0.4 C
Vancouver
Saturday, January 18, 2025

ਜਿਣਸੀ ਸ਼ੋਸ਼ਣ, ਪਖੰਡੀ ਡੇਰਿਆਂ, ਅੰਧ ਵਿਸ਼ਵਾਸ਼ਾਂ ਦਾ ਜ਼ਿੰਮੇਵਾਰ ਕੋਣ?

 

ਲੇਖਕ : ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
ਜਦੋਂ ਤੋਂ ਇਸ ਧਰਤੀ ‘ਤੇ ਕਬੀਲਿਆਂ ਦੇ ਰੂਪ ਵਿੱਚ ਮਨੁੱਖ ਨੇ ਜਨਮ ਲਿਆ, ਉਦੋਂ ਜ਼ਿਆਦਾ ਉਨ੍ਹਾਂ ਵਿੱਚ ਜਿਣਸੀ ਭੁੱਖ ਹੁੰਦੀ ਸੀ, ਜਿਸ ਨੂੰ ਹੌਲੀ-ਹੌਲੀ ਕਬੀਲਿਆ ਦੇ ਮੁਖੀਆਂ ਨੇ ਆਪਣੀ ਸਮਰੱਥਾ ਮੁਤਾਬਕ ਨੇਮਬੱਧ ਕਰਨ ਲਈ ਸਮੇਂ-ਸਮੇਂ ਸੰਘਰਸ਼ ਕੀਤਾ ਹੋਵੇਗਾ, ਪਰ ਅੱਜ ਤਕ ਸੰਪੂਰਨ ਸਮਾਜ ਅਜਿਹੀਆਂ ਨਮੋਸ਼ੀਯੋਗ ਘਟਨਾਵਾਂ ਤੋਂ ਪਾਕਿ ਨਹੀਂ ਹੋ ਸਕਿਆ। ਅੱਜ ਵੀ ਦੁਨੀਆ ਭਰ ਦੇ ਸਮੁੱਚੇ ਦੇਸਾਂ ਵਿੱਚੋਂ ਕੋਈ ਦੇਸ਼ ਸੰਪੂਰਨ ਛੁਟਕਾਰਾ ਨਹੀਂ ਪਾ ਸਕਿਆ।
ਅੱਜ ਦੁਨੀਆ ਦੇ ਦੇਸ਼ ਇਸ ਸ਼ਰਮਨਾਕ ਘਟਨਾਵਾਂ ਨਾਲ ਆਪੋ-ਆਪਣੇ ਤਰੀਕੇ ਨਾਲ ਲੜ ਰਹੇ ਹਨ, ਪਰ ਇਸ ‘ਤੇ ਪੂਰਨ ਕਾਬੂ ਨਹੀਂ ਪਾ ਸਕੇ। ਅਜਿਹੇ ਭੱਦੇ ਦੋਸ਼ ਘਰ ਦੀਆਂ ਗਰੀਬ ਨੌਕਰਾਣੀ ਤੋਂ ਲੈ ਕੇ ਦੇਸ਼ਾਂ ਦੇ ਮੁਖੀਆਂ ਤਕ ਲਗਦੇ ਰਹੇ ਹਨ। ਇਸ ਦੋਸ਼ ਨਾਲ ਹਰ ਦੇਸ਼ ਦਾ ਉਹ ਸਮਾਂ ਵੀ ਬਚ ਨਹੀਂ ਸਕਿਆ, ਜਦੋਂ ਵਿੱਦਿਆ ਦੀ ਘਾਟ ਕਰਕੇ ਸਾਧੂ, ਸੰਤਾਂ, ਕਰਾਮਾਤੀਆ, ਜਾਦੂ-ਟੂਣਿਆਂ ਦਾ ਯੁਗ ਸੀ। ਅੱਜ ਕੱਲ੍ਹ ਦੇ ਉਨ੍ਹਾਂ ਸਾਧੂਆਂ, ਸੰਤਾਂ, ਗੁਰੂਆਂ ‘ਤੇ ਜੇ ਤੁਸੀਂ ਪੂਰੀ ਨੀਝ ਨਾਲ ਝਾਤੀ ਮਾਰ ਕੇ ਸਮਝਣਾ ਚਾਹੋਗੇ ਤਾਂ ਤੁਹਾਨੂੰ ਸਭ ਜੇਲ੍ਹਾਂ ਵਿੱਚ ਬਿਰਾਜਮਾਨ ਹੋਏ ਮਿਲਣਗੇ। ਗੁਰੂ ਦਾ ਅਹੁਦਾ ਮਾਤਾ-ਪਿਤਾ ਤੋਂ ਵੀ ਉੱਪਰ ਹੁੰਦਾ ਹੈ, ਉਹ ਵੀ ਗੁਰੂ ਦਾ ਰੋਲ ਨਿਭਾਉਂਦੇ-ਨਿਭਾਉਂਦੇ ਆਖਰ ਭੇੜੀਏ ਬਣੇ ਦੇਖੋਗੇ।
ਸਮਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ ਜਨਮ ਦੇਣ ਦਾ ਜੋ ਮੁੱਖ ਕਾਰਨ ਬਣਦਾ ਹੈ, ਉਹ ਹੈ ਸਮਾਜ ਵਿੱਚ ਵਿੱਦਿਆ ਦੀ ਘਾਟ। ਅਸੀਂ ਆਪਣੇ ਬੱਚਿਆਂ ਨੂੰ ਬਣਦੇ ਮੌਕਿਆਂ ‘ਤੇ ਅਜਿਹੀ ਸਿੱਖਿਆ ਨਹੀਂ ਦਿੰਦੇ। ਪੰਜਾਬੀ ਵਾਰਤਕ ਦੇ ਪਿਤਾਮਾ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਆਖਿਆ ਕਰਦੇ ਸਨ ਅਤੇ ਲਿਖਦੇ ਵੀ ਸਨ ਕਿ ਜਦੋਂ ਤੁਸੀਂ ਆਪਣੇ ਡੰਗਰ ਗਊ-ਮੱਝ ਆਦਿ ਨੂੰ ਤੁਸੀਂ ਸਾਨ੍ਹਾਂ ਅਤੇ ਝੋਟਿਆਂ ਪਾਸ ਲਿਜਾਂਦੇ ਹੋ ਤਾਂ ਉਸ ਸਮੇਂ ਨਾਲ ਗਏ ਬੱਚਿਆਂ ਨੂੰ ਸਮਝਾਇਆ ਜਾਵੇ ਕਿ ਅਜਿਹਾ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ? ਅਗਰ ਉਸ ਸਮੇਂ ਬੱਚਿਆਂ ਨੂੰ ਡੀਟੇਲ ਵਿੱਚ ਸਮਝਾਅ ਦਿਉਗੇ ਤਾਂ ਬੱਚਾ ਸਮਝ ਜਾਵੇਗਾ। ਜੇਰ ਬੱਚਿਆਂ ਨੂੰ ਅਜਿਹੇ ਵਕਤ ਦੱਸਿਆ ਜਾਵੇਗਾ ਕਿ ਇਸ ਤੋਂ ਬਾਅਦ ਇਹ ਜਾਨਵਰ ਬੱਚਾ ਦੇਵੇਗਾ, ਸਾਨੂੰ ਦੁੱਧ ਦੇਵੇਗਾ, ਜਿਸ ਨੂੰ ਪੀ ਕੇ ਅਸੀਂ ਤਕੜੇ ਹੋਵਾਂਗੇ। ਇਸ ਸੰਬੰਧ ਵਿੱਚ ਸਭ ਮਾਵਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਿਆਰੀ ਧੀ ਨੂੰ ਆਪਣਾ ਫ਼ਰਜ਼ ਸਮਝ ਕੇ ਸਮੇਂ-ਸਮੇਂ ਸਮਝਾਉਣ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?
ਜਿਣਸੀ ਸ਼ੋਸ਼ਣ ਦਾ ਰੋਗ ਫੌਜ ਦੇ ਤਿੰਨਾਂ ਅੰਗਾਂ, ਜੁਡੀਸ਼ਰੀ, ਵਿੱਦਿਅਕ ਖੇਤਰ, ਸਭ ਸਰਕਾਰੀ ਅਦਾਰਿਆਂ ਵਿੱਚ ਵਧ-ਘੱਟ ਅਨੁਪਾਤ ਨਾਲ ਫੈਲਿਆ ਹੋਇਆ ਹੈ। ਅੱਜ ਦੇ ਦਿਨ ਵੀ ਕਹਿੰਦੇ-ਕਹਾਉਂਦੇ ਧਾਰਮਕ ਡੇਰੇ ਵੀ ਇਸ ਤੋਂ ਬਿਲਕੁਲ ਮੁਕਤ ਨਹੀਂ ਹਨ। ਉਨ੍ਹਾਂ ਡੇਰਿਆਂ ਦੀ ਮਾੜੀ ਗੱਲ ਬਾਹਰ ਇਸ ਕਰਕੇ ਨਹੀਂ ਆਉਂਦੀ, ਕਿਉਂਕਿ ਉਨ੍ਹਾਂ ਨੂੰ ਸਿਆਸੀ ਪਨਾਹ ਮਿਲੀ ਹੋਈ ਹੁੰਦੀ ਹੈ। ਬਹੁਤੇ ਧਾਰਮਿਕ ਡੇਰਿਆਂ ਦੀਆਂ ਸਮੇਂ-ਸਮੇਂ ਸਿਰ ਅਜਿਹੀਆਂ ਤਸਵੀਰਾਂ ਆਮ ਛਪਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਸਮੇਂ-ਸਮੇਂ ਰਾਜ ਕਰ ਚੁੱਕੇ ਸਿਆਸੀ ਆਗੂਆਂ ਨੂੰ ਉਨ੍ਹਾਂ ਦੇ ਡੇਰਿਆਂ ਵਿੱਚ ਪਾਖੰਡੀ ਗੁਰੂਆਂ ਦੇ ਚਰਨਾਂ ਵਿੱਚ ਬੈਠਿਆਂ ਜਾਂ ਝੁਕ ਕੇ ਅਸ਼ੀਰਵਾਦ ਲੈਂਦਿਆਂ ਆਮ ਦੇਖਿਆ ਜਾ ਸਕਦਾ ਹੈ। ਜਦੋਂ ਕਿਸੇ ਵੀ ਅਖੌਤੀ ਡੇਰੇ ਨੂੰ ਸਿਆਸੀ ਪਨਾਹ ਮਿਲ ਜਾਂਦੀ ਹੈ, ਫਿਰ ਅਜਿਹੇ ਡੇਰਿਆਂ ਵਿੱਚ ਧਰਮ ਦੇ ਉਹਲੇ ਕੁਕਰਮ ਸ਼ੁਰੂ ਹੋ ਜਾਂਦਾ ਹੈ। ਆਮ ਦੇਖਿਆ ਗਿਆ ਹੈ ਕਿ ਅਜਿਹੇ ਡੇਰਿਆਂ ਦੇ ਮੁਖੀ ਜਦੋਂ ਸੀਖਾਂ ਪਿੱਛੇ ਵੀ ਹੁੰਦੇ ਹਨ, ਤਦ ਵੀ ਉਨ੍ਹਾਂ ਦੇ ਚੇਲੇ ਮੰਨਣ ਤੋਂ ਇਨਕਾਰੀ ਹੋਣ ਦੀ ਬਜਾਏ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨਾਲ ਜੋੜਦੇ ਹਨ ਕਿ ਉਹ ਵੀ ਜੇਲ੍ਹ ਵਿੱਚ ਰਹੇ ਸਨ। ਇਸ ਸਭ ਵਿੱਦਿਆ ਅਤੇ ਤਰਕਸ਼ੀਲਤਾ ਦੀ ਘਾਟ ਕਰਕੇ ਹੈ। ਬੱਚਿਆਂ ਨੂੰ ਬਣਦੀ ਉਮਰ ਸਮੇਂ ਸਹੀ ਜਾਣਕਾਰੀ ਹਾਸਲ ਕਰਾਉਣੀ ਚਾਹੀਦੀ ਹੈ। ਜਿਣਸੀ ਸ਼ੋਸ਼ਣ ਦੀ ਦੌੜ ਵਿੱਚ ਸਭ ਸ਼ਾਮਲ ਹਨ। ਇਸ ਦੌੜ ਵਿੱਚ ਇੱਕ ਬਾਪ (ਮਤਰੇਆ ਪਿਓ) ਤੋਂ ਲੈ ਕੇ ਗੁਰੂ ਤਕ ਸ਼ਾਮਲ ਹਨ।, ਜਿਸ ਨੂੰ ਪੜ੍ਹ ਕੇ ਆਮ ਮਨੁੱਖ ਪੂਰੇ ਦਾ ਪੂਰਾ ਹਿੱਲ ਜਾਂਦਾ ਹੈ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮਨੁੱਖ ਸੋਚਦਾ ਹੈ ਕਿ ਮਨੁੱਖ ਯਕੀਨ ਕਰੇ ਤਾਂ ਕਿਸ ‘ਤੇ ਕਰੇ? ਅਜਿਹੀਆਂ ਹਰਕਤਾਂ ਬਾਰੇ ਜਾਣਨ ਲਈ ਜਦੋਂ ਲੇਖਕ ਨੇ ਪਸ਼ੂਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਜਦੋਂ ਲੇਖਕ ਊਠਾਂ-ਊਠਣੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੜ੍ਹ ਰਿਹਾ ਸੀ ਤਾਂ ਪਤਾ ਲੱਗਾ ਕਿ ਇੱਕ ਵਾਰ ਜਦੋਂ ਊਠਣੀ ਸਾਹੇ ਤੋਂ ਬਾਅਦ ਊਠ ਪਾਸ ਲਿਆਂਦੀ ਗਈ। ਊਠ ਨੂੰ ਊਠਣੀ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਊਠ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ ਗਈ। ਜਦੋਂ ਬਾਅਦ ਵਿੱਚ ਊਠ ਦੀਆਂ ਅੱਖਾਂ ‘ਤੇ ਪੱਟੀ ਖੋਲ੍ਹੀ ਗਈ ਤਾਂ ਊਠ ਨੇ ਦੇਖਿਆ ਕਿ ਸੰਬੰਧਤ ਊਠਣੀ ਰਿਸ਼ਤੇ ਤੋਂ ਉਸ ਦੀ ਮਾਂ ਲਗਦੀ ਸੀ। ਫਿਰ ਕੀ ਸੀ, ਉਹ ਬਹੁਤ ਦਹਾੜਿਆ, ਖਾਣਾ-ਪੀਣਾ ਪ੍ਰਾਣ ਤਿਆਗਣ ਤਕ ਉਸ ਨੇ ਤਿਆਗਿਆ, ਇਹ ਹੈ ਕਿ ਇੱਕ ਜਾਨਵਰ ਦਾ ਵਧੀਆ ਰਵੱਈਆ ਆਪਣੇ ਪਰਿਵਾਰ ਬਾਰੇ, ਪਰ ਮਨੁੱਖ ਅੱਜ ਵੀਹਵੀਂ ਸਦੀ ਵਿੱਚ ਸਭ ਹੱਦਾਂ ਟੱਪ ਜਾਂਦਾ ਹੈ ਜਾਂ ਟੱਪਣ ਨੂੰ ਤਿਆਰ ਰਹਿੰਦਾ ਹੈ।
ਜਦੋਂ ਅਸੀਂ ਜਿਣਸੀ ਸ਼ੋਸ਼ਣ ਬਾਰੇ ਲਿਖ ਰਹੇ ਹਾਂ ਤਾਂ ਇੱਕ ਬਹੁਤ ਵੱਡੀ ਖ਼ਬਰ ਆ ਰਹੀ ਹੈ ਕਿ ਭਾਰਤ ਦੇ ਇੰਦੌਰ ਸ਼ਹਿਰ ਵਿੱਚ ਦੋ ਫੌਜੀ ਅਤੇ ਉਨ੍ਹਾਂ ਦੀਆਂ ਦੋ ਮਹਿਲਾ ਮਿੱਤਰ ਆਪਣੇ ਤੌਰ ‘ਤੇ ਪਿਕਨਿਕ ਮਨਾ ਰਹੇ ਸਨ। ਉਨ੍ਹਾਂ ਨੂੰ ਛੇ ਬਦਮਾਸ਼ਾਂ ਰੋਕ ਕੇ ਲੁੱਟ ਲਿਆ ਅਤੇ ਇੱਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋ ਬਲਾਤਕਾਰੀ ਫੜੇ ਗਏ। ਜੇ ਇਹ ਹਾਲ ਇੰਦੌਰ ਦਾ ਹੈ, ਫਿਰ ਅਸੀਂ ਸੁਰੱਖਿਅਤ ਕਿੱਥੇ ਹਾਂ? ਜਿੰਨਾ ਅਸੀਂ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰਨ ਲਈ ਯਤਨਸ਼ੀਲ ਹਾਂ, ਓਨਾ ਅਸੀਂ ਕਈ ਮਾਮਲਿਆਂ ਵਿੱਚ ਨਿਵਾਣਾ ਛੂਹ ਰਹੇ ਹਾਂ। ਖ਼ਬਰਾਂ ਮੁਤਾਬਕ ਛੱਤੀਸਗੜ੍ਹ ਸੂਬੇ ਦੇ ਸਕੂਲਾਂ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਬੀਅਰ ਅਤੇ ਸ਼ਰਾਬ ਪੀਣ ਤਕ ਪਹੁੰਚ ਗਏ ਹਨ। ਅਜਿਹੇ ਹਾਲਤਾਂ ਵਿੱਚ ਤੁਸੀਂ ਆਉਣ ਵਾਲੀ ਪੀੜ੍ਹੀ ਤੋਂ ਕੀ ਆਸ ਰੱਖ ਸਕਦੇ ਹੋ।
ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਘਿਨਾਉਣੀਆਂ ਆਦਤਾਂ ਫੈਲੀਆਂ ਹੋਈਆਂ ਹਨ, ਉਨ੍ਹਾਂ ਨੂੰ ਨੱਥ ਪਾਉਣ ਲਈ ਸਭ ਵੱਲੋਂ ਸਾਂਝੇ ਯਤਨ ਸ਼ੁਰੂ ਕਰਨੇ ਪੈਣਗੇ। ਅੰਧ-ਵਿਸ਼ਵਾਸਾਂ ਖ਼ਿਲਾਫ਼ ਸਾਂਝੇ ਤੌਰ ‘ਤੇ ਯਤਨ ਕਰਨੇ ਹੋਣਗੇ। ਉਂਝ ਵੀ ਭਾਰਤੀ ਸੰਵਿਧਾਨ ਦੇ ਅਨੁਛੇਦ ’51-ਏ’ ਮੁਤਾਬਕ ਸਭ ਦੇਸ਼ ਵਾਸੀਆਂ ਨੂੰ ਅੰਧ-ਵਿਸ਼ਵਾਸ ਅਤੇ ਪਾਖੰਡ ਦੇ ਖ਼ਿਲਾਫ਼ ਲਿਖਣ ਅਤੇ ਬੋਲਣੇ ਦਾ ਸੰਪੂਰਨ ਹੱਕ ਹੈ। ਸਾਨੂੰ ਸਭ ਨੂੰ ਸਮਾਜ ਨੂੰ ਜਾਗ੍ਰਿਤ ਕਰਨ ਲਈ ਇਸ ਅਧਿਕਾਰ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਵੀ ਆਪਣੇ ਵਿੱਤ ਮੁਤਾਬਕ ਹਿੱਸਾ ਪੈਂਦਾ ਰਹੇ। ਲੰਮੀ ਲੜਾਈ ਬਹੁਤ ਲੜਨ ਦੀ ਲੋੜ ਹੈ। ਅਗਰ ਬਹੁਤਿਆਂ ਵੱਲੋਂ ਰਲ ਕੇ ਹੰਭਲਾ ਮਾਰਿਆ ਜਾਵੇ ਤਾਂ ਇਸ ਨਾ-ਮੁਰਾਦ ਬਿਮਾਰੀ ਨੂੰ ਘਟਾਉਣ ਵਿੱਚ ਅਸੀਂ ਆਪਣਾ ਹਿੱਸਾ ਪਾ ਕੇ ਮਾਣ ਮਹਿਸੂਸ ਕਰਾਂਗੇ।

Related Articles

Latest Articles