1.4 C
Vancouver
Saturday, January 18, 2025

ਲੋਕਾਂ ਨੂੰ ਹਕੀਕਤ ਸਮਝਣੀ ਪਵੇਗੀ : ਅਰੁੰਧਤੀ ਰਾਏ

 

ਸਵਾਲ: ਚਲੋ, ਕੇਰਲ ਦੇ ਤੁਹਾਡੇ ਪਿਛੋਕੜ ਨਾਲ ਜੁੜੇ ਸਵਾਲ ਤੋਂ ਸ਼ੁਰੂ ਕਰਦੇ ਹਾਂ। ਇੰਞ ਲੱਗਦਾ ਹੈ ਕਿ ‘ਦਿ ਗੌਡ ਆਫ ਸਮਾਲ ਥਿੰਗਜ਼’ ਤੁਹਾਡੇ ਸ਼ਾਂਤ ਵਿਅਕਤੀਗਤ ਅਨੁਭਵਾਂ ਨੂੰ ਦਰਸਾਉਂਦਾ ਹੈ… ਕੇਰਲ ਤੋਂ ਬਾਹਰ ਜੰਮੇਪਲੇ ਵਿਅਕਤੀ ਦੇ ਰੂਪ ‘ਚ ਕੀ ਤੁਹਾਡਾ ਅੰਦਰੂਨੀ ਸੁਭਾਅ ਅਜੇ ਵੀ ਖੁਦ ਨੂੰ ਕੇਰਲ ਨਾਲ ਮਜ਼ਬੂਤੀ ਨਾਲ ਜੋੜਦਾ ਹੈ?
ਜਵਾਬ: ‘ਦਿ ਗੌਡ ਆਫ ਸਮਾਲ ਥਿੰਗਜ਼’ ਜਿੰਨਾ ਸ਼ਾਂਤ ਅਤੇ ਵਿਅਕਤੀਗਤ ਹੈ, ਓਨਾ ਹੀ ਜਨਤਕ ਅਤੇ ਰਾਜਨੀਤਕ ਵੀ ਹੈ। ਮੇਰਾ ਜਨਮ ਸ਼ਿਲਾਂਗ ਵਿਚ ਹੋਇਆ ਪਰ ਮਾਪਿਆਂ (ਪਿਤਾ ਬੰਗਾਲੀ ਸਨ) ਦਾ ਤਲਾਕ ਉਦੋਂ ਹੋ ਗਿਆ ਸੀ ਜਦ ਮੇਰੀ ਉਮਰ ਤਿੰਨ ਸਾਲ ਤੋਂ ਵੀ ਘੱਟ ਸੀ। ਆਪਣਾ ਬਚਪਨ ਮੈਂ ਕੇਰਲ ਵਿਚ ਗੁਜ਼ਾਰਿਆ। ਆਏਮੇਨਮ ਅਤੇ ਕੋਟਿਅਮ ਵਿਚ। ਕੁਝ ਸਾਲ ਬੋਰਡਿੰਗ ਸਕੂਲ ਵਿਚ ਰਹੀ, ਛੁੱਟੀਆਂ ‘ਚ ਹਮੇਸ਼ਾ ਘਰ ਆ ਜਾਂਦੀ ਸੀ। ਮੀਨਾਚਲ ‘ਚ ਵੱਡੀ ਹੋਈ। ਫਰਾਟੇਦਾਰ ਮਲਿਆਲਮ ਬੋਲ, ਪੜ੍ਹ ਤੇ ਲਿਖ ਲੈਂਦੀ ਸੀ। ਉਨ੍ਹਾਂ ਦਿਨਾਂ ‘ਚ ਦਰਅਸਲ ਸਾਨੂੰ ਮਲਿਆਲਮ ਬੋਲਣ ਲਈ ਸਜ਼ਾ ਦਿੱਤੀ ਜਾਂਦੀ ਸੀ ਅਤੇ ਅੰਗਰੇਜ਼ੀ ‘ਚ ਗੱਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਮੈਂ ਏਨੇ ਲੰਮੇ ਸਮੇਂ ਤੋਂ ਇੱਥੋਂ ਦੂਰ ਰਹੀ ਹਾਂ ਕਿ ਮੇਰੀ ਮਲਿਆਲਮ ਥੋੜ੍ਹੀ ਵਿਗੜ ਗਈ ਹੈ। ਮੇਰਾ ਅੰਦਰੂਨੀ ਅਤੇ ਬਾਹਰੀ ਸੁਭਾਅ – ਦੋਨੋਂ ਪੂਰੀ ਤਰ੍ਹਾਂ ਕੇਰਲ ਨਾਲ ਇਕਮਿੱਕ ਹਨ। ਮੈਨੂੰ ਕੇਰਲ ਦਾ ਦ੍ਰਿਸ਼ ਪਸੰਦ ਹੈ। ਖਾਣਾ ਪਸੰਦ ਹੈ। ਸਭ ਤੋਂ ਵਧ ਕੇ ਮੈਨੂੰ ਇਸ ਗੱਲ ਉਪਰ ਮਾਣ ਹੈ ਕਿ ਜਿਵੇਂ ਇਸ ਨੇ ਮੁਲਕ ਦੇ ਬਾਕੀ ਹਿੱਸਿਆਂ ‘ਚ ਜੋ ਕੁਝ ਹੋਇਆ ਹੈ, ਉਸ ਦਾ ਸਾਹਮਣਾ ਕੀਤਾ ਹੈ – ਹਿੰਦੂ ਸਰਬੋਤਮਵਾਦ ਦੀ ਇਹ ਲਹਿਰ ਜੋ ਸਾਡੇ ਉਪਰ ਹਾਵੀ ਹੋ ਗਈ ਹੈ। ਅਸੀਂ ਅਜਿਹੇ ਮਾਣਮੱਤੇ ਲੋਕ ਹਾਂ। ਅਸੀਂ ਇੱਥੇ ਫਾਸ਼ੀਵਾਦ ਦੀ ਘੋਰ ਮੂਰਖਤਾ ਦਾ ਸ਼ਿਕਾਰ ਨਹੀਂ ਹੋਏ।
ਸਵਾਲ: ਆਮ ਤੌਰ ‘ਤੇ ਕੇਂਦਰੀ ਟ੍ਰਾਵਨਕੋਰ ‘ਚ ਉਚ ਵਰਗ ਦੇ ਇਸਾਈ ਪਰਿਵਾਰ, ਬਹੁਤ ਰੂੜੀਵਾਦੀ ਸਮਾਜਿਕ ਅਤੇ ਰਾਜਨੀਤਕ ਮੁੱਲ ਬਰਕਰਾਰ ਰੱਖਦੇ ਹਨ ਪਰ ਅਸੀਂ ਸਾਰੇ ਉਸ ਲੜਾਈ ਬਾਰੇ ਜਾਣਦੇ ਹਾਂ ਜੋ ਤੁਹਾਡੇ ਮਾਤਾ ਜੀ ਨੇ ਮਰਦਾਵੀਂ ਸੱਤਾਵਾਦੀ ਪਰਿਵਾਰਕ ਪ੍ਰਬੰਧ ਦੇ ਖ਼ਿਲਾਫ਼ ਲੜੀ ਅਤੇ ਉਸ ਨਾਲ ਇਸਾਈ ਔਰਤਾਂ ਦੀ ਸਥਿਤੀ ‘ਚ ਕਿਸ ਤਰ੍ਹਾਂ ਇਨਕਲਾਬੀ ਤਬਦੀਲੀ ਆਈ। ਕੀ ਇਹ ਤੁਹਾਡੇ ਅੰਦਰਲੀ ਰਾਜਨੀਤਕ ਸ਼ਖ਼ਸੀਅਤ ਅਤੇ ਕਾਰਕੁਨ ਨੂੰ ਜਗਾਉਂਦੀ ਹੈ?
ਜਵਾਬ: ਮੇਰੇ ਨਾਲ ਜੁੜਿਆ ਲੱਗਭੱਗ ਸਭ ਕੁਝ, ਵਿਅਕਤੀਗਤ ਤੇ ਨਾਲ ਹੀ ਰਾਜਨੀਤਕ ਰੂਪ ‘ਚ, ਲੇਖਕ ਦੇ ਰੂਪ ‘ਚ ਸਭ ਕੁਝ ਜੋ ਵੀ ਬਣਿਆ, ਉਹ ਸੀਰੀਆਈ ਇਸਾਈ ਭਾਈਚਾਰੇ ‘ਚ ਪਰਵਰਿਸ਼ ਹੋਣ ਨਾਲ ਬਣਿਆ ਹੈ; ਉਹ ਹਮੇਸ਼ਾ ਯਾਦ ਦਿਵਾਉਂਦੇ ਰਹਿੰਦੇ ਸਨ ਕਿ ਅਸੀਂ, ਮੇਰਾ ਭਰਾ ਅਤੇ ਮੈਂ, ‘ਸ਼ੁੱਧ’ ਸੀਰੀਆਈ ਇਸਾਈ ਨਹੀਂ ਹਾਂ, ਕਿ ਅਸੀਂ ‘ਬਾਹਰਲੇ’ ਹਾਂ। ਇਹ ਬਹੁਤ ਮੁਸ਼ਕਿਲ ਸੀ। ਬਹੁਤ ਪਹਿਲਾਂ ਹੀ ਮੈਨੂੰ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਮੇਰਾ ਉਥੇ ਕੋਈ ਭਵਿੱਖ ਨਹੀਂ। ਮੇਰੀ ਮਾਂ ਨੇ ਮੈਨੂੰ ਅਜਿਹੇ ਤਰੀਕਿਆਂ ਨਾਲ ਪਾਲਿਆ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਚੰਗੇ ਮਾੜੇ, ਹਰ ਤਰੀਕੇ ਨਾਲ ਪਾਲਿਆ। ਸਤਾਰਾਂ ਸਾਲ ਦੀ ਉਮਰ ‘ਚ ਮੈਂ ਘਰ ਛੱਡ ਦਿੱਤਾ ਸੀ। ਮੈਂ ਦਿੱਲੀ ‘ਚ ਆਰਕੀਟੈਕਚਰ ਸਕੂਲ ਵਿਚ ਦੂਜੇ ਸਾਲ ‘ਚ ਸੀ ਅਤੇ ਮੈਂ ਘਰ ਜਾਣਾ ਬਿਲਕੁਲ ਬੰਦ ਕਰ ਦਿੱਤਾ। ਕਾਲਜ ਅਤੇ ਅਗਲੀ ਪੜ੍ਹਾਈ ਆਪਣੇ ਤਰੀਕੇ ਨਾਲ ਕੀਤੀ। ਲੱਗਭੱਗ ਸੱਤ ਸਾਲ ਬਾਅਦ ਪਰਤੀ। ਸੀਰੀਆਈ ਇਸਾਈ ਕਮਾਲ ਦਾ ਭਾਈਚਾਰਾ ਹੈ ਪਰ ਉਨ੍ਹਾਂ ਵਿਚੋਂ ਕਈ ਲੋਕ ਸੰਕੀਰਨ, ਅੰਧਰਾਸ਼ਟਰਵਾਦੀ, ਜਾਤੀਵਾਦੀ ਅਤੇ ਕੁਲੀਨ ਵਰਗ ਦੇ ਹਨ; ਤੇ ਨਿਸ਼ਚਿਤ ਤੌਰ ‘ਤੇ ਮਰਦਾਵੇਂ ਸੱਤਾਵਾਦੀ ਵੀ ਹਨ। ਉਨ੍ਹਾਂ ਨੂੰ ਆਪਣੇ ਆਪ ਉਪਰ ਗਹਿਰੀ ਨਜ਼ਰ ਮਾਰਨ ਦੀ ਜ਼ਰੂਰਤ ਹੈ।
ਸਵਾਲ: ਪਰਿਵਾਰ ਦੀ ਸੰਸਥਾ, ਸਮਾਜ ਵਿਚ ਲੱਗਭੱਗ ਸਾਰੇ ਰਵਾਇਤੀ ਮੁੱਲਾਂ ਨੂੰ ਆਮ ਅਤੇ ਜਾਇਜ਼ ਬਣਾ ਰਹੀ ਹੈ। ਇਹ ਯਥਾਸਥਿਤੀ ਨੂੰ ਅੱਗੇ ਵਧਾਉਣ ਦਾ ਤੰਤਰ ਜਾਂ ਮਾਧਿਅਮ ਹੈ ਪਰ ਅਸੀਂ ਇਸ ਸੰਸਥਾ ਖਿਲਾਫ ਤਿੱਖੀ ਆਲੋਚਨਾ ਸ਼ਾਇਦ ਹੀ ਕਦੇ ਦੇਖਦੇ ਹਾਂ। ਅਜਿਹਾ ਕਿਉਂ?
ਜਵਾਬ: ਮੈਨੂੰ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਇਹ ਸਵਾਲ ਪੁੱਛਿਆ। ਇਹ ਅਜਿਹੀ ਚੀਜ਼ ਹੈ ਜਿਸ ਬਾਰੇ ਹਮੇਸ਼ਾ ਸੋਚਦੀ ਹਾਂ – ਪਰਿਵਾਰ ਦਾ ਮਹੱਤਵ ਜੋ ਸਾਰੇ ਪਾਸਿਆਂ ਤੋਂ ਸਾਡੇ ਸਾਹਮਣੇ ਆਉਂਦਾ ਹੈ; ਫਿਲਮਾਂ ‘ਚ, ਸਾਹਿਤ ‘ਚ, ਮੀਡੀਆ ‘ਚ, ਟੀ.ਵੀ. ਉਪਰ, ਸੋਸ਼ਲ ਮੀਡੀਆ ‘ਚ ਅਤੇ ਨਿਸ਼ਚਿਤ ਰੂਪ ‘ਚ ਹਕੀਕੀ ਜ਼ਿੰਦਗੀ ‘ਚ ਇਹ ਸਾਹਮਣੇ ਆਉਂਦਾ ਹੈ। ਇਹ ਮੈਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ। ਜਿਵੇਂ ਤੁਸੀਂ ਮੇਰੀਆਂ ਹੁਣ ਤੱਕ ਦੀਆਂ ਕਿਤਾਬਾਂ ਦੇਖ ਸਕਦੇ ਹੋ (ਆਉਣ ਵਾਲੀਆਂ ਕਿਤਾਬਾਂ ‘ਚ ਵੀ ਦੇਖੋਗੇ)- ‘ਦਿ ਗੌਡ ਆਫ ਸਮਾਲ ਥਿੰਗਜ਼’ ਵਿਚ ਇਸ ਉਪਰ ਗੱਲ ਹੈ ਪਰ ਸਭ ਤੋਂ ਖ਼ਾਸ ਤੌਰ ‘ਤੇ ‘ਦਿ ਮਿਨਿਸਟਰੀ ਆਫ ਅੱਟਮੋਸਟ ਹੈਪੀਨੈੱਸ’ ਵਿਚ ਹੈ; ਪਰਿਵਾਰ ਦੇ ਵਿਚਾਰ ਉਪਰ ਡੂੰਘਾਈ ‘ਚ, ਮੌਲਿਕ ਰੂਪ ‘ਚ ਸਵਾਲ ਉਠਾਏ ਗਏ ਹਨ। ਇਹ ਚੀਜ਼ਾਂ ਨੂੰ ਦੇਖਣ ਦਾ ਸਭ ਤੋਂ ਰੂੜੀਵਾਦੀ ਪ੍ਰਿਜ਼ਮ ਹੈ, ਇਹ ਰੂੜੀਆਂ ਨੂੰ ਡੂੰਘਾ ਕਰਦਾ ਹੈ, ਇਹ ਮਾਂ-ਪਿਓ ਦੇ ਨਿਰਸਵਾਰਥ ਦੇ ਨਾਂ ‘ਤੇ ਹਰ ਤਰ੍ਹਾਂ ਦੇ ਸਵਾਰਥ ਨੂੰ ਸਹੀ ਠਹਿਰਾਉਂਦਾ ਹੈ। ਸਭ ਤੋਂ ਵਧ ਕੇ ਇਹ ਜਾਤੀ ਦੇ ਲੋਹ ਬਰੈਂਡ ਨੂੰ ਕਾਇਮ ਰੱਖਦਾ ਹੈ ਜੋ ਭਾਰਤੀ ਸਮਾਜ ਦੀ ਸਭ ਤੋਂ ਘਿਨਾਉਣੀ, ਸਥਿਰ ਅਤੇ ਘਾਤਕ ਚੀਜ਼ ਹੈ। ‘ਪਰਿਵਾਰ’ ਦੇ ਵਿਚਾਰ ਉਪਰ ਸਵਾਲ ਸਿਰਫ਼ ਫਿਰ ਹੀ ਉਠਾਇਆ ਜਾਂਦਾ ਹੈ ਜਦ ਪਰਿਵਾਰਵਾਦੀ ਰਾਜਨੀਤੀ ਦੀ ਗੱਲ ਆਉਂਦੀ ਹੈ; ਤੇ ਉਥੇ ਵੀ ਕੁਝ ਪਰਿਵਾਰ ਕਬੂਲ/ਸਵੀਕਾਰ ਹਨ, ਤੇ ਕੁਝ ਨਹੀਂ। ਇਹ ਠੀਕ ਹੈ, ਹਰ ਤਰ੍ਹਾਂ ਨਾਲ ਇਸ ਉਪਰ ਸਵਾਲ ਉਠਾਏ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਸਾਰੇ ਪਰਿਵਾਰਵਾਦੀਆਂ ਨੂੰ ਘੱਟੋ-ਘੱਟ ਚੋਣ ਤਾਂ ਜਿੱਤਣੀ ਹੀ ਪੈਂਦੀ ਹੈ, ਉਨ੍ਹਾਂ ਨੂੰ ਸੰਸਦ ਵਿਚ ਆਪਣੇ ਮਾਂ-ਪਿਓ ਦੀਆਂ ਸੀਟਾਂ ਵਿਰਾਸਤ ਵਿਚ ਨਹੀਂ ਮਿਲਦੀਆਂ। ਸਾਡੇ ਮਹਾਨ ਕਾਰਪੋਰੇਟਾਂ/ਕਾਰਪੋਰੇਸ਼ਨਾਂ ਬਾਰੇ ਕੀ ਕਹੋਗੇ ਜੋ ਸੱਚੀਮੁੱਚੀ ਸਾਡੇ ਮੁਲਕ ਦੇ ਮਾਲਕ ਬਣੇ ਬੈਠੇ ਹਨ? ਉਹ ਸਾਰੀਆਂ ਪਰਿਵਾਰਕ ਮਾਲਕੀ ਵਾਲੀਆਂ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਹੀ ਚਲਾਉਂਦਾ ਹੈ। ਲੱਗਭੱਗ ਸਾਰੀਆਂ ਹੀ ਵੱਡੇ ਪਰਿਵਾਰਕ ਮਾਲਕੀ ਵਾਲੀਆਂ ਕਾਰਪੋਰੇਸ਼ਨਾਂ ਖ਼ਾਸ ਵਪਾਰੀ ਜਾਤੀ ਨਾਲ ਸਬੰਧਿਤ ਹਨ। ਪੀੜ੍ਹੀਦਰ-ਪੀੜ੍ਹੀ ਜਮ੍ਹਾਂ ਹੋਣ ਵਾਲੇ ਸਰਮਾਏ ਅਤੇ ਉਸ ਦੀ ਅਸ਼ਲੀਲ ਮਾਤਰਾ… ਤੇ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਦਾ।
ਸਵਾਲ: ਨੌਕਰੀ ਅਤੇ ਮੌਕਿਆਂ ਦੀ ਭਾਲ ‘ਚ ਕੇਰਲ ਵਾਸੀ ਇਸ ਧਰਤੀ ‘ਤੇ ਕਿਤੇ ਵੀ ਪਹੁੰਚ ਸਕਦੇ ਹਨ। ਇਹ ਗੱਲ ਖ਼ਾਸ ਤੌਰ ‘ਤੇ ਕੇਂਦਰੀ ਟ੍ਰਾਵਨਕੋਰ ਦੇ ਲੋਕਾਂ ਬਾਰੇ ਸੱਚ ਹੈ। ਇਸ ਜਗ੍ਹਾ ਤੋਂ ਆਉਣ ਵਾਲੇ ਵਿਅਕਤੀ ਦੇ ਤੌਰ ‘ਤੇ, ਤੁਸੀਂ ਇਸ ਗੱਲ ‘ਤੇ ਗ਼ੌਰ ਕੀਤਾ ਹੋਵੇਗਾ ਪਰ ਅਸੀਂ ਆਮ ਤੌਰ ‘ਤੇ ਇਸ ਸਮਰੱਥਾ ਨਿਰਮਾਣ ਦੇ ਪਿਛਲੇ ਸਮਾਜਿਕ ਇਤਿਹਾਸ ਨੂੰ ਭੁੱਲ ਜਾਂਦੇ ਹਾਂ। ਸਮਾਜਿਕ ਸੁਧਾਰ ਅੰਦੋਲਨ, ਜ਼ਮੀਨੀ ਸੁਧਾਰ, ਜਨਤਕ ਸਿੱਖਿਆ ਪ੍ਰਣਾਲੀ ਅਤੇ ਮੁੱਢਲੇ ਸਿਹਤ ਕੇਂਦਰਾਂ ਦਾ ਵਿਕਾਸ… ਇਨ੍ਹਾਂ ਸਾਰੇ ਕਾਰਕਾਂ ਨੇ ਇਸ ਦੁਨੀਆ ‘ਚ ਕਿਤੇ ਵੀ ਮੁਕਾਬਲਾ ਕਰਨ ਦੀ ਮੁਹਾਰਤ ਮੈਟਰਿਕਸ ਨਾਲ ਮਨੁੱਖੀ ਵਸੀਲਿਆਂ ਨੂੰ ਵਿਕਸਤ ਕਰਨ ‘ਚ ਭੂਮਿਕਾ ਨਿਭਾਈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ?
ਜਵਾਬ: ਬਿਲਕੁਲ ਸਹਿਮਤ ਹਾਂ। ਚਾਹੇ ਮੇਰੇ ਉਪਰ ਅਤੀਤ ‘ਚ ਮਾਰਕਸਵਾਦੀ ਪਾਰਟੀ ਦੀ ਆਲੋਚਕ ਹੋਣ ਦਾ ਇਲਜ਼ਾਮ ਲਾਇਆ ਗਿਆ ਹੋਵੇ ਪਰ ਮੈਂ ਹਕੀਕਤ ‘ਚ ਜ਼ਿਆਦਾਤਰ ਉਨ੍ਹਾਂ ਦੀ ਪ੍ਰਸ਼ੰਸਕ ਹੀ ਹਾਂ। ਉਨ੍ਹਾਂ ਸਾਰੇ ਸੁਧਾਰਾਂ ਨੇ ਕੇਰਲ ਨੂੰ ਨਾ ਸਿਰਫ਼ ਭਾਰਤ ਵਿਚ ਸਗੋਂ ਪੂਰੀ ਦੁਨੀਆ ‘ਚ ਅਨੂਠਾ ਸਥਾਨ ਬਣਾ ਦਿੱਤਾ ਹੈ। ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਬਾਰੇ ਸਾਨੂੰ ਅਜੇ ਵੀ ਫ਼ਿਕਰ ਕਰਨ ਦੀ ਜ਼ਰੂਰਤ ਹੈ ਪਰ ਜਿੱਥੇ ਵੀ ਸਾਨੂੰ ਇਸ ਦਾ ਸਿਹਰਾ ਦੇਣਾ ਚਾਹੀਦਾ ਹੈ, ਉਹ ਦੇਣਾ ਹੀ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਿੱਖਿਆ ਜਿਸ ਵਿਚ ਇਸਾਈਆਂ ਨੇ ਵੀ ਬਹੁਤ ਯੋਗਦਾਨ ਪਾਇਆ ਹੈ, ਤੇ ਜ਼ਮੀਨੀ ਸੁਧਾਰ ਅਤੇ ਰਾਜਨੀਤਕ ਜਾਗਰੂਕਤਾ ਨੇ ਸਾਰੇ ਮਲਿਆਲੀਆਂ ਨੂੰ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਥੋੜ੍ਹਾ ਮਾਰਕਸਵਾਦੀ ਬਣਾ ਦਿੱਤਾ ਹੈ। ਕੋਈ ਵੀ ਉਨ੍ਹਾਂ ਨਾਲ ਖਿਲਵਾੜ ਨਹੀਂ ਕਰ ਸਕਦਾ। ਇਸ ਲਈ ਮੈਨੂੰ ਵੀ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਮਾਰਕਸਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਵਾਰੀ-ਵਾਰੀ ਸੱਤਾ ਵਿਚ ਰਹਿਣ। ਉਨ੍ਹਾਂ ਨੂੰ ਇਕ ਦੂਜੇ ਦਾ ਸਨਮਾਨ/ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਇਕ ਦੂਜੇ ਨਾਲ ਸੰਘਰਸ਼ ਕਰਨਾ ਚਾਹੀਦਾ ਹੈ। ਇਹ ਸੌਖਾ ਨਹੀਂ ਪਰ ਅਜਿਹਾ ਹੋਣਾ ਹੀ ਚਾਹੀਦਾ ਹੈ। ਇਉਂ ਹੀ ਅਸੀਂ ਜੋ ਕੁਝ ਪੱਛਮੀ ਬੰਗਾਲ ਵਿਚ ਮਾਰਕਸਵਾਦੀ ਪਾਰਟੀ ਨਾਲ ਹੋਇਆ, ਉਸ ਤੋਂ ਬਚ ਸਕਦੇ ਹਾਂ। ਚਾਲੀ ਸਾਲਾਂ ਦੀ ਲਗਾਤਾਰ ਸੱਤਾ ਨੇ ਬੰਗਾਲ ‘ਚ ਸੀ.ਪੀ.ਐੱਮ. ਨੂੰ ਖ਼ਤਮ ਕਰ ਦਿੱਤਾ ਅਤੇ ਭਾਜਪਾ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਨਰੋਈ ਵਿਰੋਧੀ ਧਿਰ ਬਹੁਤ ਮਹੱਤਵਪੂਰਨ ਹੈ। ਸਾਨੂੰ ਇਸ ਦੀ ਜ਼ਰੂਰਤ ਹੈ ਤਾਂ ਕਿ ਫਾਸ਼ੀਵਾਦੀਆਂ ਨੂੰ ਦਰਾੜਾਂ ‘ਚ ਘੁਸਣ ਤੋਂ ਰੋਕਿਆ ਜਾ ਸਕੇ। ਜੇ ਮਾਰਕਸਵਾਦੀ ਜਾਂ ਕਾਂਗਰਸ ਪਾਰਟੀ ਸੱਤਾ ‘ਚ ਬਹੁਤ ਸਾਲ ਬਿਤਾਉਣ ਕਾਰਨ ਜਾਂ ਸੱਤਾ ਤੋਂ ਬਾਹਰ ਰਹਿਣ ਕਰ ਕੇ ਖਿੰਡਣ ਲੱਗੇ ਤਾਂ ਫਾਸ਼ੀਵਾਦੀ ਘੁਸ ਜਾਣਗੇ; ਜੇ ਇਕ ਵਾਰ ਜਦ ਉਹ ਸੱਤਾ ‘ਚ ਆ ਗਏ ਤਾਂ ਤੇਜ਼ੀ ਨਾਲ ਅੱਗੇ ਵਧਦੇ ਜਾਣਗੇ।
ਸਵਾਲ: ਇਤਿਹਾਸਕ ਤੌਰ ‘ਤੇ ਕੇਰਲ ਦਾ ਨਾਗਰਿਕ ਸਮਾਜ (ਸਿਵਲ ਸੁਸਾਇਟੀ) ਬਹੁਤ ਜ਼ਿਆਦਾ ਰਾਜਨੀਤਕ ਰਿਹਾ ਹੈ। ਅਸੀਂ ਚਾਹ ਤੇ ਨਾਈ ਦੀਆਂ ਦੁਕਾਨਾਂ ਅਤੇ ਪੇਂਡੂ ਇਲਾਕਿਆਂ ਦੀ ਹਰ ਨੁੱਕਰ ਤੇ ਗਲੀ-ਮੁਹੱਲੇ ‘ਚ ਗੰਭੀਰ ਰਾਜਨੀਤਕ ਚਰਚਾ ਦੇਖ ਸਕਦੇ ਹਾਂ। ਕੈਂਪਸਾਂ ‘ਚ ਸਰਗਰਮ ਵਿਦਿਆਰਥੀ ਰਾਜਨੀਤੀ ਦੀ ਮੌਜੂਦਗੀ ਹੋਰ ਗੱਲ ਹੈ ਪਰ ਸਰਮਾਏ ਦੇ ਪ੍ਰਵੇਸ਼ ਨਾਲ ਕੇਰਲ ਦਾ ਸਮਾਜ ਸ਼ਾਸਤਰ ਬਦਲ ਰਿਹਾ ਹੈ; ਤੇ ਇਹ ਰਾਜਨੀਤਕ ਦ੍ਰਿਸ਼ ‘ਚ ਵੀ ਨਜ਼ਰ ਆਉਂਦਾ ਹੈ। ਨੌਜਵਾਨ ਪੀੜ੍ਹੀ ਰਾਜਨੀਤਕ ਜਾਂ ਸਮਾਜਿਕ ਮੁੱਦਿਆਂ ਬਾਰੇ ਜ਼ਿਆਦਾ ਫ਼ਿਕਰਮੰਦ ਨਹੀਂ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕੀ ਮਨੁੱਖ ਲਈ ਰਾਜਨੀਤੀ ਤੋਂ ਹਮੇਸ਼ਾ ਲਈ ਦੂਰ ਰਹਿਣਾ ਵਿਹਾਰਕ ਤੌਰ ‘ਤੇ ਸੰਭਵ ਹੈ?
ਜਵਾਬ: ਮੈਂ ਹੈਰਾਨ ਹਾਂ ਕਿ ਕੇਰਲ ਵਿਚ ਨੌਜਵਾਨ ਪੀੜ੍ਹੀ ਰਾਜਨੀਤਕ ਤੌਰ ‘ਤੇ ਜਾਗਰੂਕ ਨਹੀਂ; ਮੈਨੂੰ ਤਾਂ ਇਸ ਤੋਂ ਉਲਟ ਲੱਗਦਾ ਹੈ। ਉਂਝ, ਤੁਸੀਂ ਬਿਹਤਰ ਜਾਣਦੇ ਹੋਵੋਗੇ। ਜੇ ਇਹ ਸੱਚ ਹੈ ਜੋ ਤੁਸੀਂ ਕਹਿ ਰਹੇ ਹੋ ਤਾਂ ਅਸੀਂ ਵਾਕਈ ਮੁਸ਼ਕਿਲ ਵਿਚ ਹਾਂ, ਵੱਡੀ ਮੁਸੀਬਤ ‘ਚ ਹਾਂ। ਕੇਰਲ ‘ਚ ਆਬਾਦੀ ਦੀ ਧਾਰਮਿਕ ਤੇ ਸਮਾਜਿਕ ਬਣਤਰ ਅਤੇ ਇਕ-ਦੂਜੇ ਨਾਲ ਉਨ੍ਹਾਂ ਦੇ ਰਿਸ਼ਤੇ, ਭਾਰਤ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਵਿਲੱਖਣ ਹਨ। ਜੇ ਇਹ ਲਾਲਚ ਅਤੇ ਮੂਰਖਤਾ ਨਾਲ ਵਿਗੜ ਜਾਂਦੇ ਹਨ ਤਾਂ ਅਸੀਂ ਤਬਾਹੀ ਵੱਲ ਜਾ ਰਹੇ ਹੋਵਾਂਗੇ। ਭਾਜਪਾ ਅਤੇ ਉਸ ਦੇ ਕਾਰਪੋਰੇਟ ਜੋਟੀਦਾਰ ਫਿਰਕਿਆਂ, ਜਾਤੀਆਂ, ਧਰਮਾਂ ਨੂੰ ਇਕ-ਦੂਜੇ ਵਿਰੁੱਧ ਖੜ੍ਹਾ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣਗੇ। ਇਹ ਈ.ਡੀ. ਦੀ ਘੁਰਕੀ ਦੇ ਕੇ ਲੋਕਾਂ ਨੂੰ ਬਲੈਕਮੇਲ ਕਰਨਗੇ। ਇਸ ਵਿਚ ਧਾਰਮਿਕ ਆਗੂ ਵੀ ਸ਼ਾਮਲ ਹਨ। ਕੇਰਲ ਵਿਚ ਪੈਰ ਜਮਾਉਣ ਲਈ ਇਸ ਨੂੰ ਇਸਾਈਆਂ ਦੀ ਜ਼ਰੂਰਤ ਹੈ। ਇਸ ਲਈ ਹਾਲਾਂਕਿ ਇਸ ਰਾਜ ਦੇ ਗੁੰਡੇ ਭਾਰਤ ਦੇ ਬਾਕੀ ਹਿੱਸਿਆਂ ‘ਚ ਚਰਚ ਸਾੜ ਰਹੇ ਹਨ ਅਤੇ ਯਿਸੂ ਦੇ ਬੁੱਤ/ ਮੂਰਤੀਆਂ ਤੋੜ ਰਹੇ ਹਨ – ਮਨੀਪੁਰ, ਛੱਤੀਸਗੜ੍ਹ, ਗੁਜਰਾਤ ਨੂੰ ਦੇਖੋ ਪਰ ਉਹ ਕੇਰਲ ਵਿਚ ਇਸਾਈਆਂ ਨੂੰ ਭਰਮਾਉਣ ਜਾਂ ਉਨ੍ਹਾਂ ਉਪਰ ਦਬਾਅ ਪਾਉਣ ਲੱਗੇ ਹੋਏ ਹਨ। ਪਿਛਲੇ ਕੁਝ ਸਾਲਾਂ ‘ਚ ਚਰਚਾ ਉਪਰ ਸੈਂਕੜੇ ਹਮਲੇ ਹੋਏ ਹਨ। ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਇਹ ਸਭ ਤੋਂ ਵੱਡੀ ਵਿਡੰਬਨਾ ਹੋਵੇਗੀ ਅਤੇ ਇਸਾਈ ਧਰਮ ਨਾਲ ਸਭ ਤੋਂ ਵੱਡਾ ਧ੍ਰੋਹ ਹੋਵੇਗਾ ਜੇ ਕੇਰਲ ਦੇ ਸੀਰੀਆਈ ਇਸਾਈ ਹੀ ਹਿੰਦੂ ਧੌਂਸਬਾਜ਼ਾਂ ਨੂੰ ਕੇਰਲ ਵਿਚ ਸੱਦਣ ਵਾਲੇ ਬਣ ਜਾਂਦੇ ਹਨ। ਜਦ ਮੈਂ ਕੁਝ ਪਾਦਰੀਆਂ ਅਤੇ ਬਿਸ਼ਪਾਂ ਨੂੰ ਭਾਜਪਾ ਦੀ ਤਾਰੀਫ਼ ਕਰਦੇ ਜਾਂ ਉਸ ਨਾਲ ਸੌਦੇਬਾਜ਼ੀ ਕਰਦੇ ਸੁਣਦੀ ਹਾਂ ਤਾਂ ਮੈਂ ਉਨ੍ਹਾਂ ਦੀ ਤੰਗਨਜ਼ਰੀ ਦੇਖ ਕੇ ਹੈਰਾਨ ਰਹਿ ਜਾਂਦੀ ਹਾਂ।
ਸਵਾਲ: ਉਤਰ ਭਾਰਤ ਦੇ ਰਾਜਾਂ ਅਤੇ ਦੱਖਣੀ ਭਾਰਤ ਦੇ ਰਾਜਾਂ ਵਿਚ ਮਨੁੱਖੀ ਜੀਵਨ ਸੂਚਕ ਅੰਕ ਵਿਚ ਬਹੁਤ ਫ਼ਰਕ ਹੈ। ਇਸ ਵਕਤ ਦੱਖਣੀ ਭਾਰਤੀ ਰਾਜਾਂ ਵਿਚ ਭਾਜਪਾ ਦੀ ਮਾੜੀ ਕਾਰਗੁਜ਼ਾਰੀ ਨੂੰ ਇਸ ਕਾਰਕ ਨਾਲ ਜੋੜ ਕੇ ਚਰਚਾ ਚੱਲ ਰਹੀ ਹੈ। ਉਤਰੀ ਭਾਰਤ ਵਿਚ ਰਹਿ ਰਹੇ ਅਤੇ ਦੱਖਣ ਵਿਚ ਜੜ੍ਹਾਂ ਵਾਲੇ ਵਿਅਕਤੀ ਦੇ ਰੂਪ ‘ਚ, ਤੁਹਾਡੀ ਰਾਇ ਕੀ ਹੈ?
ਜਵਾਬ: ਲੋਕਾਂ ਦੀ ਉਨ੍ਹਾਂ ਦੇ ਹੱਕਾਂ ਪ੍ਰਤੀ ਰਾਜਨੀਤਕ ਜਾਗਰੂਕਤਾ ਦੀ ਜ਼ੋਰਦਾਰ ਭਾਵਨਾ ਨੇ ਉਨ੍ਹਾਂ ਨੂੰ ਹੁਣ ਤੱਕ ਦੱਖਣ ਤੋਂ ਦੂਰ ਰੱਖਿਆ ਹੈ। ਨਾਲ ਹੀ ਤਾਮਿਲਨਾਡੂ ਵਰਗੇ ਥਾਵਾਂ ‘ਤੇ ਜਾਤੀ ਵਿਰੋਧੀ ਸੰਘਰਸ਼ਾਂ ਦੇ ਲੰਮੇ ਇਤਿਹਾਸ ਨੇ ਲੋਕਾਂ ਨੂੰ ਇਹ ਅਹਿਸਾਸ ਕਰਾਇਆ ਹੈ ਕਿ ਹਿੰਦੂ ਰਾਸ਼ਟਰਵਾਦ ਅਸਲ ਵਿਚ ਕੀ ਹੈ। ਇਹ ਕੁਝ ਹੋਰ ਨਹੀਂ ਸਗੋਂ ਜਾਤੀਗਤ ਗ਼ਲਬਾ ਬਰਕਰਾਰ ਰੱਖਣ ਲਈ ਘੁਸਪੈਠ ਦਾ ਹਥਿਆਰ ਹੈ। ਮੈਨੂੰ ਲੱਗਦਾ ਹੈ ਕਿ ਇਸ ਨਿਜ਼ਾਮ ਨਾਲ ਮੁੱਖਧਾਰਾ ਦੇ ਮੀਡੀਆ ਦੀ ਮਿਲੀਭੁਗਤ ਨੇ ਸਾਡੇ ਮੁਲਕ ਦੀ ਅਸਲ ਸਥਿਤੀ ਉਪਰ ਪਰਦਾ ਪਾ ਦਿੱਤਾ ਹੈ। ਜਦ ਓੜਕ ਇਹ ਸਭ ਉਜਾਗਰ ਹੋ ਜਾਵੇਗਾ ਤਾਂ ਤਬਾਹੀ ਦੇ ਪੱਧਰ ਨੂੰ ਅਸੀਂ ਉਦੋਂ ਦੇਖ ਸਕਾਂਗੇ… ਆਰਥਿਕਤਾ ਮੰਦੇ ਹਾਲ ਹੈ। ਸਿਹਤ ਸੇਵਾ ਤੇ ਸਿੱਖਿਆ ਸੰਕਟ ‘ਚ ਹੈ। ਸਮਾਜਿਕ ਨਿਆਂ ਦੀ ਦਿਸ਼ਾ ‘ਚ ਚੁੱਕਿਆ ਗਿਆ ਹਰ ਛੋਟਾ ਕਦਮ ਉਲਟਾ ਦਿੱਤਾ ਗਿਆ ਹੈ। ਗ਼ਰੀਬ ਦਲਿਤ ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ ਸਿੱਖਿਆ ਪ੍ਰਬੰਧ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹਨ। ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ‘ਚ ਜਾਣਾ ਆਪਣੇ ਆਪ ‘ਚ ਵੱਖਰੀ ਤਰ੍ਹਾਂ ਦਾ ਨਰਕ ਹੈ ਜਿੱਥੇ ਡਾਕਟਰ ਤੁਹਾਨੂੰ ਲੁੱਟਣ ਅਤੇ ਠੱਗਣ ਲਈ ਬੈਠੇ ਹਨ, ਤੁਹਾਡਾ ਇਲਾਜ ਕਰਨ ਲਈ ਨਹੀਂ। ਸਾਡੇ ਸੰਵਿਧਾਨ ਨੂੰ ਸਾਰੇ ਵਿਹਾਰਕ ਉਦੇਸ਼ਾਂ ਲਈ ਪਹਿਲਾਂ ਹੀ ਗ਼ੈਰ-ਰਸਮੀ ਰੂਪ ‘ਚ ਦਰਕਿਨਾਰ ਕਰ ਦਿੱਤਾ ਗਿਆ ਹੈ। ਨਵੇਂ ਫ਼ੌਜਦਾਰੀ ਕਾਨੂੰਨ ਅਣਐਲਾਨੀ ਸਥਾਈ ਐਮਰਜੈਂਸੀ ਹਨ। ਅਸੀਂ ਪੁਲਿਸ ਰਾਜ ਵਿਚ ਰਹਿ ਰਹੇ ਹਾਂ। ਹਰ ਸੰਸਥਾ ਖੋਖਲਾ ਕਰ ਦਿੱਤੀ ਗਈ ਹੈ… ਯੂਨੀਵਰਸਿਟੀਆਂ ਦੀ ਹਾਲਤ ਖ਼ਾਸ ਤੌਰ ‘ਤੇ ਦਿਲ ਦਹਿਲਾ ਦੇਣ ਵਾਲੀ ਹੈ। ਇਹ ਯੂਨੀਵਰਸਿਟੀਆਂ (ਦਿੱਲੀ ਯੂਨੀਵਰਸਿਟੀ, ਜੇਐੱਨਯੂ) ਸਾਰੀਆਂ ਮਹਾਨ ਥਾਵਾਂ ਸਨ, ਹੁਣ ਇਨ੍ਹਾਂ ਸਭ ਨੂੰ ਅਜਿਹਾ ਨਿਜ਼ਾਮ ਮਿੱਟੀ ‘ਚ ਮਿਲਾ ਰਿਹਾ ਹੈ ਜੋ ਬੁੱਧੀਜੀਵੀਆਂ ਨੂੰ ਨਫ਼ਰਤ ਕਰਦਾ ਹੈ, ਵਿਗਿਆਨ ਨੂੰ ਨਫ਼ਰਤ ਕਰਦਾ ਹੈ, ਹਰ ਤਰ੍ਹਾਂ ਦੀ ਬੁੱਧੀਮਾਨੀ ਨੂੰ ਨਫ਼ਰਤ ਕਰਦਾ ਹੈ; ਕਿਸਾਨਾਂ, ਬੁਣਕਰਾਂ, ਸੰਗੀਤਕਾਰਾਂ, ਲੇਖਕਾਂ ਦੀ ਬੁੱਧੀਮਾਨੀ – ਹਰ ਤਰ੍ਹਾਂ ਦੀ ਬੁੱਧੀਮਾਨੀ ਨੂੰ ਖ਼ਤਰੇ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਅੱਜ ਜਾਅਲੀ ਖ਼ਬਰ ਉਦਯੋਗ ਇਸ ਨੂੰ ਕੁਝ ਹੋਰ ਹੀ ਦਿਖਾ ਰਿਹਾ ਹੈ। ਹਾਲਾਂਕਿ ਹੁਣ ਜਦ ਪੂਰਨ, ਤਾਨਾਸ਼ਾਹ ਕੰਟਰੋਲ ਖ਼ਤਮ ਹੋ ਗਿਆ ਹੈ ਤਾਂ ਘੁਟਾਲੇ ਸਾਹਮਣੇ ਆ ਰਹੇ ਹਨ, ਹਰ ਘੁਟਾਲਾ ਇਕ ਦੂਜੇ ਤੋਂ ਬਦਤਰ ਹੈ। ਇਸ ਲਈ ਦਿੱਲੀ ਵਿਚ ਰਹਿਣ ਵਾਲੇ ਮਲਿਆਲੀ ਦੇ ਰੂਪ ‘ਚ ਜਦ ਮੈਂ ਕੇਰਲ ਆਉਂਦੀ ਹਾਂ – ਮੈਂ ਸੜਕ ਉਪਰ ਹਰ ਬੰਦੇ ਨੂੰ ਰੋਕ ਕੇ ਉਤਰੀ ਭਾਰਤ ਦੀ ਭਿਆਨਕਤਾ ਦਾ ਵਰਨਣ ਕਰਨਾ ਚਾਹੁੰਦੀ ਹਾਂ ਅਤੇ ਕਹਿਣਾ ਚਾਹੁੰਦੀ ਹਾਂ, ”ਤੁਹਾਨੂੰ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।”

Related Articles

Latest Articles