-0.1 C
Vancouver
Saturday, January 18, 2025

ਨਵੇਂ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਨਿਯਮ 1 ਨਵੰਬਰ ਤੋਂ ਹੋਣਗੇ ਲਾਗੂ

 

ਸਰੀ, ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਤੇ ਪੋਸਟ ਗਰੈਜੂਏਟ ਵਰਕ ਪਰਮਿਟ (ਫਘਾਂਫ) ਨਾਲ ਜੁੜੇ ਨਵੇਂ ਨਿਯਮ 1 ਨਵੰਬਰ ਤੋਂ ਲਾਗੂ ਕੀਤੇ ਜਾ ਰਹੇ ਹਨ। ਨਵੇਂ ਨਿਯਮਾਂ ਦੇ ਤਹਿਤ, ਹੁਣ ਹਰ ਕੋਰਸ ਲਈ ਪੋਸਟ ਗਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ। ਕਈ ਕੋਰਸਾਂ ਨੂੰ ਵਰਕ ਪਰਮਿਟ ਲਈ ਯੋਗ ਮੰਨਿਆ ਜਾਵੇਗਾ, ਪਰ ਹਰ ਇੱਕ ਨੂੰ ਨਹੀਂ।
ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਯੋਗ ਕੋਰਸਾਂ ਦੀ ਇੱਕ ਵੱਡੀ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਮੁੱਖ ਤੌਰ ‘ਤੇ 5 ਖੇਤਰਾਂ ਦੇ ਕੋਰਸ ਸ਼ਾਮਿਲ ਹਨ: ਖੇਤੀਬਾੜੀ, ਸਿਹਤ, ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟਰਾਂਸਪੋਰਟ ਖੇਤਰਾਂ ਦੇ ਕੋਰਸਾਂ ਨੂੰ ਪਹਿਲ ਦਿੱਤੀ ਗਈ ਹੈ।
ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਇਸ ਤਰ੍ਹਾਂ ਦੇ ਨਵੇਂ ਨਿਯਮ ਕੈਨੇਡਾ ਵਿੱਚ ਆਉਣ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਹਿਲਾਂ, ਪੋਸਟ ਗਰੈਜੂਏਟ ਵਰਕ ਪਰਮਿਟ ਹਰੇਕ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲ ਜਾਂਦਾ ਸੀ, ਪਰ ਹੁਣ ਕੇਵਲ ਕੁਝ ਕੋਰਸਾਂ ਦੇ ਤਹਿਤ ਹੀ ਮਿਲੇਗਾ। ਮਾਹਰਾਂ ਦੀ ਸਲਾਹ ਹੈ ਕਿ ਵਿਦਿਆਰਥੀ ਕੋਰਸ ਦੀ ਚੋਣ ਸਮੇਂ ਧਿਆਨ ਨਾਲ ਫੈਸਲਾ ਕਰਨ।
ਵਿਦੇਸ਼ਾਂ ਤੋਂ ਕੈਨੇਡਾ ਵਿੱਚ ਪੜ੍ਹਨ ਆਉਣ ਵਾਲੇ ਕਈ ਵਿਦਿਆਰਥੀ ਨਵੇਂ ਨਿਯਮਾਂ ਤੋਂ ਚਿੰਤਿਤ ਹਨ। ਬਹੁਤ ਸਾਰੇ ਵਿਦਿਆਰਥੀ ਨਵੇਂ ਨਿਯਮਾਂ ਦੀ ਸਖ਼ਤੀ ਤੋਂ ਪਰੇਸ਼ਾਨ ਹਨ। ਉਹ ਕਹਿੰਦੇ ਹਨ ਕਿ ਨਿਯਮਾਂ ਵਿੱਚ ਆ ਰਹੇ ਬਦਲਾਅ ਦੇ ਕਾਰਨ ਕਈ ਵਿਦਿਆਰਥੀ ਹੁਣ ਆਪਣੇ ਦੇਸ਼ ਵਿੱਚ ਹੀ ਅਗੇਰੀ ਪੜ੍ਹਾਈ ਦੀ ਯੋਜਨਾ ਬਣਾ ਰਹੇ ਹਨ। ਨਵੇਂ ਨਿਯਮਾਂ ਅਨੁਸਾਰ, ਪੋਸਟ ਗਰੈਜੂਏਟ ਵਰਕ ਪਰਮਿਟ ਲਈ ਅਰਜ਼ੀ ਦੇਣ ਸਮੇਂ ਵਿਦਿਆਰਥੀਆਂ ਨੂੰ ਮੁੜ ਅੰਗ੍ਰੇਜ਼ੀ ਜਾਂ ਫਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਪਵੇਗਾ। ਯੋਗਤਾ ਦੀ ਇਹ ਮੰਗ ਪਹਿਲਾਂ ਵੀ ਸਟੱਡੀ ਵੀਜ਼ਾ ਲੈਣ ਸਮੇਂ ਹੁੰਦੀ ਸੀ, ਪਰ ਹੁਣ ਪੋਸਟ ਗਰੈਜੂਏਟ ਵਰਕ ਪਰਮਿਟ ਲਈ ਵੀ ਇਸਦੀ ਲੋੜ ਹੋਵੇਗੀ। ਵਿਦਿਆਰਥੀ ਜਿਹੜੇ ਬੈਚਲਰ, ਮਾਸਟਰ ਡਿਗਰੀ ਜਾਂ ਪੀਐਚਡੀ ਪ੍ਰੋਗਰਾਮ ਕਰ ਰਹੇ ਹਨ, ਉਨ੍ਹਾਂ ਨੂੰ ਸੀਐਲਬੀ ਲੈਵਲ 7 ਦੀ ਯੋਗਤਾ ਅਤੇ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਸੀਐਲਬੀ ਲੈਵਲ 5 ਦੀ ਜ਼ਰੂਰਤ ਪਵੇਗੀ।
ਮੌਜੂਦਾ ਨਿਯਮਾਂ ਅਨੁਸਾਰ, ਕੈਨੇਡਾ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪੋਸਟ ਗਰੈਜੂਏਟ ਵਰਕ ਪਰਮਿਟ ਮਿਲਦਾ ਹੈ।
ਇਸਦੀ ਮਿਆਦ ਵਿਦਿਆਰਥੀ ਦੇ ਕੋਰਸ ‘ਤੇ ਨਿਰਭਰ ਕਰਦੀ ਹੈ। ਜੇਕਰ ਵਿਦਿਆਰਥੀ 8 ਮਹੀਨੇ ਤੋਂ ਵਧ ਪਰ 2 ਸਾਲ ਤੋਂ ਘੱਟ ਸਮੇਂ ਦਾ ਕੋਰਸ ਕਰਦੇ ਹਨ, ਤਾਂ ਉਹਨਾਂ ਨੂੰ ਉੱਤਨੀ ਹੀ ਮਿਆਦ ਦਾ ਵਰਕ ਪਰਮਿਟ ਮਿਲਦਾ ਹੈ। ਜੇ ਕੋਈ ਵਿਦਿਆਰਥੀ 2 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਦਾ ਹੈ, ਤਾਂ ਉਸ ਨੂੰ 3 ਸਾਲ ਦਾ ਪੋਸਟ ਗਰੈਜੂਏਟ ਵਰਕ ਪਰਮਿਟ ਮਿਲ ਸਕਦਾ ਹੈ।
ਇਮੀਗ੍ਰੇਸ਼ਨ ਮਾਹਰ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੀ ਬਜਾਏ ਸਿੱਧਾ ਕੈਨੇਡਾ ਦੀ ਪੀ.ਆਰ. ਲਈ ਅਰਜ਼ੀ ਦੇਣ ਦੀ ਸਲਾਹ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਬਹੁਤ ਸਾਰੇ ਪ੍ਰੋਗਰਾਮ ਹਨ ਜੋ ਸਿੱਧਾ ਹੀ ਪੀ.ਆਰ. ਹਾਸਲ ਕਰਨ ਦੇ ਮੌਕੇ ਦਿੰਦੇ ਹਨ। ਇਸ ਨਾਲ ਵਿਦਿਆਰਥੀ ਅਜਿਹੀ ਦੌੜ-ਭੱਜ ਤੋਂ ਬਚ ਸਕਦੇ ਹਨ, ਜਿਥੇ ਉਹਨਾਂ ਨੂੰ ਪਹਿਲਾਂ ਪੜ੍ਹਾਈ, ਫਿਰ ਵਰਕ ਪਰਮਿਟ ਅਤੇ ਤਜਰਬਾ ਹਾਸਿਲ ਕਰਨਾ ਪੈਂਦਾ ਹੈ।
ਕੈਨੇਡਾ ਸਰਕਾਰ ਨੇ ਉਹਨਾਂ ਵਿਦਿਆਰਥੀਆਂ ਲਈ, ਜੋ ਫਰੈਂਚ ਭਾਸ਼ਾ ਵਿੱਚ ਮੁਹਾਰਤ ਰੱਖਦੇ ਹਨ, ਫ੍ਰੈਂਕੋਫੋਨ ਮਾਈਨੋਰਿਟੀ ਕਮਿਊਨਿਟੀਜ਼ ਸਟੂਡੈਂਟ ਪਾਇਲਟ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਹੈ। ਇਸ ਰਾਹੀਂ, ਉਹ ਵਿਦਿਆਰਥੀ ਜੋ ਫਰੈਂਚ ਭਾਸ਼ਾ ਵਿੱਚ ਪੜ੍ਹਾਈ ਕਰਦੇ ਹਨ, ਉਹਨਾਂ ਨੂੰ ਖਾਸ ਤਰਜ਼ੀਹ ਦਿੱਤੀ ਜਾਵੇਗੀ।
ਇਨ੍ਹਾਂ ਨਵੇਂ ਨਿਯਮਾਂ ਦਾ ਵਿਦਿਆਰਥੀਆਂ ਅਤੇ ਇਮੀਗ੍ਰੇਸ਼ਨ ‘ਤੇ ਗਹਿਰਾ ਅਸਰ ਪੈਣ ਦੀ ਸੰਭਾਵਨਾ ਹੈ।

Related Articles

Latest Articles