1.4 C
Vancouver
Saturday, January 18, 2025

ਮਨੁੱਖੀ ਜੀਵਨ ਤੇ ਮਾਨਸਿਕ ਤਣਾਅ

 

 

ਲੇਖਕ : ਪ੍ਰੋ. ਗੁਰਵੀਰ ਸਿੰਘ ਸਰੌਦ
ਸੰਪਰਕ : 94179-71451
ਮਨੁੱਖ ਮੁੱਢ ਕਦੀਮ ਤੋਂ ਆਪਣੀ ਜੀਵਨਸ਼ੈਲੀ ਨੂੰ ਸੁਖਦਾਈ ਬਣਾਉਣ ਹਿੱਤ ਯਤਨਸ਼ੀਲ ਰਿਹਾ ਹੈ। ਅੱਜ ਮਨੁੱਖ ਆਪਣੀਆਂ ਮੁੱਢਲੀਆਂ ਲੋੜਾਂ ਤੋਂ ਲੈ ਕੇ ਅਨੇਕਾਂ ਆਰਾਮਦਾਇਕ ਸਹੂਲਤਾਂ ਪੂਰੀਆਂ ਕਰਨ ਦੇ ਬਾਵਜੂਦ ਇਸ ਨੂੰ ਹੋਰ ਸੁਖਮਈ ਬਣਾਉਣ ਲਈ ਯਤਨਸ਼ੀਲ ਹੈ। ਇਸ ਜੱਦੋ ਜਹਿਦ ਕਾਰਨ ਮਨੁੱਖ ਦੀ ਸੁਖਦਾਇਕ ਜੀਵਨਸ਼ੈਲੀ ਮਾਨਸਿਕ ਤਣਾਅ ਕਾਰਨ ਪ੍ਰਭਾਵਿਤ ਹੋਈ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਾਨਸਿਕ ਤਣਾਅ ਨੇ ਮਨੁੱਖੀ ਜੀਵਨ ਦੁਆਲੇ ਘੇਰਾ ਪਾ ਰੱਖਿਆ ਹੈ। ਤਣਾਅ ਇੱਕ ਅਜਿਹੀ ਪਰੇਸ਼ਾਨੀ ਹੈ ਜਿਸ ਵਿੱਚ ਮਨੁੱਖ ਸੁਖਾਵਾਂ ਮਹਿਸੂਸ ਨਹੀਂ ਕਰਦਾ। ਕੋਈ ਵੀ ਕੰਮ, ਵਸਤੂ ਜਾਂ ਸੋਚ ਜਿਹੜੀ ਸਾਨੂੰ ਮਾਨਸਿਕ ਪਰੇਸ਼ਾਨੀ, ਗੁੱਸਾ ਜਾਂ ਘਬਰਾਹਟ ਦੀ ਹਾਲਤ ਵਿੱਚ ਲੈ ਜਾਵੇ, ਤਣਾਅ ਕਹਾਉਂਦੀ ਹੈ।
ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਵੱਲੋਂ ਦੇਸ਼ ਦੇ 12 ਸੂਬਿਆਂ ਵਿੱਚ ਮਾਨਸਿਕ ਸਿਹਤ ‘ਤੇ ਕੀਤੇ ਸਰਵੇਖਣ ਵਿੱਚ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਦੇਸ਼ ਦੀ ਆਬਾਦੀ ਦਾ 2.7 ਫ਼ੀਸਦੀ ਹਿੱਸਾ ਤਣਾਅ (ਡਿਪਰੈਸ਼ਨ) ਵਰਗੇ ਆਮ ਮਾਨਸਿਕ ਵਿਕਾਰ ਦਾ ਸ਼ਿਕਾਰ ਹੈ। ਜਦੋਂ ਕਿ 5.2 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਸਮੇਂ ਇਸ ਸਮੱਸਿਆ ਨਾਲ ਜੂਝ ਚੁੱਕੀ ਹੈ। ਭਾਵ ਭਾਰਤ ਦੇ 15 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਕਾਰਨ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ।
ਇਸ ਦਾ ਪ੍ਰਮੁੱਖ ਕਾਰਨ ਭਾਰਤ ਵਿੱਚ ਵੱਡੇ ਪੱਧਰ ‘ਤੇ ਹੋ ਰਹੀਆਂ ਤਬਦੀਲੀਆਂ ਹਨ। ਸ਼ਹਿਰ ਫੈਲ ਰਹੇ ਹਨ, ਆਧੁਨਿਕ ਸਹੂਲਤਾਂ ਵਧ ਰਹੀਆਂ ਹਨ, ਲੋਕ ਵੱਡੀ ਗਿਣਤੀ ਵਿੱਚ ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਛੱਡ ਨਵੇਂ ਸ਼ਹਿਰਾਂ ਵਿੱਚ ਵੱਸ ਰਹੇ ਹਨ। ਇਸ ਸਭ ਦਾ ਅਸਰ ਲੋਕਾਂ ਦੇ ਦਿਲ ਦਿਮਾਗ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਸ ਕਾਰਨ ਤਣਾਅ ਵਰਗੀਆਂ ਮੁਸ਼ਕਲਾਂ ਵਧ ਰਹੀਆਂ ਹਨ।
ਵਰਲਡ ਹੈਲਥ ਆਰਗੇਨਾਈਜੇਸ਼ਨ (ਾਂ.੍ਹ.ੌ) ਅਨੁਸਾਰ ਦੁਨੀਆ ਭਰ ਵਿੱਚ 10 ਫ਼ੀਸਦੀ ਗਰਭਵਤੀ ਔਰਤਾਂ ਤੇ 13 ਫ਼ੀਸਦੀ ਔਰਤਾਂ ਜਣੇਪੇ ਤੋਂ ਬਾਅਦ ਡਿਪਰੈਸ਼ਨ ਵਿੱਚ ਆਈਆਂ ਹਨ। ਉੱਥੇ ਹੀ ਵਿਕਾਸਸ਼ੀਲ ਦੇਸ਼ਾਂ ਵਿੱਚ ਅੰਕੜੇ ਇਸ ਤੋਂ ਉੱਪਰ ਹਨ। ਜਿਸ ਵਿੱਚ 15.6 ਫ਼ੀਸਦੀ ਗਰਭਵਤੀ, 19.8 ਫ਼ੀਸਦੀ ਔਰਤਾਂ ਜਣੇਪੇ ਤੋਂ ਬਾਅਦ ਤਣਾਅ ਵਿੱਚੋਂ ਲੰਘ ਚੁੱਕੀਆਂ ਹਨ। ਬੱਚੇ ਵੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਵਿੱਚ 0.3 ਤੋਂ 1.2 ਫ਼ੀਸਦੀ ਬੱਚੇ ਤਣਾਅ ਵਿੱਚ ਹਨ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਸਿਹਤ ਤੇ ਮਾਨਸਿਕ ਸਿਹਤ ਦੀਆਂ ਪੇਚੀਦਗੀਆਂ ਹੋਰ ਵੀ ਵਧ ਸਕਦੀਆਂ ਹਨ।
ਜਰਨਲ ਆਫ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਅਧਿਐਨ ਅਨੁਸਾਰ ਘੱਟ ਤੰਦਰੁਸਤ ਦਿਲ ਵਾਲੇ ਲੋਕਾਂ ਵਿੱਚ ਅਟੈਕ, ਸਟ੍ਰੋਕ ਜਾਂ ਕਾਰਡੀਓਵੈਸਕੂਲਰ ਬਿਮਾਰੀਆਂ ਲਈ ਮਾਨਸਿਕ ਤਣਾਅ ਵਧੇਰੇ ਜ਼ਿੰਮੇਵਾਰ ਹੁੰਦਾ ਹੈ। ਅੱਜ ਸਮਾਜ ਵਿੱਚ ਵਿਚਰਦਿਆਂ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਹੀ ਕੋਈ ਮਨੁੱਖ ਮਾਨਸਿਕ ਤਣਾਅ ਤੋਂ ਬਚਿਆ ਹੋਵੇ। ਜੇਕਰ ਮਾਨਸਿਕ ਤਣਾਅ ਦੇ ਮੁੱਖ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੁੱਖ ਕਾਰਨ ਸਾਡੀ ਜੀਵਨਸ਼ੈਲੀ ‘ਤੇ ਆਧਾਰਿਤ ਹੈ। ਅਸੀਂ ਕਿਹੋ ਜਿਹੇ ਵਾਤਾਵਰਨ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਕਿਉਂਕਿ ਜਿਹੋ ਜਿਹਾ ਅਸੀਂ ਦੇਖਦੇ ਹਾਂ, ਉਸੇ ਤਰ੍ਹਾਂ ਹੌਲੀ ਹੌਲੀ ਮਹਿਸੂਸ ਕਰਨ ਲੱਗ ਜਾਂਦੇ ਹਾਂ। ਸਮਾਜ ਵਿੱਚ ਹਰੇਕ ਪਰਿਵਾਰ ਕਿਸੇ ਨਾ ਕਿਸੇ ਤਣਾਅ ਜਾਂ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ। ਆਧੁਨਿਕਤਾ ਨਾਲ ਸਾਡੀ ਜੀਵਨਸ਼ੈਲੀ ਵਿੱਚ ਹੈਰਾਨੀਜਨਕ ਬਦਲਾਅ ਆਇਆ ਹੈ। ਜ਼ਿਆਦਾ ਸਹੂਲਤਾਂ ਦੀ ਦੌੜ ਵਿੱਚ ਵਰਤਮਾਨ ਜੀਵਨ ਡਾਵਾਂਡੋਲ ਹੋ ਰਿਹਾ ਹੈ, ਲਾਲਸਾਵਾਂ ਦੀ ਦੌੜ ਵਿੱਚ ਅਸੀਂ ਜਾਣੇ-ਅਣਜਾਣੇ ਤਣਾਅ ਦਾ ਸ਼ਿਕਾਰ ਹੋ ਰਹੇ ਹਾਂ। ਜਦੋਂ ਸਹੂਲਤਾਂ ਵਿੱਚ ਵਾਧਾ ਹੋਵੇਗਾ ਤਾਂ ਆਮਦਨ ਵਿੱਚ ਵੀ ਵਾਧਾ ਕਰਨਾ ਲਾਜ਼ਮੀ ਹੋਵੇਗਾ। ਆਮਦਨ ਦੀ ਪੂਰਤੀ ਲਈ ਆਪਣੀ ਕੰਮ ਕਰਨ ਦੀ ਸੀਮਾ ਵੀ ਵਧਾਉਣੀ ਹੋਵੇਗੀ। ਜ਼ਾਹਿਰ ਹੈ ਕਿ ਪਰਿਵਾਰਕ ਸਬੰਧਾਂ ‘ਤੇ ਪ੍ਰਭਾਵ ਪਵੇਗਾ, ਜਿਸ ਨਾਲ ਤਣਾਅ ਪੈਦਾ ਹੋਣਾ ਸੁਭਾਵਿਕ ਹੈ।
ਸੋਸ਼ਲ ਮੀਡੀਆ ਨੇ ਵੀ ਮਨੁੱਖੀ ਜੀਵਨਸ਼ੈਲੀ ਨੂੰ ਬਦਲਿਆ ਹੈ ਜਿਸ ਨਾਲ ਦੂਰ ਦੁਰਾਡੇ ਬੈਠੇ ਰਿਸ਼ਤੇਦਾਰ, ਦੋਸਤ ਮਿੱਤਰ ਮੁੱਠੀ ਵਿੱਚ ਹੋ ਗਏ ਹਨ। ਉਨ੍ਹਾਂ ਨਾਲ ਸਬੰਧ ਵੀ ਸੁਖਾਵੇਂ ਬਣ ਗਏ ਹਨ, ਪਰ ਇਹ ਸਿੱਕੇ ਦਾ ਇੱਕ ਪਾਸਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਨੇ ਪਤੀ-ਪਤਨੀ ਦੇ ਸਬੰਧ ਵਿੱਚ ਦੀਵਾਰ ਵਾਲਾ ਰੋਲ ਅਦਾ ਕੀਤਾ ਹੈ। ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਕੁਝ ਸਮਾਂ ਵਿਹਲਾ ਹੁੰਦਾ ਹੈ ਤਾਂ ਉਸ ਕੋਲ ਸਭ ਤੋਂ ਪਹਿਲੀ ਪਸੰਦ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਵਿਹਲੇ ਸਮੇਂ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਸੀ। ਜਿਸ ਨਾਲ ਕਿਸੇ ਪ੍ਰਕਾਰ ਦਾ ਤਣਾਅ ਆਪਸੀ ਗੱਲਬਾਤ ਨਾਲ ਦੂਰ ਹੋ ਜਾਂਦਾ ਸੀ, ਹੁਣ ਤਾਂ ਇੱਕ ਕਮਰੇ ਵਿੱਚ ਵੀ ਪਤੀ-ਪਤਨੀ ਆਪਣੇ ਸੋਸ਼ਲ ਮੀਡੀਆ ‘ਤੇ ਵਿਹਲਾ ਸਮਾਂ ਬਤੀਤ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਸਮਾਜ ਜਿਨ੍ਹਾਂ ਆਦਤਾਂ ਦੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਜਾਣੇ-ਅਣਜਾਣੇ ਵਿੱਚ ਅਸੀਂ ਉਨ੍ਹਾਂ ਆਦਤਾਂ ਦੇ ਕਈ ਵਾਰ ਸ਼ਿਕਾਰ ਹੋ ਜਾਂਦੇ ਹਾਂ। ਨਸ਼ਾ, ਜੂਆ, ਚੋਰੀ ਆਦਿ ਅਜਿਹੀਆਂ ਅਲਾਮਤਾਂ ਹਨ ਜੋ ਮਨੁੱਖੀ ਦਿਮਾਗ਼ ਨੂੰ ਸੋਚਣ ਤੋਂ ਦੂਰ ਕਰ ਦਿੰਦੀਆਂ ਹਨ। ਜਿਸ ਨਾਲ ਵਿਅਕਤੀ ਖ਼ੁਦ ਮੌਤ ਜਾਂ ਵੱਡੀ ਸਜ਼ਾ ਦਾ ਹੱਕਦਾਰ ਬਣ ਜਾਂਦਾ ਹੈ, ਨਾਲ ਹੀ ਪਰਿਵਾਰ ਨੂੰ ਵੀ ਬਹੁਤ ਵੱਡੇ ਦੁੱਖ ਜਾਂ ਸਮੱਸਿਆ ਵੱਲ ਧੱਕ ਦਿੰਦਾ ਹੈ। ਕੁਝ ਸਮਾਂ ਬੀਤਣ ਤੋਂ ਬਾਅਦ ਮਹਿਸੂਸ ਜ਼ਰੂਰ ਹੁੰਦਾ ਹੈ, ਪਰ ਸਮਾਂ ਬੀਤ ਜਾਣ ਤੋਂ ਬਾਅਦ ਤਾਂ ਪਛਤਵਾ ਤੇ ਤਣਾਅ ਹੀ ਪ੍ਰਾਪਤ ਹੁੰਦਾ ਹੈ।
ਭਾਵੇਂ ਅੱਜ ਪੂਰਾ ਵਿਸ਼ਵ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ, ਪਰ ਵਿਕਾਸਸ਼ੀਲ ਦੇਸ਼ਾਂ ਲਈ ਤਾਂ ਇਹ ਸਮੱਸਿਆ ਲੱਕ ਤੋੜਨ ਵਾਲੀ ਹੈ। ਇਸ ਤੋਂ ਵੱਡੀ ਗੱਲ ਜਦੋਂ ਨੌਜਵਾਨ ਵਰਗ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਅਜਿਹੇ ਸਮੇਂ ਵਿੱਚ ਸੋਚਵਾਨ ਵਿਅਕਤੀ ਮਾਨਸਿਕ ਤਣਾਅ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ?
ਇੱਕ ਸਮਾਂ ਸੀ ਜਦੋਂ ਲੋਕ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸਨ। ਕੋਈ ਦੁੱਖ ਸੁੱਖ ਦੀ ਘੜੀ ਆਉਂਦੀ ਸੀ ਤਾਂ ਆਪਸ ਵਿੱਚ ਮਿਲ ਕੇ ਵੰਡ ਲੈਂਦੇ ਸਨ। ਕਹਿੰਦੇ ਹਨ ਕਿ ਦੁੱਖ ਵੰਡਿਆਂ ਘਟ ਜਾਂਦਾ ਹੈ। ਅੱਜ ਅਸੀਂ ਇਕੱਲੇ ਪਰਿਵਾਰ ਨੂੰ ਤਰਜੀਹ ਦੇਣ ਲੱਗ ਪਏ ਹਾਂ, ਜਿਸ ਨਾਲ ਸ਼ੁਰੂ ਸ਼ੁਰੂ ਵਿੱਚ ਤਾਂ ਚੰਗਾ ਮਹਿਸੂਸ ਕਰਦੇ ਹਾਂ, ਪਰ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਇਕੱਲਾਪਣ ਮਹਿਸੂਸ ਕਰਦੇ ਹਾਂ। ਜੇਕਰ ਅਸੀਂ ਅੱਜ ਵੀ ਸਾਂਝੇ ਪਰਿਵਾਰ ਨੂੰ ਤਰਜੀਹ ਦਈਏ ਤਾਂ ਸੰਭਵ ਹੈ ਕਿ ਤਣਾਅ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।
ਵਿਸ਼ਵੀਕਰਨ ਦੇ ਦੌਰ ਵਿੱਚ ਇੱਕ ਪਾਸੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੜ੍ਹਾਈਆਂ, ਖਾਣ-ਪਾਣ ਤੇ ਰਹਿਣ-ਸਹਿਣ ਦਾ ਸਲੀਕਾ ਸਿਖਾ ਰਹੇ ਹਾਂ, ਦੂਜੇ ਪਾਸੇ ਜਦੋਂ ਸਾਡੇ ਬੱਚੇ ਅੰਤਰਰਾਸ਼ਟਰੀ ਪ੍ਰਭਾਵ ਅਧੀਨ ਆਪਣੀ ਸ਼ਖ਼ਸੀਅਤ ਵਿੱਚ ਬਦਲਾਅ ਲੈ ਕੇ ਆਉਂਦੇ ਹਨ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਫਿਰ ਔਲਾਦ ਨਾਲ ਟਕਰਾਅ ਪੈਦਾ ਹੁੰਦਾ ਹੈ। ਮਾਤਾ-ਪਿਤਾ ਤੇ ਬੱਚੇ ਤਣਾਅਗ੍ਰਸਤ ਹੁੰਦੇ ਹਨ। ਤਣਾਅ ਕੋਈ ਕੁਦਰਤ ਦੀ ਦੇਣ ਨਹੀਂ ਬਲਕਿ ਅਸੀਂ ਆਪਣੀ ਗ਼ਲਤ ਜੀਵਨਸ਼ੈਲੀ, ਲੋੜ ਤੋਂ ਜ਼ਿਆਦਾ ਲਾਲਸਾਵਾਂ, ਨਸ਼ਾ, ਚੋਰੀ ਵਰਗੀਆਂ ਬੁਰੀਆਂ ਆਦਤਾਂ, ਉੱਚੇ ਪੱਧਰ ਦਾ ਰਹਿਣ ਸਹਿਣ ਦੇ ਸੁਪਨੇ ਕਾਰਨ ਹੀ ਗ੍ਰਹਿਣ ਕੀਤਾ ਹੈ। ਹਾਂ, ਕਈ ਵਾਰ ਕੁਦਰਤੀ ਕਰੋਪੀਆਂ, ਨਾਮੁਰਾਦ ਬਿਮਾਰੀਆਂ ਵੀ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ।
ਜੇਕਰ ਸੱਚਮੁੱਚ ਅਸੀਂ ਆਪਣੇ ਤਣਾਅ ਨੂੰ ਘਟਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੀ ਜੀਵਨਸ਼ੈਲੀ ਬਦਲਣੀ ਹੋਵੇਗੀ ਕਿਉਂਕਿ ਜਿਹੋ ਜਿਹਾ ਅਸੀਂ ਦੇਖਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਉਸ ਦਾ ਪ੍ਰਭਾਵ ਸਿੱਧੇ ਤੌਰ ‘ਤੇ ਸਾਡੇ ਸਰੀਰ ‘ਤੇ ਪੈਂਦਾ ਹੈ। ਚੰਗੀਆਂ ਕਿਤਾਬਾਂ ਨਾਲ ਦੋਸਤੀ ਵੀ ਸਾਡੇ ਮਾਨਸਿਕ ਤਣਾਅ ਨੂੰ ਘਟਾਉਣ ਵਿੱਚ ਸਹਾਈ ਸਾਬਤ ਹੋ ਸਕਦੀ ਹੈ। ਜਦੋਂ ਅਸੀਂ ਸਕਾਰਾਤਮਕ, ਪ੍ਰੇਰਨਾਦਾਇਕ ਕਿਤਾਬਾਂ ਪੜ੍ਹਾਂਗੇ ਤਾਂ ਸਾਡੇ ਮਨ ਵਿੱਚ ਵਿਚਾਰ ਵੀ ਸਕਾਰਾਤਮਕ ਪੈਦਾ ਹੋਣਗੇ। ਮੋਬਾਈਲ ਫੋਨ ਦੀ ਲੋੜ ਅਨੁਸਾਰ ਵਰਤੋਂ ਨਾਲ ਵੀ ਅਸੀਂ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ। ਜਿਹੜਾ ਵਿਹਲਾ ਸਮਾਂ ਅਸੀਂ ਸੋਸ਼ਲ ਸਾਈਟਾਂ ‘ਤੇ ਬਤੀਤ ਕਰਦੇ ਹਾਂ, ਉਹ ਸਮਾਂ ਅਸੀਂ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ, ਬੱਚਿਆਂ ਨਾਲ ਬਤੀਤ ਕਰੀਏ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਪੈਦਾ ਹੋਵੇਗੀ। ਧਾਰਮਿਕ ਆਸਥਾ ਵੀ ਸਾਡੇ ਨਕਾਰਾਤਮਕ ਵਿਚਾਰਾਂ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਆਪਣੇ ਜੀਵਨ ਨੂੰ ਲੋੜਾਂ ਦੀ ਪੂਰਤੀ ਤੱਕ ਸੀਮਤ ਰੱਖਣ ਦੀ ਕੋਸ਼ਿਸ਼ ਕਰੀਏ ਨਾ ਕਿ ਮਨੁੱਖੀ ਸਹੂਲਤਾਂ (ਲਾਲਸਾਵਾਂ) ਤੱਕ। ਆਪਣੇ ਬੱਚਿਆਂ ਨੂੰ ਲੋੜ ਤੋਂ ਵਧੇਰੇ ਸਹੂਲਤਾਂ ਦੇਣ ਤੋਂ ਵੀ ਗੁਰੇਜ਼ ਕੀਤਾ ਜਾਵੇ ਤਾਂ ਜੋ ਔਲਾਦ ਕੋਈ ਬੁਰੀਆਂ ਆਦਤਾਂ ਨਾ ਗ੍ਰਹਿਣ ਕਰੇ ਜੋ ਬਾਅਦ ਵਿੱਚ ਮਾਪਿਆਂ ਲਈ ਤਣਾਅ ਦਾ ਕਾਰਨ ਬਣੇ। ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਨੌਜਵਾਨ ਵਰਗ ਯੋਗ ਵਿੱਦਿਆ ਹਾਸਲ ਕਰਨ ਤੋਂ ਬਾਅਦ ਬੇਰੁਜ਼ਗਾਰ ਹੁੰਦਾ ਹੈ ਤਾਂ ਸੁਭਾਵਿਕ ਤੌਰ ‘ਤੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ।
ਸੋ ਲੋੜ ਹੈ ਸਮਾਜ ਨੂੰ ਮਾਨਸਿਕ ਤਣਾਅ ਦੇ ਗਲਬੇ ਤੋਂ ਬਾਹਰ ਕੱਢਣ ਦੀ। ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ”ਮਨਿ ਜੀਤੈ, ਜਗੁ ਜੀਤੁ॥” ਭਾਵ ਆਪਣੇ ਮਨ ਨੂੰ ਜਿੱਤਣ ਨਾਲ ਮਨੁੱਖ ਸਾਰੀ ਦੁਨੀਆ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਜੇਕਰ ਸੱਚਮੁੱਚ ਅਸੀਂ ਇਸ ਤੁਕ ਦੇ ਭਾਵ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਤਾਂ ਦੁਨਿਆਵੀ ਪਰੇਸ਼ਾਨੀਆਂ ਤੋਂ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਧਿਆਨ ਮਨ ਨੂੰ ਸ਼ਾਂਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਨਾ ਸਿਰਫ਼ ਮਨ ਨੂੰ ਸ਼ਾਂਤ ਕਰਦਾ ਹੈ, ਸਗੋਂ ਸਮੱਸਿਆਵਾਂ ਨੂੰ ਵਧੀਆ ਤਰੀਕੇ ਨਾਲ ਨਜਿੱਠਣ ਦੀ ਸਮਰੱਥਾ ਵੀ ਵਧਾਉਂਦਾ ਹੈ। ਧਿਆਨ ਦਾ ਮੁੱਖ ਉਦੇਸ਼ ਜਾਗਰੂਕਤਾ ਹੈ, ਜੋ ਨਿਰਣੇ ਤੋਂ ਬਿਨਾਂ ਸਾਰੇ ਵਿਚਾਰਾਂ ਨੂੰ ਵੇਖਣਾ ਹੈ। ਇਸ ਵਿੱਚ, ਵਿਚਾਰਾਂ ਦੇ ਪ੍ਰਵਾਹ ਨੂੰ ਰੋਕੇ ਬਿਨਾਂ, ਉਨ੍ਹਾਂ ਨੂੰ ਸ਼ਾਂਤੀ ਵਿੱਚ ਆਉਣ ਦਿਓ ਅਤੇ ਆਪਣਾ ਧਿਆਨ ਸਾਹ ‘ਤੇ ਰੱਖੋ। ਹੌਲੀ-ਹੌਲੀ ਵਿਚਾਰਾਂ ਦਾ ਪ੍ਰਵਾਹ ਘੱਟਣ ਲੱਗੇਗਾ ਅਤੇ ਮਨ ਸ਼ਾਂਤ ਹੋ ਜਾਵੇਗਾ।
ਸ਼ਾਂਤ ਵਾਤਾਵਰਣ ਵਿੱਚ ਬੈਠੋ ਜਾਂ ਲੇਟ ਜਾਓ ਅਤੇ ਆਪਣੇ ਮਨ ਵਿੱਚ ਇੱਕ ਤੋਂ ਦਸ ਤੱਕ ਗਿਣਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਵਿਚਾਰਾਂ ਦੇ ਕਾਰਨ ਵਿਚਕਾਰ ਵਿੱਚ ਭੁੱਲ ਗਏ ਹੋ, ਤਾਂ ਦੁਬਾਰਾ ਕੋਸ਼ਿਸ਼ ਕਰੋ। ਜੇ ਇਹ ਆਸਾਨ ਲੱਗਦਾ ਹੈ, ਤਾਂ ਗਿਣਤੀ ਸ਼ੁਰੂ ਕਰੋ। ਯਾਦ ਰੱਖੋ ਕਿ ਕੋਈ ਵੀ ਨੰਬਰ ਭੁੱਲਣਾ ਨਹੀਂ ਹੈ। ਇਸ ਨਾਲ ਤੁਹਾਡਾ ਧਿਆਨ ਵਧੇਗਾ ਅਤੇ ਮਨ ਹੋਰ ਚਿੰਤਾਵਾਂ ਨੂੰ ਛੱਡ ਕੇ ਸਾਹਮਣੇ ਵਾਲੇ ਕੰਮ ‘ਤੇ ਧਿਆਨ ਦੇਣਾ ਸ਼ੁਰੂ ਕਰ ਦੇਵੇਗਾ। ਇਸ ਨੂੰ ਹੌਲੀ-ਹੌਲੀ ਵਧਾ ਕੇ 30 ਕੀਤਾ ਜਾ ਸਕਦਾ ਹੈ। ਇਸ ਦਾ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਹੀ ਲਾਭ ਹੋਵੇਗਾ।
ਸਿਰ ਦੀ ਮਾਲਿਸ਼ ਤਣਾਅ ਵਾਲੀਆਂ ਤੰਤੂਆਂ ਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਦੀ ਹੈ। ਜੇ ਆਲੇ-ਦੁਆਲੇ ਕੋਈ ਮਾਲਿਸ਼ ਕਰਨ ਵਾਲਾ ਨਹੀਂ ਹੈ, ਤਾਂ ਆਪਣੇ ਹੱਥਾਂ ਨਾਲ ਮਾਲਸ਼ ਕਰਨ ਬਾਰੇ ਵਿਚਾਰ ਕਰੋ। ਹੱਥਾਂ, ਮੋਢਿਆਂ, ਗਰਦਨ ਅਤੇ ਸਿਰ ਦੀ ਖੋਪੜੀ ‘ਤੇ ਤੇਲ ਜਾਂ ਲੋਸ਼ਨ ਲਗਾਓ ਅਤੇ ਕੁਝ ਮਿੰਟਾਂ ਲਈ ਮਾਲਸ਼ ਕਰੋ। ਜਿਵੇਂ-ਜਿਵੇਂ ਸਰੀਰ ਆਰਾਮਦਾਇਕ ਹੋਵੇਗਾ, ਮਨ ਦਾ ਤਣਾਅ ਵੀ ਹੋਣ ਲੱਗ ਜਾਵੇਗਾ।
ਮਨ ਨੂੰ ਸ਼ਾਂਤ ਕਰਨ ਲਈ ਸਦੀਆਂ ਤੋਂ ਖੁਸ਼ਬੂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪੌਦੇ-ਅਧਾਰਿਤ ਜ਼ਰੂਰੀ ਤੇਲ ਨੂੰ ਸਾਹ ਲੈਣ ਜਾਂ ਸਾੜ ਕੇ ਤਣਾਅ ਅਤੇ ਚਿੰਤਾ ਨੂੰ ਘਟਾਇਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਪ੍ਰਯੋਗ ਕਰੋ ਅਤੇ ਦੇਖੋ ਕਿ ਕਿਹੜੀ ਖੁਸ਼ਬੂ ਤੁਹਾਨੂੰ ਜ਼ਿਆਦਾ ਰਾਹਤ ਦਿੰਦੀ ਹੈ। ਫਿਰ ਰਾਤ ਨੂੰ ਸੌਂਦੇ ਸਮੇਂ ਇਸ ਨਾਲ ਜੁੜੀ ਧੂਪ ਸਟਿਕ ਜਾਂ ਸਪਰੇਅ ਦੀ ਵਰਤੋਂ ਕਰੋ। ਲਵੈਂਡਰ ਨੂੰ ਬਹੁਤ ਸਾਰੇ ਮਾਮਲਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਮੰਨਿਆ ਜਾਂਦਾ ਹੈ।

 

Related Articles

Latest Articles