ਸੁਫ਼ਨੇ ਰਹਿ ਗਏ ਕੋਰੇ

ਸੁਫ਼ਨੇ ਰਹਿ ਗਏ ਕੋਰੇ
ਸੱਜਣ!
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿੱਚ ਮਘੋਰੇ
ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰਦਾ
ਸਾਨੂੰ ਧੁੜਕੂ ਅੱਠੇ ਪਹਿਰ ਦਾ
ਇੱਕ ਪਾਸਾ ਮਰਿਆ ਸ਼ਹਿਰ ਦਾ
ਵਿਚ ਭੁੱਖਾ ਫਨੀਅਰ ਲਹਿਰਦਾ
ਮਾਵਾਂ ਨੇ ਖੀਸੇ ਫੋਲ ਕੇ
ਪੁੱਤ ਸਫ਼ਰਾਂ ‘ਤੇ ਟੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅਸੀਂ ਸਈਆਂ ਨੈਣਾਂ ਵਾਲੀਆਂ
ਸਾਨੂੰ ਜੋਇਆ ਅੰਨ੍ਹੇ ਹਾਲੀਆਂ
ਮਨ ਖੋਭੇ ਸੱਧਰਾਂ ਗਾਲੀਆਂ
ਸਾਡਾ ਜੀਵਨ ਵਿੱਚ ਕੁਠਾਲੀਆਂ
ਖਸਮਾਂ ਦੀਆਂ ਅੱਗਾਂ ਬਾਲੀਆਂ
ਦਿਲ ਗੁੰਨ੍ਹੇ ਵਿਚ ਕੁਨਾਲੀਆਂ
ਇਸ ਔਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂੰ ਖੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ!
ਉਡੀਕ
ਕਦੀ ਆ ਮਿਲ ਫੇਰ ਹਯਾਤੀਏ!
ਕਦੀ ਲੰਘ ਆ ਨੈਣ ਝਨਾਂ
ਅਸੀਂ ਮਿਹਣੇ ਮਾਰੇ ਮੌਤ ਨੂੰ
ਲੈ ਲੈ ਕੇ ਤੇਰਾ ਨਾਂ
ਲੇਖਕ : ਅਫ਼ਜ਼ਲ ਸਾਹਿਰ

Previous article
Next article
Exit mobile version