8.3 C
Vancouver
Sunday, April 20, 2025

ਜਪਾਨ ਦੌਰੇ ਲਈ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਖਿਡਾਰਣਾਂ ਸ਼ਾਮਿਲ

ਕੈਲਗਰੀ: ਜਪਾਨ ਦੇ ਦੌਰੇ ਲਈ ਚੁਣੀ ਗਈ ਕੈਨੇਡਾ ਦੀਆਂ ਕੁੜੀਆਂ ਦੀ ਸੀਨੀਅਰ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਰਮਦੀਪ ਗਿੱਲ, ਪਰਵਾ ਸੰਧੂ, ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਹੈ।
ਫੀਲਡ ਹਾਕੀ ਕੈਨੇਡਾ ਨੇ ਘੋਸ਼ਣਾ ਕੀਤੀ ਹੈ ਕਿ ਇਸ ਟੀਮ ਵਿੱਚ 23 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਣਾਂ ਨੂੰ ਮੌਕਾ ਦਿੱਤਾ ਗਿਆ ਹੈ, ਤਾਂ ਜੋ ਭਵਿੱਖ ਵਿੱਚ ਸੀਨੀਅਰ ਟੀਮ ਲਈ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ।
ਪਰਮਦੀਪ ਗਿੱਲ ਬ੍ਰਹਮਟਨ ਤੋਂ ਹੈ ਅਤੇ ਹਾਕੀ ਦੇ ਸਮਰਪਿਤ ਪਰਿਵਾਰ ਨਾਲ ਸੰਬੰਧਤ ਹੈ। ਕੈਨੇਡਾ ਦੇ ਨੈਸ਼ਨਲ ਟੂਰਨਾਮੈਂਟਾਂ ਤੋਂ ਇਲਾਵਾ, ਯੂਨੀਵਰਸਿਟੀ ਸੀਜ਼ਨ ਵਿੱਚ ਵੀ ਉਸਨੇ ਵਧੀਆ ਪ੍ਰਦਰਸ਼ਨ ਕੀਤਾ ਹੈ। 2023 ਦੇ ਇਨਡੋਰ ਵਿਸ਼ਵ ਕੱਪ ਵਿੱਚ ਵੀ ਉਹ ਕੈਨੇਡਾ ਵਲੋਂ ਖੇਡ ਚੁੱਕੀ ਹੈ।
ਪਰਵਾ ਸੰਧੂ, ਸਰੀ ਦੇ ਇੰਡੀਆ ਕਲੱਬ ਨਾਲ ਸੰਬੰਧਤ ਹੈ ਅਤੇ ਉਸ ਦਾ ਪਰਿਵਾਰ ਵੀ ਹਾਕੀ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ। ਉਸ ਦੀ ਵੱਡੀ ਭੈਣ ਪੂਨਮ ਸੰਧੂ ਅਤੇ ਪਿਤਾ ਨਿੱਕ ਸੰਧੂ, ਦੋਵੇਂ ਹਾਕੀ ਖੇਡ ਜਗਤ ਵਿੱਚ ਮਸ਼ਹੂਰ ਹਨ।
ਪ੍ਰਭਲੀਨ ਗਰੇਵਾਲ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਨਾਲ ਖੇਡਦੀ ਹੈ ਅਤੇ ਉਸ ਦਾ ਪਰਿਵਾਰ ਪੰਜਾਬ ਦੇ ਮਸ਼ਹੂਰ ਪਿੰਡ ਕਿਲਾ ਰਾਏਪੁਰ ਨਾਲ ਸੰਬੰਧਤ ਹੈ। 2023 ਵਿੱਚ ਕੈਨੇਡਾ ਦੀ ਜੂਨੀਅਰ ਟੀਮ ਵਲੋਂ ਪ੍ਰਭਲੀਨ ਫਰਾਂਸ ਦਾ ਦੌਰਾ ਕਰ ਚੁੱਕੀ ਹੈ। ਬਵਨੀਤ ਹੋਠੀ ਸਰੀ ਦੇ ਟਾਈਗਰਜ਼ ਕਲੱਬ ਦੀ ਖਿਡਾਰਨ ਹੈ, ਜੋ ਕਈ ਸਾਲਾਂ ਤੋਂ ਕੈਨੇਡਾ ਦੇ ਨੈਸ਼ਨਲ ਟੂਰਨਾਮੈਂਟਾਂ ਵਿੱਚ ਭਾਗ ਲੈ ਰਹੀ ਹੈ।
ਜਪਾਨ ਦੌਰੇ ਲਈ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਦੀ ਚੋਣ ਤੋਂ ਬਾਅਦ ਪੰਜਾਬੀ ਕਮਿਊਨਿਟੀ ਵਿੱਚ ਉਤਸ਼ਾਹ ਵੱਧ ਗਿਆ ਹੈ।

Related Articles

Latest Articles