾਰਕੇ ਮੋਟਰ ਬੰਦ ਕਰਕੇ ਬਹਿ ਗਿਆ। ਓਧਰੋਂ ਕਿਤੇ ਪ੍ਰਤਾਪਾ ਭਾਊ ਨੰਘਿਆ ਜਾਂਦਾ ਸੀ। ਜਦੋਂ ਭਾਊ ਨੇ ਮਾਹਟਰ ਨੂੰ ਵੇਖਿਆ ਬਈ ਇਹ ਕਿਮੇਂ ਬੈਠਾ ਅੱਜ ਖੇਤ।
ਭਾਊ ਨੇ ਮਾਹਟਰ ਨੂੰ ਪੁੱਛਿਆ ‘ਅੱਜ ਕਿਮੇਂ ਮਾਹਟਰ ਸਾਹ ਚੜ੍ਹਾਇਆ’? ਅਕੇ ਮਾਹਟਰ ਕਹਿੰਦਾ ‘ਕੀ ਦੱਸਾਂ ਭਾਊ, ਪਾਣੀ ਛੱਡਿਆ ਸੀ ਖਾਲ ‘ਚ, ਮੋਟਰ ਦਾ ਪਾਣੀ ਬਾਹਲ਼ਾ, ਖਾਲ ਪਾਣੀ ਝੱਲਦਾ ਨ੍ਹੀ ਥਾਂ-ਥਾਂ ਤੋਂ ਖਾਲ ਟੁਟੂੰ ਟੁਟੂੰ ਕਰਦਾ। ਮੈਂ ਤਾਂ ਖਾਲ ਦੀਆਂ ਵੱਟਾਂ ‘ਤੇ ਪਾ ਪਾ ਮਿੱਟੀ ਭੜੀਆਂ ਬੰਨ੍ਹ ‘ਤੀਆਂ, ਪਾਣੀ ਫੇਰ ਵੀ ਚੜ੍ਹਦਾ ਈ ਤੁਰਿਆ ਗਿਆ, ਹਾਰ ਕੇ ਮੋਟਰ ਈ ਬੰਦ ਕਰ ‘ਤੀ। ਜਦੋਂ ਭਾਊ ਨੇ ਵੇਖਿਆ ਬਈ ਨੱਕਾ ਤਾਂ ਕਿਸੇ ਕਿਆਰੇ ‘ਚ ਕੀਤਾ ਨ੍ਹੀ ਪਾਣੀ ਤਾਂ ਚੜ੍ਹਣਾ ਈਂ ਸੀ। ਭਾਊ ਮਾਹਟਰ ਨੂੰ ਕਹਿੰਦਾ, ਓਏ ਕਮਲਿਆ ਲਾਣਿਆਂ, ਕਿਸੇ ਕਿਆਰੇ ‘ਚ ਨੱਕਾ ਕਰਕੇ ਪਾਣੀ ਤਾਂ ਪੈਂਦਾ ਕਰ। ਨੱਕੇ ਤਾਂ ਸਾਰੇ ਬੰਦ ਕਰੀ ਬੈਠੈਂ, ਪਾਣੀ ਨੇ ਚੜ੍ਹਣਾ ਈਂ ਐਂ ਹੋਰ ਕੀ ਕਰੇ’। ਭਾਊ ਨੇ ਨੱਕਾ ਕਰਾ ਕੇ ਮੋਟਰ ਚਲਵਾਈ। ਆਂਏਂ ਪਾਲੇ ਮਾਹਟਰ ਦੀ ਕਹਾਣੀ ਐਂ। ਤੂੰ ਕਹੀ ਜਾਨੈਂ ਅਕੇ ਮਾਹਟਰ ਬੇਅਕਲੇ ਨ੍ਹੀ। ਨਹੀਂ ਹੋਣਗੇ, ਪਰ ਆਪਣੇ ਪਿੰਡ ਆਲੇ ਦੋ ਮਾਹਟਰਾਂ ਦੀ ਤਾਂ ਤੈਨੂੰ ਸਣਾ ‘ਤੀ, ਹਜੇ ਦੂਜਿਆਂ ਦਾ ਪਤਾ ਨ੍ਹੀ ਖੇਤ ਜਾ ਕੇ ਕੀ ਚੰਦ ਚੜ੍ਹਾਉਂਦੇ ਹੋਣਗੇ?”
ਗੱਲਾਂ ਕਰੀ ਜਾਂਦਿਆਂ ਤੋਂ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ‘ਜ਼ਿਆਦਾ ਮੀਂਹ ਪੈਣ ਕਾਰਨ ਜਿਹੜਾ ਆਪਣੇ ਪਿੰਡ ਕੋਲ ਦੀ ਸੂਆ ਲੰਘਦੈ, ਉਹਦਾ ਪਾਣੀ ਚੜ੍ਹਦਾ ਜਾਂਦੈ। ਜਿੱਥੋਂ ਕਿਤੋਂ ਸੂਏ ਦੀ ਪਟੜੀ ਮਾੜੀ ਐ ਜਾਂ ਨੀਮੀਂ ਐਂ ਉੱਥੇ ਮਿੱਟੀ ਪਾਉ ਜਾ ਕੇ। ਘਰ-ਘਰ ਦਾ ਬੰਦਾ ਖਾਲੀ ਬੋਰੀਆਂ ਲੈ ਕੇ ਸੂਏ ‘ਤੇ ਪਹੁੰਚੋ ਤਾਂ ਕਿ ਸੂਆ ਟੁੱਟਣ ਤੋਂ ਬਚਾਇਆ ਜਾ ਸਕੇ’। ਹੋਕਾ ਸੁਣਕੇ ਨਾਥਾ ਅਮਲੀ ਕਹਿੰਦਾ,
”ਪਾਲੇ ਮਾਹਟਰ ਨੂੰ ਘੱਲੋ, ਉਹਨੂੰ ਬਾਹਵਾ ਵੱਲ ਜਾ ਪਾਣੀ ਬੰਨ੍ਹਣ ਦਾ।” ਹੋਕਾ ਸੁਣਦੇ ਸਾਰ ਹੀ ਨਾਥੇ ਅਮਲੀ ਦੀ ਗੱਲ ਤੋਂ ਹੱਸਦੇ-ਹੱਸਦੇ ਸਾਰੇ ਸੱਥ ਵਾਲੇ ਸੱਥ ‘ਚੋਂ ਉੱਠ ਕੇ ਸੂਏ ਵੱਲ ਨੂੰ ਚੱਲ ਪਏ। ਤੇ ਸੱਥ ਇੱਕਦਮ ਖਾਲੀ ਹੋ ਗਈ।