-0.1 C
Vancouver
Saturday, January 18, 2025

ਕੈਨੇਡਾ ਵਿਚ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਪੰਜਾਬੀ

 

ਲੇਖਕ : ਹਰਜਿੰਦਰ ਸਿੰਘ ਲਾਲ
ਫੋਨ: 92168-60000
ਸਾਰੀ ਦੁਨੀਆ ‘ਚ ਇਨ੍ਹਾਂ ਦੇ ਬਸੇਰੇ,
ਪੰਜਾਬੀਆਂ ਦੀ ਸ਼ਾਨ ਵੱਖਰੀ।
ਲੋਕੀਂ ਦੁਨੀਆ ‘ਚ ਵਸਦੇ ਬਥੇਰੇ,
ਪੰਜਾਬੀਆਂ ਦੀ ਸ਼ਾਨ ਵੱਖਰੀ।
ਪਿਛਲੇ ਕਰੀਬ 2 ਹਫ਼ਤਿਆਂ ਤੋਂ ਕੈਨੇਡਾ ਦੇ 2 ਸੂਬਿਆਂ ‘ਉਂਟਾਰੀਓ’ ਤੇ ‘ਅਲਬਰਟਾ’ ਵਿਚ ਫਿਰਦਿਆਂ ਵੱਖ-ਵੱਖ ਪੰਜਾਬੀਆਂ ਬਾਰੇ ਜਾਣਦਿਆਂ ਮੈਨੂੰ ‘ਦੇਬੀ ਮਖ਼ਸੂਸਪੁਰੀ’ ਦਾ ਉਪਰੋਕਤ ਗੀਤ ਕਈ ਵਾਰ ਯਾਦ ਆਇਆ। ਹਾਲਾਂਕਿ ਵਸੋਂ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਕੈਨੇਡਾ ਦੇ ਸੂਬੇ ‘ਬ੍ਰਿਟਿਸ਼ ਕੋਲੰਬੀਆ’ ਵਿਚ ਹੈ, ਪਰ ਉਂਟਾਰੀਓ ਦੇ ਕਈ ਸ਼ਹਿਰਾਂ ਤੇ ਐਲਬਰਟਾ ਸੂਬੇ ਦੇ ਕੈਲਗਰੀ ਵਿਚ ਫਿਰਦਿਆਂ ਕੈਨੇਡੀਅਨ ਅੰਗਰੇਜ਼ ਘੱਟ ਤੇ ਪੰਜਾਬੀ ਜ਼ਿਆਦਾ ਨਜ਼ਰ ਆਉਂਦੇ ਹਨ।
ਹਾਲਾਂਕਿ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਿਕ ਕੈਨੇਡਾ ਵਿਚ 9 ਲੱਖ 42 ਹਜ਼ਾਰ 170 ਪੰਜਾਬੀ ਰਹਿੰਦੇ ਹਨ, ਜੋ ਕੈਨੇਡਾ ਦੀ ਕੁੱਲ ਵਸੋਂ ਦਾ ਸਿਰਫ਼ 2.6 ਫ਼ੀਸਦੀ ਹੀ ਬਣਦਾ ਹੈ। ਇਨ੍ਹਾਂ ਵਿਚ ਪਾਕਿਸਤਾਨੀ ਪੰਜਾਬੀ ਵੀ ਸ਼ਾਮਿਲ ਹਨ। ਗਿਣਤੀ ਦੇ ਲਿਹਾਜ਼ ਨਾਲ ਪੰਜਾਬੀਆਂ ਦੀ ਸਭ ਤੋਂ ਵੱਧ ਆਬਾਦੀ ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਹੈ। ਇਥੇ 3 ਲੱਖ, 97 ਹਜ਼ਾਰ, 865 ਪੰਜਾਬੀ ਹਨ, ਜੋ ਕੁੱਲ ਵਸੋਂ ਦਾ 2.8 ਫ਼ੀਸਦੀ ਹੈ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਵਸੋਂ ਤਾਂ 3 ਲੱਖ, 15 ਹਜ਼ਾਰ ਹੈ, ਪਰ ਇਹ ਸੂਬੇ ਦੀ ਕੁੱਲ ਵਸੋਂ ਦਾ 6.4 ਫ਼ੀਸਦੀ ਹਨ।
ਐਲਬਰਟਾ ਵਿਚ 1 ਲੱਖ 26 ਹਜ਼ਾਰ, 385 ਪੰਜਾਬੀ ਵਸਦੇ ਹਨ, ਜੋ ਸੂਬੇ ਵਿਚ 3 ਫ਼ੀਸਦੀ ਹਨ। ‘ਮਨੀਟੋਬਾ’ ਵਿਚ 42 ਹਜ਼ਾਰ 820 ਪੰਜਾਬੀ ਹਨ, ਜੋ ਇਥੋਂ ਦੀ ਕੁੱਲ ਵਸੋਂ ਦਾ 3.3 ਫ਼ੀਸਦੀ ਹਨ। ‘ਕਿਊਬੈਕ’ ਸੂਬੇ ਵਿਚ 34 ਹਜ਼ਾਰ 290 ਪੰਜਾਬੀ ਹਨ, ਜੋ ਅੱਧਾ ਫ਼ੀਸਦੀ ਤੋਂ ਵੀ ਘੱਟ ਹਨ। ਜਦੋਂ ਕਿ ਕੈਨੇਡਾ ਦੇ ਬਾਕੀ ਸਾਰੇ ਸੂਬਿਆਂ ਵਿਚ ਕੁੱਲ ਮਿਲਾ ਕੇ 25 ਹਜ਼ਾਰ ਤੋਂ ਵਧੇਰੇ ਪੰਜਾਬੀ ਰਹਿੰਦੇ ਹਨ।
ਪਹਿਲੀ ਵਾਰ ਪੰਜਾਬੀ ਕੈਨੇਡਾ ਵਿਚ ਬਰਤਾਨਵੀ ਫ਼ੌਜਾਂ ਨਾਲ 1897 ਵਿਚ ‘ਬ੍ਰਿਟਿਸ਼ ਕੋਲੰਬੀਆ’ ਪੁੱਜੇ ਸਨ। ਸੰਨ 1900 ਵਿਚ ਕੈਨੇਡਾ ਵਿਚ ਸਿਰਫ਼ 100 ਪੰਜਾਬੀ ਸਨ ਤੇ 1906 ਵਿਚ ਇਨ੍ਹਾਂ ਦੀ ਗਿਣਤੀ ਕੈਨੇਡਾ ਵਿਚ 1500 ਸੀ। ਸ਼ੁਰੂਆਤ ਵਿਚ ਪੰਜਾਬੀ ਸਿੱਖ ਹੀ ਇਥੇ ਪੁੱਜੇ ਸਨ। 1905 ਵਿਚ ਕੈਨੇਡਾ ਦੇ ਬੀ.ਸੀ. ਵਿਚ ‘ਗੋਲਡਨ ਸਿਟੀ’ ਵਿਚ ਪਹਿਲਾ ਗੁਰਦੁਆਰਾ ਉਸਾਰਿਆ ਗਿਆ ਸੀ। 1926 ਵਿਚ ਇਹ ਗੁਰਦੁਆਰਾ ਅੱਗ ਲੱਗਣ ਕਰਕੇ ਬਰਬਾਦ ਹੋ ਗਿਆ ਸੀ। ਕੈਨੇਡਾ ਵਿਚ ਦੁਬਾਰਾ ਗੁਰਦੁਆਰਾ 1908 ਵਿਚ ਵੈਨਕੂਵਰ ਦੇ ‘ਕਿਟੀਸਿਲਾਕੋ’ ਵਿਚ ਉਸਾਰਿਆ ਗਿਆ ਸੀ, ਪਰ 1970 ਵਿਚ ਇਸ ਦੀ ਥਾਂ ‘ਰੋਸ ਸਟਰੀਟ’ ਵਿਚ ਨਵਾਂ ਗੁਰਦੁਆਰਾ ਉਸਾਰਿਆ ਗਿਆ ਸੀ।
ਇਸ ਤਰ੍ਹਾਂ ਕੈਨੇਡਾ ਵਿਚ 1911 ਵਿਚ ਉਸਾਰਿਆ ਤੀਸਰਾ ਗੁਰਦੁਆਰਾ ਜੋ ਬੀ.ਸੀ. ਦੇ ਸ਼ਹਿਰ ‘ਐਬਟਸਫੋਰਡ’ ਵਿਚ ਹੈ, ਇਸ ਵੇਲੇ ਕੈਨੇਡਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ। 2002 ਵਿਚ ਇਸ ਨੂੰ ਕੈਨੇਡਾ ਦੀ ਕੌਮੀ ਥਾਂ (ਸਾਵੀਟ) ਵੀ ਐਲਾਨਿਆ ਗਿਆ ਸੀ। ਵਰਨਣਯੋਗ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀਆਂ ਵਿਚ 86 ਫ਼ੀਸਦੀ ਸਿੱਖ ਹਨ ਬਾਕੀ ਸਾਰੇ ਧਰਮਾਂ ਜਿਨ੍ਹਾਂ ਵਿਚ ਬਹੁਤਾਤ ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਦੀ ਹੈ, ਦੀ ਗਿਣਤੀ 14 ਫ਼ੀਸਦੀ ਹੈ।
ਇਸ ਵੇਲੇ ਕੈਨੇਡਾ ਵਿਚ ਕਰੀਬ 106 ਗੁਰਦੁਆਰੇ ਅਤੇ ਕੁੱਲ 50 ਦੇ ਕਰੀਬ ਮੰਦਰ ਵੀ ਹਨ।
ਸ਼ੁਰੂਆਤ ਵਿਚ ਪੰਜਾਬੀਆਂ ਨੂੰ ਕੈਨੇਡਾ ਵਿਚ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਫਿਰਕਿਆਂ ਦੇ ਗੋਰੇ ਕੈਨੇਡੀਅਨਾਂ ਨੇ ਏਸ਼ਿਆਈ ਲੋਕਾਂ ਖਿਲਾਫ਼ ਜ਼ੋਰਦਾਰ ਨਸਲਵਾਦ ਵਿਖਾਇਆ ਜਿਸ ਕਰਕੇ ‘ਐਂਟੀ ਏਸ਼ੀਅਨ’ ਦੰਗੇ ਵੀ ਭੜਕੇ। ਨਤੀਜੇ ਵਜੋਂ 1907 ਵਿਚ ਕੈਨੇਡਾ ਵਿਚ ਪੰਜਾਬੀਆਂ ਦੀ ਜੋ ਗਿਣਤੀ 4700 ਦੇ ਕਰੀਬ ਸੀ, 1914 ਤੱਕ ਘਟ ਕੇ ਸਿਰਫ਼ 2000 ਹੀ ਰਹਿ ਗਈ। 1914 ਵਿਚ ਹੀ ‘ਕਾਮਾਗਾਟਾਮਾਰੂ’ ਨਾਂਅ ਦੀ ਘਟਨਾ ਵਾਪਰੀ, ਜਿਸ ਲਈ ਕੁਝ ਸਾਲ ਪਹਿਲਾਂ ਕੈਨੇਡਾ ਨੇ ਮੁਆਫ਼ੀ ਵੀ ਮੰਗੀ।
ਕੈਨੇਡੀਅਨ ਕਾਨੂੰਨਾਂ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਦੀ ਪਾਲਣਾ ਕਰਦਾ ਹੋਇਆ ਜਹਾਜ਼ ਐਸ. ਐਸ. ਕਾਮਾਗਾਟਾਮਾਰੂ 376 ਪੰਜਾਬੀਆਂ ਨੂੰ ਲੈ ਕੇ ਵੈਨਕੂਵਰ ਪੁੱਜਿਆ। ਜਿਨ੍ਹਾਂ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ। ਪਰ ਇਨ੍ਹਾਂ ਵਿਚੋਂ ਸਿਰਫ਼ 24 ਨੂੰ ਹੀ ਕੈਨੇਡਾ ਵਿਚ ਦਾਖ਼ਲੇ ਦੀ ਇਜਾਜ਼ਤ ਮਿਲੀ। ਜਦੋਂ ਕਿ 352 ਨੂੰ ਧੱਕੇ ਨਾਲ ਵਾਪਸ ਮੋੜ ਦਿੱਤਾ ਗਿਆ, ਜਿਨ੍ਹਾਂ ‘ਤੇ ਕਲਕੱਤਾ ਵਿਚ ਅੰਗਰੇਜ਼ ਹਕੂਮਤ ਵਲੋਂ ਗੋਲੀ ਚਲਵਾਈ ਗਈ, ਜਿਸ ਨਾਲ 15 ਪੰਜਾਬੀ ਮਾਰੇ ਵੀ ਗਏ ਸਨ।
ਦੂਸਰੀ ਵਿਸ਼ਵ ਜੰਗ ਤੋਂ ਬਾਅਦ 1947 ਵਿਚ ਭਾਰਤੀ ਕੈਨੇਡੀਅਨਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ ਤੇ 1950 ਵਿਚ ਪਹਿਲੀ ਵਾਰ ਇਕ ਪੰਜਾਬੀ ਤੇ ਸਿੱਖ ਗਿਆਨੀ ਨਿਰੰਜਣ ਸਿੰਘ ਗਰੇਵਾਲ ਬੋਰਡ ਆਫ਼ ਕਮਿਸ਼ਨਰ ਦਾ ਮੈਂਬਰ ਚੁਣਿਆ ਗਿਆ। ਉਹ ਮਿਸ਼ਨ ਸਿਟੀ ਦਾ ਮੇਅਰ ਵੀ ਬਣਿਆ। ਪਰ ਬਾਅਦ ਵਿਚ ਉਸ ਦੀਆਂ ਕਈ ਮਿੱਲਾਂ ਸਾੜ ਦਿੱਤੀਆਂ ਗਈਆਂ ਅਤੇ ਉਸ ਦੀ ਮੌਤ ਵੀ ਬੜੇ ਭੇਦਭਰੇ ਹਾਲਾਤ ਵਿਚ ਹੋਈ। ਸ਼ੱਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਕਤਲ ਨਸਲਵਾਦ ਦੀ ਹੀ ਘਟਨਾ ਸੀ।
1967 ਵਿਚ ਕੈਨੇਡੀਅਨ ਇਮੀਗ੍ਰੇਸ਼ਨ ਵਿਚ ਜਾਤੀ ਸਮੂਹਾਂ ਦਾ ਕੋਟਾ ਖ਼ਤਮ ਹੋਣ ‘ਤੇ ਪੰਜਾਬੀਆਂ ਨੂੰ ਕੈਨੇਡਾ ਵਿਚ ਤੇਜ਼ੀ ਨਾਲ ਵਸਣ ਦੇ ਮੌਕੇ ਮਿਲੇ। 1986 ‘ਚ ਮੋਅ ਸਹੋਤਾ ਪਹਿਲੇ ਪੰਜਾਬੀ ਸੂਬਾਈ ਪਾਰਲੀਮੈਂਟ ਦੇ ਮੈਂਬਰ ਬਣੇ। ਪਰ ਹੁਣ ਤਾਂ ਪੰਜਾਬੀਆਂ ਦੀ ਕੈਨੇਡਾ ਦੀ ਕੌਮੀ ਪਾਰਲੀਮੈਂਟ ਵਿਚ ਵੱਖਰੀ ਸ਼ਾਨ ਹੈ। 2019 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਵਿਚ ਤਾਂ ਕਰੀਬ 19 ਪੰਜਾਬੀ ਜੇਤੂ ਰਹੇ ਸਨ। 2021 ਦੀਆਂ ਚੋਣਾਂ ਵਿਚ ਵੀ 17 ਭਾਰਤੀ ਮੂਲ ਦੇ ਲੋਕ ਚੁਣੇ ਗਏ ਸਨ, ਜਿਨ੍ਹਾਂ ਵਿਚੋਂ 16 ਪੰਜਾਬੀ ਹਨ।
ਹਾਲਾਂਕਿ ਭਾਰਤ ਵਿਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਕਾਨੂੰਨੀ ਤੇ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਕੈਨੇਡਾ ਜਾਂਦੇ ਹਨ ਤੇ ਵੱਖ-ਵੱਖ ਤਰੀਕਿਆਂ ਨਾਲ ਪੱਕੇ ਵੀ ਹੁੰਦੇ ਰਹੇ ਹਨ ਪਰ 2021 ਦੇ ਅੰਕੜੇ ਹੈਰਾਨ ਕਰਨ ਵਾਲੇ ਹਨ।
2021 ਵਿਚ ਕੈਨੇਡਾ ਵਿਚ ਪੜ੍ਹਨ ਲਈ ਕਰੀਬ ਸਾਢੇ 8 ਲੱਖ ਵਿਦਿਆਰਥੀ ਪੁੱਜੇ, ਜਿਨ੍ਹਾਂ ਵਿਚੋਂ 4 ਲੱਖ 5 ਹਜ਼ਾਰ ਇਕੱਲੇ ਭਾਰਤੀ ਸਨ।
ਕੈਨੇਡਾ ਭਾਰਤ ਨਾਲੋਂ ਖੇਤਰਫਲ ਵਿਚ 3 ਗੁਣਾ ਤੋਂ ਜ਼ਿਆਦਾ ਵੱਡਾ ਹੈ। ਭਾਰਤ ਦਾ ਕੁੱਲ ਖੇਤਰਫਲ 32 ਲੱਖ 87 ਹਜ਼ਾਰ 263 ਵਰਗ ਕਿੱਲੋਮੀਟਰ ਹੈ, ਜਦੋਂ ਕਿ ਕੈਨੇਡਾ ਦਾ ਕੁੱਲ ਖੇਤਰਫਲ 99 ਲੱਖ 84 ਹਜ਼ਾਰ, 670 ਵਰਗ ਕਿੱਲੋਮੀਟਰ ਹੈ, ਪਰ ਇਸ ਦੇ ਉਲਟ ਆਬਾਦੀ ਦੇ ਲਿਹਾਜ਼ ਨਾਲ ਭਾਰਤ, ਕੈਨੇਡਾ ਨਾਲੋਂ 35 ਗੁਣਾ ਤੋਂ ਵੀ ਵਧੇਰੇ ਵੱਡਾ ਹੈ। ਭਾਰਤ ਦੀ ਆਬਾਦੀ ਇਸ ਵੇਲੇ 141 ਕਰੋੜ, 61 ਲੱਖ ਤੋਂ ਵੱਧ ਹੈ ਜਦੋਂ ਕਿ ਕੈਨੇਡਾ ਦੀ ਆਬਾਦੀ ਸਿਰਫ਼ 3 ਕਰੋੜ, 86 ਲੱਖ ਦੇ ਕਰੀਬ ਹੈ। ਹਾਂ ਕੈਨੇਡਾ ਵੀ ਭਾਰਤ ਵਾਂਗ ਬਹੁ-ਧਰਮੀ ਵਸੋਂ ਵਾਲਾ ਦੇਸ਼ ਹੈ।
ਭਾਰਤ ਵਿਚ 79.8 ਫ਼ੀਸਦੀ ਹਿੰਦੂ, 14.2 ਫ਼ੀਸਦੀ ਮੁਸਲਮਾਨ, 2.3 ਫ਼ੀਸਦੀ ਈਸਾਈ, 1.7 ਫ਼ੀਸਦੀ ਸਿੱਖ ਤੇ 2 ਫ਼ੀਸਦੀ ਹੋਰ ਧਰਮਾਂ ਦੇ ਲੋਕ ਰਹਿੰਦੇ ਹਨ। ਜਦੋਂ ਕਿ ਕੈਨੇਡਾ ਵਿਚ 39 ਫ਼ੀਸਦੀ ਕੈਥੋਲਿਕ, 20.3 ਫ਼ੀਸਦੀ ਪ੍ਰੋਟੈਸਟੈਂਟ ਅਤੇ 1.6 ਫ਼ੀਸਦੀ ਓਰਥੋਡੋਕਸ ਈਸਾਈ ਵਸਦੇ ਹਨ। ਮੁਸਲਿਮ 3.2 ਫ਼ੀਸਦੀ, ਹਿੰਦੂ 1.5 ਫ਼ੀਸਦੀ ਸਿੱਖ 1.5 ਫ਼ੀਸਦੀ ਅਤੇ ਬਾਕੀ ਧਰਮਾਂ ਅਤੇ ਧਰਮਾਂ ਨੂੰ ਨਾ ਮੰਨਣ ਵਾਲੇ ਕਰੀਬ 23 ਫ਼ੀਸਦੀ ਲੋਕ ਵਸਦੇ ਹਨ।
ਆਰਥਿਕ ਖੇਤਰ ਵਿਚ ਭਾਰਤ ਇਸ ਵੇਲੇ ਵਿਸ਼ਵ ਦੀ 5ਵੇਂ ਨੰਬਰ ਦੀ ਆਰਥਿਕਤਾ ਬਣ ਚੁੱਕਾ ਹੈ ਜਦੋਂ ਕਿ ਕੈਨੇਡਾ ਵਿਸ਼ਵ ਵਿਚ 8ਵੇਂ ਨੰਬਰ ‘ਤੇ ਹੈ। ਭਾਰਤ ਦੀ ਕੁੱਲ ਜੀ.ਡੀ.ਪੀ. 3.535 ਟ੍ਰਿਲੀਅਨ ਅਮਰੀਕੀ ਡਾਲਰ ਹੈ ਤੇ ਕੈਨੇਡਾ ਦੀ ਕੁੱਲ ਜੀ.ਡੀ.ਪੀ. 2.237 ਟ੍ਰਿਲੀਅਨ ਅਮਰੀਕੀ ਡਾਲਰ ਦੀ ਹੈ। ਪਰ ਭਾਰਤ ਲਈ ਇਹ ਉਸ ਵੇਲੇ ਏਨੇ ਮਾਣ ਦੀ ਗੱਲ ਨਹੀਂ ਰਹਿੰਦੀ ਜਦੋਂ ਇਸ ਨੂੰ ਪ੍ਰਤੀ ਜੀਅ ਜੀ.ਡੀ.ਪੀ. ਦੇ ਹਿਸਾਬ ਨਾਲ ਦੇਖਿਆ ਜਾਵੇ। ਭਾਰਤ ਵਿਚ ਪ੍ਰਤੀ ਜੀਅ ਜੀ.ਡੀ.ਪੀ. ਸਿਰਫ਼ 2543 ਅਮਰੀਕੀ ਡਾਲਰ ਹੈ ਜਦੋਂ ਕਿ ਕੈਨੇਡਾ ਵਿਚ ਪ੍ਰਤੀ ਜੀਅ ਜੀ.ਡੀ.ਪੀ. 57406 ਅਮਰੀਕੀ ਡਾਲਰ ਹੈ ਜੋ ਭਾਰਤ ਨਾਲੋਂ 22.5 ਗੁਣਾ ਵਧ ਹੈ। ਇਸ ਮਾਮਲੇ ਵਿਚ ਕੈਨੇਡਾ ਦਾ ਵਿਸ਼ਵ ਵਿਚ 14ਵਾਂ ਸਥਾਨ ਹੈ ਤੇ ਭਾਰਤ ਦਾ 142ਵਾਂ।
2021 ਵਿਚ ਕੈਨੇਡਾ ਦੀ ਪ੍ਰਤੀ ਜੀਅ ਜੀ.ਡੀ.ਪੀ. 52051 ਅਮਰੀਕੀ ਡਾਲਰ ਸੀ ਅਤੇ ਭਾਰਤ ਦੀ 2277.4 ਅਮਰੀਕੀ ਡਾਲਰ ਸੀ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਭਾਰਤ ਵਿਚ ਮਹਿੰਗਾਈ ਦਰ 7 ਫ਼ੀਸਦੀ ਦੇ ਕਰੀਬ ਹੈ ਤੇ ਕੈਨੇਡਾ ਵਿਚ ਇਹ ਦਰ 5.1 ਫ਼ੀਸਦੀ ਹੈ, ਜਿਸ ਨਾਲ ਸੰਬੰਧਿਤ ਦੇਸ਼ ਦੇ ਵਾਸੀਆਂ ਦੀ ਖ਼ਰੀਦ ਸ਼ਕਤੀ ਘੱਟ ਹੁੰਦੀ ਹੈ ਭਾਵ ਮਹਿੰਗਾਈ ਵਧਦੀ ਹੈ।
ਭਾਰਤ ਆਬਾਦੀ ਦੇ ਲਿਹਾਜ਼ ਨਾਲ ਕੈਨੇਡਾ ਤੋਂ ਬਹੁਤ ਵੱਡਾ ਦੇਸ਼ ਹੋਣ ਦੇ ਬਾਵਜੂਦ ਬਰਾਮਦ-ਦਰਾਮਦ ਦੇ ਮਾਮਲੇ ਵਿਚ ਕੈਨੇਡਾ ਦੇ ਨੇੜੇ-ਤੇੜੇ ਹੀ ਹੈ। 2020 ਵਿਚ ਭਾਰਤ ਨੇ 484.95 ਬਿਲੀਅਨ ਅਮਰੀਕੀ ਡਾਲਰ ਦੀ ਬਰਾਮਦ ਕੀਤੀ ਸੀ ਅਤੇ ਕੁੱਲ 493.18 ਬਿਲੀਅਨ ਅਮਰੀਕੀ ਡਾਲਰ ਦੀ ਦਰਾਮਦ ਕੀਤੀ ਸੀ ਜਦੋਂ ਕਿ ਕੈਨੇਡਾ ਦੇ 2020 ਦੇ ਅੰਕੜਿਆਂ ਅਨੁਸਾਰ ਕੈਨੇਡਾ ਨੇ ਇਸੇ ਸਮੇਂ ਦੌਰਾਨ 477.31 ਬਿਲੀਅਨ ਡਾਲਰ ਦੀ ਬਰਾਮਦ ਕੀਤੀ ਸੀ ਅਤੇ 510.29 ਬਿਲੀਅਨ ਅਮਰੀਕੀ ਡਾਲਰ ਦੀ ਦਰਾਮਦ ਕੀਤੀ ਸੀ।
ਭਾਰਤ ਵਿਚ ਇੰਟਰਨੈੱਟ ਤੇ ਫੋਨ ਦੀਆਂ ਦਰਾਂ ਕੈਨੇਡਾ ਤੋਂ ਬਹੁਤ ਸਸਤੀਆਂ ਹਨ।
ਇਕ ਹੈਰਾਨੀਜਨਕ ਤੱਥ ਇਹ ਹੈ ਕਿ ਭਾਰਤ ਦੁਨੀਆ ਭਰ ਵਿਚ ਦਵਾਈਆਂ ਦਾ ਵੱਡਾ ਬਰਾਮਦਕਾਰ ਦੇਸ਼ ਹੋਣ ਦੇ ਬਾਵਜੂਦ ਨਾਗਰਿਕਾਂ ਦੀ ਉਮਰ ਦੇ ਮਾਮਲੇ ਵਿਚ ਬਹੁਤ ਪਿੱਛੇ ਹੈ। ਉਥੇ ਕੈਨੇਡਾ ਵਾਸੀਆਂ ਦੀ ਔਸਤ ਉਮਰ 83 ਸਾਲ ਹੈ ਜੋ ਪੁਰਸ਼ਾਂ ਦੀ 81 ਸਾਲ ਤੇ ਔਰਤਾਂ ਦੀ 86 ਸਾਲ ਹੈ। ਜਦੋਂ ਕਿ ਭਾਰਤੀਆਂ ਦੀ ਔਸਤ ਉਮਰ 70 ਕੁ ਸਾਲ ਹੈ, ਜੋ ਪੁਰਸ਼ਾਂ ਲਈ 68 ਅਤੇ ਔਰਤਾਂ ਲਈ 71 ਸਾਲ ਹੀ ਹੈ। ਭਾਰਤ ਵਿਚ 2017 ਦੇ ਅੰਕੜਿਆਂ ਅਨੁਸਾਰ 1 ਲੱਖ ਗਰਭਵਤੀ ਔਰਤਾਂ ਵਿਚੋਂ ਜਣੇਪੇ ਵੇਲੇ 145 ਔਰਤਾਂ ਦੀ ਮੌਤ ਹੋ ਜਾਂਦੀ ਹੈ। ਜਦੋਂ ਕਿ ਕੈਨੇਡਾ ਵਿਚ 1 ਲੱਖ ਪਿੱਛੇ ਸਿਰਫ਼ 10 ਗਰਭਵਤੀ ਔਰਤਾਂ ਹੀ ਜਣੇਪੇ ਦੌਰਾਨ ਮੌਤ ਦੇ ਮੂੰਹ ਵਿਚ ਜਾਂਦੀਆਂ ਹਨ।

Related Articles

Latest Articles